Friday, April 4, 2025
10.8 C
Vancouver

ਗ਼ਜ਼ਲ

ਭੁਲਾਵਾਂ ਕਿਸ ਤਰ੍ਹਾਂ ਉਸ ਨੂੰ,ਕਿ ਜੋ ਮੈਂਨੂੰ
ਮੁਹੱਬਤ ਖ਼ੂਬ ਕਰਦਾ ਸੀ ਕਿਸੇ ਵੇਲ਼ੇ।
ਭੁਲਾ ਦਿੱਤੈ ਉਨ੍ਹੇ ਮੈਨੂੰ,ਇਹ ਵੀ ਸੱਚ ਹੈ,
ਉਹ ਸਾਹ ਵਿਚ ਸਾਹ ਵੀ ਭਰਦਾ ਸੀ ਕਿਸੇ ਵੇਲ਼ੇ।
ਪਰਾਇਆ ਹੋ ਗਿਆ ਆਖ਼ਿਰ ਉਹ ਕਿਸ ਗੱਲੋਂ
ਉਹ ਕਿਸ ਗੱਲੋਂ ਰਕੀਬਾਂ ਨਾਲ਼ ਜਾ ਮਿਲਿਆ,
ਜੋ ਘਰ ਦੇ ਭੇਦ ਸਭ ਨੂੰ ਦੱਸਦਾ ਫਿਰਦੈ
ਉਹ ਬੰਦਾ ਅਪਣੇ ਘਰ ਦਾ ਸੀ ਕਿਸੇ ਵੇਲ਼ੇ।
ਉਹ ਕਹਿੰਦਾ ਸੀ ਸਮੁੰਦਰ ਵਾਂਗ ਹੈ ਜੀਵਨ
ਜਿਦ੍ਹੇ ਅੰਦਰ ਕਈ ਦੁੱਖ ਹਨ,ਕਈ ਸੁੱਖ ਹਨ,
ਗ਼ਮਾਂ ਦੇ ਹੜ੍ਹ ਚ ਹੜ੍ਹ ਮਰਿਆ,ਉਹੀ ਜਿਹੜਾ
ਸਮੁੰਦਰ ਅੱਗ ਦੇ ਤਰਦਾ ਸੀ ਕਿਸੇ ਵੇਲ਼ੇ।
ਕਲ਼ਮ ਗਹਿਣੇ ਜੇ ਨਾ ਪਾਉਂਦੇ ਕਲ਼ਮਕਾਰੋ
ਹਕੀਕਤ ਪੇਸ਼ ਕਰਦੇ ਜੇ ਸਮੇਂ ਦੀ ਤਾਂ,
ਡਰਾਉਂਦਾ ਨਾ,ਸਗੋਂ ਇਹ ਡਰ ਰਿਹਾ ਹੁੰਦਾ
ਜਿਵੇਂ ਹਾਕਮ ਉਹ ਡਰਦਾ ਸੀ ਕਿਸੇ ਵੇਲ਼ੇ।
ਸਮਾਂ ਇਹ ਰਹਿਮ ਕਰਦਾ ਨਾ ਕਿਸੇ ਉੱਤੇ
ਇਹ ਹੀਰੋ ਨੂੰ ਵੀ ਹੈ ਜ਼ੀਰੋ ਬਣਾ ਦਿੰਦਾ,
ਬੇਨਾਮੀ ਮੌਤ ਮਰਿਆ ਹੈ ਉਹ ਮੈਂ ਸੁਣਿਆ
ਜੋ ਏਥੇ ਰਾਜ ਕਰਦਾ ਸੀ ਕਿਸੇ ਵੇਲ਼ੇ।
ਅਸਾਡੀ ਟੁੱਟ ਗਈ ਸਾਰਾ ਨਗਰ ਜਾਣੇਂ
ਇਹ ਵੀ ਸਾਰਾ ਨਗਰ ਹੈ ਜਾਣਦਾ ਐਪਰ,
ਮੇਰੀ ਇਕ ਝਲਕ ਦੇਖਣ ਨੂੰ ਬਿਨਾਂ ਕਾਰਨ
ਉਹ ਏਧਰ ਦੀ ਗੁਜਰਦਾ ਸੀ ਕਿਸੇ ਵੇਲ਼ੇ।
ਉਹ ਕਹਿੰਦੇ ਨੇ ਇਹ ਕਲਯੁਗ ਹੈ ਮਗਰ ਫਿਰ ਵੀ
ਅਸਾਡੇ ਵਾਸਤੇ ਚੰਗਾ ਹੈ ਸਤਿਯੁਗ ਤੋਂ,
ਅਸਾਨੂੰ ਹੱਕ ਮਿਲ਼ੇ ਸਭ ਏਸ ਯੁੱਗ ਅੰਦਰ
ਉਵੇਂ ਪਰਦਾ ਹੀ ਪਰਦਾ ਸੀ ਕਿਸੇ ਵੇਲ਼ੇ।
ਤੂੰ ਗੁੱਝੇ ਵਾਰ ਕੀਤੇ ਸਨ ਮੇਰੇ ਉੱਤੇ
ਰਿਹਾ ਖਾਮੋਸ਼ ਇਸ ਕਰ ਕੇ ਮੈਂ ਮਹਿਫ਼ਿਲ ਵਿਚ,
ਨਹੀਂ ਭੁੱਲਾ,ਤੂੰ ਉਹੀ ਜੋ, ਮੇਰੀ ਖ਼ਾਤਿਰ
ਤਲੀ ਅੰਗਿਆਰ ਧਰਦਾ ਸੀ ਕਿਸੇ ਵੇਲ਼ੇ।
ਜਿਨ੍ਹੇ ਛੱਡਿਆ ਸੀ,ਮਿਲਣਾ ਚਾਹ ਰਿਹਾ ਰਾਣੇ
ਹੈ ਮੱਛੀ ਪਰਤ ਆਈ ਚੱਟ ਕੇ ਪੱਥਰ,
ਉਦ੍ਹੇ ਨਖ਼ਰੇ ਉਠਾ ਹੋਣੇ ਨਾ ਦਿਲ ਕੋਲੋਂ
ਉਦ੍ਹੇ ਦੁੱਖੜੇ ਵੀ ਜਰਦਾ ਸੀ ਕਿਸੇ ਵੇਲ਼ੇ।
ਲਿਖਤ : ਜਗਦੀਸ਼ ਰਾਣਾ
ਸੰਪਰਕ : 98726-30635