Thursday, April 3, 2025
10 C
Vancouver

ਕੀਮਤ

 

ਲਿਖਤ : ਜਤਿੰਦਰ ਮੋਹਨ, ਸੰਪਰਕ: 94630-20766
ਬੱਸ ਅੱਡੇ ਤੋਂ ਬੱਸ ਚੱਲੀ। ਬਹੁਤ ਜ਼ਿਆਦਾ ਭੀੜ ਨਹੀਂ ਸੀ। ਹੌਲੀ ਹੌਲੀ ਬੱਸ ਚਲਦੀ ਆਈ। ਇਹ ਸਫ਼ਰ ਬਹੁਤਾ ਨਹੀਂ ਸੀ, ਤੀਹ ਕੁ ਕਿਲੋਮੀਟਰ ਦਾ ਹੀ ਸੀ। ਵੱਖ ਵੱਖ ਪਿੰਡਾਂ ਵਿੱਚੋਂ ਸਵਾਰੀਆਂ ਚੜ੍ਹਨ ਨਾਲ ਭੀੜ ਹੋ ਗਈ ਪਰ ਰਫ਼ਤਾਰ ਵਿੱਚ ਬਹੁਤਾ ਫ਼ਰਕ ਨਾ ਪਿਆ। ਹੁਣ ਮੇਰੇ ਸਟੇਸ਼ਨ ‘ਤੇ ਪਹੁੰਚਣ ਵਿੱਚ ਬਹੁਤੀ ਦੇਰ ਨਹੀਂ ਸੀ ਲੱਗਣੀ ਕਿਉਂਕਿ ਦੂਰੀ ਅੱਠ ਕੁ ਕਿਲੋਮੀਟਰ ਹੀ ਸੀ। ਬਹੁਤ ਸਾਰੇ ਮੁਸਾਫ਼ਿਰ ਬੱਸ ਦੀ ਰਫ਼ਤਾਰ ਤੋਂ ਖ਼ੁਸ਼ ਨਹੀਂ ਸਨ।
ਕੋਈ ਕਹਿ ਰਿਹਾ ਸੀ, ”ਯਾਰ, ਬੱਸ ਹੈ ਜਾਂ ਗੱਡਾ ਇੰਨੀ ਹੌਲੀ ਸਪੀਡ!”
”ਯਾਰ, ਇਹ ਪ੍ਰਾਈਵੇਟ ਵਾਲੇ ਤਾਂ ਕਰਦੇ ਹੀ ਇਹੀ ਕੰਮ ਨੇ।”
”ਨਹੀਂ ਕੋਈ ਟਾਈਮ ਤਾਂ ਹੋਊ?”
”ਪੁੱਛਣਾ ਚਾਹੀਦਾ ਹੈ ਕੰਡਕਟਰ ਤੋਂ।” ਵਿੱਚੋਂ ਹੀ ਕਿਸੇ ਨੇ ਕਿਹਾ। ਬੱਸ ਅੱਡੇ ਤੋਂ ਚੱਲ ਪਈ। ਕੰਡਕਟਰ ਟਿਕਟਾਂ ਕੱਟਦਾ ਕੱਟਦਾ ਆ ਗਿਆ ਤਾਂ ਇੱਕ ਮੁਸਾਫ਼ਿਰ ਨੇ ਪੁੱਛਿਆ, ”ਯਾਰ, ਬਾਹਲਾ ਟਾਈਮ ਨੀਂ ਲਾ ਤਾ?” ”ਭਰਾਵਾ, ਇੱਕ ਟਾਈਮ ਮੂਹਰੇ ਮਿਸ ਸੀ, ਇੱਕ ਪਿੱਛੇ ਮਿਸ ਐ, ਫਿਰ ਦੇਖਣਾ ਪੈਂਦੈ।”
ਮੁਸਾਫ਼ਿਰ ਚੁੱਪ ਕਰ ਗਿਆ। ਅਚਾਨਕ ਬਸ ਕੰਡਕਟਰ ਦੇ ਮੋਬਾਈਲ ਫੋਨ ਦੀ ਘੰਟੀ ਵੱਜੀ। ਉਸ ਨੇ ਚੁੱਕਿਆ ਤੇ ਕੋਈ ਗੱਲ ਕੀਤੀ। ਕੰਡਕਟਰ ਹੱਸਿਆ ਤੇ ਉਸ ਨੇ ਥੈਲੇ ਵਿੱਚੋਂ ਕੱਢ ਕੇ ਇੱਕ ਲੰਮੀ ਸੀਟੀ ਮਾਰੀ। ਮਸਤ ਤੋਰ ਤੁਰ ਰਿਹਾ ਡਰਾਈਵਰ ਸਮਝ ਗਿਆ। ਉਸ ਨੇ ਬੱਸ ਦੀ ਰਫ਼ਤਾਰ ਵਧਾ ਲਈ। ਹੁਣ ਇਹ ਬਹੁਤ ਤੇਜ਼ੀ ਨਾਲ ਜਾ ਰਹੀ ਸੀ। ਇੰਨੀ ਤੇਜ਼ ਰਫ਼ਤਾਰ ਕਿ ਸਭ ਸਵਾਰੀਆਂ ਹੈਰਾਨ ਹੋ ਗਈਆਂ। ਬੱਸ ਦੀ ਰਫ਼ਤਾਰ ਦੇਖ ਕੇ ਸੜਕ ‘ਤੇ ਸਫ਼ਰ ਕਰਨ ਵਾਲੇ ਆਪਣੇ ਆਪ ਪਾਸੇ ਹੋ ਜਾਂਦੇ। ਉਹ ਡਰਦੇ ਸਨ। ਦੁਰਘਟਨਾ ਹੋਣ ਦਾ ਪੂਰਾ ਡਰ ਸੀ। ”ਡਰਾਈਵਰ ਸਾਹਿਬ ਏਨੀ ਕੀ ਕਾਹਲ ਐ? ਅਸੀਂ ਵੀ ਸਹੀ ਸਲਾਮਤ ਘਰੇ ਪਹੁੰਚਣੈ।” ਵਿੱਚੋਂ ਕਿਸੇ ਨੇ ਕਿਹਾ।
”ਨਾਲੇ ਕਹਿੰਦੇ ਹੋ ਇਹਨੂੰ ਚਲਾਉਣੀ ਨਹੀਂ ਆਉਂਦੀ, ਇਹ ਹੌਲੀ ਹੌਲੀ ਤੋਰਦੈ।” ਡਰਾਈਵਰ ਨੇ ਕਿਹਾ ਤਾਂ ਲੋਕ ਡਰਦੇ ਮਾਰੇ ਇਧਰ ਉਧਰ ਦੇਖਣ ਲੱਗੇ। ਥੋੜ੍ਹਾ ਜਿਹਾ ਪੈਂਡਾ ਹੀ ਮੁਹਾਲ ਲੱਗ ਰਿਹਾ ਸੀ। ਅਚਾਨਕ ਵਧੀ ਰਫ਼ਤਾਰ ਤੋਂ ਦੁਖੀ ਹੋ ਕੇ ਮੈਂ ਨਾਲ ਬੈਠੇ ਸੱਜਣ ਤੋਂ ਪੁੱਛਿਆ, ”ਇਕਦਮ ਸਪੀਡ ਕਿਵੇਂ ਵਧ ਗਈ ਭਾਈ ਸਾਹਿਬ?” ਉਸ ਨੇ ਉੱਤਰ ਦਿੱਤਾ, ”ਭਾਈ ਸਾਹਿਬ, ਸਾਡਾ ਤਾਂ ਰੋਜ਼ ਦਾ ਹੀ ਵਾਹ ਹੈ। ਇਹ ਜਦੋਂ ਇਸ ਅੱਡੇ ਤੋਂ ਚਲਦੇ ਨੇ ਤਾਂ ਏਦਾਂ ਹੀ ਭਜਾਉਂਦੇ ਨੇ।”
”ਕਿਉਂ?”
”ਕਿਉਂਕਿ ਅੱਗੇ ਦੂਜੀ ਬੱਸ ਖੜ੍ਹੀ ਹੁੰਦੀ ਹੈ। ਉਹ ਇਨ੍ਹਾਂ ਨੂੰ ਕਰਾਸ ਦੇਣ ਬਦਲੇ ਪੈਸੇ ਦਿੰਦੇ ਹਨ।” ”ਅੱਛਾ।” ਮੈਂ ਸਮਝ ਗਿਆ। ਥੋੜ੍ਹੇ ਸਮੇਂ ਵਿੱਚ ਬੱਸ ਅਗਲੇ ਅੱਡੇ ‘ਤੇ ਪਹੁੰਚ ਗਈ। ਸਵਾਰੀਆਂ ਉਤਰ ਕੇ ਅਗਲੀ ਤਿਆਰ ਖੜ੍ਹੀ ਬੱਸ ਵਿੱਚ ਚੜ੍ਹਨ ਲੱਗੀਆਂ। ਦੋਵੇਂ ਬੱਸਾਂ ਦੇ ਕੰਡਕਟਰਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤੇ ਇੱਕ ਦੂਜੇ ਪ੍ਰਤੀ ਸਨੇਹ ਪ੍ਰਗਟ ਕੀਤਾ। ਬੱਸ ਦਾ ਡਰਾਈਵਰ ਹੱਸ ਰਿਹਾ ਸੀ। ਸਾਹਮਣੇ ਵਾਲੀ ਬੱਸ ਦੇ ਕੰਡਕਟਰ ਨੇ ਸਾਡੇ ਵਾਲੀ ਬੱਸ ਦੇ ਕੰਡਕਟਰ ਨੂੰ 200 ਦਾ ਨੋਟ ਫੜਾਇਆ ਤਾਂ ਉਹ ਖ਼ੁਸ਼ ਹੋ ਗਿਆ। ਮੈਂ ਤੇ ਮੇਰੇ ਨਾਲ ਬੈਠਾ ਸੱਜਣ ਉੱਥੇ ਖੜ੍ਹੇ ਦੇਖ ਰਹੇ ਸਾਂ। ਉਸ ਨੇ ਮੈਨੂੰ ਦੱਸਿਆ, ”ਭਾਈ ਸਾਹਿਬ, ਇਨ੍ਹਾਂ ਬੱਸਾਂ ਵਿੱਚ ਚੜ੍ਹੇ ਬਿਨਾਂ ਸਰਦਾ ਨਹੀਂ ਪਰ ਜਦ ਇਹ ਕਰਾਸ ਦੇਣ ਵੇਲੇ ਬੱਸ ਭਜਾਉਂਦੇ ਹਨ ਤਾਂ ਉਸੇ ਵੇਲੇ ਬੱਸ ਦੀਆਂ 50-60 ਸਵਾਰੀਆਂ ਦੀ ਕੀਮਤ ਮਹਿਜ਼ 200 ਰੁਪਏ ਹੀ ਹੁੰਦੀ ਹੈ।” ”ਬਿਲਕੁਲ।” ਮੈਂ ਕਿਹਾ। ਮੇਰੇ ਮਨ ‘ਤੇ ਡੂੰਘੀ ਸੱਟ ਲੱਗੀ।