ਸਰੀ, (ਏਕਜੋਤ ਸਿੰਘ): ਲੋਬਲੌਜ਼ ਵੱਲੋਂ ਸੁਪਰਸਟੋਰ ਅਤੇ ਸ਼ਾਪਰਜ਼ ਡਰੱਗ ਮਾਰਟ ਸਟੋਰਾਂ ਵਿੱਚ ਬਾਡੀ ਕੈਮਰਾ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤੀ ਸਫਲਤਾ ਦੇ ਮੱਦੇਨਜ਼ਰ ਹੁਣ ਇਸ ਨੂੰ ਕੈਨੇਡਾ ਭਰ ਵਿੱਚ ਹੋਰ ਸਟੋਰਾਂ ਤੱਕ ਵਧਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ, ਭਾਗ ਲੈ ਰਹੀਆਂ ਰਿਟੇਲ ਥਾਵਾਂ ‘ਤੇ ਕਰਮਚਾਰੀਆਂ ਨੂੰ ਬਾਡੀ ਕੈਮਰਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ। ਲੋਬਲੌਜ਼, ਜੋ ਰੀਅਲ ਕੈਨੇਡੀਅਨ ਸੁਪਰਸਟੋਰ, ਟੀ ਐਂਡ ਟੀ ਸੁਪਰਮਾਰਕੀਟ, ਨੋ ਫ੍ਰਿਲਸ, ਸ਼ਾਪਰਜ਼ ਡਰੱਗ ਮਾਰਟ ਤੇ ਹੋਰ ਕਈ ਸਟੋਰ ਚਲਾਉਂਦੀ ਹੈ, ਨੇ ਕਿਹਾ ਕਿ ਇਹ ਉਪਰਾਲਾ ਕਰਮਚਾਰੀਆਂ ਅਤੇ ਗਾਹਕਾਂ ਲਈ ਇੱਕ ਸੁਰੱਖਿਅਤ ਖਰੀਦਦਾਰੀ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਹੈ।
ਲੋਬਲੌਜ਼ ਨੇ ਸਾਫ਼ ਕੀਤਾ ਕਿ ਕੈਮਰੇ ਸਿਰਫ਼ ਉਸ ਵੇਲੇ ਚਾਲੂ ਕੀਤੇ ਜਾਣਗੇ, ਜਦੋਂ ਕਿਸੇ ਗੰਭੀਰ ਹਾਲਾਤ ਵਿੱਚ ਕਰਮਚਾਰੀ ਦੀ ਸੁਰੱਖਿਆ ਜਾਂ ਹੋਰ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ।
ਲੋਬਲੌਜ਼ ਨੇ ਦੱਸਿਆ ਕਿ ”ਸਿਰਫ਼ ਉਹੀ ਕਰਮਚਾਰੀ ਕੈਮਰੇ ਪਹਿਨਣਗੇ, ਜਿਨ੍ਹਾਂ ਨੂੰ ਵਿਸ਼ੇਸ਼ ਤਰੀਕੇ ਨਾਲ ਸਿਖਲਾਈ ਦਿੱਤੀ ਗਈ ਹੋਵੇ, ਜਿਵੇਂ ਕਿ ਐਸੈਟ ਪਰੋਟੈਕਸ਼ਨ ਪ੍ਰਤਿਨਿਧੀ, ਤੀਜੀ ਪੱਖੀ ਸੁਰੱਖਿਆ ਟੀਮ, ਸਟੋਰ ਮੈਨੇਜਮੈਂਟ, ਅਤੇ ਹੋਰ ਸਟਾਫ਼ (ਜਿੱਥੇ ਲਾਗੂ ਹੋਵੇ)।”
ਇਹ ਪ੍ਰੋਗਰਾਮ 2024 ਵਿੱਚ ਸਸਕੈਚਵਾਨ ਅਤੇ ਅਲਬਰਟਾ ਵਿੱਚ ਸ਼ੁਰੂ ਹੋਇਆ ਸੀ। ਬਾਅਦ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੁਝ ਸਟੋਰਾਂ, ਜਿਵੇਂ ਕਿ ਐਬਬਟਸਫੋਰਡ ਦੇ ਸੁਪਰਸਟੋਰ ਅਤੇ ਸ਼ਾਪਰਜ਼ ਡਰੱਗ ਮਾਰਟ ਤੱਕ ਇਸਨੂੰ ਵਧਾਇਆ ਗਿਆ ਸੀ।
ਹੁਣ, ਇਹ ਪ੍ਰੋਗਰਾਮ ਬੀ.ਸੀ. ਵਿੱਚ 11 ਹੋਰ ਥਾਵਾਂ, ਉੱਤਰੀ ਓਨਟਾਰਿਓ ਅਤੇ ਮੈਨਿਟੋਬਾ ਤੱਕ ਵੀ ਫੈਲਾਇਆ ਜਾ ਰਿਹਾ ਹੈ। ਲੋਬਲੌਜ਼ ਮੁਤਾਬਕ, ਪਹਿਲੇ ਨਤੀਜੇ ਦਰਸਾਉਂਦੇ ਹਨ ਕਿ ਬਾਡੀ ਕੈਮਰੇ ਹਿੰਸਕ ਘਟਨਾਵਾਂ ਨੂੰ ਘਟਾਉਣ ਵਿੱਚ ਮਦਦਗਾਰ ਹੋਏ। ਪਰ ਇਸਦੀ ਪੂਰੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਹੋਰ ਸਟੋਰਾਂ ‘ਤੇ ਲੰਬੇ ਸਮੇਂ ਤੱਕ ਪਾਇਲਟ ਟੈਸਟਿੰਗ ਲੋੜੀਂਦੀ ਹੈ।
ਬਾਡੀ ਕੈਮਰਾ ਪ੍ਰੋਗਰਾਮ ਕੈਨੇਡਾ ਵਿੱਚ ਵਧ ਰਹੀ ਹਿੰਸਕ ਅਪਰਾਧਕ ਗਤੀਵਿਧੀ ਦਾ ਜਵਾਬ ਦੇਣ ਲਈ ਲਿਆਂਦਾ ਗਿਆ ਹੈ। ਕੈਨੇਡੀਅਨ ਫੈਡਰੇਸ਼ਨ ਆਫ਼ ਇਨਡਿਪੈਂਡੈਂਟ ਬਿਜ਼ਨਸ ਦੇ ਅੰਕੜਿਆਂ ਮੁਤਾਬਕ, 2024 ਵਿੱਚ ਬੀ.ਸੀ. ਦੀ 57% ਛੋਟੇ-ਛੋਟੇ ਬਿਜ਼ਨਸ ਪ੍ਰਭਾਵਿਤ ਹੋਣ ਦੀ ਰਿਪੋਰਟ ਦਿੱਤੀ। ਇਹ ਕੈਨੇਡਾ ਵਿੱਚ ਦੂਸਰੇ ਨੰਬਰ ‘ਤੇ ਸਭ ਤੋਂ ਉੱਚੀ ਦਰ ਸੀ। ਕੈਨੇਡਾ ਭਰ ਵਿੱਚ, ਚੌਥਾਈ ਤੋਂ ਵੱਧ ਛੋਟੇ ਬਿਜ਼ਨਸਾਂ ਨੇ ਕਿਹਾ ਕਿ ਸਥਾਨਕ ਅਪਰਾਧਕ ਗਤੀਵਿਧੀ ਕਰਕੇ ਉਨ੍ਹਾਂ ਦੇ ਕਰਮਚਾਰੀ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਾ ਹੈ। 42% ਹੋਰ ਇਸ ਬਾਰੇ ”ਕੁਝ ਹੱਦ ਤੱਕ ਚਿੰਤਤ” ਹਨ। ਲੋਬਲੌਜ਼ ਨੇ ਹੁਣ ਤੱਕ ਇਹ ਨਹੀਂ ਦੱਸਿਆ ਕਿ ਹੋਰ ਕਿਹੜੇ-ਕਿਹੜੇ ਸਟੋਰ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਪਰ ਇਸਦੇ ਫੈਲਾਅ ਦੀ ਯੋਜਨਾ ਜ਼ੋਰਾਂ ‘ਤੇ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਪ੍ਰੋਗਰਾਮ ਲੰਬੇ ਸਮੇਂ ਤੱਕ ਸਫ਼ਲ ਰਹਿੰਦਾ ਹੈ, ਤਾਂ ਇਸਨੂੰ ਹੋਰ ਵੀ ਵਿਸ਼ਾਲ ਪੱਧਰ ‘ਤੇ ਲਾਗੂ ਕੀਤਾ ਜਾ ਸਕਦਾ ਹੈ। This report was written by Ekjot Singh as part of the Local Journalism Initiative.