ਅਲਬਰਟਾ ਦੇ ਮੂਲਵਾਸੀ ਆਗੂਆਂ ਪ੍ਰੀਮੀਅਰ ਡੈਨੀਅਲ ਸਮਿੱਥ ਨੂੰ ਲਿਖਿਆ ਰੋਸ ਭਰਿਆ ਪੱਤਰ
ਐਡਮਿੰਟਨ : ਸਟਰਜਨ ਲੇਕ ਕ੍ਰੀ ਨੇਸ਼ਨ ਦੇ ਮੁਖੀ ਸ਼ੈਲਡਨ ਸਨਸ਼ਾਈਨ ਅਤੇ ਮਿਕੀਸਿਊ ਕ੍ਰੀ ਨੇਸ਼ਨ ਦੇ ਮੁਖੀ ਬਿਲੀ-ਜੋ ਟੁਕਾਰੋ ਨੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਇੱਕ ਸਾਂਝੇ ਪੱਤਰ ਵਿੱਚ ਵੱਖਵਾਦੀਆਂ ਦੀਆਂ ਧਮਕੀਆਂ ਅਤੇ ਬਿਆਨਬਾਜ਼ੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਇਹ ਪੱਤਰ 2025 ਦੀਆਂ ਫੈਡਰਲ ਚੋਣਾਂ ਦੇ ਦੋ ਦਿਨ ਬਾਅਦ, 30 ਅਪ੍ਰੈਲ, 2025 ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਕੈਨੇਡੀਅਨ ਵੋਟਰਾਂ ਵਿੱਚ ਵਧਦੀ ਵੰਡ ਨੂੰ ਉਜਾਗਰ ਕੀਤਾ ਸੀ।
ਮੁਖੀਆਂ ਨੇ ਪੱਤਰ ਵਿੱਚ ਕਿਹਾ, “ਤੁਸੀਂ ਵੱਖਵਾਦ ‘ਤੇ ਜਨਮਤ ਸੰਗ੍ਰਹਿ ਨੂੰ ਸਮਰੱਥਨ ਦੇ ਕੇ ਕਰਕੇ ਅਤੇ ਇੱਕ ਕੱਟੜਪੰਥੀ ਸਮੂਹ ਨੂੰ ਉਤਸ਼ਾਹਿਤ ਕਰਕੇ ਰਾਸ਼ਟਰੀ ਸਾਂਝੀਵਾਲਤਾ ਲਈ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਸਮੇਂ ਜਦੋਂ ਕੈਨੇਡੀਅਨਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ 25% ਟੈਰਿਫ਼ ਧਮਕੀਆਂ ਦੇ ਵਿਰੁੱਧ ਇੱਕਜੁਟ ਹੋਣ ਦੀ ਲੋੜ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਿਥ ਦੇ ਬਿਆਨ ਅਤੇ ਕਾਰਵਾਈਆਂ ਸੰਧੀਆਂ ਨੰਬਰ 6, 7, ਅਤੇ 8 ਦੀ ਉਲੰਘਣਾ ਕਰਦੀਆਂ ਹਨ, ਜੋ ਕਿ ਅਲਬਰਟਾ ਦੇ ਫਰਸਟ ਨੇਸ਼ਨਜ਼ ਅਤੇ ਕ੍ਰਾਊਨ ਵਿਚਕਾਰ ਪਵਿੱਤਰ ਸਮਝੌਤੇ ਹਨ।
ਪੱਤਰ ਵਿੱਚ ਅੱਗੇ ਕਿਹਾ ਗਿਆ, “ਅਲਬਰਟਾ ਸੂਬਾ ਸੰਧੀ ਵਾਲੀਆਂ ਜ਼ਮੀਨਾਂ ‘ਤੇ ਹੈ। ਸੂਬੇ ਨੂੰ ਸੰਧੀਆਂ ਨੂੰ ਨਕਾਰਨ ਜਾਂ ਉਨ੍ਹਾਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ, ਭਾਵੇਂ ਇਹ ‘ਨਾਗਰਿਕ’ ਜਨਮਤ ਸੰਗ੍ਰਹਿ ਦੇ ਜ਼ਰੀਏ ਹੋਵੇ। ਜੇਕਰ ਤੁਸੀਂ ਜਾਂ ਕੋਈ ਹੋਰ ਕੈਨੇਡੀਅਨ ਜ਼ਮੀਨਾਂ ‘ਤੇ ਰਹਿਣ ਤੋਂ ਅਸੰਤੁਸ਼ਟ ਹਨ, ਤਾਂ ਉਹ ਕਿਤੇ ਹੋਰ ਨਾਗਰਿਕਤਾ ਲਈ ਅਰਜ਼ੀ ਦੇਣ ਲਈ ਸੁਤੰਤਰ ਹਨ।”
ਇਸ ਦੇ ਨਾਲ ਹੀ, ਮੁਖੀਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਇੱਕ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਨੂੰ ਅਲਬਰਟਾ ਸੂਬੇ ਨੂੰ ਕਾਬੂ ਵਿੱਚ ਕਰਨ ਅਤੇ ਸੰਧੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਲਿਖਿਆ, “ਕੈਨੇਡਾ ਦੀ ਸਥਾਪਨਾ ਸੰਧੀਆਂ ‘ਤੇ ਅਧਾਰਤ ਹੈ, ਜੋ ਸਾਡੇ ਪੂਰਵਜਿਆਂ ਅਤੇ ਕ੍ਰਾਊਨ ਵਿਚਕਾਰ ਜ਼ਮੀਨ ਸਾਂਝੀ ਕਰਨ ਦੇ ਪਵਿੱਤਰ ਸਮਝੌਤੇ ਸਨ। ਅਸੀਂ ਸੰਧੀਆਂ ਦੀ ਹੋਰ ਉਲੰਘਣਾ ਨਹੀਂ ਸਹਿਣ ਕਰਾਂਗੇ।”
ਜ਼ਿਕਰਯੋਗ ਹੈ ਕਿ ਇਹ ਵਿਵਾਦ ਸਮਿਥ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲ 54 ਨੂੰ ਲੈ ਕੇ ਵਧਿਆ, ਜਿਸ ਵਿੱਚ ਜਨਮਤ ਸੰਗ੍ਰਹਿ ਦੀ ਸੀਮਾ ਨੂੰ ਪਿਛਲੀ ਚੋਣ ਵਿੱਚ ਵੋਟ ਪਾਉਣ ਵਾਲਿਆਂ ਦੇ 10% ਤੱਕ ਘਟਾਉਣ ਅਤੇ ਦਸਤਖ਼ਤ ਇਕੱਠੇ ਕਰਨ ਦੀ ਮਿਆਦ ਨੂੰ 90 ਤੋਂ 120 ਦਿਨ ਕਰਨ ਦਾ ਪ੍ਰਸਤਾਵ ਹੈ। ਮੁਖੀਆਂ ਨੇ ਇਸ ਨੂੰ ਵੱਖਵਾਦ ਸੌਖਾ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।
ਸਮਿਥ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਵੱਖਵਾਦ ਦਾ ਸਵਾਲ ਜਨਮਤ ਸੰਗ੍ਰਹਿ ਵਿੱਚ ਸ਼ਾਮਲ ਕਰਨਾ ਅਲਬਰਟਾ ਦੇ ਲੋਕਾਂ ਦਾ ਫੈਸਲਾ ਹੋਵੇਗਾ, ਨਾ ਕਿ ਉਸ ਦੀ ਸਰਕਾਰ ਦਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇੱਕ ਸੰਯੁਕਤ ਕੈਨੇਡਾ ਦੇ ਅੰਦਰ ਅਲਬਰਟਾ ਦੀ ਸੁਤੰਤਰਤਾ ਦੀ ਸਮਰਥਕ ਹਨ। ਹਾਲਾਂਕਿ, ਮੁਖੀਆਂ ਨੇ ਕਿਹਾ ਕਿ ਭਾਵੇਂ ਸਮਿਥ ਜ਼ਿੰਮੇਵਾਰੀ ਨਾਗਰਿਕਾਂ ‘ਤੇ ਡੋਲ ਦੇਣ, ਸੂਬੇ ਨੂੰ ਸੰਧੀਆਂ ਦੀ ਉਲੰਘਣਾ ਕਰਨ ਦਾ ਕੋਈ ਅਧਿਕਾਰ ਨਹੀਂ।
ਫਸਟ ਨੇਸ਼ਨਜ਼ ਦੇ ਗ੍ਰੈਂਡ ਮੁਖੀ ਟ੍ਰੇਵਰ ਮਰਕਰੇਡੀ ਨੇ ਵੀ ਇੱਕ ਬਿਆਨ ਜਾਰੀ ਕਰਕੇ ਪ੍ਰਧਾਨ ਮੰਤਰੀ ਕਾਰਨੀ ਨੂੰ ਸੰਧੀ ਅਧਿਕਾਰਾਂ ਦੀ ਪੂਰੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਅਸੀਂ ਸੰਧੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਏ ਜਾਣ ਦੀ ਉਮੀਦ ਕਰਦੇ ਹਾਂ।