Thursday, April 3, 2025
10 C
Vancouver

ਆਸ ਜੀਵਨ ਦੀ ਰਾਹਦਾਰੀ

 

ਲਿਖਤ : ਕਮਲਜੀਤ ਕੌਰ ਗੁੰਮਟੀ
ਸੰਪਰਕ: 98769-26873
ਆਸ ਜਿਊਂਦੇ ਹੋਣ ਦੀ ਨਿਸ਼ਾਨੀ ਤੇ ਨਵੀਆਂ ਰਾਹਾਂ ਸਿਰਜਣ ਦਾ ਉਮਾਹ ਹੈ। ਇਹ ਮਨ ਦੀਆਂ ਇੱਛਾਵਾਂ ਨੂੰ ਦਿਸ਼ਾ ਦਿੰਦੀ ਹੈ। ਇਸ ਨਾਲ ਹੀ ਜ਼ਿੰਦਗੀ ਵਿੱਚ ਮਨ ਚਾਹਿਆ ਪ੍ਰਾਪਤ ਕਰਨ ਦੀ ਉਮੀਦ ਹੁੰਦੀ ਹੈ। ਮੰਜ਼ਿਲਾਂ ਨੂੰ ਮਿੱਥਣ ਅਤੇ ਉਨ੍ਹਾਂ ਤੱਕ ਪਹੁੰਚਣ ਦੀ ਤੀਬਰ ਇੱਛਾ ਹੈ ਆਸ, ਜਿਨ੍ਹਾਂ ਦੇ ਮਨ ਵਿੱਚ ਆਸ ਹੈ, ਉਹ ਔਖੇ ਪੈਂਡੇ ਤੈਅ ਕਰਕੇ ਮੰਜ਼ਿਲਾਂ ਤੀਕਰ ਪੁੱਜਦੇ ਹਨ। ਮਨ ਵਿੱਚ ਆਸ ਨਾ ਰੱਖਣ ਵਾਲੇ ਲੋਕ ਉੱਦਮਹੀਣ ਹੁੰਦੇ ਹਨ। ਆਸ ਲੈ ਕੇ ਚੱਲਣ ਵਾਲੇ ਲੋਕ ਸੰਪੂਰਨਤਾ ਹਾਸਲ ਕਰਦੇ ਹਨ। ਆਸ ਦੇ ਬਲਦੇ ਦੀਵੇ ਰਾਹਾਂ ਵਿੱਚ ਰੋਸ਼ਨੀ ਭਰ ਦਿੰਦੇ ਹਨ। ਆਸ ਨਾਲ ਉੱਚੇ ਮੁਕਾਮ ਹਾਸਲ ਹੁੰਦੇ ਹਨ। ਆਸ ਮਨੁੱਖ ਦੀ ਸਵੈ ਚੇਤਨਾ ਨੂੰ ਜਾਗ ਲਾ ਕੇ ਸੁੰਗੜੀ ਸੋਚ ਤੇ ਸਾਜ਼ਿਸ਼ਾਂ ਨੂੰ ਮਿਟਾ ਦਿੰਦੀ ਹੈ। ਜਿਊਂਦੇ ਜੀਅ ਆਪਣੇ ਵਿੱਛੜਿਆਂ ਨੂੰ ਦੁਬਾਰਾ ਮਿਲਣ ਦੀ ਆਸ ਜਿਊਂਦੇ ਰਹਿਣ ਦਾ ਮਕਸਦ ਦਿੰਦੀ ਹੈ।
ਮਨ ਵਿੱਚ ਕੁਝ ਕਰਨ ਦਾ ਸਿਰੜ ਅਤੇ ਸਾਧਨਾ ਹੀ ਆਸ ਹੈ। ਇਨਸਾਨ ਦੀ ਆਸ ਵਿੱਚ ਸਮੇਂ ਦੇ ਨਾਲ ਨਾਲ ਤਬਦੀਲੀ ਵੀ ਆਉਂਦੀ ਹੈ। ਆਸ ਜੀਵਨ ਜਿਊਣ ਦਾ ਉਸਾਰੂ ਅੰਦਾਜ਼ ਹੈ। ਇਸ ਨਾਲ ਇਨਸਾਨ ਨੂੰ ਉਡਾਣ ਭਰਨ ਲਈ ਖੰਭ ਮਿਲਦੇ ਹਨ। ਇਸ ਬਿਨਾਂ ਜੀਵਨ ਵਿੱਚ ਉਤਸ਼ਾਹ ਨਹੀਂ ਰਹਿੰਦਾ। ਜ਼ਿੰਦਗੀ ਵਿੱਚ ਮਹਾਨ ਬਣਨ ਵਾਲੇ ਲੋਕ ਆਸ ਦਾ ਪੱਲੜਾ ਫੜ ਕੇ ਚੰਗੀ ਸੋਚ, ਹਿੰਮਤ ਤੇ ਕੋਸ਼ਿਸ਼ ਨਾਲ ਅੱਗੇ ਵਧਦੇ ਹਨ। ਆਸ ਨਾਲ ਕੀਤੀਆਂ ਚੰਗੀਆਂ ਕੋਸ਼ਿਸ਼ਾਂ ਸੁਪਨੇ ਪੂਰਦੀਆਂ ਹਨ। ਇਹ ਜ਼ਿੰਦਗੀ ਨੂੰ ਹਾਂ ਪੱਖੀ ਨਜ਼ਰੀਆ ਪ੍ਰਦਾਨ ਕਰਕੇ ਫਰਜ਼ਾਂ ਪ੍ਰਤੀ ਸੁਚੇਤ ਰੱਖਦੀ ਹੈ। ਇਹ ਸਾਡੀ ਦਿਲਚਸਪੀ, ਜਗਿਆਸਾ ਤੇ ਗਿਆਨ ਵਿੱਚ ਵਾਧਾ ਕਰਦੀ ਹੈ। ਇਹ ਮਨੁੱਖ ਨੂੰ ਥੱਕਣ ਨਹੀਂ ਦਿੰਦੀ ਤੇ ਨਾ ਹੀ ਭਰੋਸਾ ਟੁੱਟਣ ਦਿੰਦੀ ਹੈ। ਇਹ ਜ਼ਿੰਦਗੀ ਨੂੰ ਮਹਿਕਣ ਲਾ ਦਿੰਦੀ ਹੈ। ਸਮਾਜ ਦਾ ਭਲਾ ਚਾਹੁਣ ਵਾਲੇ ਲੋਕ ਨਿੱਜੀ ਗਰਜ਼ ਲਈ ਆਸ ਨਹੀਂ ਰੱਖਦੇ, ਸਗੋਂ ਖੁਦਗਰਜ਼ੀ ਤੋਂ ਉੱਪਰ ਉੱਠ ਕੇ ਸਮਾਜ ਨੂੰ ਚੰਗੀ ਸੇਧ ਵਾਲੀਆਂ ਆਸਾਂ ਨਾਲ ਅੱਗੇ ਵਧਦੇ ਹੋਏ ਮਜ਼ਬੂਤ ਸਮਾਜ ਸਿਰਜਣ ਵਿੱਚ ਯੋਗਦਾਨ ਪਾਉਂਦੇ ਹਨ।
ਅਸੀਂ ਸਾਰੇ ਜਾਣਦੇ ਹਾਂ ਕਿ ਪਰਮਾਤਮਾ ਦੀ ਕੋਈ ਸ਼ਕਲ ਅਤੇ ਕੋਈ ਆਕਾਰ ਨਹੀਂ, ਫਿਰ ਵੀ ਅਸੀਂ ਉਸ ਪਰਮਾਤਮਾ ਤੋਂ ਆਸ ਰੱਖਦੇ ਹਾਂ, ਉਹਦੇ ਅੱਗੇ ਸਿਰ ਝੁਕਾ ਕੇ ਮਨ ਨੂੰ ਸਕੂਨ ਤੇ ਸਬਰ ਮਿਲਦਾ ਹੈ। ਪਰਮਾਤਮਾ ਸਾਡੀਆਂ ਆਸਾਂ ਪੂਰਦਾ ਹੈ, ਪਰਮਾਤਮਾ ਨੇ ਕੁਦਰਤ ਦੇ ਰੂਪ ਵਿੱਚ ਮਨੁੱਖ ਨੂੰ ਅਨਮੋਲ ਨਿਆਮਤਾਂ ਬਖ਼ਸ਼ੀਆਂ ਹਨ, ਪਰ ਮਨੁੱਖ ਉੱਥੇ ਕੁਤਾਹੀ ਕਰਦਾ ਹੈ, ਜਦੋਂ ਆਪਣਾ ਲਾਲਚ ਤੇ ਨਿੱਜੀ ਗਰਜ਼ਾਂ ਪੂਰੀਆਂ ਕਰਨ ਲਈ ਪਰਮਾਤਮਾ ਦੀਆਂ ਬਖ਼ਸ਼ੀਆਂ ਕੁਦਰਤੀ ਸੌਗਾਤਾਂ ਰੁੱਖ, ਬੂਟੇ ਤੇ ਸ਼ੁੱਧ ਵਾਤਾਵਰਨ ਜਿਨ੍ਹਾਂ ਨਾਲ ਮਨੁੱਖ ਦੇ ਸਾਹ ਚੱਲਦੇ ਹਨ, ਨੂੰ ਖ਼ਤਮ ਕਰਨ ਲਈ ਕੋਈ ਕਸਰ ਨਹੀਂ ਛੱਡਦਾ ਤੇ ਪਰਮਾਤਮਾ ਦੀਆਂ ਆਸਾਂ ‘ਤੇ ਪਾਣੀ ਫੇਰ ਦਿੰਦਾ ਹੈ। ਹਰ ਇਨਸਾਨ ਦੇ ਜੀਵਨ ਵਿੱਚ ਇੱਕ ਚੰਗੀ ਆਸ ਜ਼ਰੂਰੀ ਹੈ। ਆਸਹੀਣ ਵਿਅਕਤੀ ਦੇ ਜੀਵਨ ਵਿੱਚ ਕਦੇ ਖ਼ੁਸ਼ੀ ਨਹੀਂ ਆ ਸਕਦੀ। ਜੋ ਲੋਕ ਆਸਾਂ ਲੈ ਕੇ ਨਹੀਂ ਚੱਲਦੇ, ਉਹ ਜ਼ਿੰਦਗੀ ਵਿੱਚ ਪੱਛੜ ਜਾਂਦੇ ਹਨ।
ਪ੍ਰਗਤੀ ਦੀ ਆਸ ਵਿੱਚ ਮਨੁੱਖ ਨਿੱਤ ਨਵੀਆਂ ਖੋਜਾਂ ਕਰਦਾ ਹੈ। ਸਮਾਜਿਕ ਸਥਿਤੀਆਂ ਅਤੇ ਸਮੱਸਿਆਵਾਂ ਦੇ ਵਿਸ਼ੇ ਵਿੱਚ ਨਵਾਂ ਗਿਆਨ ਪ੍ਰਾਪਤ ਕਰਨ ਦੀ ਆਸ ਹੀ ਖੋਜ ਹੈ। ਇਨ੍ਹਾਂ ਖੋਜਾਂ ਨੇ ਮਨੁੱਖ ਨੂੰ ਬੜਾ ਕੁਝ ਨਿਵੇਕਲਾ ਦਿੱਤਾ ਹੈ। ਮਨੁੱਖ ਦੀ ਦੂਜੇ ਗ੍ਰਹਿਆਂ ਤੱਕ ਪਹੁੰਚਣ ਦੀ ਆਸ ਨੇ ਨਵੀਆਂ ਖੋਜਾਂ ਨੂੰ ਜਨਮ ਦਿੱਤਾ ਹੈ। ਕੁਝ ਹੱਦ ਤੱਕ ਮਨੁੱਖ ਨੇ ਇਸ ਆਸ ਨੂੰ ਪੂਰਦਿਆਂ ਆਪਣੀ ਪਹੁੰਚ ਦੂਸਰੇ ਗ੍ਰਹਿਆਂ ਤੱਕ ਬਣਾ ਵੀ ਲਈ ਹੈ। ਮਨ ਵਿੱਚ ਧਾਰੀ ਆਸ ਨੂੰ ਪੂਰਾ ਕਰਨ ਲਈ ਮਨੁੱਖ ਸਹੀ ਉੱਦਮ ਕਰਕੇ ਸਫਲਤਾ ਦੇ ਰਾਹਾਂ ਦਾ ਪਾਂਧੀ ਬਣਦਾ ਹੈ। ਉਮਰ ਮੁਤਾਬਿਕ ਹਰ ਇਨਸਾਨ ਦੀ ਆਸ ਵੱਖਰੀ ਹੋ ਸਕਦੀ ਹੈ। ਇੱਕ ਵਿਦਿਆਰਥੀ ਦੀ ਆਸ ਚੰਗੇ ਨੰਬਰ ਲੈਣ ਦੀ, ਕਿਸਾਨ ਦੀ ਆਸ ਚੰਗੀ ਫ਼ਸਲ ਦੀ ਤੇ ਵਪਾਰੀ ਦੀ ਆਸ ਚੰਗੇ ਵਪਾਰ ਦੀ ਹੁੰਦੀ ਹੈ। ਕਈ ਵਾਰ ਇਨਸਾਨ ਅਗਿਆਨਤਾ ਕਰਕੇ ਆਪਣਾ ਕੀਮਤੀ ਸਮਾਂ ਗੁਆ ਬਹਿੰਦਾ ਹੈ ਤੇ ਮਨ ਵਿੱਚ ਧਾਰੀ ਆਸ ਅਧੂਰੀ ਰਹਿ ਜਾਂਦੀ ਹੈ। ਜੇਕਰ ਇੱਕ ਵਾਰ ਆਸ ਪੂਰੀ ਨਹੀਂ ਹੋਈ ਤਾਂ ਦੂਜੀ ਵਾਰ ਹਿੰਮਤ ਕਰਨੀ ਹੈ। ਧਨੀ ਰਾਮ ਚਾਤ੍ਰਿਕ ਲਿਖਦੇ ਹਨ;
ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ।
ਹਿੰਮਤੀ ਮਨੁੱਖ ਹਮੇਸ਼ਾਂ ਕਿਰਿਆਸ਼ੀਲ ਰਹਿੰਦੇ ਹਨ ਤੇ ਮਨ ਵਿੱਚ ਆਸ ਰੱਖ ਕੇ ਆਪਣੇ ਉਦੇਸ਼ ਵੱਲ ਵਧਦੇ ਹਨ। ਅਜਿਹੇ ਲੋਕ ਜੀਵਨ ਦੀਆਂ ਔਕੜਾਂ ਤੋਂ ਡਰ ਕੇ ਕਦੇ ਘਬਰਾਉਂਦੇ ਨਹੀਂ। ਮਨ ਵਿੱਚ ਧਾਰਨਾ ਬਣਾ ਕੇ ਆਪਣੇ ਟੀਚੇ ਤੱਕ ਪਹੁੰਚਣ ਲਈ, ਆਪਣੀ ਆਸ ਨੂੰ ਪੂਰਾ ਕਰਨ ਲਈ ਪਹਿਲਾਂ ਉਸ ਦੀ ਪਹਿਚਾਣ ਕਰਦੇ ਹਨ, ਕੰਮ ਨੂੰ ਮਹੱਤਤਾ ਦਿੰਦੇ ਹਨ ਤੇ ਧਿਆਨ ਕੇਂਦਰਿਤ ਕਰਕੇ ਯਤਨ ਤੇ ਉੱਦਮ ਨਾਲ ਸ਼ੁਰੂ ਹੋ ਕੇ ਉਨ੍ਹਾਂ ਨੂੰ ਮੰਜ਼ਿਲ ‘ਤੇ ਪੁੱਜਦਿਆਂ ਦੇਰ ਨਹੀਂ ਲੱਗਦੀ। ਆਸ ਪੂਰੀ ਕਰਨ ਲਈ ਆਸ਼ਾਵਾਦੀ ਨਜ਼ਰੀਏ ਦਾ ਹੋਣਾ ਜ਼ਰੂਰੀ ਹੈ, ਜਿਹੋ ਜਿਹੀ ਮਨੁੱਖ ਦੀ ਸੋਚ ਹੁੰਦੀ ਹੈ, ਉਸੇ ਤਰ੍ਹਾਂ ਦੀ ਸ਼ਖ਼ਸੀਅਤ ਬਣ ਜਾਂਦੀ ਹੈ। ਚੰਗੀਆਂ ਆਸਾਂ ਦੀ ਉਮੀਦ ਨਾਲ ਚੰਗੀਆਂ ਤਰੰਗਾਂ ਪੈਦਾ ਹੁੰਦੀਆਂ ਹਨ, ਮਨ ਉਤਸ਼ਾਹ ਨਾਲ ਭਰ ਜਾਂਦਾ ਹੈ। ਮਨ ਵਿੱਚ ਕੁਝ ਕਰ ਗੁਜ਼ਰਨ ਲਈ ਹੌਸਲਾ ਪੈਦਾ ਹੁੰਦਾ ਹੈ ਤੇ ਜੀਵਨ ਵਿੱਚ ਸਿਰਫ਼ ਜਿੱਤ ਹੀ ਜਿੱਤ ਨਜ਼ਰ ਪੈਂਦੀ ਹੈ।
ਆਸ ਆਤਮ ਵਿਸ਼ਵਾਸ ਹੈ। ਇਹ ਮਨੁੱਖ ਦੀ ਹੋਂਦ ਨੂੰ ਬਰਕਰਾਰ ਰੱਖਦੀ ਹੈ। ਜ਼ਿੰਦਗੀ ਵਿੱਚ ਆਸ ਨਾ ਰੱਖਣ ਵਾਲੇ ਲੋਕਾਂ ਨੂੰ ਜ਼ਿੰਦਗੀ ਭਰ ਨਿਕੰਮਾਪਣ ਸਤਾਉਂਦਾ ਹੈ ਤੇ ਉਨ੍ਹਾਂ ਦਾ ਮਨ ਸਕੂਨ ਤੇ ਖ਼ੁਸ਼ੀ ਤੋਂ ਦੂਰ ਹੋ ਜਾਂਦਾ ਹੈ। ਜਦੋਂ ਮਨੁੱਖੀ ਮਨ ਆਸ ਛੱਡ ਕੇ ਕਿਸਮਤ ਨੂੰ ਕੋਸਦਾ ਹੈ ਤਾਂ ਜ਼ਿੰਦਗੀ ਨਿਰਾਸ਼ਾ ਤੇ ਹਨੇਰੇ ਨਾਲ ਭਰ ਜਾਂਦੀ ਹੈ। ਆਸਾਂ ਨੂੰ ਢਹਿ-ਢੇਰੀ ਕਰਕੇ ਸੁਪਨਿਆਂ ਨੂੰ ਟੁੱਟਣ ਨਹੀਂ ਦੇਣਾ, ਸਗੋਂ ਚੰਗੀ ਆਸ ਨਾਲ ਹਨੇਰੇ ਵਿੱਚ ਵੀ ਰੋਸ਼ਨੀ ਲੱਭਣੀ ਹੈ। ਜ਼ਿੰਦਗੀ ਵਿੱਚ ਚੰਗੀ ਆਸ ਰੱਖ ਕੇ ਆਪਣੀ ਪਛਾਣ ਉਸਾਰਨੀ ਹੈ। ਬੇਆਸ ਰਹਿਣ ਵਾਲੇ ਲੋਕ ਕਦੇ ਖੁਸ਼ਹਾਲ ਨਹੀਂ ਹੁੰਦੇ। ਜ਼ਿੰਦਗੀ ਵਿੱਚ ਆਸ ਲੈ ਕੇ ਚੱਲਣ ਵਾਲੇ ਲੋਕ ਕਦੇ ਸੁਸਤ ਨਹੀਂ ਹੁੰਦੇ।
ਚੰਗੀ ਆਸ ਦੇ ਸਹਾਰੇ ਸੁੱਖ ਦੀ ਨੀਝ ਲੱਗਦੀ ਹੈ। ਨਸ਼ੀਲੇ ਪਦਾਰਥ ਵੇਚ ਕੇ ਨਿਆਣੀ ਉਮਰੇ ਕਿਸੇ ਦੇ ਧੀ-ਪੁੱਤ ਨੂੰ ਨਸ਼ੇ ਦਾ ਆਦੀ ਬਣਾ ਕੇ, ਬੇਸਮਝਾਂ ਦੇ ਹੱਥ ਹਥਿਆਰ ਫੜਾ ਕੇ, ਕਿਸੇ ਨੂੰ ਰਿਸ਼ਵਤ ਦੇ ਕੇ, ਧੋਖੇ ਦੇ ਕੇ, ਚੋਰੀਆਂ ਕਰਕੇ ਤੇ ਕਿਸੇ ਨਾਲ ਬੇਵਫ਼ਾਈ ਕਰਕੇ ਆਪਣੀਆਂ ਆਸਾਂ ਨਹੀਂ ਪੂਰੀਦੀਆਂ। ਗ਼ਲਤ ਢੰਗ ਨਾਲ ਪੂਰੀਆਂ ਕੀਤੀਆਂ ਆਸਾਂ ਸਾਡੀ ਲਾਲਸਾ ਪੂਰਤੀ ਦੀ ਆਸ ਨੂੰ ਜ਼ਰੂਰ ਪੂਰਾ ਕਰਦੀਆਂ ਹਨ, ਪਰ ਮਨ ਨੂੰ ਸੰਤੁਸ਼ਟੀ ਨਹੀਂ ਬਖ਼ਸ਼ਦੀਆਂ। ਦੋਸਤੀ ਅਤੇ ਪਿਆਰ ਨੂੰ ਬਰਕਰਾਰ ਰੱਖ ਕੇ, ਦੂਜਿਆਂ ਦੀ ਖ਼ੁਸ਼ੀ ਦਾ ਖ਼ਿਆਲ ਰੱਖ ਕੇ ਪੂਰੀ ਕੀਤੀ ਆਸ ਰੂਹ ਨੂੰ ਸਕੂਨ ਦਿੰਦੀ ਹੈ।
‘ਜੀਵੇ ਆਸਾ, ਮਰੇ ਨਿਰਾਸ਼ਾ’ ਕਹਾਵਤ ਤੋਂ ਪਤਾ ਚੱਲਦਾ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚੱਲਦਾ ਹੈ। ਆਸ ਦਾ ਅਰਥ ਹੈ ‘ਭਵਿੱਖ ਲਈ ਆਸ਼ਾਵਾਦੀ ਰਹਿਣਾ’ ਭਵਿੱਖ ਵਿੱਚ ਜੋ ਸਮਾਂ ਆਉਣਾ ਹੈ, ਉਸ ਨੂੰ ਸਫਲਤਾ, ਖੁਸ਼ਹਾਲੀ ਤੇ ਉੱਨਤੀ ਦੇ ਚਿੰਨ੍ਹ ਵਜੋਂ ਸਵੀਕਾਰ ਕਰਨਾ ਹੀ ਆਸ ਹੈ। ਇਹ ਮਨੁੱਖ ਨੂੰ ਕਿਰਿਆਸ਼ੀਲ ਤੇ ਚੜ੍ਹਦੀਕਲਾ ਵਿੱਚ ਰੱਖਦੀ ਹੈ। ਆਸ ਜੀਵਨ ਨੂੰ ਖ਼ੁਸ਼ੀ ਤੇ ਆਨੰਦ ਨਾਲ ਭਰਪੂਰ ਕਰਕੇ ਮਨ ਵਿੱਚ ਖੇੜਾ ਤੇ ਚਾਅ ਪੈਦਾ ਕਰਦੀ ਹੈ। ਆਸ ਦੇ ਖ਼ਤਮ ਹੋਣ ਦਾ ਮਤਲਬ ਜੀਵਨ ਦਾ ਅੰਤ ਹੈ। ਕਦੇ ਵੀ ਨਿਰਾਸ਼ਾਵਾਦੀ ਨਹੀਂ ਹੋਣਾ, ਸਗੋਂ ਆਸਵੰਦ ਰਹਿ ਕੇ ਅੱਗੇ ਵਧਣਾ ਹੈ, ਆਸ ਵਿੱਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਹੈ। ਅਕੇਵਾਂ, ਆਲਸ, ਥਕਾਵਟ ਤੇ ਬੇਹਿੰਮਤਾਪਣ ਤਿਆਗ ਕੇ ਖ਼ੁਦ ‘ਤੇ ਵਿਸ਼ਵਾਸ ਕਰਕੇ ਤਰਕ ਅਤੇ ਇਰਾਦਿਆਂ ਨਾਲ ਸਮੱਸਿਆਵਾਂ ਨੂੰ ਪਛਾੜ ਕੇ ਲਿਆਕਤ ਨਾਲ ਗੌਰਵਮਈ ਪ੍ਰਾਪਤੀਆਂ ਵੱਲ ਵਧਣਾ ਹੈ। ਮਨ ਵਿੱਚ ਕੁਝ ਕਰ ਗੁਜ਼ਰਨ ਦੀ ਚਿਣਗ ਲੈ ਕੇ ਆਸਾਂ ਦੇ ਦੀਵੇ ਸਦਾ ਬਲਦੇ ਰੱਖਣੇ ਹਨ। ਜੀਵਨ ਵਿੱਚ ਆਸ ਮਨੁੱਖ ਨੂੰ ਸੰਕਟ ਦਾ ਸਾਹਸ ਨਾਲ ਸਾਹਮਣਾ ਕਰਨ ਦੀ ਤਾਕਤ ਦਿੰਦੀ ਹੈ, ਮਨੁੱਖ ਨੂੰ ਨਿਰਾਸ਼ਾ ਤੋਂ ਬਚਾਉਂਦੀ ਹੈ। ਆਸ ਨੂੰ ਬਣਾਈ ਰੱਖਣਾ ਹੈ ਤੇ ਇਸ ਨੂੰ ਆਪਣੇ ਜੀਵਨ ਦੀ ਰਾਹਦਾਰੀ ਵਜੋਂ ਸਵੀਕਾਰ ਕਰਨਾ ਹੈ।