Saturday, May 3, 2025
19.3 C
Vancouver

ਕੈਨੇਡਾ ਵਿੱਚ ਟੈਕਸ ਭਰਨ ਦੀ ਆਖ਼ਰੀ ਤਰੀਕ 30 ਅਪ੍ਰੈਲ

 

ਸਰੀ, (ਏਕਜੋਤ ਸਿੰਘ): ਕੈਨੇਡਾ ਰੈਵੇਨਿਊ ਏਜੰਸੀ ਵੱਲੋਂ 2024 ਟੈਕਸ ਸਾਲ ਲਈ ਵਿਅਕਤੀਗਤ ਆਮਦਨ ਟੈਕਸ ਰਿਟਰਨ ਦਾਇਰ ਕਰਨ ਦੀ ਆਖਰੀ ਤਾਰੀਖ 30 ਅਪ੍ਰੈਲ 2025 ਨਿਸ਼ਚਿਤ ਕੀਤੀ ਗਈ ਹੈ। ਕੈਨੇਡਾ ਰੈਵੇਨਿਊ ਏਜੰਸੀ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਟੈਕਸ ਰਿਟਰਨ ਸਮੇਂ ਸਿਰ ਜਮ੍ਹਾ ਕਰਨ ਤਾਂ ਜੋ ਜੁਰਮਾਨੇ ਆਦਿ ਤੋਂ ਬਚਿਆ ਜਾ ਸਕੇ।
ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਜਾਰੀ ਕੀਤੇ ਗਿਆ ਬਿਆਨ ਮੁਤਾਬਕ, ਟੈਕਸ ਫਾਈਲ ਕਰਨਾ ਸਿਰਫ਼ ਕਾਨੂੰਨੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਕਈ ਮਹੱਤਵਪੂਰਨ ਸਰਕਾਰੀ ਲਾਭਾਂ ਨੂੰ ਹਾਸਲ ਕਰਨ ਲਈ ਵੀ ਜ਼ਰੂਰੀ ਹੈ ૶ ਜਿਵੇਂ ਕਿ GST/HST ਕ੍ਰੈਡਿਟ, ਕੈਨੇਡਾ ਚਾਇਲਡ ਬੈਨਿਫਿਟ, ਓਲਡ ਏਜ ਸੁਰੱਖਿਆ ਅਤੇ ਹੋਰ ਸਹਾਇਕ ਸਕੀਮਾਂ ਦਾ ਫਾਇਦਾ ਲੈਣਾ ਉਨ੍ਹਾਂ ਲੋਕਾਂ ਲਈ ਹੋਰ ਆਸਾਨ ਹੋ ਜਾਂਦਾ ਹੋ ਆਪਣਾ ਆਮਦਨੀ ਟੈਕਸ ਭਰਦੇ ਹਨ।
ਜ਼ਿਕਰਯੋਗ ਹੈ ਕਿ ਟੈਕਸ ਭਰ ਲਈ ਕੈਨੇਡੀਅਨ ਆਪਣੇ ਟੈਕਸ ਰਿਟਰਨਾਂ ਔਨਲਾਈਨ ਕੈਨੇਡਾ ਰੈਵੇਨਿਊ ਏਜੰਸੀ ਦੀ NETFILE ਸੇਵਾ ਰਾਹੀਂ ਭੇਜ ਸਕਦੇ ਹਨ, ਜਾਂ ਕੈਨੇਡਾ ਰੈਵੇਨਿਊ ਏਜੰਸੀ ਦੁਆਰਾ ਮਨਜ਼ੂਰਸ਼ੁਦਾ ਟੈਕਸ ਸੌਫਟਵੇਅਰ ਦੀ ਵਰਤੋਂ ਕਰਕੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਕਾਗਜ਼ੀ ਰਿਟਰਨ ਭੇਜ ਰਿਹਾ ਹੈ, ਤਾਂ ਉਸ ਨੂੰ ਡਾਕ ਰਾਹੀਂ 30 ਅਪ੍ਰੈਲ ਤੋਂ ਪਹਿਲਾਂ ਕੈਨੇਡਾ ਰੈਵੇਨਿਊ ਏਜੰਸੀ ਦੇ ਪਤੇ ‘ਤੇ ਡਾਕ ਪਹੁੰਚਦੀ ਕਰਨੀ ਪਵੇਗੀ।
ਦੂਜੇ ਪਾਸੇ ਜਿਹੜੇ ਵਿਅਕਤੀ 30 ਅਪ੍ਰੈਲ ਤੱਕ ਆਪਣਾ ਟੈਕਸ ਦਾਇਰ ਨਹੀਂ ਕਰਦੇ, ਉਨ੍ਹਾਂ ‘ਤੇ ਕੈਨੇਡਾ ਰੈਵੇਨਿਊ ਏਜੰਸੀ ਵੱਲੋਂ 5% ਜੁਰਮਾਨਾ ਲਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਹਰ ਮਹੀਨੇ 1% ਵਾਧੂ ਵਿਆਜ਼ ਵੀ ਲੱਗੇਗਾ, ਜੋ 12 ਮਹੀਨੇ ਤੱਕ ਜਾਰੀ ਰਹਿ ਸਕਦਾ ਹੈ। ਇਸ ਲਈ ਸਮੇਂ ਸਿਰ ਰਿਟਰਨ ਦਾਇਰ ਕਰਨਾ ਹੀ ਚੰਗਾ ਰਹੇਗਾ।
ਇਸ ਤੋਂ ਇਲਾਵਾ ਜੇ ਤੁਹਾਡੇ ਉਤੇ ਕੋਈ ਟੈਕਸ ਬਕਾਇਆ ਹੈ, ਤਾਂ ਇਹ ਭੁਗਤਾਨ ਵੀ 30 ਅਪ੍ਰੈਲ ਤੱਕ ਕਰਨਾ ਹੋਵੇਗਾ, ਨਹੀਂ ਤਾਂ ਵਿਆਜ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕੈਨੇਡਾ ਰੈਵੇਨਿਊ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਬਕਾਇਆ ਰਕਮ ਦੇ ਭੁਗਤਾਨ ਵਿਚ ਦੇਰੀ ਕਰਨਾ ਅਗਲੇ ਸਾਲਾਂ ਵਿਚ ਲੰਬੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਜਿਹੜੇ ਵਿਅਕਤੀ ਸਵੈ-ਰੁਜ਼ਗਾਰ ਹਨ ਜਾਂ ਜਿਨ੍ਹਾਂ ਦੇ ਜੀਵਨ ਸਾਥੀ ਇਸ ਸ਼੍ਰੇਣੀ ਵਿਚ ਆਉਂਦੇ ਹਨ, ਉਨ੍ਹਾਂ ਲਈ ਟੈਕਸ ਰਿਟਰਨ ਦਾਇਰ ਕਰਨ ਦੀ ਆਖਰੀ ਤਾਰੀਖ 15 ਜੂਨ 2025 ਹੈ। ਹਾਲਾਂਕਿ, ਜੇ ਉਨ੍ਹਾਂ ਉਤੇ ਬਕਾਇਆ ਰਕਮ ਹੈ, ਤਾਂ ਉਸ ਦੀ ਭੁਗਤਾਨੀ ਵੀ 30 ਅਪ੍ਰੈਲ ਤੱਕ ਕਰਨੀ ਹੋਵੇਗੀ, ਨਹੀਂ ਤਾਂ ਵਿਆਜ ਲਾਗੂ ਹੋ ਜਾਵੇਗਾ।
ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਉਪਲਬਧ ਕਰਵਾਈ ਗਈ ਔਨਲਾਈਨ ਸੇਵਾ ਰਾਹੀਂ ਨਾਗਰਿਕ ਆਪਣੀ ਟੈਕਸ ਜਾਣਕਾਰੀ ਦੀ ਜਾਂਚ, ਰਿਟਰਨ ਭੇਜਣ, ਅਤੇ ਰਿਫੰਡ ਦੀ ਸਥਿਤੀ ਦੀ ਨਿਗਰਾਨੀ ਕਰ ਸਕਦੇ ਹਨ। CRA ਦੀ ਵੈੱਬਸਾਈਟ ‘canada.ca/taxes’ ‘ਤੇ ਵੀ ਟੈਕਸ ਸੰਬੰਧੀ ਗਾਈਡਾਂ, ਫਾਰਮਾਂ ਅਤੇ FAQ ਉਪਲਬਧ ਹਨ। ਜੋ ਵਿਅਕਤੀ ਹੋਰ ਸਿੱਧੀ ਮਦਦ ਚਾਹੁੰਦੇ ਹਨ, ਉਹ 1-800-959-8281 ‘ਤੇ CRA ਨਾਲ ਸੰਪਰਕ ਕਰ ਸਕਦੇ ਹਨ।
ਜੋ ਨਾਗਰਿਕ ਆਪਣੀ ਟੈਕਸ ਰਿਟਰਨ ਜਲਦੀ ਦਾਇਰ ਕਰਦੇ ਹਨ, ਉਨ੍ਹਾਂ ਲਈ ਰਿਫੰਡ ਦੀ ਪ੍ਰਕਿਰਿਆ ਵੀ ਤੇਜ਼ ਹੁੰਦੀ ਹੈ। CRA ਮੁਤਾਬਕ, ਔਨਲਾਈਨ ਰਿਟਰਨਾਂ ਲਈ ਰਿਫੰਡ ਆਮ ਤੌਰ ‘ਤੇ 2 ਤੋਂ 3 ਹਫਤਿਆਂ ਵਿਚ ਜਾਰੀ ਹੋ ਜਾਂਦਾ ਹੈ।