Thursday, April 3, 2025
10 C
Vancouver

ਇਖ਼ਲਾਕੀ ਏ.ਆਈ. ਅਤੇ ਯੂਨੀਵਰਸਿਟੀਆਂ ਦੀ ਭੂਮਿਕਾ

 

ਲਿਖਤ : ਕਰਮਜੀਤ ਸਿੰਘ
ਪੈਰਿਸ ‘ਚ ਹਾਲ ਹੀ ਵਿੱਚ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਿਖਰ ਸੰਮੇਲਨ ਨੇ ਏਆਈ ਦੇ ਭਵਿੱਖ ‘ਤੇ ਵੱਖ-ਵੱਖ ਮੁਲਕਾਂ ਦਰਮਿਆਨ ਪਈ ਡੂੰਘੀ ਵੰਡ ਨੂੰ ਪ੍ਰਤੱਖ ਰੂਪ ‘ਚ ਪ੍ਰਗਟ ਕੀਤਾ ਹੈ। ਫਰਾਂਸ, ਭਾਰਤ ਤੇ ਚੀਨ ਵਰਗੇ ਮੁਲਕਾਂ ਨੇ ਸੰਤੁਲਿਤ ਪਹੁੰਚ ਦੀ ਵਕਾਲਤ ਕੀਤੀ ਹੈ ਜੋ ਉਪਲਬਧਤਾ ਨੂੰ ਇਖ਼ਲਾਕੀ ਵਿਵਸਥਾ ਨਾਲ ਜੋੜੇ ਜਦੋਂਕਿ ਅਮਰੀਕਾ ਤੇ ਬਰਤਾਨੀਆ ਵਰਗੇ ਦੂਜੇ ਮੁਲਕਾਂ ਨੇ ਰੋਕਾਂ ਲਾਉਣ ਤੋਂ ਖ਼ਬਰਦਾਰ ਕੀਤਾ ਹੈ ਤੇ ਦਲੀਲ ਦਿੱਤੀ ਹੈ ਕਿ ਜ਼ਿਆਦਾ ਨਿਗਰਾਨੀ ਨਵੀਆਂ ਕਾਢਾਂ ਦੇ ਰਾਹ ਦਾ ਅਡਿ਼ੱਕਾ ਬਣੇਗੀ। ਇਹ ਅਸਹਿਮਤੀ ਇਸ ਵੱਡੇ ਸਵਾਲ ਵੱਲ ਧਿਆਨ ਖਿੱਚਦੀ ਹੈ: ਏਆਈ ਨੂੰ ਇਸ ਤਰ੍ਹਾਂ ਕਿਵੇਂ ਵਿਕਸਿਤ ਕੀਤਾ ਜਾ ਸਕਦਾ ਹੈ ਕਿ ਇਹ ਖ਼ਤਰਿਆਂ ਨੂੰ ਘਟਾਉਂਦਿਆਂ ਮਨੁੱਖਤਾ ਦੀ ਸੇਵਾ ‘ਚ ਹਾਜ਼ਰ ਰਹੇ?
ਏਆਈ ‘ਚ ਉਦਯੋਗਾਂ ਤੇ ਅਰਥਚਾਰਿਆਂ ਵਿੱਚ ਕ੍ਰਾਂਤੀਕਾਰੀ ਬਦਲਾਓ ਲਿਆਉਣ ਦੀ ਸਮਰੱਥਾ ਹੈ, 2030 ਤੱਕ ਇਹ ਆਲਮੀ ਜੀਡੀਪੀ ‘ਚ ਅੰਦਾਜ਼ਨ 13 ਖਰਬ ਡਾਲਰ ਦਾ ਯੋਗਦਾਨ ਦੇ ਸਕਦੀ ਹੈ।
ਹਾਲਾਂਕਿ ਇਸ ਦੇ ਜੋਖ਼ਿਮ ਵੀ ਓਨੇ ਹੀ ਵੱਡੇ ਹਨ। ਖੋਜ ਕਾਰਜ ਦੱਸਦੇ ਹਨ ਕਿ ਅਧਿਐਨ ਕਰਨ ‘ਤੇ 78 ਪ੍ਰਤੀਸ਼ਤ ਏਆਈ ਪ੍ਰਣਾਲੀਆਂ ਪੱਖਪਾਤੀ ਨਿਕਲੀਆਂ ਹਨ ਜਦੋਂਕਿ ਡੀਪਫੇਕ ਤੇ ਝੂਠੀਆਂ ਜਾਣਕਾਰੀਆਂ ਵੀ ਚਿੰਤਾਜਨਕ ਦਰ ‘ਤੇ ਫੈਲ ਰਹੀਆਂ ਹਨ। ਰੁਜ਼ਗਾਰ ਦੇ ਮੋਰਚੇ ‘ਤੇ ਦੁਨੀਆ ਭਰ ‘ਚ 37.5 ਕਰੋੜ ਕਾਮਿਆਂ ਨੂੰ ਵੀ ਏਆਈ ਕਾਰਨ ਆਉਣ ਵਾਲੀ ਤਕਨੀਕੀ ਤਬਦੀਲੀ (ਆਟੋਮੇਸ਼ਨ) ਕਰ ਕੇ ਪੇਸ਼ੇਵਰ ਸ਼੍ਰੇਣੀਆਂ ਬਦਲਣੀਆਂ ਪੈਣਗੀਆਂ।
ਇਹ ਅੰਕੜੇ ਨੈਤਿਕਤਾ, ਸਮਾਵੇਸ਼ੀ ਦ੍ਰਿਸ਼ਟੀਕੋਣ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਏਆਈ ਦੇ ਵਿਕਾਸ ‘ਚ ਸ਼ਾਮਿਲ ਕਰਨ ਦੀ ਫੌਰੀ ਲੋੜ ਉਭਾਰਦੇ ਹਨ। ਆਰਥਿਕ ਤੇ ਤਕਨੀਕੀ ਪੱਖਾਂ ਤੋਂ ਪਰ੍ਹੇ, ਸਾਨੂੰ ਖ਼ੁਦ ਨੂੰ ਇਹ ਜ਼ਰੂਰ ਪੁੱਛਣਾ ਚਾਹੀਦਾ ਹੈ: ਏਆਈ ਦਾ ਲਾਭ ਕੀ ਹੈ ਜੇ ਇਹ ਪਰਿਵਾਰਾਂ ਨੂੰ ਤੋੜਨ, ਸ਼ਾਂਤੀ ਭੰਗ ਹੋਣ ਤੇ ਸਾਡੀਆਂ ਕਦਰਾਂ-ਕੀਮਤਾਂ ਨੂੰ ਖ਼ੋਰਾ ਲੱਗਣ ਦਾ ਕਾਰਨ ਬਣਦੀ ਹੈ? ਗੁਰੂ ਨਾਨਕ ਦੇਵ ਵੱਲੋਂ ਅਪਣਾਇਆ ਹਰੇਕ ਨੂੰ ਨਾਲ ਲੈ ਕੇ ਚੱਲਣ, ਸਰਬੱਤ ਦੇ ਭਲੇ ਦਾ ਦ੍ਰਿਸ਼ਟੀਕੋਣ ਕਿੱਥੇ ਹੈ? ਏਆਈ ਦੇ ਵਿਕਾਸ ਦੀ ਭਾਰਤੀ ਗਿਆਨ ਪਰੰਪਰਾ ਨਾਲ ਮੇਲ ਅਸੀਂ ਕਿਵੇਂ ਕਰਵਾ ਸਕਦੇ ਹਾਂ?
ਇਨ੍ਹਾਂ ਖ਼ਦਸ਼ਿਆਂ ਦੇ ਹੱਲ ਅਤੇ ਨੈਤਿਕਤਾ ਭਰਪੂਰ ਏਆਈ ਵਾਤਾਵਰਨ ਸਿਰਜਣ ‘ਚ ਵਿਦਿਅਕ ਸੰਸਥਾਵਾਂ ਮਹੱਤਵਪੂਰਨ ਜ਼ਿੰਮੇਵਾਰੀ ਅਦਾ ਕਰ ਸਕਦੀਆਂ ਹਨ। ਗਿਆਨ ਅਤੇ ਕਾਢ ਦੇ ਕੇਂਦਰਾਂ ਵਜੋਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਕਿਰਿਆਸ਼ੀਲ ਰਹਿੰਦਿਆਂ ਨੈਤਿਕਤਾ ਨੂੰ ਏਆਈ ਦੇ ਵਿਕਾਸ ‘ਚ ਜੜਨਾ ਚਾਹੀਦਾ ਹੈ।
ਏਆਈ ਸਿੱਖਿਆ ਤਕਨੀਕੀ ਗਿਆਨ ਤੱਕ ਸੀਮਤ ਹੋ ਕੇ ਨਹੀਂ ਰਹਿ ਸਕਦੀ। ਵਿਦਿਆਰਥੀਆਂ ਨੂੰ ਏਆਈ ਦੇ ਸਮਾਜਿਕ ਅਸਰਾਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਤਿਆਰ ਕਰਨ ਵਾਸਤੇ ਸੰਸਥਾਵਾਂ ਨੂੰ ਆਪਣੇ ਪਾਠਕ੍ਰਮ ‘ਚ ਨੈਤਿਕ, ਦਾਰਸ਼ਨਿਕ ਤੇ ਸਭਿਆਚਾਰਕ ਪੈਮਾਨੇ ਵੀ ਜੋੜਨੇ ਪੈਣਗੇ। ਮਸਲਨ, ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਅਜਿਹੇ ਕੋਰਸ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ ਜਿਹੜੇ ਏਆਈ ਨੂੰ ਫ਼ਲਸਫ਼ੇ, ਸਮਾਜ ਸ਼ਾਸਤਰ ਤੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨਾਲ ਜੋੜਨ। ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਸਮਾਨਤਾ ਤੇ ਨੈਤਿਕਤਾ ਦੇ ਤੰਤਰਾਂ ਦੀ ਅਹਿਮੀਅਤ ਨੂੰ ਸਮਝਣ।
ਯੂਨੀਵਰਸਿਟੀਆਂ ਨੂੰ ਏਆਈ ਦੇ ਪੱਖਪਾਤੀ ਪਹਿਲੂਆਂ ਨੂੰ ਧੀਮਾ ਕਰਨ ਲਈ ਵੀ ਖੋਜ ਨੂੰ ਤਰਜੀਹ ਦੇਣੀ ਚਾਹੀਦੀ ਹੈ, ਪਾਰਦਰਸ਼ਤਾ ਵਧਾ ਕੇ ਦੁਰਵਰਤੋਂ ਰੋਕਣੀ ਚਾਹੀਦੀ ਹੈ। ਸਹਿਯੋਗੀ ਤੇ ਅੰਤਰ-ਵਿਸ਼ਾ ਖੋਜ ਤਕਨੀਕ ਤੇ ਨੈਤਿਕਤਾ ਦਾ ਖੱਪਾ ਪੂਰ ਕੇ, ਭਿੰਨ-ਭਿੰਨ ਸਭਿਆਚਾਰਕ ਤੇ ਸਮਾਜਿਕ ਪ੍ਰਸੰਗਾਂ ਦਾ ਹੱਲ ਲੱਭ ਕੇ ਦੇ ਸਕਦੀ ਹੈ।
ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਲਈ ਏਆਈ ਦੇ ਰਹੱਸਾਂ ਤੋਂ ਪਰਦਾ ਚੁੱਕਣ, ਇਸ ਦੀਆਂ ਲਾਭ-ਹਾਨੀਆਂ ਅਤੇ ਇਖ਼ਲਾਕੀ ਅਸਰਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਉਣ। ਯੂਨੀਵਰਸਿਟੀਆਂ ਨੀਤੀ ਘਾੜਿਆਂ, ਉਦਯੋਗ ਜਗਤ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਰਾਬਤਾ ਬਣਾ ਕੇ ਏਆਈ ਪ੍ਰਣਾਲੀਆਂ ‘ਚ ਲੋਕਾਂ ਦਾ ਭਰੋਸਾ ਵਧਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੀਆਂ ਹਨ।
ਏਆਈ ਦੇ ਅਸਰ ਭਾਵੇਂ ਵਿਸ਼ਵ ਵਿਆਪੀ ਹਨ ਪਰ ਇਸ ਦੇ ਹੱਲ ਸਥਾਨਕ ਲੋੜਾਂ ਮੁਤਾਬਿਕ ਹੋਣੇ ਚਾਹੀਦੇ ਹਨ। ਉਦਾਹਰਨ ਦੇ ਤੌਰ ‘ਤੇ, ਜੀਐੱਨਡੀਯੂ ਵੱਲੋਂ ਦਿਹਾਤੀ ਤੇ ਸਰਹੱਦੀ ਇਲਾਕਿਆਂ ਦੇ ਵਿਦਿਆਰਥੀਆਂ ਲਈ 5 ਪ੍ਰਤੀਸ਼ਤ ਸੀਟਾਂ ਰਾਖਵੀਆਂ ਰੱਖਣ ਲਈ ਕੀਤਾ ਗਿਆ ਉੱਦਮ ਤਕਨੀਕੀ ਸਿੱਖਿਆ ‘ਚ ਬਰਾਬਰ ਮੌਕਿਆਂ ਲਈ ਚੁੱਕਿਆ ਗਿਆ ਅਗਾਂਹਵਧੂ ਕਦਮ ਹੈ। ਇਸ ਤਰ੍ਹਾਂ ਦੇ ਉੱਦਮ ਯਕੀਨੀ ਬਣਾਉਂਦੇ ਹਨ ਕਿ ਏਆਈ ਕ੍ਰਾਂਤੀ ‘ਚ ਪੱਛੜੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ।
ਗੁਰੂ ਨਾਨਕ ਦਾ ‘ਸਰਬੱਤ ਦੇ ਭਲੇ’ ਦਾ ਫ਼ਲਸਫ਼ਾ ਉਸ ਕਿਸਮ ਦੀ ਏਆਈ ਲਈ ਰਾਹ ਦਸੇਰਾ ਹੈ, ਜਿਸ ਕਿਸਮ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਕਸਿਤ ਕਰਨਾ ਸਾਡਾ ਟੀਚਾ ਹੋਣਾ ਚਾਹੀਦਾ ਹੈ- ਅਜਿਹੀ ਜੋ ਮਾਨਵਤਾ ਨੂੰ ਉੱਚਾ ਚੁੱਕੇ, ਵੰਡੀਆਂ ਮਿਟਾਏ ਤੇ ਸਦਭਾਵਨਾ ਨੂੰ ਹੁਲਾਰਾ ਦੇਵੇ। ਸਾਡੀ ਸਭਿਆਚਾਰਕ ਵਿਰਾਸਤ ਦੇ ਮੁਖ਼ਤਾਰਾਂ ਵਜੋਂ ਯੂਨੀਵਰਸਿਟੀਆਂ ਨੂੰ ਤਕਨੀਕ ਆਧਾਰਿਤ ਪਰ ਇਖ਼ਲਾਕੀ ਤੌਰ ‘ਤੇ ਜ਼ਮੀਨ ਨਾਲ ਜੁਡਿ਼ਆ ਸਮਾਜ ਬਣਾਉਣ ਲਈ ਇਨ੍ਹਾਂ ਆਦਰਸ਼ਾਂ ਨੂੰ ਸਭ ਤੋਂ ਉੱਚਾ ਦਰਜਾ ਦੇਣਾ ਚਾਹੀਦਾ ਹੈ।
ਇਹ ਯਕੀਨੀ ਬਣਾਉਣ ‘ਚ ਸਰਕਾਰ ਦੀ ਭੂਮਿਕਾ ਵੀ ਮਹੱਤਵਪੂਰਨ ਹੈ ਕਿ ਏਆਈ ਮਨੁੱਖਤਾ ਦਾ ਨੁਕਸਾਨ ਕਰਨ ਦੀ ਬਜਾਇ ਇਸ ਦੇ ਕੰਮ ਆਏ। ਏਆਈ ਮੁਕਾਬਲੇ ‘ਚ ਮੋਹਰੀ ਬਣੇ ਰਹਿਣ ਲਈ ਅਮਰੀਕਾ ਵਰਗੇ ਮੁਲਕਾਂ ਵੱਲੋਂ ਇਸ ਖੇਤਰ ‘ਚ ਦਿੱਤੀ ਜਾ ਰਹੀ ਖੁੱਲ੍ਹ, ਅਸਥਿਰ ਹੋਣ ਦੇ ਨਾਲ-ਨਾਲ ਸੰਭਾਵੀ ਤੌਰ ‘ਤੇ ਖ਼ਤਰਨਾਕ ਵੀ ਹੈ। ਇਸ ਦੇ ਨਾਲ-ਨਾਲ ਜਿਵੇਂ ਕਈ ਕਾਰੋਬਾਰੀਆਂ ਨੂੰ ਡਰ ਹੈ, ਲੋੜੋਂ ਵੱਧ ਨਿਗਰਾਨੀ ਨਵੀਆਂ ਖੋਜਾਂ ਦੇ ਰਾਹ ਦਾ ਅਡਿ਼ੱਕਾ ਵੀ ਬਣ ਸਕਦੀ ਹੈ। ਸਹੀ ਸੰਤੁਲਨ ਬਿਠਾਉਣ ਲਈ ਸਾਵਧਾਨੀ ਨਾਲ ਨੀਤੀਆਂ ਘੜਨ ਤੇ ਕੌਮਾਂਤਰੀ ਸਹਿਯੋਗ ਦੀ ਲੋੜ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਏਆਈ ਚਲਾਉਣ ਲਈ ਅਜਿਹੀਆਂ ਕੌਮਾਂਤਰੀ ਤੇ ਕੌਮੀ ਪੱਧਰ ਦੀਆਂ ਪ੍ਰਣਾਲੀਆਂ ‘ਤੇ ਕੰਮ ਕਰਨ ਜਿਹੜੀਆਂ ਪਾਰਦਰਸ਼ਤਾ, ਸੁਰੱਖਿਆ ਤੇ ਸਮਾਨਤਾ ਨੂੰ ਤਰਜੀਹ ਦਿੰਦੀਆਂ ਹੋਣ। ਇਨ੍ਹਾਂ ਢਾਂਚਿਆਂ ਦੀ ਕਾਰਜ ਵਿਧੀ ਇਸ ਤਰ੍ਹਾਂ ਦੀ ਹੋਵੇ ਕਿ ਇਹ ਇੱਕਪਾਸੜ ਜਾਣਕਾਰੀਆਂ ਦੀ ਸ਼ਨਾਖ਼ਤ ਕਰ ਕੇ ਇਨ੍ਹਾਂ ਨੂੰ ਘਟਾਉਣ, ਡੇਟਾ ਸੁਰੱਖਿਆ ਯਕੀਨੀ ਬਣਾਉਣ ਤੇ ਦੁਰਵਰਤੋਂ ਲਈ ਡਿਵੈਲਪਰਾਂ ਦੀ ਜਵਾਬਦੇਹੀ ਤੈਅ ਕਰਨ। ਮੁਲਕਾਂ ਦਾ ਸਭਿਆਚਾਰਕ ਚਰਿੱਤਰ ਤੇ ਕਦਰਾਂ-ਕੀਮਤਾਂ ਇਨ੍ਹਾਂ ਵੱਲੋਂ ਲਾਗੂ ਕੀਤੀਆਂ ਜਾਣ ਵਾਲੀਆਂ ਨੀਤੀਆਂ ਵਿੱਚ ਝਲਕਣੇ ਚਾਹੀਦੇ ਹਨ। ਮਿਸਾਲ ਦੇ ਤੌਰ ‘ਤੇ ਭਾਰਤ, ਭਾਰਤੀ ਗਿਆਨ ਪਰੰਪਰਾ ਦੀ ਆਪਣੀ ਅਮੀਰ ਵਿਰਾਸਤ ਤੋਂ ਸੇਧ ਲੈ ਸਕਦਾ ਹੈ ਜੋ ਬਿਬੇਕ, ਸਮਾਨਤਾ ਤੇ ਸਦਭਾਵਨਾ ਉੱਤੇ ਜ਼ੋਰ ਦਿੰਦੀ ਹੈ। ਏਆਈ ਦਾ ਵਿਕਾਸ, ਭਵਿੱਖੀ ਪੀੜ੍ਹੀਆਂ ਲਈ ਹਮਦਰਦ ਤੇ ਨਿਆਂਸੰਗਤ ਸਮਾਜ ਦੀ ਸਿਰਜਣਾ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਇਹ ਨੈਤਿਕ ਏਆਈ ‘ਤੇ ਅੰਤਰ-ਵਿਸ਼ਾ ਅਧਿਐਨ ਲਈ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਨੂੰ ਫੰਡ ਅਲਾਟ ਕਰੇ। ਅਕਾਦਮਿਕ ਖੇਤਰ, ਉਦਯੋਗ ਜਗਤ ਅਤੇ ਸਰਕਾਰ ਦਰਮਿਆਨ ਭਾਈਵਾਲੀ ਕਾਇਮ ਕਰ ਕੇ ਇਖ਼ਲਾਕੀ ਪਾਲਣਾ ਯਕੀਨੀ ਬਣਾਉਣ ਦੇ ਨਾਲ-ਨਾਲ ਨਵੀਂ ਖੋਜ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਏਆਈ ਦੇ ਲਾਭ ਤੇ ਜੋਖ਼ਿਮਾਂ ਬਾਰੇ ਨਾਗਰਿਕਾਂ ਨੂੰ ਚੇਤਨ ਕਰਨ ਲਈ ਸਰਕਾਰ ਨੂੰ ਵੱਡੀ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਲੋਕਾਂ ਦੀ ਸ਼ਮੂਲੀਅਤ ਏਆਈ ਤੰਤਰਾਂ ਵਿੱਚ ਭਰੋਸੇ ਨੂੰ ਮਜ਼ਬੂਤ ਕਰੇਗੀ ਅਤੇ ਉਨ੍ਹਾਂ ਨੂੰ ਇਸ ਦੀ ਵਰਤੋਂ ਸਬੰਧੀ ਸਹੀ ਫ਼ੈਸਲੇ ਲੈਣ ਦੇ ਕਾਬਿਲ ਬਣਾਏਗੀ। ਏਆਈ ਹੁਣ ਕਿਉਂਕਿ ਕਿਰਤ ਬਾਜ਼ਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਕਾਮਿਆਂ ਨੂੰ ਉੱਭਰ ਰਹੀਆਂ ਨਵੀਆਂ ਭੂਮਿਕਾਵਾਂ ਲਈ ਤਿਆਰ ਕੀਤਾ ਜਾਵੇ। ਇਸ ਲਈ ਨਵੇਂ ਸਿਰਿਓਂ ਹੁਨਰ ਸਿਖਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਦਿਹਾਤੀ ਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪਏਗਾ ਤਾਂ ਕਿ ਡਿਜੀਟਲ ਖੱਪਾ ਪੂਰਿਆ ਜਾ ਸਕੇ।
ਆਖ਼ਿਰਕਾਰ, ਏਆਈ ਦੀ ਬਣਤਰ ਉਸ ਤਰ੍ਹਾਂ ਦੇ ਸਮਾਜ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ, ਜਿਹੋ-ਜਿਹਾ ਸਮਾਜ ਅਸੀਂ ਚਾਹੁੰਦੇ ਹਾਂ। ਏਆਈ ਦਾ ਬੇਲਗਾਮ ਵਿਕਾਸ, ਜਿਸ ਦਾ ਮੰਤਵ ਸਿਰਫ਼ ਮੁਨਾਫ਼ਾ ਹੋਵੇ, ਮਨੁੱਖਤਾ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਸਾਰੀਆਂ ਕਦਰਾਂ-ਕੀਮਤਾਂ ਨੂੰ ਖ਼ੋਰਾ ਲਾ ਸਕਦਾ ਹੈ। ਜਿਵੇਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਸਾਨੂੰ ਚੇਤੇ ਕਰਾਉਂਦੀਆਂ ਹਨ ਕਿ ਆਖ਼ਰੀ ਟੀਚਾ ਸਾਰਿਆਂ ਦੀ ਭਲਾਈ ਹੋਣਾ ਚਾਹੀਦਾ ਹੈ। ਸਾਨੂੰ ਅਜਿਹੀ ਏਆਈ ਪ੍ਰਣਾਲੀ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਵਿਆਪਕ ਤੇ ਸੰਵੇਦਨਸ਼ੀਲ ਹੋਣ ਦੇ ਨਾਲ-ਨਾਲ ਸਮਾਨਤਾ ਦਾ ਹੋਕਾ ਦੇਵੇ, ਵੰਡ ਤੇ ਘੜਮੱਸ ਦੀ ਥਾਂ ਸ਼ਾਂਤੀ ਤੇ ਸਦਭਾਵਨਾ ਯਕੀਨੀ ਬਣਾਏ।
ਇਸ ਨਾਜ਼ੁਕ ਪੰਧ ‘ਤੇ ਚੱਲਦਿਆਂ ਸਰਕਾਰਾਂ, ਵਿਦਿਅਕ ਸੰਸਥਾਵਾਂ ਤੇ ਸਿਵਲ ਸੁਸਾਇਟੀ ਦਰਮਿਆਨ ਸਹਿਯੋਗ ਮਹੱਤਵਪੂਰਨ ਹੋਵੇਗਾ। ਇਕਜੁੱਟ ਹੋ ਕੇ ਅਸੀਂ ਆਪਣੀਆਂ ਕਦਰਾਂ-ਕੀਮਤਾਂ ਦੀ ਰਾਖੀ ਦੇ ਨਾਲ-ਨਾਲ ਏਆਈ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਦਾ ਲਾਹਾ ਲੈ ਸਕਦੇ ਹਾਂ ਤੇ ਯਕੀਨੀ ਬਣਾ ਸਕਦੇ ਹਾਂ ਕਿ ਖ਼ਲਲ ਪਾਉਣ ਵਾਲੀ ਤਾਕਤ ਬਣਨ ਦੀ ਬਜਾਇ ਇਹ ਆਲਮੀ ਚੰਗਿਆਈ ਦਾ ਇੱਕ ਸਾਧਨ ਬਣੇ।