Thursday, April 3, 2025
10 C
Vancouver

ਡਾਲਰ ਦੀ ਤੂਤੀ ਕਿਉਂ ਬੋਲਦੀ ਹੈ?

 

ਲਿਖਤ : ਜਗਤਾਰ ਸਿੰਘ
ਸੰਪਰਕ : 94636-03091
ਪੰਜਾਬੀ ਦਾ ਇੱਕ ਗੀਤ ਹੈ “ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ” ਇਸ ਵਿੱਚ ਡਾਲਰ ਦੀ ਗੱਲ ਕੀਤੀ ਗਈ ਹੈ ਜੇ ਡਾਲਰ ਚਲਦਾ ਹੈ ਤਾਂਹੀ ਗੀਤ ਲਿਖੇ ਗਏ ਜਦੋਂ ਅਸੀਂ ਸਭ ਤੋਂ ਮਜ਼ਬੂਤ ਕਰੰਸੀ ਬਾਰੇ ਗੱਲ ਕਰਦੇ ਹਾਂ ਉਹ ਗੱਲ ਅਮਰੀਕੀ ਡਾਲਰ ਵਾਰੇ ਹੁੰਦੀ ਹੈ।ਅਮਰੀਕਾ ਤੋਂ ਬਿਨਾਂ ਦੁਨੀਆਂ ਦੇ ਬਹੁਤੇ ਦੇਸ਼ ਜਿਵੇਂ ਇਕੁਯਾਡੋਰ , ਪਨਾਮਾ,ਮਾਰਸ਼ਲ ਆਈਸਲੈਂਡ ਤੇ ਹੋਰ ਕਈ ਦੇਸ਼ ਅਮਰੀਕੀ ਡਾਲਰ ਨੂੰ ਆਪਣੀ ਕਰੰਸੀ ਵਜੋ ਵਰਤਦੇ ਹਨ।
ਅਜਿਹੇ ‘ਚ ਜ਼ੇਕਰ ਗੱਲ ਕਰੀਏ ਤਾਂ ਕਈ ਸੁਆਲ ਪੈਦਾ ਹੁੰਦੇ ਹਨ ਕਿ ਡਾਲਰ ਹੀ ਦੁਨੀਆ ਦੀ ਸਭ ਤੋਂ ਮਜ਼ਬੂਤ ਕਰੰਸੀ ਕਿਉਂ ਤੇ ਕਿਵੇਂ ਬਣ ਗਈ?
ਅਮਰੀਕਾ ਵਿੱਚ ਪਹਿਲੀ ਵਾਰ ਕਾਗਜ਼ੀ ਮੁਦਰਾ 1690 ਵਿੱਚ ਵਰਤੀ ਜਾਣ ਲੱਗੀ । ਉਸ ਸਮੇਂ ਇਹ ਸਿਰਫ ਫੌਜ ਲਈ ਵਰਤੀ ਜਾਂਦੀ ਸੀ। ਇਸ ਦੀ ਆਮ ਵਰਤੋਂ ਨਹੀਂ ਹੁੰਦੀ ਸੀ। 1785 ਵਿੱਚ ਅਮਰੀਕਾ ਦੀ ਮੁਦਰਾ ਦਾ ਚਿੰਨ੍ਹ ਡਾਲਰ ਤਿਆਰ ਕੀਤਾ ਗਿਆ। ਫਿਰ ਇਸ ਨੇ ਲਗਭਗ ਸਵਾ ਸੌ ਸਾਲ ਕਈ ਤਬਦੀਲੀਆਂ ਤੇ ਬਦਲਾਅ ਦੇ ਦੌਰ ਦੇਖੇ । 1913 ਵਿੱਚ ਫੈਡਰਲ ਰਿਜ਼ਰਵ, ਅਮਰੀਕਾ ਦੇ ਕੇਂਦਰੀ ਬੈਂਕ ਦੀ ਸਥਾਪਨਾ ਤੋਂ ਬਾਅਦ 1914 ਵਿੱਚ ਮੌਜੂਦਾ ਰੂਪ ਦੀ ਛਪਾਈ ਸ਼ੁਰੂ ਹੋ ਗਈ ਸੀ।
ਇਸ ਤੋਂ ਪਹਿਲਾਂ ਅਮਰੀਕਾ ਵਿੱਚ ਹਰੇਕ ਬੈਂਕ ਆਪਣੀ ਮੁਦਰਾ ਪ੍ਰਣਾਲੀ ਲਾਗੂ ਕਰਦਾ ਸੀ। ਉਸ ਵੇਲੇ ਵੈਸੇ ਤਾਂ ਦੁਨੀਆਂ ਦੇ ਨਕਸੇ ਤੇ ਬ੍ਰਿਟੇਨ ਦਾ ਨਾਂ ਬੋਲਦਾ ਸੀ ਇੰਗਲੈਂਡ ਦਾ ਪੌਂਡ ਜ਼ਿਆਦਾ ਚੱਲਦਾ ਸੀ।ਉਸਦਾ ਰੋਹਬ ਜ਼ਿਆਦਾ ਸੀ। ਅੰਗਰੇਜ਼ ਰਾਜ਼ ਦਾ ਸੂਰਜ ਡੁੱਬਦਾ ਨਹੀਂ ਸੀ।ਉਸ ਦਾ ਦੁਨੀਆਂ ਦੇ ਵੱਡੇ ਹਿੱਸੇ ਤੇ ਕਬਜ਼ਾ ਸੀ ।1913-14 ਆਉਂਦੇ ਆਉਂਦੇ ਅਮਰੀਕਾ ਨੇ ਇੰਗਲੈਂਡ ਨੂੰ ਆਰਥਿਕਤਾ ਵਿੱਚ ਪਿੱਛੇ ਛੱਡ ਦਿੱਤਾ, ਜਿਵੇਂ ਜਿਵੇਂ ਦੁਨੀਆਂ ਦੀ ਆਰਥਿਕਤਾ ਬਦਲੀ ਕਰੰਸੀ ਵੀ ਆਪਣਾ ਰੂਪ ਬਦਲ ਗਈ । ਕਰੰਸੀ ਵੀ ਪੌਂਡ ਤੋਂ ਡਾਲਰ ਵੱਲ ਚਲੀ ਗਈ।
ਪਹਿਲਾਂ ਗੋਲਡ ਸਟੈਂਡਰਡ ਦੇ ਤਹਿਤ, ਕੋਈ ਦੇਸ਼ ਓਨੀ ਹੀ ਕਰੰਸੀ ਛਾਪ ਸਕਦਾ ਸੀ ਜਿੰਨਾ ਉਸ ਕੋਲ ਸੋਨਾ ਸੀ। ਜਦੋਂ 1914 ਵਿੱਚ ਲੜਾਈ ਛਿੜ ਗਈ ਵੱਖ-ਵੱਖ ਦੇਸ਼ਾਂ ਨੂੰ ਹਥਿਆਰ ਤੇ ਹੋਰ ਫ਼ੌਜ ਦਾ ਸਮਾਨ ਚਾਹੀਦਾ ਸੀ। ਫੌਜੀ ਖਰਚਿਆਂ ਨੂੰ ਪੂਰਾ ਕਰਨ ਲਈ ਸੋਨੇ ਦੇ ਮਿਆਰ ਨੂੰ ਛੱਡ ਦਿੱਤਾ ਅਤੇ ਵੱਧ ਕਰੰਸੀ ਛਾਪਣ ਕਰਕੇ ਉਨ੍ਹਾਂ ਦੀਆਂ ਮੁਦਰਾਵਾਂ ਦੀ ਕੀਮਤ ਵਿੱਚ ਗਿਰਾਵਟ ਆਈ।
ਬ੍ਰਿਟੇਨ ਨੇ ਆਰਥਿਕ ਕਾਰਨਾਂ ਕਰਕੇ 1931 ਵਿੱਚ ਸੋਨੇ ਦੇ ਮਿਆਰ ਨੂੰ ਤਿਆਗ ਦਿੱਤਾ, ਜਿਸ ਕਾਰਨ ਪੌਂਡ ਵਿੱਚ ਵਪਾਰ ਬਹੁਤ ਹੀ ਘੱਟ ਗਿਆ। ਇਸ ਸਮੇਂ ਦੌਰਾਨ, ਕਈ ਦੇਸ਼ਾਂ ਨੇ ਡਾਲਰ ਦੇ ਦਬਦਬੇ ਵਾਲੇ ਅਮਰੀਕੀ ਬਾਂਡਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਮਰੀਕੀ ਡਾਲਰ ਦੀ ਸਵੀਕਾਰਤਾ ਵਧ ਗਈ।
ਸਾਰੇ ਦੇਸ਼ਾਂ ਦੁਆਰਾ ਅਮਰੀਕਾ ਨੂੰ ਸੋਨੇ ਵਿੱਚ ਭੁਗਤਾਨ ਕੀਤਾ ਗਿਆ ,ਇਸ ਦੇ ਕਾਰਨ ਕਰਕੇ ਜਦ ਜੰਗ ਮੁੱਕੀ ਉਦੋਂ ਤੱਕ ਦੁਨੀਆ ਦੇ ਸੋਨੇ ਦੇ ਵੱਡੇ ਭਾਗ ਤੇ ਅਮਰੀਕਾ ਕਾਬਜ਼ ਹੋ ਗਿਆ।ਇਸ ਤੋਂ ਬਾਅਦ 1944 ਵਿਚ ਬ੍ਰੈਟਨ ਵੁੱਡਸ ਨਿਊ ਹੈਂਪਸ਼ਾਇਰ ਅਮਰੀਕਾ ਵਿੱਚ ਮੀਟਿੰਗ ਇੱਕ ਮੀਟਿੰਗ ਹੋਈ, ਜਿਸ ਵਿੱਚ ਇੱਕ ਅਜਿਹੀ ਪ੍ਰਣਾਲੀ ਤਿਆਰ ਕੀਤੀ ਗਈ, ਜਿਸ ਨਾਲ ਕਿਸੇ ਵੀ ਦੇਸ਼ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਵਿੱਚ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਵਟਾਂਦਰਾ ਦਰਾਂ ਨੂੰ ਸਥਿਰ ਕਰਕੇ ਅਤੇ ਵਪਾਰ ਰੁਕਾਵਟਾਂ ਨੂੰ ਘਟਾਉਣਾ ਸੀ। ਇਸ ਤੋਂ ਬਿਨਾਂ ਵਿੱਤੀ ਸਥਿਰਤਾ ਕਾਇਮ ਰੱਖਣੀ ਅਤੇ ਅੰਤਰਰਾਸ਼ਟਰੀ ਵਿੱਤੀ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰਨਾ।ਆਰਥਿਕ ਵਿਕਾਸ ਲਈ ਨਿਵੇਸ਼ ਅਤੇ ਮੁਢਲੇ ਢਾਂਚੇ ਨੂੰ ਉਤਸ਼ਾਹਿਤ ਕਰਨਾ ਇਸ ਦੇ ਕਾਰਜ ਸਨ।
ਇਹ ਤੈਅ ਕੀਤਾ ਗਿਆ ਸੀ ਕਿ ਦੁਨੀਆ ਦੀਆਂ ਮੁਦਰਾਵਾਂ ਨੂੰ ਸੋਨੇ ਨਾਲ ਨਹੀਂ, ਸਗੋਂ ਡਾਲਰ ਨਾਲ ਜੋੜਿਆ ਜਾਵੇ, ਸਾਰੇ ਦੇਸ਼ਾਂ ਦੇ ਬੈਂਕ ਵੀ ਆਪਣੀਆਂ ਕਰੰਸੀਆਂ ਦੀ ਦਰ ਡਾਲਰ ਨਾਲ ਹੀ ਨਿਰਧਾਰਤ ਕਰਨਗੇ।
ਇਸ ਤੋਂ ਬਾਅਦ ਡਾਲਰ ਇੱਕ ਮਜ਼ਬੂਤ ਕਰੰਸੀ ਬਣ ਗਿਆ ਅਤੇ ਬਹੁਤ ਸਾਰੇ ਦੇਸ਼ਾਂ ਨੇ ਇਸਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਡਾਲਰ ਹੋਰ ਸ਼ਕਤੀਸ਼ਾਲੀ ਹੋ ਗਿਆ। ਇਸ ਕਾਰਨ ਅਮਰੀਕੀ ਡਾਲਰ ਦੀ ਮੰਗ ਇੰਨੀ ਵਧ ਗਈ ਕਿ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਇਸ ਨੂੰ ਪੂਰਾ ਕਰਨ ਲਈ ਡਾਲਰ ਨੂੰ ਸੋਨੇ ਤੋਂ ਡੀ-ਲਿੰਕ ਕਰਨਾ ਪਿਆ। ਇਸ ਕਾਰਨ ਡਾਲਰ ਵਿੱਚ ਫਲੋਟਿੰਗ ਐਕਸਚੇਂਜ ਰੇਟ ਸ਼ੁਰੂ ਹੋਇਆ। ਅੱਜ ਡਾਲਰ ਦੀ ਰੋਜ਼ਾਨਾ ਬਦਲਦੀ ਕੀਮਤ ਇਸੇ ਦਾ ਨਤੀਜਾ ਹੈ।
ਦੁਨੀਆ ਵਿੱਚ ਅਮਰੀਕੀ ਡਾਲਰ ਦੇ ਦਬਦਬੇ ਦੇ ਕਈ ਹੋਰ ਕਾਰਨ ਵੀ ਹਨ।
ਸੰਯੁਕਤ ਰਾਜ ਅਮਰੀਕਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਵਜੋਂ ਉੱਭਰਿਆ ਜਿਸਨੂੰ ਬਹੁਤ ਘੱਟ ਨੁਕਸਾਨ ਹੋਇਆ ਸੀ।ਸੰਯੁਕਤ ਰਾਜ ਅਮਰੀਕਾ ਦੀ ਇੱਕ ਵਿਸ਼ਾਲ ਅਤੇ ਮੁਕਾਬਲਤਨ ਸਥਿਰ ਅਰਥਵਿਵਸਥਾ ਰਹੀ ਹੈ।ਜਿਸਦੀ ਘਧਫ ਮਜ਼ਬੂਤ ਹੈ ਅਤੇ ਮੁਦਰਾਸਫੀਤੀ ਦਰ ਘੱਟ ਹੈ।
ਅਮਰੀਕੀ ਡਾਲਰ ਆਪਣੀ ਸਥਿਰਤਾ ਅਤੇ ਤਰਲਤਾ ਦੇ ਕਾਰਨ ਅੰਤਰਰਾਸ਼ਟਰੀ ਵਪਾਰ, ਵਿੱਤ ਅਤੇ ਨਿਵੇਸ਼ ਵਿੱਚ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਰਿਹਾ ਹੈ। ਤੇਲ ਦੀ ਕੀਮਤ ਨਿਰਧਾਰਤ ਕਰਨ ਲਈ ਵੀ ਅਮਰੀਕੀ ਡਾਲਰ ਨੂੰ ਮਿਆਰੀ ਮੁਦਰਾ ਵਜੋਂ ਵਰਤਿਆ ਜਾਂਦਾ ਹੈ, ਜੋ ਕਿ ਵਿਸ਼ਵ ਵਪਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸੰਯੁਕਤ ਰਾਜ ਅਮਰੀਕਾ ਨੇ ਵਿਸ਼ਵ ਪੱਧਰ ‘ਤੇ ਇੱਕ ਮਜ਼ਬੂਤ ਫੌਜੀ ਮੌਜੂਦਗੀ ਬਣਾਈ ਰੱਖੀ ਹੈ, ਜਿਸਨੇ ਡਾਲਰ ਦੇ ਦਬਦਬੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ।
ਅਮਰੀਕੀ ਡਾਲਰ ਨੂੰ ਕਈ ਅੰਤਰਰਾਸ਼ਟਰੀ ਸੰਸਥਾਵਾਂ, ਜਿਵੇਂ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ੀੰਢ), ਵਿਸ਼ਵ ਬੈਂਕ, ਮੁਦਰਾ ਸੈਟਲਮੈਂਟ ਬੈਂਕ ਦੀ ਅਧਿਕਾਰਤ ਮੁਦਰਾ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਦੇਸ਼ ਕਰਜ਼ੇ ਲੈਂਦੇ ਹਨ।
ਅਮਰੀਕੀ ਡਾਲਰ ਦੀ ਵਿਆਪਕ ਵਰਤੋਂ ਨੇ ਇੱਕ ਸਵੈ-ਮਜਬੂਤ ਨੈੱਟਵਰਕ ਪ੍ਰਭਾਵ ਪੈਦਾ ਕੀਤਾ ਹੈ, ਜਿਸ ਨਾਲ ਦੇਸ਼ਾਂ ਲਈ ਡਾਲਰ ਦੀ ਵਰਤੋਂ ਜਾਰੀ ਰੱਖਣਾ ਵਧੇਰੇ ਸੁਵਿਧਾਜਨਕ ਅਤੇ ਕੁਸ਼ਲ ਹੋ ਗਿਆ ਹੈ।
ਜੇਕਰ ਅਮਰੀਕੀ ਡਾਲਰ ਦੀ ਭਰੋਸੇਯੋਗਤਾ ਦੀ ਗੱਲ ਕਰੀਏ ਤਾਂ ਕੁਝ ਫੈਕਟਰ ਅਸੀਂ ਜਿੰਨਾ ਵਾਰੇ ਗੱਲ ਕਰ ਸਕਦੇ ਹਾਂ ਉਹਨਾਂ ਵਿੱਚ ਹਨ।ਸੰਯੁਕਤ ਰਾਜ ਅਮਰੀਕਾ ਦੀ ਇੱਕ ਵੱਡੀ, ਵਿਭਿੰਨ ਅਤੇ ਮੁਕਾਬਲਤਨ ਸਥਿਰ ਅਰਥਵਿਵਸਥਾ ਹੈ।ਅਮਰੀਕਾ ਨੇ ਘੱਟ ਮੁਦਰਾਸਫੀਤੀ ਦਰਾਂ ਬਣਾਈਆਂ ਹਨ, ਜੋ ਡਾਲਰ ਦੀ ਖਰੀਦ ਸ਼ਕਤੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ।ਅਮਰੀਕੀ ਸਰਕਾਰ ਨੇ ਆਮ ਤੌਰ ‘ਤੇ ਵਿੱਤੀ ਅਨੁਸ਼ਾਸਨ ਬਣਾਈ ਰੱਖਿਆ ਹੈ, ਜਿਸ ਵਿੱਚ ਕਰਜ਼ੇ-ਤੋਂ-ਜੀਡੀਪੀ ਅਨੁਪਾਤ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ।
ਫੈਡਰਲ ਰਿਜ਼ਰਵ, ਅਮਰੀਕੀ ਕੇਂਦਰੀ ਬੈਂਕ, ਸੁਤੰਤਰ ਹੈ ਅਤੇ ਮੁਦਰਾ ਨੀਤੀ ਪ੍ਰਬੰਧਨ ਲਈ ਇੱਕ ਮਜ਼ਬੂਤ ਸਾਖ ਰੱਖਦਾ ਹੈ।ਅਮਰੀਕਾ ਕੋਲ ਇੱਕ ਚੰਗੀ ਤਰ੍ਹਾਂ ਵਿਕਸਤ ਅਤੇ ਨਿਯੰਤ੍ਰਿਤ ਵਿੱਤੀ ਪ੍ਰਣਾਲੀ ਹੈ, ਜਿਸ ਵਿੱਚ ਮਜ਼ਬੂਤ ਬੈਂਕ ਅਤੇ ਵਿੱਤੀ ਸੰਸਥਾਵਾਂ ਹਨ।ਸਭ ਤੋਂ ਵਧੀਆ ਗੱਲ ਅਮਰੀਕਾ ਕੋਲ ਇੱਕ ਸਥਿਰ ਅਤੇ ਸਨਮਾਨਯੋਗ ਕਾਨੂੰਨੀ ਪ੍ਰਣਾਲੀ ਹੈ, ਜੋ ਜਾਇਦਾਦ ਦੇ ਅਧਿਕਾਰਾਂ ਅਤੇ ਇਕਰਾਰਨਾਮੇ ਨੂੰ ਲਾਗੂ ਕਰਨ ਦਾ ਸਮਰਥਨ ਕਰਦੀ ਹੈ।ਅਮਰੀਕੀ ਡਾਲਰ ਨੂੰ ਵਿਸ਼ਵ ਪੱਧਰ ‘ਤੇ ਵਿਆਪਕ ਤੌਰ ‘ਤੇ ਸਵੀਕਾਰਿਆ ਅਤੇ ਵਰਤਿਆ ਜਾਂਦਾ ਹੈ, ਜਿਸ ਨਾਲ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਦੀ ਸਹੂਲਤ ਮਿਲਦੀ ਹੈ।
ਅਮਰੀਕੀ ਡਾਲਰ ਨੂੰ ਕਈ ਕੇਂਦਰੀ ਬੈਂਕਾਂ ਦੁਆਰਾ ਇੱਕ ਰਿਜ਼ਰਵ ਕਰੰਸੀ ਵਜੋਂ ਰੱਖਿਆ ਜਾਂਦਾ ਹੈ, ਜੋ ਇਸਦੀ ਸਮਝੀ ਗਈ ਸੁਰੱਖਿਆ ਅਤੇ ਤਰਲਤਾ ਨੂੰ ਦਰਸਾਉਂਦਾ ਹੈ।ਪਰ ਜੇਕਰ ਹੁਣ ਚਣੌਤੀਆਂ ਦੀ ਗੱਲ ਕਰੀਏ ਅਮਰੀਕਾ ਦੇ ਡਾਲਰ ਨੂੰ ਅੱਜ ਦੇ ਸਮੇਂ ਕਾਫੀ ਮੁਸ਼ਕਿਲਾਂ ਵੀ ਖੜੀਆਂ ਹੋ ਗਈਆਂ ਹਨ । ਕਈ ਦੇਸ਼ਾਂ ਨਾਲ ਅਮਰੀਕਾ ਦਾ ਵਪਾਰਕ ਘਾਟਾ ਕਾਫੀ ਹੈ ਜੋ ਟਰੰਪ ਨੂੰ ਰੜਕਦਾ ਹੈ। ਉਹ ਅਮਰੀਕਾ ਦੀ ਚੜ੍ਹਤ ਨੂੰ ਕਾਇਮ ਰੱਖਣਾ ਚਾਹੁੰਦਾ ਹੈ।ਖਾਸ ਕਰਕੇ ਚੀਨ ,ਭਾਰਤ, ਕਨੇਡਾ ਦੇ ਵਪਾਰਕ ਸਰਪਲੱਸ ਅਮਰੀਕਾ ਨੂੰ ਭਾਉਂਦੇ ਨਹੀਂ। ਉਹ ਇਹਨਾਂ ਨੂੰ ਘੱਟ ਕਰਨਾ ਚਾਹੁੰਦਾ ਹੈ। ਟਰੰਪ ਡਾਲਰ ਦਾ ਮੁੱਲ ਘੱਟ ਕਰਕੇ ਇਸ ਨੂੰ ਘਟਾਉਣ ਚਾਹੁੰਦਾ ਹੈ।ਪਰ ਦੂਜੇ ਪਾਸੇ ਉਹ ਟੈਰਿਫ ਨੀਤੀ ਰਾਹੀਂ ਇਸ ਨੂੰ ਮਜ਼ਬੂਤ ਰੱਖਣਾ ਚਾਹੁੰਦਾ ਹੈ।ਭਾਰਤੀ ਘਾਟਾ ਜੋ ਕਿ2024 ਵਿੱਚ $41ਬਿਲੀਅਨ2023 ਵਿੱਚ 43 ਬਿਲੀਅਨ ਡਾਲਰ,2022 ਵਿੱਚ $38 ਬਿਲੀਅਨ ਅਤੇ 2021ਵਿਚ 33ਬਿਲੀਅਨ ਡਾਲਰ ਦਾ ਵਪਾਰ ਘਾਟਾ ਹੈ। ਉਹ ਐਫ਼ 35 ਲੜਾਕੂ ਜਹਾਜ਼ ਵੇਚ ਕੇ ਅਤੇ ਹੋਰ ਸੌਦੇ ਬਾਜ਼ੀਆਂ ਨਾਲ ਕਰੇਗਾ।ਭਾਰਤ ਨੇ ਵੀ ਦਬਾਅ ਵਿਚ ਆਕੇ ਅਮਰੀਕਨ ਵਿਸਕੀ ਤੇ ਮੋਟਰਸਾਈਕਲ ਤੇ ਟੈਰਿਫ ਘੱਟ ਕੀਤੇ ਹਨ।ਟਰੰਪ ਰੈਸੀਪਰੋਕਲ ਟੈਰਿਫ ਨੀਤੀ ਤੇ ਕੰਮ ਕਰ ਰਿਹਾ ਹੈ।
ਵਿਕਲਪਿਕ ਕਰੰਸੀਆਂ ਯੂਰੋ, ਯੂਆਨ, ਅਤੇ ਕ੍ਰਿਪਟੋਕਰੰਸੀ ਤੇ ਬ੍ਰਿਕਸ਼ ਵਰਗੀਆਂ ਮੁਦਰਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਜੋ ਸੰਭਾਵੀ ਤੌਰ ‘ਤੇ ਡਾਲਰ ਦੇ ਦਬਦਬੇ ਨੂੰ ਚੁਣੌਤੀ ਦੇ ਰਹੀਆਂ ਹਨ।ਕੁਝ ਦੇਸ਼, ਜਿਵੇਂ ਕਿ ਚੀਨ ਅਤੇ ਰੂਸ, ਅਮਰੀਕੀ ਡਾਲਰ ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।ਉੱਭਰ ਰਹੇ ਬਾਜ਼ਾਰਾਂ ਦਾ ਵਧਦਾ ਆਰਥਿਕ ਪ੍ਰਭਾਵ ਅਤੇ ਖੇਤਰੀ ਵਪਾਰ ਸਮਝੌਤਿਆਂ ਦੀ ਵਧਦੀ ਮਹੱਤਤਾ ਸਮੇਂ ਦੇ ਨਾਲ ਡਾਲਰ ਦੇ ਦਬਦਬੇ ਨੂੰ ਘਟਾ ਸਕਦੀ ਹੈ।
ਇਸ ਨੂੰ ਹੱਲ ਕਰਨ ਲਈ ਅਮਰੀਕਾ ਤਰ੍ਹਾਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ।ਉਹ ਨੀ ਚਾਹੁੰਦਾ ਕਿ ਡਾਲਰ ਦਾ ਬਦਲ ਕੋਈ ਹੋਰ ਕਰੰਸੀ ਬਣੇ। ਬ੍ਰਿਕਸ ਵਰਗੇ ਗਰੁੱਪ ਨੂੰ ਅਮਰੀਕਾ ਧਮਕੀ ਦੇ ਚੁੱਕਾ ਹੈ ਕਿ ਟਰਾਂਜ਼ੈਕਸ਼ਨ ਡਾਲਰ ਵਿੱਚ ਹੀ ਕਰਨਾ ਪਵੇਗੀ ਤੇ ਭਾਰਤ ਇਸ ਗਰੁੱਪ ਵਿਚੋਂ ਪਿੱਛੇ ਹਟਦਾ ਦਿਸ ਰਿਹਾ ਹੈ। ਫਿਲਹਾਲ ਦੀ ਘੜੀ ਅਮਰੀਕਾ ਆਪਣੀ ਪੂਰੀ ਵਾਹ ਲਾ ਰਿਹਾ। ਪਰ ਕਹਿੰਦੇ ਨੇ ਵਕਤ ਜ਼ਰੂਰ ਬਦਲਦਾ ਹੈ। ਚੀਨ ,ਭਾਰਤ ,ਰੂਸ ਤੇ ਕੋਈ ਹੋਰ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀਆਂ ਹਨ । ਆਉਣ ਵਾਲੇ ਸਮੇਂ ਵੀ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ।ਪਰ ਫਿਲਹਾਲ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਅਮਰੀਕੀ ਡਾਲਰ ਦੁਨੀਆ ਦੀ ਮੁੱਖ ਰਿਜ਼ਰਵ ਮੁਦਰਾ ਬਣੇ ਰਹਿਣ ਦੀ ਸੰਭਾਵਨਾ ਹੈ, ਤੇ ਡਾਲਰ ਦਾ ਨਾਮ ਅਜੇ ਚੱਲਦਾ ਰਹੇਗਾ ਤੇ ਤੂਤੀ ਬੋਲਦੀ ਰਹੇਗੀ।