ਔਟਵਾ : ਬਰੈਂਪਟਨ ਦੇ ਬਰੈਮਲੀ ਰੋਡ ‘ਤੇ ਡਿਊਡਰਾਈਵ ਸਥਿਤ ਇੱਕ ਪਲਾਜ਼ੇ ਵਿੱਚ ਦਿਨ ਦਿਹਾੜੇ ਗੋਲੀਬਾਰੀ ‘ਚ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਹੋਣ ਦੀ ਖਬਰ ਸਾਹਮਣੇ ਆਈ ਹੈ।
ਇਹ ਹਾਦਸਾ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਿਆ, ਜਿਸ ਦੇ ਆਧਾਰ ‘ਤੇ ਪੀਲ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਸ਼ਿਨਾਖਤ ਅਧਿਕਾਰਿਕ ਤੌਰ ‘ਤੇ ਨਹੀਂ ਕੀਤੀ ਗਈ, ਪਰ ਜਾਣਕਾਰੀ ਮੁਤਾਬਕ, ਮ੍ਰਿਤਕ ਦਾ ਨਾਮ ਜਗਮੀਤ ਮੁੰਡੀ ਸੀ, ਜੋ ਕਿ ਉੱਤੇ ਉਨ੍ਹਾਂ ਪਲਾਜ਼ੇ ਵਿੱਚ ਹੁੱਕਾ ਕਾਰੋਬਾਰ ਕਰਦਾ ਸੀ ਅਤੇ ਨਾਲ ਹੀ ਟਰੱਕ ਕੰਪਨੀ ਚਲਾਉਂਦਾ ਸੀ।
ਪੀਲ ਪੁਲੀਸ ਦੇ ਅਫਸਰ ਮਨਦੀਪ ਖਟੜਾ ਨੇ ਦੱਸਿਆ ਕਿ ਬਾਅਦ ਦੁਪਹਿਰ 1 ਵਜੇ ਪੁਲੀਸ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਉਨ੍ਹਾਂ ਨੇ ਕਿਹਾ, “ਸਾਡੇ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ।”
ਉਨ੍ਹਾਂ ਦੱਸਿਆ ਕਿ ਇਹ ਕਤਲ ਕਿਸੇ ਵਿਅਕਤੀਗਤ ਰੰਜਿਸ਼ ਕਾਰਨ ਹੋਇਆ ਜਾਂ ਕਿਸੇ ਗੈਂਗਵਾਰ ਦਾ ਹਿੱਸਾ ਸੀ, ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ। ਪਰ ਇਕ ਭੀੜ-ਭਾੜ ਵਾਲੇ ਇਲਾਕੇ ‘ਚ ਹੋਈ ਇਹ ਘਟਨਾ ਪੁਲੀਸ ਲਈ ਵੱਡੀ ਚੁਣੌਤੀ ਬਣ ਗਈ ਹੈ।
ਪੁਲੀਸ ਨੇ ਇਲਾਕੇ ਵਿੱਚ ਮੌਜੂਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦਿਆਂ ਹਮਲਾਵਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਕਾਰ ‘ਚ ਆਏ ਅਤੇ ਹੱਤਿਆ ਕਰਨ ਤੋਂ ਬਾਅਦ ਮੌਕੇ ‘ਤੇ ਫਰਾਰ ਹੋ ਗਏ।
ਮਨਦੀਪ ਖਟੜਾ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ, ਇਸ ਲਈ ਜਾਂਚ ਸਬੰਧਤ ਵਿਸ਼ੇਸ਼ ਟੀਮ ਨੂੰ ਸੌਂਪੀ ਗਈ ਹੈ। ਪੁਲੀਸ ਨੇ ਇਲਾਕੇ ਦੇ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਪੁਲੀਸ ਨਾਲ ਸੰਪਰਕ ਕਰ ਸਕਦੇ ਹਨ।