ਲਿਖਤ : ਦਰਬਾਰਾ ਸਿੰਘ ਕਾਹਲੋਂ
-ਸੰਪਰਕ : +12898292929
ਵਿਸ਼ਵ ਦੇ ਪਹਿਲੇ 5 ਨਾਮਵਰ ਪਾਰਦਰਸ਼ੀ ਅਤੇ ਇਮਾਨਦਾਰ ਲੋਕਤੰਤਰੀ ਦੇਸ਼ਾਂ ਵਿਚ ਸ਼ੁਮਾਰ ਖ਼ੂਬਸੂਰਤ ਅਤੇ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਕੈਨੇਡਾ 28 ਅਪ੍ਰੈਲ ਨੂੰ ਅਚਨਚੇਤ ਫੈਡਰਲ ਚੋਣਾਂ ਹਾਊਸ ਆਫ ਕਾਮਨਜ਼ ਲਈ ਕਰਾਉਣ ਜਾ ਰਿਹਾ ਹੈ। ਇਨ੍ਹਾਂ ਚੋਣਾਂ ਰਾਹੀਂ ਲਗਪਗ 2 ਕਰੋੜ 90 ਲੱਖ ਕੈਨੇਡੀਅਨ ਵੋਟਰ 45ਵੀਂ ਲੋਕ ਸਭਾ (ਹਾਊਸ ਆਫ ਕਾਮਨਜ਼) ਦੇ 343 ਮੈਂਬਰਾਂ ਦੀ ਚੋਣ ਕਰਨਗੇ। ਇਨ੍ਹਾਂ ਚੋਣਾਂ ਵਿਚ 570 ਮਿਲੀਅਨ ਡਾਲਰ ਖ਼ਰਚਾ ਆਵੇਗਾ।
ਸੱਤਾਧਾਰੀ ਲਿਬਰਲ ਪਾਰਟੀ ਜੋ ਦੇਸ਼ ਅੰਦਰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਘੱਟ ਗਿਣਤੀ ਸਰਕਾਰ ਚਲਾ ਰਹੀ ਸੀ, ਅੰਦਰ ਲੀਡਰਸ਼ਿਪ ਨੂੰ ਲੈ ਕੇ ਉੱਠੇ ਵਿਰੋਧ ਕਰਕੇ ਪ੍ਰਧਾਨ ਮੰਤਰੀ ਨੇ 2 ਜਨਵਰੀ 2025 ਨੂੰ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ। ਅੰਦਰੂਨੀ ਚੋਣਾਂ ਰਾਹੀਂ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਮਾਰਕ ਕਾਰਨੇ ਜੋ ਬੈਂਕ ਆਫ ਕੈਨੇਡਾ ਅਤੇ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ, ਨੂੰ ਵੱਡੀ ਹਮਾਇਤ ਨਾਲ ਪਾਰਟੀ ਆਗੂ ਚੁਣ ਲਿਆ ਗਿਆ ਜਿਨ੍ਹਾਂ ਨੇ ਟਰੂਡੋ ਦੀ ਥਾਂ 24ਵੇਂ ਪ੍ਰਧਾਨ ਮੰਤਰੀ ਵਜੋਂ 14 ਮਾਰਚ ਨੂੰ ਸਹੁੰ ਚੁੱਕੀ। ਉਹ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਬਣੇ ਜੋ ਪਾਰਲੀਮੈਂਟ ਦੇ ਮੈਂਬਰ ਨਹੀਂ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਰ ਟੈਰਿਫ, ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਧਮਕੀ ਅਤੇ ਰਾਸ਼ਟਰੀ ਸੁਰੱਖਿਆ ਦੇ ਚੁਣੌਤੀ ਭਰੇ ਸੰਕਟ ਨੂੰ ਲੈ ਕੇ ਕਾਰਨੇ ਨੇ 23 ਮਾਰਚ ਨੂੰ ਗਵਰਨਰ ਜਨਰਲ ਮੇਰੀ ਸਾਇਮਾ ਨੂੰ ਪਾਰਲੀਮੈਂਟ ਭੰਗ ਕਰਨ ਦੀ ਸਿਫ਼ਾਰਸ਼ ਕਰਦੇ ਹੋਏ 28 ਅਪ੍ਰੈਲ ਨੂੰ ਅਚਨਚੇਤ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ। ਇਹ ਚੋਣਾਂ ਕੈਨੇਡਾ ਦੀ ਹੋਂਦ, ਭਵਿੱਖ ਅਤੇ ਮਜ਼ਬੂਤ ਰਾਸ਼ਟਰ ਸਥਾਪਤੀ ਨੂੰ ਲੈ ਕੇ ਬਹੁਤ ਮਹੱਤਵ ਰੱਖਦੀਆਂ ਹਨ।
ਪਾਰਲੀਮੈਂਟ ਭੰਗ ਹੋਣ ਸਮੇਂ 343 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਰਾਜਨੀਤਕ ਪਾਰਟੀਆਂ ਦੀ ਪ੍ਰਤੀਨਿਧਤਾ ਇਵੇਂ ਸੀ, ਲਿਬਰਲ ਪਾਰਟੀ 152, ਕੰਜ਼ਰਵੇਟਿਵ ਪਾਰਟੀ 120, ਨਿਊ-ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) 24, ਬਲਾਕ ਕਿਊਬੈਕ 33, ਗਰੀਨ ਪਾਰਟੀ 2 ਆਦਿ।
ਚੋਣ ਕਮਿਸ਼ਨ ਅਨੁਸਾਰ ਚੋਣ ਮੁਹਿੰਮ ਲਈ 37 ਦਿਨ ਜ਼ਰੂਰੀ ਹਨ। ਇਸੇ ਕਰਕੇ 28 ਅਪ੍ਰੈਲ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਕਿ 23 ਮਾਰਚ ਤੋਂ 28 ਅਪ੍ਰੈਲ ਤੱਕ ਇਹ ਸਮਾਂ ਮਿਲ ਸਕੇ। ਇਵੇਂ ਦੋ ਡਿਬੇਟ, ਇਕ ਫਰਾਂਸੀਸੀ ਅਤੇ ਇਕ ਅੰਗਰੇਜ਼ੀ ਭਾਸ਼ਾ ਵਿਚ 16 ਅਤੇ 17 ਅਪ੍ਰੈਲ ਨੂੰ ਮਾਂਟਰੀਆਲ (ਕਿਊਬੈਕ) ਵਿਖੇ ਰੱਖੇ ਗਏ।
ਫੋਰਟ ਸਮਿੱਥ (ਉੱਤਰਪੱਛਮ ਖੇਤਰ) ਵਿਚ ਇਕ ਸਥਾਨਕ ਮੂਲ ਦੇ ਲੋਕਾਂ ਦੇ ਸਕੂਲ ਦੇ ਪ੍ਰਿੰਸੀਪਲ ਦੇ ਘਰ ਪੈਦਾ ਹੋਇਆ, ਐਡਮਿੰਟਨ (ਅਲਬਰਟਾ) ਵਿਚ ਪਲਿਆ, ਆਕਸਫੋਰਡ ਯੂਨੀਵਰਸਿਟੀ ਤੋਂ ਪੀਐੱਚਡੀ ਕਰਨ ਵਾਲਾ ਕਾਰਨੇ ਬੈਂਕ ਆਫ ਕੈਨੇਡਾ ਦਾ 2008 ਤੋਂ 2013 ਅਤੇ ਬੈਂਕ ਆਫ ਇੰਗਲੈਂਡ ਦਾ 2013 ਤੋਂ 2018 ਤੱਕ ਗਵਰਨਰ ਰਿਹਾ। ਉਸ ਨੇ ਕੈਨੇਡਾ ਨੂੰ 200708 ਦੀ ਆਰਥਿਕ ਮੰਦੀ ਨਾਲ ਨਜਿੱਠਣ ਅਤੇ ਯੂਕੇ ਨੂੰ ਆਰਥਿਕ ਮੁਸੀਬਤਾਂ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਹ ਟਰੂਡੋ ਸਰਕਾਰ ਦੇ ਆਰਥਿਕ ਸਲਾਹਕਾਰ ਸਨ।
ਉਹ ਭਾਰਤ ਦੇ ਨਾਮਵਰ ਅਰਥ ਸਾਸ਼ਤਰੀ ਅਤੇ 10 ਸਾਲ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵਾਂਗ ਕੈਨੇਡਾ ਦੇ ਆਰਥਿਕ ਸੰਕਟ ਮੋਚਕ ਪ੍ਰਧਾਨ ਮੰਤਰੀ ਵਜੋਂ ਉੱਭਰੇ ਹਨ। ਲੋਕ ਸਮਝਦੇ ਹਨ ਕਿ ਉਹ ਨਾ ਸਿਰਫ਼ ਆਪਹੁਦਰੇ ਨੀਮ ਪਾਗਲ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲਿਆਂ ਤੋਂ ਰਾਸ਼ਟਰ ਦੀ ਸੁਰੱਖਿਆ ਕਰਨਗੇ ਬਲਕਿ ਦੇਸ਼ ਅੰਦਰੂਨੀ ਆਰਥਿਕ, ਸਮਾਜਿਕ, ਵਿੱਤੀ, ਸੱਭਿਆਚਾਰਕ, ਪਰਵਾਸ ਤੇ ਸਥਾਨਕ ਮੂਲ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ ਯਤਨ ਕਰਨਗੇ।
ਕਾਰਨੇ ਦੀ ਅਗਵਾਈ ਕਰਕੇ ਰਾਜਨੀਤਕ ਉਥਲਪੁਥਲ ਨੇ ਰਾਜਸੀ ਅਤੇ ਚੋਣ ਯੁੱਧਨੀਤਕ ਪੰਡਤਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਮੇਂ ਚੋਣ ਸਰਵੇ ਦਰਸਾ ਰਹੇ ਹਨ ਕਿ ਲਿਬਰਲਾਂ ਨੂੰ 43.2 ਪ੍ਰਤੀਸ਼ਤ, ਕੰਜ਼ਰਵੇਟਿਵਾਂ ਨੂੰ 38, ਐੱਨਡੀਪੀ ਨੂੰ 8.3, ਬਲਾਕ ਕਿਊਬੈਕ ਨੂੰ 5.9, ਗਰੀਨ ਪਾਰਟੀ ਨੂੰ 2.1, ਪੀਪਲਜ਼ ਪਾਰਟੀ ਨੂੰ 1.7 ਅਤੇ ਹੋਰਨਾਂ ਨੂੰ 0.9 ਪ੍ਰਤੀਸ਼ਤ ਵੋਟਰਾਂ ਦੀ ਹਮਾਇਤ ਹਾਸਲ ਹੈ। ਹਾਊਸ ਆਫ ਕਾਮਨਜ਼ ਵਿਚ ਬਹੁਮਤ ਲਈ 172 ਸੀਟਾਂ ਦਰਕਾਰ ਹਨ। ਇਸ ਵੇਲੇ ਲਿਬਰਲ 194, ਕੰਜ਼ਰਵੇਟਿਵ 122, ਐੱਨਡੀਪੀ 5, ਬਲਾਕ ਕਿਊਬੈਕ 21, ਗਰੀਨ ਪਾਰਟੀ ਇਕ ਅਤੇ ਬਾਕੀ ਜ਼ੀਰੋ ਸੀਟਾਂ ਲਿਜਾ ਸਕਦੇ ਹਨ। ਹੁਣ ਬਹੁਤ ਉਲਟਫੇਰ ਹੋਣ ਦੀ ਆਸ ਨਹੀਂ ਪਰ ਫਿਰ ਵੀ ਸਥਿਤੀਆਂ ਬਦਲਦਿਆਂ ਕੋਈ ਬਹੁਤਾ ਚਿਰ ਵੀ ਨਹੀਂ ਲੱਗਦਾ।
ਪਿਛਲੀਆਂ 8 ਫੈਡਰਲ ਚੋਣਾਂ ਸਮੇਂ 5 ਵਾਰ ਕਿਸੇ ਰਾਜਨੀਤਕ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ। ਸੰਨ 2019 ਅਤੇ 2021 ਦੀਆਂ ਟਰੂਡੋ ਸਰਕਾਰਾਂ ਐੱਨਡੀਪੀ ਅਤੇ ਬਲਾਕ ਕਿਊਬੈਕ ਦੀ ਮੁੱਦਿਆਂ ਆਧਾਰਤ ਬਾਹਰੋਂ ਹਮਾਇਤ ਦੀਆਂ ਬੈਸਾਖੀਆਂ ‘ਤੇ ਚੱਲਦੀਆਂ ਰਹੀਆਂ।
ਦੇਸ਼ ਵਿਚ ਸਥਿਰ ਅਤੇ ਮਜ਼ਬੂਤ ਸਰਕਾਰਾਂ ਨਾ ਹੋਣ ਕਰਕੇ ਅਜੋਕਾ ਆਰਥਿਕ ਸੰਕਟ ਅਤੇ ਰੋਜ਼ਮੱਰਾ ਜੀਵਨ ਵਿਚ ਬੇਚੈਨੀ, ਬੇਰੁਜ਼ਗਾਰੀ, ਅਮਨ-ਕਾਨੂੰਨ, ਰਾਸ਼ਟਰੀ ਸੁਰੱਖਿਆ, ਪਰਵਾਸ ਆਦਿ ਦੇ ਮਸਲੇ ਪੈਦਾ ਹੋਏ ਹਨ। ਵੋਟਰਾਂ ‘ਤੇ ਇਸੇ ਕਰਕੇ ਦਬਾਅ ਹੈ ਕਿ ਉਹ ਇਕ ਮਜ਼ਬੂਤ ਅਤੇ ਸਮਰੱਥ ਸਰਕਾਰ ਲਈ ਕਿਸੇ ਪਰਟੀ ਨੂੰ ਪੂਰਨ ਬਹੁਮਤ ਨਾਲ ਜਿਤਾਉਣ।
ਭਾਰਤ ਦੇ ਕੈਨੇਡਾ ਵਿਚ ਰਹੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕੈਨੇਡੀਅਨ ਸਿਆਸਤ ਵਿਚ ਖ਼ਾਲਿਸਤਾਨੀ ਅਨਸਰਾਂ ਨੂੰ ਸ਼ਾਤਰ ਤੇ ਸਰਗਰਮ ਭਾਰਤ ਵਿਰੋਧੀ ਸਮੂਹ ਦੱਸਿਆ ਜਿਸ ਦਾ ਖ਼ਾਸ ਤੇ ਅਨੁਪਾਦਕ ਕਬਜ਼ਾ ਹੈ। ਇਹ ਕੈਨੇਡੀਅਨ ਚੋਣਾਂ ਵਿਚ ਬਾਹਰੀ ਦਖ਼ਲ ਹੈ। ਕੀ ਭਾਰਤ ਦੇਸ਼ ਅੰਦਰ ਖ਼ਾਲਿਸਤਾਨੀ ਗਤੀਵਿਧੀਆਂ ਰੋਕ ਸਕਿਆ ਹੈ?
ਪੂਰੇ ਵਿਸ਼ਵ ਵਿਚ ਵੱਖ-ਵੱਖ ਦੇਸ਼ਾਂ ਵਿਚ ਸਿੱਖ ਭਾਈਚਾਰੇ ਨੇ ਲੋੜਵੰਦਾਂ ਦੀ ਸੇਵਾ, ਸੰਕਟਕਾਲ ਸਮੇਂ ਬਿਮਾਰਾਂ, ਜ਼ਖ਼ਮੀਆਂ ਲਈ ਦਵਾਈਆਂ, ਲੰਗਰ ਅਤੇ ਜ਼ਰੂਰੀ ਵਸਤਾਂ ਦੀ ਸੇਵਾ ਨਿਰ-ਸਵਾਰਥ ਕਰਦਿਆਂ ਆਪਣੀ ਵਿਲੱਖਣ ਪਛਾਣ ਬਣਾਈ ਹੈ। ਰਾਜਨੀਤੀ ਵਿਚ ਵੱਡੇ ਸਥਾਨ ਪ੍ਰਾਪਤ ਕੀਤੇ ਹਨ।
ਕੈਨੇਡਾ ਦੀਆਂ ਫੈਡਰਲ ਤੇ ਸੂਬਾਈ ਚੋਣਾਂ ਵਿਚ ਇਨ੍ਹਾਂ ਨੇ ਅਤਿ ਸਨਮਾਨਜਕ ਪਛਾਣ ਬਣਾਈ ਹੈ। ਸੰਨ 1993 ਵਿਚ ਪਹਿਲੇ ਸਿੱਖ ਦਸਤਾਰਧਾਰੀ ਕੈਨੇਡੀਅਨ ਗੁਰਬਖ਼ਸ਼ ਸਿੰਘ ਮੱਲ੍ਹੀ ਸਾਂਸਦ ਬਣੇ ਸਨ। ਉਹ 18 ਸਾਲ ਸਾਂਸਦ ਰਹਿਣ ਸਮੇਂ ਵੱਖ-ਵੱਖ ਸਰਕਾਰਾਂ ਵਿਚ ਪਾਰਲੀਮਾਨੀ ਸਕੱਤਰ ਰਹੇ। ਸੰਨ 2019 ਵਿਚ ਪਰਵਾਸੀ ਭਾਰਤੀ 47 ਫੈਡਰਲ ਚੋਣਾਂ ਲੜੇ, 22 ਜਿੱਤੇ ਤੇ 2021 ਵਿਚ 47 ਵਿੱਚੋਂ 17 ਜਿੱਤੇ ਤੇ ਉਨ੍ਹਾਂ ਵਿੱਚੋਂ 16 ਮੁੜ ਮੈਦਾਨ ਵਿਚ ਹਨ।
ਇਨ੍ਹਾਂ ਚੋਣਾਂ ਵਿਚ 65 ਪਰਵਾਸੀ ਭਾਰਤੀ ਉਮੀਦਵਾਰ ਖੜ੍ਹੇ ਹਨ। ਜਗਮੀਤ ਸਿੰਘ ਸੰਨ 2017 ਤੋਂ ਐੱਨਡੀਪੀ ਦੀ ਅਗਵਾਈ ਕਰ ਰਹੇ ਹਨ। ਲਿਬਰਲਾਂ ਨੇ 17, ਕੰਜ਼ਰਵੇਟਿਵਾਂ ਨੇ 26, ਐੱਨਡੀਪੀ ਨੇ 10, ਗਰੀਨ ਪਾਰਟੀ ਨੇ 4, ਪੀਪਲਜ਼ ਪਾਰਟੀ ਨੇ 8 ਪਰਵਾਸੀ ਭਾਰਤੀਆਂ ਨੂੰ ਉਮੀਦਵਾਰ ਬਣਾਇਆ ਹੋਇਆ ਹੈ। ਅਨੀਤਾ ਆਨੰਦ ਅਤੇ ਕਮਲ ਖਹਿਰਾ ਕਾਰਨੇ ਸਰਕਾਰ ਵਿਚ ਮੰਤਰੀ ਹਨ। ਕੈਨੇਡਾ ਅੰਦਰ ਫਰੈਂਚ ਤੇ ਅੰਗਰੇਜ਼ੀ ਡਿਬੇਟ ਸਮੇਂ ਵਿਰੋਧੀ ਧਿਰਾਂ ਨਾਲ ਸਬੰਧਤ ਆਗੂਆਂ ਜਿਵੇਂ ਕੰਜ਼ਰਵੇਟਿਵਜ਼ ਦੇ ਪੈਰੇ ਪੋਲੀਵਰ, ਐੱਨਡੀਪੀ ਦੇ ਜਗਮੀਤ ਸਿੰਘ ਅਤੇ ਬਲਾਕ ਕਿਊਬੈਕ ਦੇ ਬਲਾਂਚੇ ਨੇ ਲਿਬਰਲ ਪ੍ਰਧਾਨ ਮੰਤਰੀ ਮਾਰਕ ਕਾਰਨੇ ‘ਤੇ ਤਿੱਖੇ ਹਮਲੇ ਕੀਤੇ ਪਰ ਉਹ ਜ਼ਰਾ ਵੀ ਨਹੀਂ ਥਿੜਕੇ।
ਡਿਬੇਟ ਤੋਂ ਬਾਅਦ ਕਾਰਨੇ ਦੀ ਹਰਮਨ ਪਿਆਰਤਾ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪੋਲੀਵਰ ਨੇ ਅੰਗਰੇਜ਼ੀ ਡਿਬੇਟ ਦਾ ਇਕ-ਇਕ ਮਿੰਟ ਬਾਖ਼ੂਬੀ ਵਰਤਣ ਤੋਂ ਕੋਈ ਕਸਰ ਬਾਕੀ ਨਹੀਂ ਛੱਡੀ ਤਾਂ ਕਿ ਉਹ ਆਪਣਾ ਗਵਾਚਿਆ ਵੱਕਾਰ ਮੁੜ ਪ੍ਰਾਪਤ ਕਰ ਸਕੇ। ਡਿਬੇਟ ਵਿਚ ਸਭ ਤੋਂ ਵਧੀਆ ਹਮਲਾਵਰ ਭੂਮਿਕਾ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਨਿਭਾਈ। ਇਹ ਵੱਖਰੀ ਗੱਲ ਹੈ ਉਹ ਤੇ ਉਨ੍ਹਾਂ ਦੀ ਪਾਰਟੀ ਆਪਣਾ ਪਹਿਲਾਂ ਵਾਲਾ ਜਲਵਾ ਕਾਇਮ ਨਾ ਕਰ ਸਕੀ। ਆਖ਼ਰੀ ਸਮੇਂ ਗਰੀਨ ਪਾਰਟੀ ਆਗੂ ਜੋਨਾਥਨ ਪੈਡਨਾਲਟ ਨੂੰ ਡਿਬੇਟ ‘ਚੋਂ ਡਿਬੇਟ ਕਮਿਸ਼ਨ ਨੇ ਇਸ ਕਰਕੇ ਲਾਂਭੇ ਕਰ ਦਿੱਤਾ ਕਿਉਂਕਿ ਪਾਰਟੀ ਤਿੰਨ ਸ਼ਰਤਾਂ ਜਿਵੇਂ ਪਾਰਲੀਮੈਂਟ ਭੰਗ ਹੋਣ ਸਮੇਂ ਘੱਟੋ-ਘੱਟ ਇਕ ਸਾਂਸਦ, ਚੋਣਾਂ ਦੇ 28 ਦਿਨ ਪਹਿਲਾਂ 4 ਪ੍ਰਤੀਸ਼ਤ ਵੋਟਰਾਂ ਦੀ ਹਮਾਇਤ ਅਤੇ 90 ਪ੍ਰਤੀਸ਼ਤ ਹਲਕਿਆਂ ਵਿਚ ਉਮੀਦਵਾਰ ਖੜ੍ਹੇ ਕੀਤੇ ਹੋਣ, ਵਿੱਚੋਂ ਆਖ਼ਰੀ ਦੋ ਨਹੀਂ ਸੀ ਪੂਰੀਆਂ ਕਰਦੀ।
ਕੈਨੇਡਾ ਵਿਚ ਰਾਜਨੀਤਕ ਪਾਰਟੀਆਂ ਦੇ ਆਗੂ ਆਖ਼ਰੀ 8 ਜਾਂ 10 ਦਿਨਾਂ ਵਿਚ ਆਖ਼ਰੀ ਲਮਹਿਆਂ ਸਬੰਧੀ ਚੋਣ ਪਲੇਟਫਾਰਮ ਜਾਰੀ ਕਰਦੇ ਹਨ ਜਿਸ ਵਿਚ ਉਨ੍ਹਾਂ ਦੀ ਪਾਰਟੀ ਦਾ ਉਹ ਪ੍ਰੋਗਰਾਮ ਹੁੰਦਾ ਹੈ ਜਿਸ ‘ਚ ਅਗਲੇ ਚਾਰ ਸਾਲਾਂ ਦੀਆਂ ਯੋਜਨਾਵਾਂ, ਖ਼ਰਚੇ, ਜਨਤਕ ਹਿਤੂ ਪ੍ਰੋਗਰਾਮ, ਰਾਹਤਾਂ, ਵਿਅਕਤੀਗਤ ਲਾਭਾਂ ਦਾ ਵੇਰਵਾ ਤੇ ਖ਼ਰਚ, ਨਿਵੇਸ਼, ਸਨਅਤ, ਸੁਰੱਖਿਆ ਸਬੰਧੀ ਪ੍ਰੋਗਰਾਮ ਦਰਜ ਹੁੰਦੇ ਹਨ।
ਸਭ ਪਾਰਟੀਆਂ ਤੇ ਆਗੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਧੋਖਾਧੜੀ, ਟੈਰਿਫ ਅਤੇ 51ਵਾਂ ਸੂਬਾ ਬਣਾਉਣ ਦੇ ਵਿਰੋਧ ਵਿਚ ਇਕਜੁੱਟ ਹਨ। ਕੈਨੇਡਾ ਦਾ 75 ਪ੍ਰਤੀਸ਼ਤ ਵਪਾਰ ਜੋ ਅਮਰੀਕਾ ਨਾਲ ਹੈ, ਦੀ ਥਾਂ ਹੁਣ ਸਮਾਨ ਵਿਚਾਰਾਂ ਵਾਲੇ ਦੇਸ਼ਾਂ ਨਾਲ ਵਪਾਰ ਵਧਾਉਣ, ਆਧੁਨਿਕ ਫ਼ੌਜੀ ਸਾਜ਼ੋ-ਸਾਮਾਨ ਨਾਲ ਫ਼ੌਜ ਨੂੰ ਲੈਸ ਕਰਨ ਅਤੇ ਤਨਖ਼ਾਹਾਂ ਵਿਚ ਵਾਧਾ ਕਰਨ ਵਾਲੇ ਪ੍ਰੋਗਰਾਮਾਂ ਨਾਲ ਸਹਿਮਤ ਹਨ।
ਊਰਜਾ ਉਤਪਾਦਨ ਤੇ ਸਹਿਯੋਗੀ ਦੇਸ਼ਾਂ ਨੂੰ ਸਪਲਾਈ ਵਿਚ ਵਾਧਾ ਕੀਤਾ ਜਾਵੇਗਾ। ਹਾਊਸਿੰਗ ਉਸਾਰੀ ਵਧਾਉਣ ਤੇ ਟੈਕਸ ਕਟੌਤੀਆਂ ਨਾਲ ਸਹਿਮਤ ਹਨ। ਇਸ ਸਮੇਂ ਦੇਸ਼ ਦੀ ਪ੍ਰਭੂਸੱਤਾ, ਇਸ ਦੀ ਸ਼ਾਨਾਂਮਤੀ ਹੋਂਦ ਦੀ ਰਾਖੀ, ਆਰਥਿਕ ਮਜ਼ਬੂਤੀ ਅਤੇ ਟਰੰਪ ਜਿਹੇ ਭਿਆਨਕ ਦੈਂਤ ਨਾਲ ਨਜਿੱਠਣ ਲਈ 28 ਅਪ੍ਰੈਲ ਨੂੰ ਇਕ ਬਹੁਮਤ ਵਾਲੀ ਸਰਕਾਰ ਤੇ ਸਮਰੱਥ ਰਾਜਨੀਤਕ ਆਗੂ ਦੀ ਚੋਣ ਸੂਝਬੂਝ ਨਾਲ ਮਤਦਾਤਾਵਾਂ ਵੱਲੋਂ ਜ਼ਰੂਰੀ ਹੈ। ਵੇਖੋ! ਊਠ ਕਿਸ ਕਰਵਟ ਬੈਠਦਾ ਹੈ।
ਕੈਨੇਡਾ ਨੂੰ ਨਵੀਂ ਦਿਸ਼ਾ ਦੇਣਗੀਆਂ ਚੋਣਾਂ
