Friday, May 2, 2025
10.1 C
Vancouver

ਵਿਸ਼ਵ ਧਰਤੀ ਦਿਵਸ ’18 ਅਪ੍ਰੈਲ’

ਸਰੀ, (ਏਕਜੋਤ ਸਿੰਘ): ਪੂਰੇ ਵਿਸ਼ਵ ਭਰ ਵਿਚ 22 ਅਪ੍ਰੈਲ ਦਾ ਦਿਨ ਧਰਤੀ ਦਿਵਸ ਮਨਾਇਆ ਜਾਂਦਾ ਹੈ। 1970 ਵਿਚ ਸ਼ੁਰੂ ਕੀਤੇ ਗਏ ਇਸ ਦਿਵਸ ਨੂੰ 192 ਦੇਸ਼ਾਂ ਨੇ ਖੁੱਲ੍ਹੀਆਂ ਬਾਹਾਂ ਨਾਲ ਅਪਣਾਇਆ ਅਤੇ ਇਸ ਦਿਨ ਬਹੁਤ ਸਾਰੇ ਲੋਕਾਂ ਵਲੋਂ ਧਰਤੀ ਮਾਤਾ ਦੀ ਸਾਂਭ ਸੰਭਾਲ ਲਈ ਕੁੱਝ ਚੰਗਾ ਕਰਨ ਦਾ ਪ੍ਰਣ ਲਿਆ ਜਾਂਦਾ ਹੈ। ਅੱਜ ਵਿਸ਼ਵ ਭਰ ਦੇ ਵਿਗਿਆਨੀ ਵਾਤਾਵਰਣ ਵਿਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ ਹਨ। ਜਿਸ ਤਰ੍ਹਾਂ ਅਸੀਂ ਡਾਇਨਾਸੋਰ, ਵੱਡੇ ਦੰਦਾਂ ਵਾਲੇ ਹਾਥੀ ਸਮੇਤ ਹੋਰ ਬਹੁਤ ਸਾਰੇ ਜਾਨਵਰਾਂ ਬਾਰੇ ਕਿਤਾਬਾਂ ਵਿਚ ਹੀ ਪੜ੍ਹਿਆ ਜਾਂ ਸੁਣਿਆ ਹੈ। ਓਵੇਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਘਰ ਦੇ ਵਿਹੜੇ ਵਿਚ ਚਹਿਚਹਾਉਣ ਵਾਲੀਆਂ ਚਿੜੀਆਂ, ਫੁੱਲਾਂ ‘ਤੇ ਮੰਡਰਾਉਂਦੀਆਂ ਰੰਗ ਬਿਰੰਗੀਆਂ ਤਿਤਲੀਆਂ, ਭੰਵਰੇ, ਪਰਾਗ਼ ਨਾਲ ਸ਼ਹਿਦ
ਬਣਾਉਂਦੀਆਂ ਮਧੂ ਮੱਖੀਆਂ, ਦਾਣੇ ਲਿਜਾਂਦੀਆਂ ਕੀੜੀਆਂ ਅਤੇ ਚੀਤੇ ਵਰਗੀਆਂ ਪ੍ਰਜਾਤੀਆਂ ਦੇ ਬਾਰੇ ਵਿਚ ਕਿਤਾਬਾਂ ਜ਼ਰੀਏ ਜਾਣ ਸਕਣਗੀਆਂ। ਇਸ ਦੇ ਲਈ ਧਰਤੀ ਦੀ ਸੰਭਾਲ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਧਰਤੀ ਦੇ ਤਾਪਮਾਨ ਵਿਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਸਮੁੱਚੀ ਕੁਦਰਤ ਦੀ ਹੋਂਦ ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ।
ਅੱਜ ਦਾ ਮਨੁੱਖ ਵਿਕਾਸ ਦੀ ਦੌੜ ਵਿੱਚ ਕੁਦਰਤ ਨਾਲ ਜਿਹੀ ਛੇੜਛਾੜ ਕਰ ਰਿਹਾ ਹੈ, ਉਸਦੇ ਨਤੀਜੇ ਵਜੋਂ ਵਾਯੂਮੰਡਲ ਵਿਚ ਗੈਸਾਂ ਦਾ ਸੰਤੁਲਨ ਗੰਭੀਰ ਤਰੀਕੇ ਨਾਲ ਵਿਗੜ ਗਿਆ ਹੈ। ਇਸ ਨਾਲ ਨਾ ਸਿਰਫ਼ ਮੌਸਮ ਪੈਟਰਨ ਬਦਲ ਰਹੇ ਹਨ, ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵੀ ਲਗਾਤਾਰ ਘਟਦੀ ਜਾ ਰਹੀ ਹੈ। ਫ਼ਸਲੀ ਚੱਕਰ ਗੜਬੜਾ ਚੁੱਕਾ ਹੈ, ਜਿਹਦਾ ਸਿੱਧਾ ਅਸਰ ਵਿਅਕਤੀਗਤ ਜੀਵਨ, ਖੁਰਾਕ, ਸਿਹਤ ਅਤੇ ਆਮਦਨ ‘ਤੇ ਪੈ ਰਿਹਾ ਹੈ।
ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜੈਵ ਵਿਭਿੰਨਤਾ, ਜੋ ਧਰਤੀ ਦੇ ਜੀਵਨ ਚੱਕਰ ਦੀ ਨਿਵ ਹੈ, ਉਸ ਉੱਤੇ ਘਾਤਕ ਖ਼ਤਰਾ ਮੰਡਰਾ ਰਿਹਾ ਹੈ। ਹਜ਼ਾਰਾਂ ਕਿਸਮ ਦੇ ਪੰਛੀ, ਥਣਧਾਰੀ ਜਾਨਵਰ ਅਤੇ ਕੀਟ-ਪਤੰਗੇ ਜਾਂ ਤਾਂ ਅਲੋਪ ਹੋ ਚੁੱਕੇ ਹਨ ਜਾਂ ਅਲੋਪ ਹੋਣ ਦੇ ਕੰਢੇ ਤੇ ਪਹੁੰਚ ਗਏ ਹਨ। ਵਿਗਿਆਨੀਆਂ ਦੇ ਅਧਿਐਨਾਂ ਮੁਤਾਬਕ ਵਿਸ਼ਵ ਭਰ ਵਿਚ ਹਰ ਸਾਲ ਕੀਟਾਂ ਦੀ ਗਿਣਤੀ ਲਗਭਗ 2.5 ਫ਼ੀਸਦੀ ਦੀ ਦਰ ਨਾਲ ਘਟ ਰਹੀ ਹੈ, ਜੋ ਇਕ ਗੰਭੀਰ ਸੰਕੇਤ ਹੈ।
ਕੀਟ-ਪਤੰਗਿਆਂ ਦਾ ਘੱਟ ਹੋਣਾ ਪਾਰਿਸਥਿਤਿਕ ਤੰਤਰ ਲਈ ਖਤਰਨਾਕ ਹੈ, ਕਿਉਂਕਿ ਇਹ ਜੀਵ ਪਰਾਗਣ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਫਸਲਾਂ ਦੀ ਪੈਦਾਵਾਰ ਵਧਾਉਣ, ਕੁਦਰਤੀ ਖਾਦ ਬਣਾਉਣ ਅਤੇ ਹੋਰ ਜੀਵਾਂ ਲਈ ਭੋਜਨ ਸਰੋਤ ਵਜੋਂ ਕੰਮ ਆਉਂਦੇ ਹਨ। ਉਨ੍ਹਾਂ ਦੇ ਬਿਨਾਂ ਨਾਂ ਸਿਰਫ਼ ਖਾਦ ਲੜੀ ਟੁੱਟੇਗੀ, ਸਗੋਂ ਆਮ ਜੀਵਨ ਭੀ ਅਸਥਿਰ ਹੋ ਜਾਵੇਗਾ।
ਭਾਰਤ ਵਿੱਚ ਵੀ ਇਨ੍ਹਾਂ ਚਿੰਤਾਵਾਂ ਨੂੰ ਲੈ ਕੇ ਚਰਚਾ ਤੇ ਰਿਸਰਚ ਹੋ ਰਹੀ ਹੈ। ਇੱਥੇ ਇਕ ਸਿੰਗ ਵਾਲਾ ਗੈਂਡਾ, ਨੀਲਗਿਰੀ ਤਾਹਰਾ, ਬੰਗਾਲੀ ਸ਼ੇਰ, ਏਸ਼ੀਆਈ ਸ਼ੇਰ, ਕਸ਼ਮੀਰੀ ਹਿਰਨ, ਕਾਲਾ ਹਿਰਨ, ਹਿਮ ਤੇਂਦੂਆ, ਡਾਲਫਿਨ, ਵੇਲ੍ਹ, ਲਾਲ ਪਾਂਡਾ, ਫਿਸ਼ਿੰਗ ਕੈਟ, ਬੰਗਾਲ ਫਲੋਰੀਕਨ, ਚਿੱਟੀ ਗਿੱਧ, ਕਠਫੋੜਾ, ਸਾਰਸ, ਚਿੜੀ ਅਤੇ ਕੋਇਲ ਵਰਗੀਆਂ ਅਨੇਕ ਪ੍ਰਜਾਤੀਆਂ ਅਲੋਪਤਾ ਦੇ ਭਿਆਨਕ ਖਤਰੇ ਵੱਲ ਵੱਧ ਰਹੀਆਂ ਹਨ। ਦੂਜੇ ਪਾਸੇ ਜੇ ਵਿਸ਼ਵ ਪੱਧਰ ‘ਤੇ ਅਲੋਪ ਹੋ ਰਹੀਆਂ ਜਾਨਵਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਸਾਈਗਾ ਹਿਰਨ, ਧਰੁਵੀ ਭਾਲੂ, ਫਿਲੀਪੀਨਸ ਈਗਲ, ਲੰਬੇ ਨੱਕ ਵਾਲਾ ਬਾਂਦਰ, ਸਨਬ ਨੋਜ਼ਡ ਮੰਕੀ, ਜੁਗਨੂੰ, ਪਾਈਡ ਟੈਮੇਰਿਨ, ਟ੍ਰੀ ਪੈਂਗੋਲਿਨ, ਅਫਰੀਕੀ ਹਾਥੀ, ਗੋਲਡਨ ਨੋਜ਼ਡ ਮੰਕੀ, ਸੀ ਏਂਜਲਸ ਅਤੇ ਪੱਛਮੀ ਤਰਾਈ ਗੋਰੀਲਾ ਆਦਿ ਸ਼ਾਮਲ ਹਨ।
ਇਹ ਸਾਰੀਆਂ ਪ੍ਰਜਾਤੀਆਂ ਮਨੁੱਖੀ ਲਾਲਚ, ਆਵਾਸ ਖੋਹਣ, ਵਾਤਾਵਰਣੀ ਤਬਾਹੀ ਅਤੇ ਸ਼ਿਕਾਰ ਦੀ ਭੇਂਟ ਚੜ ਰਹੀਆਂ ਹਨ। ਜੇਕਰ ਇਸ ਰਫ਼ਤਾਰ ਨਾਲ ਕੁਦਰਤ ਦਾ ਨਾਸ ਹੋਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰੀ ਜੈਵ ਵਿਭਿੰਨਤਾ ਸਿਰਫ਼ ਕਿਤਾਬਾਂ ਜਾਂ ਮਿਊਜ਼ੀਅਮਾਂ ਤੱਕ ਸੀਮਤ ਰਹਿ ਜਾਵੇਗੀ। ਇਸ ਨਾਲ ਸਿਰਫ਼ ਪਰਬੀਜਨ ਲੜੀ ਨੂੰ ਨਹੀਂ, ਸਗੋਂ ਖੁਦ ਮਨੁੱਖੀ ਜੀਵਨ ਨੂੰ ਖ਼ਤਰਾ ਪੈਦਾ ਹੋ ਜਾਵੇਗਾ।
ਸੰਯੁਕਤ ਰਾਸ਼ਟਰ ਅਤੇ ਵੱਖ-ਵੱਖ ਵਾਤਾਵਰਣ ਸੰਸਥਾਵਾਂ ਵੱਲੋਂ ਲਗਾਤਾਰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਸੀਂ ਹੁਣ ਵੀ ਨਾਂ ਸੰਭਲੇ ਤਾਂ ਸਾਰਾ ਤਰਤੀ ਸੱਭਿਆਚਾਰ ਤੇ ਸਿਸਟਮ ਢਹਿ ਜਾਵੇਗਾ। ਵਾਤਾਵਰਣ ਬਚਾਉਣ ਦੀ ਦਿਸ਼ਾ ਵਿੱਚ ਸੰਸਾਰ ਭਰ ਦੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਹੋਣਗੇ ਅਤੇ ਕਾਨੂੰਨੀ ਪੱਧਰ ‘ਤੇ ਵੀ ਪਲਾਸਟਿਕ, ਕਾਰਬਨ ਨਿਕਾਸ, ਜੰਗਲਾਂ ਦੀ ਕਟਾਈ ਤੇ ਉਦਯੋਗਿਕ ਪ੍ਰਦੂਸ਼ਣ ਉੱਤੇ ਪਾਬੰਦੀ ਲਾਉਣੀ ਹੋਵੇਗੀ।
ਧਰਤੀ ਮਾਤਾ ਸਾਡੀ ਸਾਂਝੀ ਵਿਰਾਸਤ ਹੈ। ਅਸੀਂ ਜਿਹੜੀ ਧਰਤੀ ਆਪਣੇ ਬੱਚਿਆਂ ਲਈ ਛੱਡ ਕੇ ਜਾਣੀ ਹੈ, ਉਹ ਸਾਫ, ਸੁਰੱਖਿਅਤ, ਹਰੀ-ਭਰੀ ਹੋਣੀ ਚਾਹੀਦੀ ਹੈ। ਧਰਤੀ ਦਿਵਸ ਮੌਕੇ ਅਸੀਂ ਸਭ ਨੂੰ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਪੌਦੇ ਲਗਾ ਕੇ, ਪਲਾਸਟਿਕ ਤੋਂ ਤੋਬਾ ਕਰ ਕੇ, ਅਤੇ ਕੁਦਰਤ ਨਾਲ ਪਿਆਰ ਕਰ ਕੇ ਆਪਣੇ ਭਵਿੱਖ ਨੂੰ ਸੰਵਾਰਾਂਗੇ। ਇਹ ਸਿਰਫ਼ ਇਕ ਦਿਨ ਦੀ ਯਾਦ ਨਹੀਂ, ਸਗੋਂ ਹਰ ਰੋਜ਼ ਦੀ ਜ਼ਿੰਮੇਵਾਰੀ ਬਣਾਈਏ।