ਖਿੜਕੀਆਂ ਬੂਹੇ ਖੋਲ੍ਹ ਨੀਂ ਜਿੰਦੇ, ਕੁਝ ਤਾਂ ਮੂੰਹੋਂ ਬੋਲ ਨੀਂ ਜਿੰਦੇ
ਬੇ-ਦਿਲਿਆਂ ਦਾ ਕਾਹਦਾ ਜੀਣਾ, ਜੀਣ ਲਈ ਪਰ ਤੋਲ ਨੀਂ ਜਿੰਦੇ।
ਅੱਜ, ਜਦੋਂ ਇਤਿਹਾਸ ਹੋ ਗਿਆ, ਤੇ ਇਸਦਾ ਅਹਿਸਾਸ ਹੋ ਗਿਆ
ਇਹ ਪਛਤਾਵਾ ਬਣਨ ਤੋਂ ਪਹਿਲਾਂ, ਆਪਣਾ ਆਪ ਫਰੋਲ ਨੀਂ ਜਿੰਦੇ।
ਵਗਦੀ ਹਵਾ ਕੁਲਹਿਣੀ ਹੋਵੇ, ਗੱਲ ਕੋਈ ਸੱਚੀ ਕਹਿਣੀ ਹੋਵੇ
ਪੱਥਰ ਵਰਗੇ ਜਿਗਰੇ ਅੰਦਰ, ਪੁੱਗਦੀ ਨਾ ਕੋਈ ਝੋਲ ਨੀਂ ਜਿੰਦੇ।
ਲੋਕ ਰਾਜ ‘ਚ ਤੇਰਾ ਵਾਸਾ ਹੋਵੇ, ਤੇਰਾ ਹੀ ਰੱਤ ਕਿਉਂ ਨਿੱਤ ਚੋਵੇ
ਸੋਚ-ਵਿਚਾਰ ਕਰਨ ਦਾ ਵੇਲਾ, ਪਾ ਕੇ ਗਲ਼ ਪਿੱਟ ਢੋਲ ਨੀਂ ਜਿੰਦੇ।
ਨ੍ਹੇਰਿਆਂ ਨੂੰ ਕਬਰੀਂ ਦਫਨਾ ਕੇ, ਚਾਨਣੀਆਂ ਦਾ ਸ਼ਹਿਰ ਵਸਾ ਕੇ
ਕਿਰਤ ਦਾ ਰੁਤਬਾ ਸਭ ਤੋਂ ਉੱਚਾ, ਹਰ ਥਾਵੇਂ ਸੱਚ ਬਲ ਨੀਂ ਜਿੰਦੇ।
ਲਫ਼ਜ਼ਾਂ ਨਾਲ ਮੁਹੱਬਤਾਂ ਪਾ ਕੇ, ਚਿੰਤਨ ਦਾ ਕੋਈ ਵੇਗ ਹੰਢਾ ਕੇ
ਆਪਣਿਆਂ ਦੇ ਗਲ਼ ਲੀਰਾਂ ਦੇਖੇਂ, ਕਰ ਕੋਈ ਅੱਥਰਾ ਘੋਲ਼ ਨੀਂ ਜਿੰਦੇ।
ਉਹ ਤੈਨੂੰ ਸਾਊ ਢੱਗਾ ਈ ਕਹਿੰਦੇ, ਆਪ ਸਦਾ ਸੁਖ ਵਿਚ ਹੀ ਰਹਿੰਦੇ
ਸੀਸ ਤਲੀ ਧਰ ਤੇ ਕੁੱਦ ਮੈਦਾਨੇ, ਸਹਿ ਸਾਰੇ ਬੋਲ-ਕੁਬੋਲ ਨੀਂ ਜਿੰਦੇ।
ਤਖ਼ਤ-ਤਾਜ ਮਨ ਆਈਆਂ ਕਰਦੇ, ਕਿਰਤੀ ਦੇ ਘਰ ਸੁਪਨੇ ਮਰਦੇ
ਮਸਲੇ ਪਰਬਤੋਂ ਭਾਰੇ ਹੋ ਗਏ, ਕੋਈ ਤਾਂ ਹੱਲ ਟੋਲ਼ ਨੀਂ ਜਿੰਦੇ।
ਇਨਸਾਨਾਂ ਵਾਲੀ ਬਸਤੀ ਅੰਦਰ, ਹਰ ਪਾਸੇ ਕਿਉਂ ਲਿਸ਼ਕਣ ਖੰਜਰ
ਇਸ ਖ਼ਤਰੇ ਨੂੰ ਡੱਕਣ ਦੇ ਲਈ, ਬੈਠ ਤੂੰ ਆਪਣੇ ਕੋਲ਼ ਨੀਂ ਜਿੰਦੇ।
ਹਾਕਮ ਦੀ ਹੈ ਸੋਚ ਕੁਲਹਿਣੀ, ਸਮਿਆਂ ਕਰਵਟ ਬਦਲ ਹੀ ਲੈਣੀ
ਭਗਤ, ਸਰਾਭੇ ਲੜਦੇ ਰਹਿੰਦੇ, ਦੇਖ ਇਤਿਹਾਸ ਫਰੋਲ ਨੀਂ ਜਿੰਦੇ।
ਵਕਤ ਨੇ ਉਨ੍ਹਾਂ ਨੂੰ ਚੇਤੇ ਰੱਖਿਆ, ਜਿਨ੍ਹਾਂ ਨੇ ਹੜ੍ਹ ਜਬਰ ਦਾ ਡੱਕਿਆ
ਸੰਘਰਸ਼ਾਂ ਵਾਲੇ ‘ਕੱਠ ‘ਚ ਬਹਿ ਕੇ, ਜਾਬਰ ਨੂੰ ਤੂੰ ਦੇਵੇਂ ਰੋਲ਼ ਨੀਂ ਜਿੰਦੇ।
ਖਿੜਕੀਆਂ ਬੂਹੇ ਖੋਲ੍ਹ ਨੀਂ ਜਿੰਦੇ, ਕੁਝ ਤਾਂ ਮੂੰਹੋਂ ਬੋਲ ਨੀਂ ਜਿੰਦੇ।
ਲਿਖਤ : ਕੇਹਰ ਸ਼ਰੀਫ਼, ਸੰਪਰਕ: +491733546050