ਤਕਾਜ਼ਾ ਵਕਤ ਦਾ ਯਾਰੋ,
ਨੁਕੀਲੀ ਧਾਰ ਬਣ ਜਾਵਾਂ।
ਦਿਲਾਂ ਦੀ ਪੀੜ ਬਣ ਜਾਵਾਂ
ਜਲਣ ਦੀ ਠਾਰ ਬਣ ਜਾਵਾਂ।
ਕਿ ਵਹਿੰਦੀ ਕੂਲ੍ਹ ਬਣਕੇ ਫਿਰ,
ਤਪਸ਼ ਨੂੰ ਡੀਕ ਲਾਂ ਸਾਰੀ
ਮੈਂ ਜੀਵਨ ਗੀਤ ਬਣ ਜਾਵਾਂ,
ਮਰਨ ਦੀ ਹਾਰ ਬਣ ਜਾਵਾਂ।
ਥਲਾਂ ਦੀ ਰੇਤ ਹਾਂ ਨਾ ਹੀ
ਕਿਸੇ ਦੇ ਰੜਕ ਜਾਂ ਨੈਣੀਂ
ਕੁਠਾਲ਼ੀ ਚਾੜ੍ਹ ਕੇ ਵੇਖੋ,
ਖਰਾ ਸ਼ਿੰਗਾਰ ਬਣ ਜਾਵਾਂ।
ਨਦੀ ਦੇ ਵੇਗ ਨੂੰ ਡਕਣਾ,
ਤਿਰੀ ਔਕਾਤ ਵਿੱਚ ਨਾ ਹੀ
ਹੜ੍ਹਾਂ ਦਾ ਜੋਸ਼ ਬਣਕੇ ਤੇ,
ਗ਼ਜ਼ਬ ਦੀ ਖਾਰ ਬਣ ਜਾਵਾਂ।
ਅਸਾਂ ਦੇ ਰਾਹ ਦੇ ਪੈਰੀਂ,
ਛੁਰੀਆਂ ਬੀਜਦਾ ਰਹਿਨੈ
ਤਿਰੇ ਸਭ ਵਾਰ ਲੈ ਸੀਨੇ,
ਕਿ ਮੈਂ ਤਲਵਾਰ ਬਣ ਜਾਵਾਂ।
ਨਿਸ਼ਾਨਾ ਫੁੰਡਣਾ ਮੇਰੀ,
ਨਜ਼ਰ ਦਾ ਲਕਸ਼ ਹੈ ਨੰਗਲ
ਭੱਥੇ ਦਾ ਤੀਰ ਬਣ ਜਾਵਾਂ
ਧਨੁੱਖ ਦੀ ਤਾਰ ਬਣ ਜਾਵਾਂ।
ਲਿਖਤ : ਬਲਰਾਜ ਸਿੰਘ ਨੰਗਲ
ਸੰਪਰਕ: 98157-18619