ਆਉਣ ਵਾਲੇ ਸਮੇਂ ‘ਚ ਇਸ ਮੀਟਿੰਗ ਦੇ ਬਹੁਤ ਵਧੀਆ ਸਿੱਟੇ ਨਿਕਲਣਗੇ : ਡਗ ਫੋਰਡ
ਵਾਸ਼ਿੰਗਟਨ (ਏਕਜੋਤ ਸਿੰਘ): ਕੈਨੇਡਾ ਅਤੇ ਅਮਰੀਕਾ ਵਿਚਕਾਰ ਵੱਧ ਰਹੀ ਵਪਾਰ ਜੰਗ ‘ਤੇ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਗਲਬਾਤ ਕੀਤੀ, ਜਿਸ ਵਿੱਚ ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਅਤੇ ਅਮਰੀਕੀ ਵਪਾਰ ਸਕੱਤਰ ਹੋਵਰਡ ਲੁਟਨਿਕ ਨੇ ਮੁੱਖ ਭੂਮਿਕਾ ਨਿਭਾਈ।
ਫੋਰਡ ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਹੋਈ ਘੰਟਿਆਂ ਲੰਬੀ ਬੈਠਕ ਤੋਂ ਬਾਅਦ ਕਿਹਾ ਕਿ ਕੈਨੇਡਾ-ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਇਹ ਬਹੁਤ ਉਤਸ਼ਾਹਪੂਰਨ ਅਤੇ ਚੰਗੀ ਮੁਲਾਕਾਤ ਰਹੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਟੈਕਸ ਜਾਂ ਵਪਾਰ ਸੰਬੰਧੀ ਕਿਸੇ ਸਮਝੌਤੇ ‘ਤੇ ਪਹੁੰਚ ਹੋਈ ਜਾਂ ਨਹੀਂ।
ਫੋਰਡ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਇਹ ਸਭ ਤੋਂ ਵਧੀਆ ਮੀਟਿੰਗ ਸੀ ਜੋ ਮੈਂ ਕਦੇ ਇੱਥੇ ਆ ਕੇ ਕੀਤੀ” ਸਾਨੂੰ ਲੱਗਦਾ ਹੈ ਕਿ ਤਣਾਅ ਹੁਣ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਇਸ ਮੀਟਿੰਗ ਦੇ ਬਹੁਤ ਵਧੀਆ ਸਿੱਟੇ ਨਿਕਲਣਗੇ “।
ਇਸ ਮੁਲਾਕਾਤ ਵਿੱਚ ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲਾਂਕ, ਉਦਯੋਗ ਮੰਤਰੀ ਫਰਾਂਸੋਆ-ਫਿਲਿਪ ਸ਼ੈਂਪੇਨ, ਅਤੇ ਵਾਸ਼ਿੰਗਟਨ ਵਿੱਚ ਕੈਨੇਡਾ ਦੀ ਰਾਜਦੂਤ ਕਿਰਸਟਨ ਹਿਲਮੈਨ ਵੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ, ਓਨਟਾਰੀਓ ਨੇ ਅਮਰੀਕਾ ਨੂੰ ਭੇਜੀ ਜਾ ਰਹੀ ਬਿਜਲੀ ‘ਤੇ 25% ਵਾਧੂ ਟੈਕਸ ਲਗਾਇਆ ਸੀ। ਇਸ ਦੇ ਜਵਾਬ ਵਿੱਚ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਸਟੀਲ ਅਤੇ ਐਲਮੀਨੀਅਮ ‘ਤੇ 25% ਟੈਕਸ ਵਧਾਉਣ ਦੀ ਧਮਕੀ ਦੇ ਦਿੱਤੀ ਸੀ।
ਹਾਲਾਂਕਿ, ਫੋਰਡ ਅਤੇ ਲੁਟਨਿਕ ਵਿਚਾਲੇ ਫੋਨ ਤੇ ਹੋਈ ਗੱਲਬਾਤ ਤੋਂ ਬਾਅਦ ਤਣਾਅ ਘਟਾਉਣ ਲਈ ਸਹਿਮਤੀ ਜਤਾਈ ਜਿਸ ਤੋਂ ਬਾਅਦ ਫੋਰਡ ਨੇ ਓਨਟਾਰੀਓ ਵਲੋਂ ਬਿਜਲੀ ‘ਤੇ ਲੱਗੇ ਹੋਏ ਵਾਧੂ ਟੈਕਸ ਨੂੰ ਰੱਦ ਕਰ ਦਿੱਤਾ, ਪਰ ਅਮਰੀਕਾ ਨੇ ਬੀਤੇ ਬੁੱਧਵਾਰ ਤੋਂ 25% ਸਟੀਲ-ਐਲਮੀਨੀਅਮ ਟੈਕਸ ਲਾਗੂ ਰੱਖਣ ਦਾ ਫੈਸਲਾ ਕੀਤਾ।