Thursday, April 3, 2025
10 C
Vancouver

ਸੱਚਾ ਪੈਰੋਕਾਰ

 

ਲੇਖਕ : ਲਖਵਿੰਦਰ ਸਿੰਘ ਬਾਜਵਾ
ਸੰਪਰਕ: 94177-34506
ਸੰਨ 1947 ‘ਚ ਪੰਦਰਾਂ ਅਗਸਤ ਦਾ ਦਿਨ ਦੇਸ਼ ਵਾਸਤੇ ਭਾਵੇਂ ਆਜ਼ਾਦੀ ਲੈ ਕੇ ਆਇਆ, ਪਰ ਪੂਰਬੀ ਪੰਜਾਬ ਦੇ ਮੁਸਲਮਾਨਾਂ ਅਤੇ ਪੱਛਮੀ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਲਈ ਸਭ ਤੋਂ ਕੁਲਹਿਣਾ ਸੀ। ਹਰ ਪਾਸੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਕਿਸੇ ਥਾਂ ‘ਤੇ ਮੁਸਲਮਾਨਾਂ ਦਾ ਕਾਫ਼ਲਾ ਵੱਢਿਆ ਗਿਆ, ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਸਿੱਖ ਵੱਢੇ ਜਾ ਰਹੇ ਸਨ। ਇਹ ਅਫ਼ਵਾਹਾਂ ਨਿਰਮੂਲ ਨਹੀਂ ਸਨ। ਸੱਚ ਦੀ ਹੱਦ ਤੋਂ ਵੀ ਕੁਝ ਵੱਧ ਸਨ। ਦੋਵੇਂ ਪਾਸਿਆਂ ਦੇ ਲੋਕ ਹੱਦੋਂ ਪਾਰ ਦੀਆਂ ਖ਼ਬਰਾਂ ਸੁਣ ਕੇ ਏਧਰੋਂ ਓਧਰ ਤੇ ਓਧਰੋਂ ਏਧਰ ਆਉਣ ਵਾਲੇ ਸ਼ਰਨਾਰਥੀਆਂ ‘ਤੇ ਕਹਿਰ ਢਾਹ ਰਹੇ ਸਨ। ਅੰਗਰੇਜ਼ ਜਾਂਦੇ ਜਾਂਦੇ ਦੇਸ਼ ਦੇ ਦੋ ਟੁਕੜੇ ਕਰ ਕੇ ਸਾਨੂੰ ਆਪੋ ਵਿੱਚ ਟਕਰਾ ਕੇ ਆਪ ਵਿੱਚੋਂ ਅਛੂਤੇ ਨਿਕਲ ਗਏ ਸਨ।
ਕਹਿੰਦੇ ਨੇ ਭੂਤ ਜਾਂਦਾ-ਜਾਂਦਾ ਵੀ ਬਨੇਰਾ ਭੰਨ ਜਾਂਦਾ ਹੈ। ਇਹ ਕਹਾਵਤ ਸੱਚ ਹੋ ਗਈ ਜਾਪਦੀ ਸੀ। ਪਿੰਡ ਭਦੌੜ ਦੇ ਮੁਸਲਮਾਨ ਪਿੰਡੋਂ ਜਾ ਚੁੱਕੇ ਸਨ ਜਾਂ ਮਾਰੇ ਗਏ ਸਨ। ਕੁਝ ਡਰਦੇ ਕਮਾਦਾਂ ਵਿੱਚ ਜਾ ਲੁਕੇ ਸਨ। ਰਹਿਮਤ ਵੀ ਉਨ੍ਹਾਂ ਵਿੱਚੋਂ ਇੱਕ ਸੀ। ਉਸ ਦੀਆਂ ਅੱਖਾਂ ਸਾਹਮਣੇ ਉਸ ਦੀਆਂ ਦੋ ਭੈਣਾਂ ਤੇ ਬੀਵੀ ਨੂੰ ਉਸ ਦੇ ਪਿੰਡ ਦੇ ਲੋਕ ਖੋਹ ਕੇ ਲੈ ਗਏ ਸਨ। ਜਿਹੜੇ ਕੱਲ੍ਹ ਤੱਕ ਇੱਕ ਦੂਜੇ ‘ਤੇ ਜਾਨ ਛਿੜਕਦੇ ਸਨ, ਅੱਜ ਖ਼ੂਨ ਦੇ ਤਿਰਹਾਏ ਹੋ ਗਏ ਸਨ।
ਚਾਰੇ ਪਾਸੇ ਖੂਨ ਖ਼ਰਾਬਾ ਹੋ ਰਿਹਾ ਸੀ। ਅੱਥਰੇ ਨੌਜਵਾਨ ਦੂਜੇ ਧਰਮਾਂ ਦੇ ਬੱਚਿਆਂ ਤੱਕ ਨੂੰ ਕੋਹ ਕੋਹ ਕੇ ਮਾਰ ਰਹੇ ਸਨ। ਕੁਝ ਸਿਆਣੇ ਬੰਦੇ ਵਰਜਣ ਵਾਲੇ ਵੀ ਸਨ, ਪਰ ਉਨ੍ਹਾਂ ਦੀ ਕੌਣ ਸੁਣਦਾ ਸੀ?
ਅਜਿਹੀ ਭਿਆਨਕ ਹਨੇਰੀ ਵਿੱਚ ਵੀ ਰਹਿਮਤ ਬਚ ਕੇ ਆਪਣੇ ਘਰ ਆ ਗਿਆ ਸੀ ਤਾਂ ਇਹ ਅਣਹੋਣੀ ਗੱਲ ਜਾਪਦੀ ਸੀ। ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਜ਼ਿੰਦਾ ਹੈ। ਭਾਵੇਂ ਹੁਣ ਜਨੂੰਨ ਕੁਝ ਮੱਠਾ ਹੁੰਦਾ ਜਾ ਰਿਹਾ ਸੀ ਤੇ ਪਿੰਡ ਦੇ ਕੁਝ ਸਿਆਣੇ ਲੋਕ ਉਸ ਦੀ ਬੀਵੀ ਅਤੇ ਭੈਣਾਂ ਨੂੰ ਵੀ ਵਾਪਸ ਉਸ ਦੇ ਘਰ ਪਹੁੰਚਾ ਗਏ ਸਨ ਅਤੇ ਉਸ ਨੂੰ ਹਿਫ਼ਾਜ਼ਤ ਦੀ ਤਸੱਲੀ ਵੀ ਦੇ ਗਏ ਸਨ, ਪਰ ਦਹਿਸ਼ਤ ਤਾਂ ਅਜੇ ਵੀ ਬਰਕਰਾਰ ਸੀ। ਉਸ ਨੂੰ ਬਚਾਉਣ ਵਾਲੀ ਇਹ ਤਲਵਾਰ ਸੀ ਜਾਂ ਤਲਵਾਰ ਦੇਣ ਵਾਲਾ। ਉਹ ਸਾਹਮਣੇ ਪਈ ਤਲਵਾਰ ਨੂੰ ਇੱਕ ਟੱਕ ਦੇਖੀ ਜਾ ਰਿਹਾ ਸੀ ਕਿਉਂਕਿ ਹੁਣ ਉਸ ਦਾ ਆਪਣੇ ਵਤਨ ਵਿੱਚ ਹੀ ਰਹਿ ਜਾਣਾ ਨਿਸ਼ਚਿਤ ਹੋ ਗਿਆ ਸੀ। ਭਾਵੇਂ ਉਸ ਦੇ ਬਹੁਤ ਸਾਰੇ ਕਰੀਬੀ ਰਿਸ਼ਤੇਦਾਰਾਂ ਦਾ ਕੁਝ ਪਤਾ ਨਹੀਂ ਸੀ ਕਿ ਉਹ ਸਾਰੇ ਮਾਰੇ ਗਏ ਸਨ ਜਾਂ ਪਾਕਿਸਤਾਨ ਚਲੇ ਗਏ ਸਨ।
ਦੋ ਦਿਨ ਭੁੱਖਾ ਪਿਆਸਾ ਰਹਿਣ ਮਗਰੋਂ ਰਹਿਮਤ ਕੱਲ੍ਹ ਸਵੇਰੇ ਇੱਕ ਕਮਾਦ ਦੇ ਖੇਤ ਵਿੱਚੋਂ ਬਾਹਰ ਨਿਕਲਿਆ ਸੀ। ਮੌਤ ਨੂੰ ਆਪਣੇ ਕਰੀਬ ਸਮਝ ਕੇ ਉਸ ਨੇ ਸੋਚਿਆ ਸੀ ਕਿ ਹੁਣ ਜਿਊਂ ਕੇ ਕਰਨਾ ਵੀ ਕੀ ਹੈ। ਉਸ ਨੇ ਆਪਣੇ ਅੱਖੀਂ ਬਹੁਤ ਸਾਰੇ ਮੁਸਲਮਾਨਾਂ ਨੂੰ ਵੱਢੀਂਦੇ ਵੇਖਿਆ ਸੀ, ਆਪਣੇ ਹਮਸਾਇਆਂ ਦੇ ਹੀ ਹੱਥੋਂ। ਇਸ ਲਈ ਉਸ ਨੂੰ ਜੀਵਨ ਦੀ ਆਸ ਨਾ ਦੇ ਬਰਾਬਰ ਹੀ ਸੀ। ਉਹ ਸੋਚਦਾ ਸੀ, ਮੈਂ ਹੁਣ ਆਪਣੇ ਪਰਿਵਾਰ ਦੇ ਕਿਸੇ ਜੀਅ ਨੂੰ ਨਹੀਂ ਮਿਲ ਸਕਾਂਗਾ। ਜੋ ਹੋਵੇਗੀ ਵੇਖੀ ਜਾਏਗੀ, ਉਹ ਇਹ ਸੋਚ ਕੇ ਕਮਾਦ ‘ਚੋਂ ਨਿਕਲਿਆ ਅਤੇ ਸੂਏ ਦੀ ਪਟੜੀ ‘ਤੇ ਆ ਗਿਆ। ਚਾਰ ਚੁਫ਼ੇਰੇ ਨਜ਼ਰ ਦੌੜਾਈ ਤਾਂ ਕੋਈ ਵੀ ਬੰਦਾ ਨਜ਼ਰ ਨਾ ਆਇਆ। ਸ਼ਾਇਦ ਸਵੇਰ ਦਾ ਵੇਲਾ ਤੇ ਕੁਝ ਹਾਲਾਤ ਖ਼ਰਾਬ ਹੋਣ ਕਰਕੇ ਲੋਕ ਘਰਾਂ ਵਿੱਚੋਂ ਨਹੀਂ ਸਨ ਨਿਕਲੇ। ਫਿਰ ਉਹ ਜਿਵੇਂ ਮੌਤ ਨੂੰ ਗਲਵੱਕੜੀ ਪਾਉਣ ਲਈ ਅਗਲਵਾਂਢੀ ਪਿੰਡ ਨੂੰ ਹੋ ਤੁਰਿਆ। ਉਸੇ ਪਿੰਡ ਵੱਲ ਜੋ ਕਦੇ ਉਸ ਦਾ ਆਪਣਾ ਸੀ ਤੇ ਇੱਕ ਭਿਆਨਕ ਹਨੇਰੀ ਨੇ ਸਭ ਕੁਝ ਬਦਲ ਦਿੱਤਾ ਸੀ। ਉਹ ਸੋਚਦਾ ਸੀ ਕਿ ਪਿੰਡ ਵੜਦਿਆਂ ਹੀ ਉਸ ਨੂੰ ਵੱਢ ਦਿੱਤਾ ਜਾਵੇਗਾ। ਉਸ ਦੇ ਦਿਮਾਗ਼ ਵਿੱਚ ਇੱਕ ਅਜੀਬ ਹਲਚਲ ਹੋ ਰਹੀ ਸੀ।
ਅਜੇ ਉਹ ਚਾਰ ਪੰਜ ਕਿੱਲੇ ਹੀ ਗਿਆ ਹੋਵੇਗਾ ਕਿ ਉਸ ਨੂੰ ਦੂਰੋਂ ਇੱਕ ਬੰਦਾ ਆਉਂਦਾ ਨਜ਼ਰ ਆਇਆ। ਉਸ ਨੂੰ ਇਹ ਬੰਦਾ ਨਹੀਂ, ਆਪਣੀ ਮੌਤ ਆਉਂਦੀ ਦਿਸ ਰਹੀ ਸੀ। ਫਿਰ ਵੀ ਉਹ ਉਧਰ ਤੁਰਿਆ ਜਾ ਰਿਹਾ ਸੀ। ਮੌਤ ਜਿਸ ਤਰ੍ਹਾਂ ਉਸ ਨੂੰ ਬੁਲਾ ਰਹੀ ਹੋਵੇ। ਉਹ ਅੱਧਾ ਤਾਂ ਪਹਿਲਾਂ ਹੀ ਮਰ ਚੁੱਕਾ ਸੀ, ਬੱਸ ਅੱਧਾ ਮਰਨਾ ਬਾਕੀ ਸੀ ਜੋ ਬਹੁਤ ਸੌਖਾ ਸੀ। ਕੋਈ ਵੀ ਲੰਘਦਾ ਰਾਹਗੀਰ ਉਸ ਨੂੰ ”ਉਏ ૴ ਤੂੰ ਅਜੇ ਜਿਉਂਦੈਂ ਉਏ!” ਕਹਿ ਕੇ ਆਪਣੀ ਤਲਵਾਰ ਦੀ ਭੇਟ ਚੜ੍ਹਾ ਸਕਦਾ ਸੀ।
ਉਹ ਹੋਰ ਅੱਗੇ ਵਧਿਆ ਤਾਂ ਉਸ ਨੂੰ ਉਹ ਆਦਮੀ ਕੁਝ ਸਾਫ਼ ਨਜ਼ਰ ਆਉਣ ਲੱਗਾ। ਸੂਏ ਦੇ ਪਾਣੀ ਦੀ ਕਲ ਕਲ ਵਿੱਚੋਂ ਵੀ ਅੱਜ ਉਸ ਨੂੰ ਮੌਤ ਦਾ ਰਾਗ ਸੁਣਾਈ ਦੇ ਰਿਹਾ ਸੀ। ਸੂਏ ਦਾ ਨਿਤਰਿਆ ਪਾਣੀ ਭਾਵੇਂ ਚੜ੍ਹਦੇ ਸੂਰਜ ਦੀ ਲਾਲੀ ਨਾਲ ਲਾਲ ਭਾਹ ਮਾਰ ਰਿਹਾ ਸੀ, ਪਰ ਉਸ ਨੂੰ ਸੂਆ ਲਹੂ ਦਾ ਭਰਿਆ ਵਗਦਾ ਦਿਸ ਰਿਹਾ ਸੀ। ਉਸ ਨੂੰ ਜਾਪਿਆ ਕਿ ਹੋਰ ਥੋੜ੍ਹੀ ਦੇਰ ਨੂੰ ਸਾਹਮਣੇ ਆਉਂਦਾ ਆਦਮੀ ਉਸ ਨੂੰ ਮਾਰ ਕੇ ਉਸ ਦੀ ਰੱਤ ਵੀ ਸੂਏ ਦੇ ਪਾਣੀ ਦੀ ਵਗਦੀ ਰੱਤ ਵਿੱਚ ਰਲਾ ਦੇਵੇਗਾ। ਫਿਰ ਵੀ ਉਹ ਡਰ ਕੇ ਆਸੇ-ਪਾਸੇ ਭੱਜਣ ਦੀ ਬਜਾਏ ਉਸੇ ਵੱਲ ਤੁਰਿਆ ਜਾ ਰਿਹਾ ਸੀ।
ਪਹਿਲਾਂ ਵੀ ਅਕਸਰ ਉਹ ਇਸੇ ਸੂਏ ਦੀ ਪਟੜੀ ਤੋਂ ਲੰਘਿਆ ਕਰਦਾ ਸੀ। ਜਦੋਂ ਵੀ ਉਹ ਸੂਏ ਦੀ ਪਟੜੀ-ਪਟੜੀ ਲੰਘਦਾ ਤਾਂ ਉਸ ਨੂੰ ਸੂਏ ਦੇ ਪਾਣੀ ਦੀ ਕਲ-ਕਲ ਵਿੱਚੋਂ ਆਪਣੀ ਮਹਿਬੂਬਾ ਦੇ ਹਾਸਿਆਂ ਦੀ ਛਣਕਾਰ ਸੁਣਾਈ ਦਿੰਦੀ। ਸੂਏ ਦੀ ਪਟੜੀ ‘ਤੇ ਲੱਗੀ ਟਾਹਲੀਆਂ ਦੀ ਲੰਮੀ ਕਤਾਰ ਜਿਵੇਂ ਉਸ ਦੇ ਸੁਆਗਤ ਵਿੱਚ ਝੁਕਦੀ ਜਾ ਰਹੀ ਹੋਵੇ। ਪੱਤਿਆਂ ਵਿੱਚੋਂ ਲੰਘਦੀ ਹਵਾ ਦਾ ਸੰਗੀਤ ਉਸ ਦੇ ਮਨ ਵਿੱਚ ਮਸਤੀ ਭਰ ਦਿੰਦਾ। ਉਹ ਮਸਤੀ ਵਿੱਚ ਕੋਈ ਗੀਤ ਗੁਣਗੁਣਾਉਂਦਾ ਬੇਫ਼ਿਕਰੀ ਨਾਲ ਲੰਘ ਜਾਂਦਾ।
ਪਰ ਅੱਜ ਉਹੋ ਪਾਣੀ ਉਸ ਨੂੰ ਖ਼ੂਨ ਦਿਸ ਰਿਹਾ ਸੀ। ਟਾਹਲੀਆਂ ਦੀ ਲੰਮੀ ਕਤਾਰ ਜਿਸ ਤਰ੍ਹਾਂ ਯਮਦੂਤ ਹੋਣ ਤੇ ਪੱਤਿਆਂ ਵਿੱਚੋਂ ਲੰਘਦੀ ਹਵਾ ਦੀ ਸਰਸਰਾਹਟ ਜਿਵੇਂ ਹਜ਼ਾਰਾਂ ਡਰਾਉਣੀਆਂ ਆਵਾਜ਼ਾਂ ਇੱਕੋ ਇਕੱਠੀਆਂ ਕੱਢ ਰਹੀ ਹੋਵੇ। ਉਹ ਆਦਮੀ ਹੋਰ ਨੇੜੇ ਆਇਆ, ਹੁਣ ਉਸ ਨੂੰ ਪਛਾਣਨਾ ਕੋਈ ਮੁਸ਼ਕਿਲ ਨਹੀਂ ਸੀ। ਤਕਰੀਬਨ ਛੇ ਫੁੱਟੇ ਕੱਦ ਦਾ ਉਹ ਨਿਹੰਗ ਸਿੰਘ ਹੱਥ ਵਿੱਚ ਤਲਵਾਰ ਫੜੀ ਉਸ ਵੱਲ ਆ ਰਿਹਾ ਸੀ। ਹੁਣ ਉਸ ਨੂੰ ਆਪਣੀ ਮੌਤ ਬਾਰੇ ਕੋਈ ਸ਼ੱਕ ਨਹੀਂ ਸੀ ਰਿਹਾ।
ਉਸ ਨੇ ਸੋਚਿਆ, ‘ਉਹ ਨਿਹੰਗ ਤਲਵਾਰ ਮਿਆਨ ‘ਚੋਂ ਕੱਢੇਗਾ, ਜੈਕਾਰਾ ਛੱਡੇਗਾ ਤੇ ਮੇਰਾ ਸਿਰ ਧੜ ਤੋਂ ਅਲੱਗ ਕਰ ਦੇਵੇਗਾ’। ਪਰ ਉਹ ਤਾਂ ਮੌਤ ਨੂੰ ਕਬੂਲ ਕੇ ਹੀ ਕਮਾਦ ‘ਚੋਂ ਨਿਕਲਿਆ ਸੀ, ਹੌਲੀ ਹੌਲੀ ਨਿਹੰਗ ਵੱਲ ਵਧਦਾ ਗਿਆ। ਨਿਹੰਗ ਹੁਣ ਉਸ ਦੇ ਸਾਹਮਣੇ ਖਲੋਤਾ ਸੀ, ਪਰ ਉਹ ਉਸ ਵੱਲ ਅੱਖ ਚੁੱਕ ਕੇ ਵੇਖਣ ਦਾ ਹੀਆ ਨਹੀਂ ਸੀ ਕਰ ਸਕਿਆ। ਬਲੀ ਦੇ ਬੱਕਰੇ ਵਾਂਗ ਉਸ ਨੇ ਆਪਣਾ ਸਿਰ ਨਿਹੰਗ ਦੇ ਸਾਹਮਣੇ ਝੁਕਾਅ ਦਿੱਤਾ ਤਾਂ ਜੋ ਨਿਹੰਗ ਨੂੰ ਤਲਵਾਰ ਦੇ ਦੋ ਵਾਰ ਨਾ ਕਰਨੇ ਪੈਣ ਅਤੇ ਇੱਕੋ ਵਾਰ ਵਿੱਚ ਉਸ ਨੂੰ ਪਾਰ ਬੁਲਾ ਸਕੇ। ਉਹ ਤਲਵਾਰ ਦਾ ਵਾਰ ਉਡੀਕ ਰਿਹਾ ਸੀ, ਪਰ ਕਾਫ਼ੀ ਦੇਰ ਤੱਕ ਉਸ ਦੀ ਗਰਦਨ ‘ਤੇ ਤਲਵਾਰ ਨਹੀਂ ਸੀ ਪਈ। ਉਹ ਜਿਉਂਦਾ ਸੀ, ਉਸ ਨੂੰ ਆਪਣੇ ਜਿਉਂਦੇ ਹੋਣ ‘ਤੇ ਯਕੀਨ ਨਹੀਂ ਸੀ ਆ ਰਿਹਾ।
”ਉਏ ਤੂੰ ਮੁਸਲਮਾਨ ਏਂ?” ਜਦੋਂ ਨਿਹੰਗ ਨੇ ਉਸ ਨੂੰ ਪੁੱਛਿਆ ਤਾਂ ਉਸ ਦੀਆਂ ਸੋਚਾਂ ਦੀ ਲੜੀ ਟੁੱਟ ਗਈ। ਉਸ ਨੇ ਸਿਰਫ਼ ਧੌਣ ਹਿਲਾਈ।
”ਕਿੱਥੇ ਚਲਿਐਂ?”
”ਪਿੰਡ,” ਉਸ ਨੇ ਪਿੰਡ ਵੱਲ ਇਸ਼ਾਰਾ ਕੀਤਾ ਤੇ ਚੋਰ ਅੱਖ ਨਾਲ ਨਿਹੰਗ ਵੱਲ ਤੱਕਣ ਦਾ ਯਤਨ ਕੀਤਾ, ਪਰ ਨਿਹੰਗ ਦੇ ਚਿਹਰੇ ਨੂੰ ਪੜ੍ਹ ਨਾ ਸਕਿਆ।
”ਉਏ ਮੂੰਹ ਉੱਤੇ ਕਰ,” ਨਿਹੰਗ ਨੇ ਰੋਅਬ ਨਾਲ ਕਿਹਾ, ”ਜੁਆਨ ਆਦਮੀ ਏਂ, ਕਿਸ ਤਰ੍ਹਾਂ ਮੂੰਹ ਲੁਕਾ ਗਿੱਦੜਾਂ ਵਾਂਗ ਮਰਨ ਲਈ ਤਿਆਰ ਖਲੋਤਾ ਏਂ!”
ਅੱਗੋਂ ਉਸ ਨੂੰ ਕੋਈ ਜਵਾਬ ਨਾ ਆਇਆ।
”ਆਹ ਫੜ ਤਲਵਾਰ,” ਨਿਹੰਗ ਨੇ ਆਖਿਆ, ”ਜੇ ਮਰਨਾ ਹੀ ਹੈ ਤਾਂ ਕਿਸੇ ਨੂੰ ਮਾਰ ਕੇ ਮਰੀਂ।”
ਇਹ ਗੱਲ ਸੁਣਦਿਆਂ ਹੀ ਉਸ ਦੇ ਅੰਦਰ ਜਿਵੇਂ ਭੂਚਾਲ ਆ ਗਿਆ ਹੋਵੇ। ਉਹ ਨਿਹੰਗ ਸਿੰਘ ਦੇ ਕਦਮਾਂ ਵਿੱਚ ਡਿੱਗ ਪਿਆ। ਨਿਹੰਗ ਸਿੰਘ ਨੇ ਉਸ ਨੂੰ ਬਾਹੋਂ ਫੜ ਕੇ ਉਠਾਇਆ ਅਤੇ ਤਲਵਾਰ ਉਸ ਦੇ ਹੱਥ ਵਿੱਚ ਫੜਾ ਆਪ ਅੱਗੇ ਤੁਰ ਗਿਆ। ਕਿੰਨਾ ਚਿਰ ਉਹ ਭਮੱਤਰਿਆ ਕਦੇ ਤਲਵਾਰ ਵੱਲ ਵੇਖਦਾ ਤੇ ਕਦੇ ਦੂਰ ਜਾਂਦੇ ਨਿਹੰਗ ਸਿੰਘ ਵੱਲ। ਫਿਰ ਉਹ ਤਲਵਾਰ ਨੂੰ ਹੱਥ ਵਿੱਚ ਫੜੀ ਅੱਗੇ ਵਧਿਆ।
ਹੁਣ ਉਸ ਨੂੰ ਮੌਤ ਦਾ ਡਰ ਬਿਲਕੁਲ ਨਹੀਂ ਸੀ। ਉਸ ਨੂੰ ਇਉਂ ਲੱਗ ਰਿਹਾ ਸੀ, ਜਿਵੇਂ ਉਹ ਨਿਹੰਗ ਸਿੰਘ ਹੱਥ ਵਿੱਚ ਤਲਵਾਰ ਫੜੀ ਉਸ ਦੀ ਰੱਖਿਆ ਕਰਦਾ ਉਸ ਦੇ ਨਾਲ-ਨਾਲ ਤੁਰ ਰਿਹਾ ਹੋਵੇ। ਹੁਣ ਉਹ ਨਿਰਭੈ ਹੋ ਕੇ ਤੁਰਿਆ ਜਾ ਰਿਹਾ ਸੀ। ਸੂਏ ਦੀ ਪਟੜੀ ਉੱਤੇ ਉਸ ਨੂੰ ਹੋਰ ਵੀ ਕਈ ਆਦਮੀ ਅੱਗੋਂ ਆਉਂਦੇ ਮਿਲੇ, ਪਰ ਉਸ ਦੇ ਹੱਥ ਵਿੱਚ ਫੜੀ ਤਲਵਾਰ ਅਤੇ ਉਸ ਦੇ ਬੇਖ਼ੌਫ਼ ਚਿਹਰੇ ਨੂੰ ਵੇਖ ਕੇ ਕਿਸੇ ਦਾ ਵੀ ਉਸ ਨੂੰ ਮਾਰਨ ਦਾ ਹੀਆ ਨਾ ਪਿਆ। ਕੁਝ ਆਦਮੀਆਂ ਦੀ ਆਵਾਜ਼ ਤਾਂ ਉਸ ਨੂੰ ਸਾਫ਼ ਸੁਣੀ ਸੀ।
”ਉਏ ਮੁਸਲਮਾਨ,” ਇੱਕ ਨੇ ਆਖਿਆ।
”ਹਾਂ ਪਰ ਇਸ ਦੇ ਹੱਥ ਵਿੱਚ ਤਲਵਾਰ ਏ।”
ਇਸ ਤਰ੍ਹਾਂ ਘੁਸਰ ਮੁਸਰ ਕਰਦੇ ਉਹ ਉਹਦੇ ਕੋਲੋਂ ਅੱਗੇ ਲੰਘ ਗਏ ਸਨ। ਹੁਣ ਉਹ ਆਪਣੇ ਘਰ ਬੈਠਾ ਸੀ। ਸਾਹਮਣੇ ਉਹ ਤਲਵਾਰ ਸੀ ਤੇ ਮਨ ਵਿੱਚ ਉਸ ਨਿਹੰਗ ਸਿੰਘ ਦੀ ਤਸਵੀਰ। ਉਹ ਸੋਚ ਰਿਹਾ ਸੀ ਤਾਂ ਉਸ ਨੂੰ ਯਾਦ ਆ ਰਿਹਾ ਸੀ, ਕਿਸੇ ਕਵੀਸ਼ਰ ਤੋਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਵਚਨ:
ਸਿੱਖੋ ਤੇਗ ਤੁਸਾਂ ਦੀ ਹੋਵੇ ਢਾਲ ਗਰੀਬਾਂ ਲਈ,
ਭੁੱਲ ਕੇ ਮਾੜੇ ਉਪਰ ਕਦੇ ਨਾ ਹੱਥ ਉਠਾਉਣਾ।
ਉਸ ਨੂੰ ਉਹ ਨਿਹੰਗ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਪੈਰੋਕਾਰ ਜਾਪਿਆ।