Thursday, April 3, 2025
7.8 C
Vancouver

ਉੱਚੇ ਕਿਰਦਾਰ ਦਾ ਆਧਾਰ ਸ਼ੁੱਧ ਵਿਚਾਰ

 

ਲਿਖਤ : ਬਲਜਿੰਦਰ ਮਾਨ
ਸੰਪਰਕ: 98150-18947
ਹਰ ਕਿਸੇ ਦੀ ਸ਼ਖ਼ਸੀਅਤ ਦਾ ਪ੍ਰਦਰਸ਼ਨ ਉਸ ਦੇ ਵਿਚਾਰਾਂ ਤੋਂ ਹੋ ਜਾਂਦਾ ਹੈ। ਕਹਿੰਦੇ ਹਨ ਜਿੰਨਾ ਚਿਰ ਕੋਈ ਵਿਅਕਤੀ ਚੁੱਪ ਬੈਠਾ ਹੈ ਤਾਂ ਉਸ ਬਾਰੇ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਦਾ। ਜਦੋਂ ਉਹ ਕੁਝ ਬੋਲਦਾ ਹੈ ਤਾਂ ਉਸ ਬਾਰੇ ਸਭ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਸਾਡੇ ਵਿਚਾਰਾਂ ਦਾ ਮਿਆਰ ਅਤੇ ਸ਼ੁੱਧਤਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਅਸੀਂ ਹਰ ਰੋਜ਼ ਉਸ ਮਾਲਕ ਪਾਸੋਂ ਉੱਚੀ ਮੱਤ ਦੀ ਮੰਗ ਕਰਦੇ ਹਾਂ। ਇਸ ਸਭ ਕੁਝ ਦਾ ਨਿਰਮਾਣ ਮਹਾਂਪੁਰਖਾਂ ਨੇ ਸਾਡੇ ਖਾਣੇ ਵਿੱਚ ਦੱਸਿਆ ਹੈ। ਕਿਉਂਕਿ ‘ਜੇਹਾ ਖਾਈਏ ਅੰਨ ਤੇਹਾ ਹੋਵੇ ਮਨ’। ਸੋ ਸਾਡੇ ਸਰੀਰ ਅੰਦਰ ਜਿਸ ਪ੍ਰਕਾਰ ਦਾ ਭੋਜਨ ਜਾਵੇਗਾ ਸਾਡੀ ਮਾਨਸਿਕਤਾ ਉਸੇ ਪ੍ਰਕਾਰ ਦੀ ਉਸਰਦੀ ਜਾਂਦੀ ਹੈ। ਗੁਰੂ ਸਾਹਿਬਾਨ ਨੇ ਕਿਰਤ ਦਾ ਪਾਲਣ ਕਰਨਾ ਸਿਖਾਇਆ ਸੀ। ਜਿਹੜੇ ਆਪਣੀ ਕਿਰਤ ਨੂੰ ਪੂਜਾ ਸਮਝ ਕੇ ਕਰਦੇ ਹਨ, ਉਨ੍ਹਾਂ ਦੁਆਰਾ ਕੀਤੀ ਕਮਾਈ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ। ਜਿਹੜੇ ਲਾਲਚਵੱਸ ਹੋ ਕੇ ਕਿਰਤੀਆਂ ਦੀ ਕਿਰਤ ‘ਤੇ ਹੱਕ ਜਮਾਉਂਦੇ ਹਨ, ਉਨ੍ਹਾਂ ਦਾ ਮਨ ਅਤੇ ਬੁੱਧੀ ਦੋਵੇਂ ਮਲੀਨ ਹੋ ਜਾਂਦੇ ਹਨ। ਉਹ ਖਾਣਾ ਤਾਂ ਖਾਂਦੇ ਹਨ ਪਰ ਉਸ ਵਿੱਚੋਂ ਰਸ ਨਹੀਂ ਮਿਲਦਾ। ਇਸ ਕਰਕੇ ਹਰ ਇਨਸਾਨ ਨੂੰ ਸਭ ਤੋਂ ਪਹਿਲਾਂ ਸੱਚੀ ਸੁੱਚੀ ਕਿਰਤ ਕਰਨੀ ਚਾਹੀਦੀ ਹੈ, ਜਿਸ ਨਾਲ ਉਸ ਦੇ ਜੀਵਨ ਦਾ ਆਧਾਰ ਪੱਕਾ ਅਤੇ ਨਰੋਆ ਬਣ ਜਾਂਦਾ ਹੈ। ਇਸ ਤਰ੍ਹਾਂ ਉਹ ਕਈਆਂ ਦਾ ਮਾਰਗਦਰਸ਼ਕ ਵੀ ਬਣ ਜਾਂਦਾ ਹੈ।
ਇਹ ਵੀ ਤਾਂ ਸੱਚ ਹੀ ਕਿਹਾ ਗਿਆ ਹੈ ਕਿ ਸਾਡਾ ਆਚਾਰ, ਵਿਹਾਰ ਅਤੇ ਕਿਰਦਾਰ ਹਮੇਸ਼ਾ ਸ਼ੁੱਧ ਹੋਣੇ ਚਾਹੀਦੇ ਹਨ। ਇਨ੍ਹਾਂ ਗੁਣਾਂ ਵਾਲਾ ਇਨਸਾਨ ਹਰ ਖੇਤਰ ਵਿੱਚ ਮਾਣ ਸਨਮਾਨ ਹਾਸਲ ਕਰਦਾ ਹੈ। ਪਰ ਅਜੋਕੇ ਸਮਾਜ ਵਿੱਚ ਅਸੀਂ ਲਾਲਚ ਦੇ ਅਧੀਨ ਹੋ ਕੇ ਸਭ ਕਾਸੇ ਨੂੰ ਗੁਆ ਦਿੱਤਾ ਹੈ। ਹਰ ਕੋਈ ਦਾਅ ਲਾਉਣ ਨੂੰ ਬੈਠਾ ਹੈ। ਜਿਸ ਦਾ ਜਿੰਨਾ ਦਾਅ ਲੱਗਦਾ ਹੈ, ਲਗਾਈ ਜਾ ਰਿਹਾ ਹੈ। ਅਸੀਂ ਤਾਂ ਸਾਰਾ ਵਾਤਾਵਰਨ ਹੀ ਗੰਧਲਾ ਕਰ ਦਿੱਤਾ ਹੈ। ਜਿਹੜੀਆਂ ਨਿਆਮਤਾਂ ਕੁਦਰਤ ਨੇ ਸਾਨੂੰ ਬਖ਼ਸ਼ੀਆਂ ਸਨ, ਉਨ੍ਹਾਂ ਦਾ ਵੀ ਸਤਿਆਨਾਸ ਕਰ ਦਿੱਤਾ। ਧਰਤੀ, ਪਾਣੀ ,ਹਵਾ ਸਾਰੇ ਮਲੀਨ ਹੋਏ ਪਏ ਨੇ। ਮਲੀਨ ਧਰਤੀ ਵਿੱਚ ਪੈਦਾ ਹੋਣ ਵਾਲਾ ਅਨਾਜ ਸ਼ੁੱਧ ਕਿਵੇਂ ਹੋ ਸਕਦਾ ਹੈ? ਮਨੁੱਖ ਨੇ ਕਦਰ ਕਰਨ ਦਾ ਸਬਕ ਹੀ ਭੁਲਾ ਦਿੱਤਾ ਹੈ। ਸਭ ਦਾ ਆਦਰ ਕਰਨ ਵਿੱਚ ਸਾਡਾ ਮਾਣ ਹੈ ਪਰ ਸਾਨੂੰ ਤਾਂ ਆਪੋ-ਧਾਪੀ ਵਿੱਚ ਇਹ ਸਭ ਕੁਝ ਹੀ ਭੁੱਲਿਆ ਹੋਇਆ ਹੈ।
ਸਾਡਾ ਆਲੇ-ਦੁਆਲੇ ਨਾਲ ਵਿਹਾਰ ਸ਼ੁੱਧ ਹੋਵੇਗਾ ਤਾਂ ਹੀ ਅਸੀਂ ਉੱਚੇ ਕਿਰਦਾਰ ਦੇ ਮਾਲਕ ਬਣ ਸਕਦੇ ਹਾਂ। ਹਰ ਕਿਸੇ ਨਾਲ ਲੈਣ ਦੇਣ ਕਰਨ ਵੇਲੇ ਇਮਾਨਦਾਰੀ ਦਾ ਲੜ ਘੁੱਟ ਕੇ ਫੜੀ ਰੱਖੋ। ਜੇਕਰ ਕਿਸੇ ਨਾਲ ਵਾਅਦਾ ਕੀਤਾ ਹੈ ਤਾਂ ਹਰ ਹਾਲ ਨਿਭਾਓ। ਕਿਸੇ ਨੂੰ ਲਾਰਾ ਲਾ ਕੇ ਉਸ ਦਾ ਸਮਾਂ ਅਤੇ ਸਾਧਨ ਬਰਬਾਦ ਨਾ ਕਰੋ। ਜਿੰਨੀ ਔਕਾਤ ਹੈ ਉਨੀ ਹੀ ਗੱਲ ਕਰੋ। ਗੱਪਾਂ ਮਾਰ ਕੇ ਆਪਣੇ ਜਾਲ ਵਿੱਚ ਨਾ ਫਸਾਓ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਝੂਠ ਦੇ ਪੈਰ ਨਹੀਂ ਹੁੰਦੇ। ਕਦੇ ਵੀ ਮਨ ਵਿੱਚ ਵੈਰ ਵਿਰੋਧ ਅਤੇ ਈਰਖਾ ਨੂੰ ਪੈਦਾ ਨਾ ਹੋਣ ਦੇਵੋ। ਇਹ ਸਾਰੇ ਔਗੁਣ ਸਾਡੀ ਮੱਤ ਨੂੰ ਮਲੀਨ ਕਰ ਦਿੰਦੇ ਹਨ, ਜਿਸ ਕਰਕੇ ਅਸੀਂ ਸਮਾਜ ਵਿੱਚ ਆਪਣਾ ਅਕਸ ਖਰਾਬ ਕਰ ਬੈਠਦੇ ਹਾਂ। ਸਭ ਨਾਲ ਪਿਆਰ ਭਰਿਆ ਰਵੱਈਆ ਸਾਡੇ ਲਈ ਹਮੇਸ਼ਾ ਲਾਭਕਾਰੀ ਸਿੱਧ ਹੋਵੇਗਾ। ਇਹ ਵੀ ਸੱਚਾਈ ਹੈ ਕਿ ਜਿਹੜਾ ਕੰਮ ਜ਼ੋਰ ਨਾਲ ਨਹੀਂ ਹੁੰਦਾ ਉਹ ਕੰਮ ਪਿਆਰ ਸਤਿਕਾਰ ਨਾਲ ਬੜਾ ਸੁਖਾਲਾ ਹੋ ਜਾਂਦਾ ਹੈ। ਜਿਹੜੇ ਸੱਚ ‘ਤੇ ਖੜ੍ਹਦੇ ਹਨ ਉਹੀ ਸਦਾ ਅਗੇਰੇ ਵਧਦੇ ਹਨ।
ਕਈ ਵਾਰ ਜਾਪਦਾ ਹੈ ਕਿ ਸੱਚਾਈ ਵਰਗੇ ਗੁਣ ਸਮਾਜ ਵਿੱਚ ਟੋਲ਼ਿਆਂ ਵੀ ਨਹੀਂ ਲੱਭਦੇ ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸੰਸਾਰ ਸੱਚਾਈ ਅਤੇ ਇਮਾਨਦਾਰੀ ਦੇ ਸਿਰ ‘ਤੇ ਹੀ ਚੱਲ ਰਿਹਾ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਕਿਰਤੀਆਂ ਦਾ ਹੈ ਜਿਹੜੇ ਸਦਾ ਹੱਕ ਦੀ ਕਿਰਤ ਕਰਦੇ ਹੋਏ ਆਪਣਾ ਜੀਵਨ ਗੁਜ਼ਾਰ ਰਹੇ ਹਨ। ਕਿਰਤ ਵਿੱਚ ਅਨੋਖਾ ਆਨੰਦ ਹੁੰਦਾ ਹੈ ਜੋ ਮਨੁੱਖ ਅੰਦਰ ਨਿਮਰਤਾ, ਹਿੰਮਤ, ਮਿਹਨਤ, ਲਗਨ, ਪਰਉਪਕਾਰ ਅਤੇ ਸਚਾਈ ਵਰਗੇ ਗੁਣਾਂ ਨੂੰ ਉਜਾਗਰ ਕਰਦਾ ਹੈ। ਇਸ ਲਈ ਸਾਨੂੰ ਆਪਣੇ ਕਿਰਦਾਰ ਦੀ ਬੁਲੰਦੀ ਵਾਸਤੇ ਇਨ੍ਹਾਂ ਗੁਣਾਂ ਦੇ ਧਾਰਨੀ ਹਰ ਹਾਲ ਬਣਨਾ ਚਾਹੀਦਾ ਹੈ।
ਖਾਣੇ ਵਿੱਚ ਮਿਲੀਆਂ ਮਿਲਾਵਟਾਂ ਨੇ ਸਾਨੂੰ ਸਰੀਰਕ ਤੌਰ ‘ਤੇ ਬਿਮਾਰ ਬਣਾਇਆ ਅਤੇ ਕਈ ਪ੍ਰਕਾਰ ਦੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਬਣਾਇਆ ਹੈ। ਲਗਦੀ ਵਾਹ ਸ਼ੁੱਧ ਖਾਣੇ ਖਾਣ ਦੀ ਆਦਤ ਬਣਾਈ ਜਾਵੇ ਜਿਸ ਨਾਲ ਸਾਡੀ ਮਾਨਸਿਕਤਾ ਤਕੜੀ ਰਹਿ ਸਕੇ। ਕਹਿੰਦੇ ਨੇ ਮਨ ਦੇ ਜਿੱਤੇ ਜਿੱਤ ਤੇ ਮਨ ਦੇ ਹਾਰੇ ਹਾਰ ਹੁੰਦੀ ਹੈ। ਸਰੀਰ ਅਤੇ ਮਨ ਦਾ ਸੰਤੁਲਨ ਕਾਇਮ ਰੱਖਣ ਲਈ ਸ਼ੁੱਧ ਵਿਚਾਰਾਂ ਦੇ ਨਾਲ-ਨਾਲ ਸ਼ੁੱਧ ਆਹਾਰ ਦਾ ਹੋਣਾ ਵੀ ਲਾਜ਼ਮੀ ਹੈ। ਸਰਬੱਤ ਦਾ ਭਲਾ ਮੰਗਣਾ ਨਹੀਂ ਸਗੋਂ ਕਰਨਾ ਹੈ। ਕਿਉਂਕਿ ਇਹ ਕਰਮਾ ਸੰਦੜਾ ਖੇਤ ਹੈ ਜਿੱਥੇ ਜੋ ਬੀਜਿਆ ਜਾਂਦਾ ਹੈ ਉਹੀ ਫਲ ਮਿਲਦਾ ਹੈ। ਭਾਵ ਅੰਬ ਬੀਜਣ ਵਾਲੇ ਨੂੰ ਸੰਧੂਰੀ ਰੰਗ ਦੇ ਮਹਿਕਦੇ ਰਸੀਲੇ ਫਲ ਅਤੇ ਕਿੱਕਰ ਬੀਜਣ ਵਾਲੇ ਵਾਸਤੇ ਕੰਡੇ ਤਿਆਰ ਰਹਿੰਦੇ ਹਨ।
ਜਿਸ ਕਿਸੇ ਨਾਲ ਵੀ ਸਾਡਾ ਵਾਹ ਪੈਂਦਾ ਹੈ ਉਹ ਇਸ ਤਰ੍ਹਾਂ ਮਹਿਸੂਸ ਕਰੇ ਕਿ ਇਸ ਇਨਸਾਨ ਨੂੰ ਮੈਂ ਵਾਰ-ਵਾਰ ਮਿਲਾਂ। ਭਾਵ ਉਹ ਤਹਾਡੇ ਮਿੱਤਰ ਮੰਡਲ ਦਾ ਪੱਕਾ ਮੈਂਬਰ ਬਣ ਜਾਵੇ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਡਾ ਕਾਰ ਵਿਹਾਰ, ਵਿਚਾਰ ਅਤੇ ਵਪਾਰ ਸ਼ੁੱਧ ਹੋਵੇਗਾ। ਜੇਕਰ ਕਿਸੇ ਨਾਲ ਧੋਖਾ ਕਰਦੇ ਹਾਂ ਤਾਂ ਉਹ ਦੁਬਾਰਾ ਸਾਡੇ ਨੇੜੇ ਨਹੀਂ ਆਉਂਦਾ ਸਗੋਂ ਕਈ ਹੋਰਾਂ ਨੂੰ ਵੀ ਸਾਡੇ ਤੋਂ ਦੂਰ ਕਰ ਦਿੰਦਾ ਹੈ। ਚੰਗੇਰਾ ਜੀਵਨ ਜਿਊਣ ਵਾਸਤੇ ਸਾਡੇ ਅੰਦਰ ਸਭ ਲਈ ਸਨਮਾਨ ਅਤੇ ਸਭ ਲਈ ਸ਼ਾਬਾਸ਼ ਦੇ ਸ਼ਬਦ ਹੋਣੇ ਚਾਹੀਦੇ ਹਨ। ਕਿਸੇ ਦਾ ਸਨਮਾਨ ਕਰਨ ਜਾਂ ਕਿਸੇ ਨੂੰ ਸ਼ਾਬਾਸ਼ ਦੇਣ ਵੇਲੇ ਨਰੋਏ ਸ਼ਬਦਾਂ ਦੀ ਵਰਤੋਂ ਵਿੱਚ ਕੰਜੂਸੀ ਨਹੀਂ ਕਰਨੀ ਚਾਹੀਦੀ। ਦਰਿਆ ਦਿਲ ਨਾਲ ਸਭ ਦੇ ਭਲੇ ਵਾਸਤੇ ਆਪਣੀ ਸਮਰੱਥਾ ਅਨੁਸਾਰ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਕੰਮ ਲਈ ਆਤਮਾ ਰੋਕਦੀ ਹੈ ਸਮਝੋ ਉਹ ਕੰਮ ਸਹੀ ਨਹੀਂ ਹੈ। ਇਸ ਲਈ ਮਨ ਮਰਜ਼ੀ ਕਰਨ ਦੀ ਬਜਾਏ ਆਪਣੀ ਆਤਮਾ ਦੀ ਸੁਣ ਕੇ ਅੱਗੇ ਵਧਦੇ ਜਾਵੋ। ਸਾਡੇ ਸ਼ੁਭ ਜਾਂ ਸ਼ੁੱਧ ਵਿਚਾਰ ਅਤੇ ਵਿਹਾਰ ਹੀ ਸਾਡੇ ਕਿਰਦਾਰ ਨੂੰ ਨਰੋਆ ਬਣਾਉਣ ਅਤੇ ਬੁਲੰਦੀਆਂ ‘ਤੇ ਪਹੁੰਚਾਉਣ ਵਾਲੇ ਅਹਿਮ ਤੱਤ ਹਨ।