ਸਰੀ, (ਏਕਜੋਤ ਸਿੰਘ): ਕੈਨੇਡਾ ‘ਚ 1 ਅਪ੍ਰੈਲ ਤੋਂ ਕੰਜ਼ਿਊਮਰ ਕਾਰਬਨ ਟੈਕਸ ਸਮਾਪਤ ਹੋ ਗਿਆ ਹੈ। ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਇਹ ਐਲਾਨ ਕੀਤਾ ਕਿ 1 ਅਪ੍ਰੈਲ 2025 ਤੋਂ ਇਹ ਟੈਕਸ ਹਟਾ ਦਿੱਤਾ ਗਿਆ ਹੈ।
ਇਹ ਟੈਕਸ 2019 ਵਿੱਚ ਜਸਟਿਨ ਟ੍ਰੂਡੋ ਦੀ ਸਰਕਾਰ ਵਲੋਂ ਲਾਗੂ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਲੋਕਾਂ ਨੂੰ ਪਰੰਪਰਾਗਤ ਬਾਲਣਾਂ ਦੀ ਬਜਾਏ ਗ੍ਰੀਨ ਐਨਰਜੀ ਵਲ ਮੋੜਨਾ ਸੀ। ਟੈਕਸ ਦੀ ਦਰ ਪੈਟਰੋਲ ਲਈ 17.6 ਸੈਂਟ ਪ੍ਰਤੀ ਲੀਟਰ ਅਤੇ ਕੁਦਰਤੀ ਗੈਸ ਲਈ 15.25 ਸੈਂਟ ਪ੍ਰਤੀ ਘਣ ਮੀਟਰ ਸੀ। ਇਹ ਕਰਵਾਈ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌਰਾਨ ਮਾਰਕ ਕਾਰਨੀ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਕੀਤੀ ਗਈ ਹੈ। ਇਸ ਟੈਕਸ ਦੇ ਖਤਮ ਹੋਣ ਨਾਲ ਪੈਟਰੋਲ, ਕੁਦਰਤੀ ਗੈਸ, ਡੀਜ਼ਲ ਅਤੇ ਹੋਰ ਫਿਊਲ ਉਤਪਾਦਾਂ ਦੀ ਕੀਮਤਾਂ ‘ਚ ਤੁਰੰਤ ਗਿਰਾਵਟ ਦੀ ਉਮੀਦ ਕੀਤੀ ਜਾ ਰਹੀ ਹੈ। ਐਲਬਰਟਾ ਯੂਨੀਵਰਸਿਟੀ ਦੇ ਊਰਜਾ ਅਤੇ ਵਾਤਾਵਰਣ ਅਰਥਸ਼ਾਸਤਰੀ ਐਂਡਰੂ ਲੀਚ ਨੇ ਕਿਹਾ ਕਿ ਗੈਸ ਪੰਪ ‘ਤੇ ਸਭ ਤੋਂ ਵੱਧ ਅਸਰ ਪੈ ਸਕਦਾ ਹੈ। ਉਦਾਹਰਣ ਵਜੋਂ, ਜੇਕਰ ਕਿਸੇ ਦੀ ਕਾਰ ਵਿੱਚ 50 ਲੀਟਰ ਗੈਸ ਭਰਾਈ ਜਾਂਦੀ ਹੈ, ਤਾਂ ਉਹ ਲਗਭਗ 8.80 ਡਾਲਰ ਦੀ ਬਚਤ ਕਰ ਸਕੇਗਾ। ਕੁਦਰਤੀ ਗੈਸ ਅਤੇ ਹੋਰ ਹੀਟਿੰਗ ਲਾਗਤਾਂ ‘ਚ ਵੀ ਗਿਰਾਵਟ ਆਵੇਗੀ, ਪਰ ਇਹ ਪ੍ਰਭਾਵ ਅਗਲੇ ਬਿਲਿੰਗ ਚੱਕਰ ‘ਚ ਜ਼ਿਆਦਾ ਨਜ਼ਰ ਆਵੇਗਾ।
ਕਿਊਬੈਕ ‘ਚ ਪਹਿਲਾਂ ਹੀ ਸੂਬਾਈ ਕਾਰਬਨ ਟੈਕਸ ਲਾਗੂ ਸੀ, ਜਿਸ ਕਰਕੇ ਉੱਥੇ ਇਹ ਫ਼ੈਡਰਲ ਟੈਕਸ ਕਦੇ ਵੀ ਲਾਗੂ ਨਹੀਂ ਸੀ। ਬ੍ਰਿਟਿਸ਼ ਕੋਲੰਬੀਆ ਨੇ ਵੀ ਆਪਣਾ ਕੰਜ਼ਿਊਮਰ ਕਾਰਬਨ ਟੈਕਸ ਅੱਜ ਤੋਂ ਖਤਮ ਕਰ ਦਿੱਤਾ ਹੈ। ਸਸਕੈਚਵਨ ‘ਚ 1 ਜਨਵਰੀ 2024 ਤੋਂ ਹੀ ਕੁਦਰਤੀ ਗੈਸ ‘ਤੇ ਟੈਕਸ ਹਟਾ ਦਿੱਤਾ ਗਿਆ ਸੀ, ਜਿਸ ਕਰਕੇ ਉੱਥੇ ਇਸਦੇ ਪ੍ਰਭਾਵ ਘੱਟ ਹੋਣਗੇ। ਹਾਲਾਂਕਿ, ਟੈਕਸ ਹਟਾਉਣ ਨਾਲ ਇੰਧਨ ਦੀਆਂ ਕੀਮਤਾਂ ਤਾਂ ਘੱਟ ਹੋਣਗੀਆਂ, ਪਰ ਕਾਰਬਨ ਰਿਬੇਟ ਵੀ ਖਤਮ ਹੋ ਜਾਵੇਗਾ। ਇਹ ਰਿਬੇਟ ਉਨ੍ਹਾਂ ਨਿਵਾਸੀਆਂ ਨੂੰ ਦਿੱਤਾ ਜਾਂਦਾ ਸੀ, ਜੋ ਇਸ ਟੈਕਸ ਦਾ ਪ੍ਰਭਾਵ ਸਭ ਤੋਂ ਵੱਧ ਮਹਿਸੂਸ ਕਰਦੇ ਸਨ। ਯੋਗ ਕੈਨੇਡੀਅਨ, ਜੋ ਘੱਟੋ-ਘੱਟ 19 ਸਾਲ ਦੇ ਹਨ, ਜਿਨ੍ਹਾਂ ਦੇ ਕਾਰਬਨ ਫੁਟਪ੍ਰਿੰਟ ਘੱਟ ਹਨ, ਉਨ੍ਹਾਂ ਨੂੰ ਇਹ ਰਿਬੇਟ ਵੱਧ ਮਿਲਦੀ ਸੀ। ਮੈਕਗਿਲ ਯੂਨੀਵਰਸਿਟੀ ਦੇ ਮੈਕਸ ਬੈੱਲ ਸਕੂਲ ਆਫ਼ ਪਬਲਿਕ ਪਾਲਿਸੀ ਦੇ ਕ੍ਰਿਸਟੋਫਰ ਰੈਗਨ ਨੇ ਕਿਹਾ ਕਿ 80% ਕੈਨੇਡੀਅਨਜ਼ ਲਈ ਰਿਬੇਟ, ਉਨ੍ਹਾਂ ਦੀ ਦਿੱਤੀ ਗਈ ਕਾਰਬਨ ਟੈਕਸ ਰਕਮ ਤੋਂ ਵੱਧ ਸੀ। ਹੁਣ ਜਦ ਇਹ ਰਿਬੇਟ ਹਟਾ ਦਿੱਤੀ ਗਈ, ਤਾਂ ਘੱਟ ਆਮਦਨ ਵਾਲੇ ਪਰਿਵਾਰ ਵਾਧੂ ਖਰਚ ਦਾ ਸਾਹਮਣਾ ਕਰ ਸਕਦੇ ਹਨ। ਅਜਿਹਾ ਨਹੀਂ ਕਿ ਸਰਕਾਰ ਨੇ ਸਾਰੇ ਕਾਰਬਨ ਟੈਕਸ ਖਤਮ ਕਰ ਦਿੱਤੇ ਹਨ। ਉਚੇ ਤਰੀਕੇ ਨਾਲ ਪ੍ਰਦੂਸ਼ਣ ਕਰਨ ਵਾਲੀਆਂ ਉਦਯੋਗਿਕ ਕੰਪਨੀਆਂ ਹਾਲੇ ਵੀ ਕਾਰਬਨ ਟੈਕਸ ਦੇ ਅਧੀਨ ਆਉਣਗੀਆਂ। ਮਾਰਕ ਕਾਰਨੀ ਨੇ ਆਪਣੇ ਐਲਾਨ ‘ਚ ਇਸ ਗੱਲ ‘ਤੇ ਜੋਰ ਦਿੱਤਾ ਕਿ ਵੱਡੇ ਉਦਯੋਗਿਕ ਪ੍ਰਦੂਸ਼ਕਾਂ ‘ਤੇ ਕੰਟਰੋਲ ਰੱਖਣ ਲਈ ਉਦਯੋਗਿਕ ਕਾਰਬਨ ਟੈਕਸ ਜਾਰੀ ਰਹੇਗਾ।
ਮਾਹਿਰਾਂ ਵਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਗੈਸ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਘਟਣਗੀਆਂ। ਘਰਾਂ ਦੀ ਹੀਟਿੰਗ ਲਾਗਤਾਂ ਵਿੱਚ ਕਟੌਤੀ ਹੋ ਸਕਦੀ ਹੈ। ਕਿਸੇ ਵੀ ਨਵੇਂ ਟੈਕਸ ਦੀ ਭਜਾਈ ਨਾ ਹੋਣ ਨਾਲ ਉਪਭੋਗਤਾਵਾਂ ਲਈ ਬੱਚਤ। ਦੂਜੇ ਪਾਸੇ ਘੱਟ ਆਮਦਨ ਵਾਲਿਆਂ ਲਈ ਕਾਰਬਨ ਰਿਬੇਟ ਖ਼ਤਮ ਹੋਣ ਕਾਰਨ ਵਾਧੂ ਵਿੱਤੀ ਦਬਾਅ ਵਧੇਗਾ । ਕੁਝ ਮਾਹਰਾਂ ਮੁਤਾਬਕ, ਲੰਮੇ ਸਮੇਂ ‘ਚ ਵਾਤਾਵਰਣ ‘ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਵਧਣ ਨਾਲ ਟ੍ਰੈਫਿਕ ਤੇ ਪ੍ਰਦੂਸ਼ਣ ਵਧਣ ਦੀ ਸੰਭਾਵਨਾ। ਮਾਰਕ ਕਾਰਨੀ ਵਲੋਂ ਇਹ ਫੈਸਲਾ ਕੈਨੇਡਾ ਦੀ ਆਮ ਜਨਤਾ ਲਈ ਇਕ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ। ਪਰ ਇਸਦੇ ਲੰਮੇ ਸਮੇਂ ਦੇ ਪ੍ਰਭਾਵਾਂ ‘ਤੇ ਵੀ ਚਰਚਾ ਹੋ ਰਹੀ ਹੈ। ਕੈਨੇਡਾ ਵਿੱਚ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਟੈਕਸ ਦੇ ਸਮਾਪਤ ਹੋਣ ਨਾਲ ਆਮ ਨਾਗਰਿਕਾਂ, ਉੱਦਮੀਆਂ ਅਤੇ ਵਾਤਾਵਰਣ ‘ਤੇ ਕੀ ਪ੍ਰਭਾਵ ਪੈਂਦੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.
ਕੈਨੇਡਾ ‘ਚ ਅਪ੍ਰੈਲ ਤੋਂ ਕੰਜ਼ਿਊਮਰ ਕਾਰਬਨ ਟੈਕਸ ਹੋਇਆ ਖ਼ਤਮ
