ਕੈਲ਼ਗਰੀ : ਕੋਕਰੇਨਬੌ-ਵੈਲੀ ਹਾਈ ਸਕੂਲ ਵਿੱਚ ਬੁੱਧਵਾਰ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਵਿਦਿਆਰਥੀਆਂ ਨੂੰ ਕੁਝ ਸਮੇਂ ਲਈ ਕਲਾਸ ਤੋਂ ਬਾਹਰ ਰਹਿਣਾ ਪਿਆ। ਟਾਊਨ ਆਫ਼ ਕੋਕਰੇਨ ਮੁਤਾਬਕ, ਇਹ ਅੱਗ ਸਕੂਲ ਦੀ ਛੱਤ ‘ਤੇ ਚੱਲ ਰਹੀ ਉਸਾਰੀ ਦੇ ਕੰਮ ਦੌਰਾਨ ਲੱਗੀ। ਇਸ ਘਟਨਾ ਤੋਂ ਬਾਅਦ ਤੁਰੰਤ ਐਮਰਜੈਂਸੀ ਟੀਮਾਂ ਨੇ ਕਾਰਵਾਈ ਕੀਤੀ ਅਤੇ ਅੱਗ ‘ਤੇ ਕਾਬੂ ਪਾਇਆ।
ਕੋਕਰੇਨ ਫ਼ਾਇਰ ਸਰਵਿਸੇਜ਼ ਮੁਤਾਬਕ, ਸਵੇਰੇ ਲਗਭਗ 10:30 ਵਜੇ ਕਈ 911 ਕਾਲਾਂ ਮਿਲਣ ਤੋਂ ਬਾਅਦ ਅੱਗ ਬੁਝਾਉਣ ਲਈ ਟੀਮ ਮੌਕੇ ‘ਤੇ ਪਹੁੰਚੀ। ਫ਼ਾਇਰ ਚੀਫ਼ ਸ਼ੌਨ ਪੋਲੀ ਮੁਤਾਬਕ, “ਜਦੋਂ ਅਸੀਂ ਪਹੁੰਚੇ, ਤਾਂ ਉੱਥੇ ਕੋਈ ਧੂੰਆਂ ਨਹੀਂ ਸੀ। ਲਗਦਾ ਸੀ ਕਿ ਠੇਕੇਦਾਰ ਛੱਤ ‘ਤੇ ਕੰਮ ਕਰ ਰਹੇ ਸਨ ਪਰ ਅਚਾਨਕ ਉਥੇ ਅੱਗ ਵਧ ਗਈ ਅਤੇ ਧੂੰਆ ਅਸਮਾਨੀ ਚੜ੍ਹਨ ਲੱਗਾ”
ਠੇਕੇਦਾਰਾਂ ਨੇ ਆਪਣੇ ਉਪਕਰਣਾਂ ਦੀ ਵਰਤੋਂ ਕਰਕੇ ਅੱਗ ਨੂੰ ਨਿਯੰਤਰਣ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਫ਼ਾਇਰ ਸਰਵਿਸ ਦੀ ਟੀਮ ਨੇ ਪਹੁੰਚ ਕੇ ਪੂਰੀ ਤਰੀਕੇ ਨਾਲ ਅੱਗ ਨੂੰ ਬੁਝਾ ਦਿੱਤਾ।
ਅੱਗ ਲੱਗਣ ਦੇ ਤੁਰੰਤ ਬਾਅਦ ਵਿਦਿਆਰਥੀਆਂ ਨੂੰ ਸਕੂਲ ਦੇ ਮੈਦਾਨ ਵਿੱਚ ਇਕੱਠਾ ਕਰ ਲਿਆ ਗਿਆ ਸੀ ਜਿਸ ਕਾਰਨ ਕੋਈ ਅਣ-ਸੁਖਾਵੀਂ ਘਟਨਾ ਵਾਪਰਨ ਤੋਂ ਬਚਾ ਹੋ ਗਿਆ।
ਲਗਭਗ 30 ਮਿੰਟ ਤੱਕ ਅੱਗ ਬੁਝਾਉਣ ਦੀ ਪ੍ਰਕਿਰਿਆ ਚੱਲੀ ਅਤੇ ਇਲਾਕੇ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, ਅੱਗ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸਾਰੀ ਇਮਾਰਤ ਨੂੰ ਸੁਰੱਖਿਅਤ ਐਲਾਨ ਦਿੱਤਾ ਗਿਆ।
ਅੱਗ ਦੇ ਕਾਰਨ ਬਾਰੇ ਪੁਸ਼ਟੀਕਰਨ ਹੁਣ ਤੱਕ ਨਹੀਂ ਹੋਇਆ, ਪਰ ਅਧਿਕਾਰੀਆਂ ਨੇ ਯਕੀਨ ਦਿਵਾਇਆ ਹੈ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੁਣ ਕੋਈ ਖਤਰਾ ਨਹੀਂ ਹੈ।