ਬਰੈਂਪਟਨ: ਗਰੇਟਰ ਟੋਰਾਂਟੋ ਏਰੀਆ ਵਿੱਚ ਐੱਲ.ਸੀ.ਬੀ.ਓ. ਸਟੋਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਦੇ ਇੱਕ ਗਿਰੋਹ ਨੇ ਲਗਭੱਗ 2.4 ਲੱਖ ਡਾਲਰ ਦੀ ਸ਼ਰਾਬ ਚੋਰੀ ਕਰ ਲਈ ਹੈ। ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਇਹ ਵੱਡਾ ਖੁਲਾਸਾ ਕਰਦੇ ਹੋਏ ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਨੌਜਵਾਨ ਦੱਸੇ ਜਾ ਰਹੇ ਹਨ।
ਪੁਲਿਸ ਅਨੁਸਾਰ, ਇਹ ਗੈਰਕਾਨੂੰਨੀ ਆਪਰੇਸ਼ਨ ਅਗਸਤ 2024 ਵਿੱਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਮਹੀਨੇ ਤੱਕ ਚੱਲਦਾ ਰਿਹਾ। ਗਿਰੋਹ ਨੇ ਐੱਲ.ਸੀ.ਬੀ.ਓ. ਦੇ 50 ਵੱਖ-ਵੱਖ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਕ੍ਰਮਬੱਧ ਤਰੀਕਿਆਂ ਨਾਲ ਸ਼ਰਾਬ ਚੋਰੀ ਕਰਨ ਦੀ ਮਾਹਰ ਯੋਜਨਾ ਤਿਆਰ ਕੀਤੀ।
ਪੁਲਿਸ ਦੀ ਜਾਂਚ ਅਨੁਸਾਰ, ਚੋਰੀ ਦੀ ਘਟਨਾ ‘ਚ ਬਹੁਤ ਵਿਅਕਤੀਆਂ ਸ਼ਾਮਲ ਰਹੇ। ਕਈ ਮੌਕਿਆਂ ‘ਤੇ ਚਾਰ-ਪੰਜ ਵਿਅਕਤੀ ਇੱਕੋ ਵਾਰ ਸਟੋਰ ਵਿੱਚ ਦਾਖਲ ਹੁੰਦੇ, ਕੁਝ ਮੁਲਾਜ਼ਮਾਂ ਦਾ ਧਿਆਨ ਭਟਕਾਉਂਦੇ, ਜਦਕਿ ਹੋਰ ਸ਼ਰਾਬ ਨਾਲ ਭਰੇ ਬਕਸੇ ਅਤੇ ਪੁਸ਼ ਕਾਰਟ ਲੈ ਜਾਂਦੇ ਰਹੇ ।
ਪੁਲਿਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਸ਼ੱਕੀਆਂ ਨੂੰ ਵੱਡੀ ਮਾਤਰਾ ਵਿੱਚ ਸ਼ਰਾਬ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵਿਅਕਤੀ ਬਿਨਾਂ ਕਿਸੇ ਡਰ ਦੇ ਖੁੱਲ੍ਹੇ-ਆਮ ਵਪਾਰਕ ਸਥਾਨਾਂ ‘ਚ ਇਹ ਗੈਰਕਾਨੂੰਨੀ ਕੰਮ ਕਰਦੇ ਰਹੇ।
ਪੁਲਿਸ ਨੇ ਪੰਜ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਕੀਤੀ ਹੈ, ਜਿਨ੍ਹਾਂ ‘ਤੇ ਵੱਖ-ਵੱਖ ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰ ਨੌਜਵਾਨਾਂ ‘ਚ ਅਨੁਜ ਕੁਮਾਰ (25), ਸਿਮਰਪ੍ਰੀਤ ਸਿੰਘ (29), ਸ਼ਰਨਦੀਪ ਸਿੰਘ (25), ਸਿਮਰਨਜੀਤ ਸਿੰਘ (24), ਪ੍ਰਭਪ੍ਰੀਤ ਸਿੰਘ (29) ਦੀ ਪਛਾਣ ਜਾਰੀ ਕੀਤੀ ਗਈ ਹੈ।
ਦੋ ਹੋਰ ਸ਼ੱਕੀ, ਜਗਸ਼ੀਰ ਸਿੰਘ (28) ਅਤੇ ਪਵਿੱਤਰ ਸੇਹਜਰਾ (25), ਹੁਣ ਤੱਕ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।
ਗ੍ਰਿਫ਼ਤਾਰ ਵਿਅਕਤੀਆਂ ‘ਤੇ ਵੱਖ-ਵੱਖ ਅਪਰਾਧਕ ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿੱਚ 5,000 ਡਾਲਰ ਤੋਂ ਵੱਧ ਦੀ ਚੋਰੀ, ਕਿਸੇ ਵਪਾਰਕ ਸਥਾਨ ‘ਚ ਭੰਨਤੋੜ, ਅਪਰਾਧ ਕਰਨ ਦੀ ਯੋਜਨਾ ਬਣਾਉਣਾ, ਕਾਨੂੰਨੀ ਰਿਹਾਈ ਹੁਕਮ ਦੀ ਉਲੰਘਣਾ ਸ਼ਾਮਲ ਹਨ
ਪ੍ਰਭਪ੍ਰੀਤ ਸਿੰਘ ‘ਤੇ ਵਿਸ਼ੇਸ਼ ਤੌਰ ‘ਤੇ 5,000 ਡਾਲਰ ਤੋਂ ਵੱਧ ਦੀ ਚੋਰੀ ਦਾ ਦੋਸ਼ ਹੈ। ਸ਼ਰਨਦੀਪ, ਸਿਮਰਨਜੀਤ ਅਤੇ ਪ੍ਰਭਪ੍ਰੀਤ ‘ਤੇ ਅਪਰਾਧਕ ਰਾਜ਼ਦਾਰੀ, ਯੋਜਨਾ ਅਤੇ ਭੰਨਤੋੜ ਦਾ ਦੋਸ਼ ਵੀ ਲਗਾਇਆ ਗਿਆ ਹੈ।