Friday, April 4, 2025
4.9 C
Vancouver

ਸਾਵਧਾਨ!

 

ਲਿਖਤ : ਕਮਲੇਸ਼ ਉੱਪਲ, ਸੰਪਰਕ: 98149-02564
ਹਰ ਚੀਜ਼ ਜੋ ਪਹਿਲਾਂ ਸਿੱਧੀ ਹੁੰਦੀ ਸੀ, ਹੁਣ ਪੁੱਠੀ ਹੋਈ ਪਈ ਹੈ। ਆਪਣੇ ਘਰ ਹੀ ਨਹੀਂ, ਹਰ ਪਾਸੇ ਅਜੀਬ ਤੇ ਦੁਖੀ ਕਰਨ ਵਾਲੇ ਵਰਤਾਰੇ ਹਨ। ਘਰ ਦੀਆਂ ਉਲਝਣਾਂ ਤੁਸੀਂ ਸੂਝ-ਸਿਆਣਪ ਵਰਤ ਕੇ ਸੁਲਝਾ ਲੈਂਦੇ ਹੋ ਪਰ ਲਗਦਾ ਹੈ, ਚਹੁੰ ਪਾਸੇ ਪਸਰੀ ਜ਼ਿੰਦਗੀ ਦੇ ਸਾਜ਼ ਦੇ ਤਾਰ ਬੇਸੁਰੇ ਹੋ ਗਏ ਹਨ। ਬਹੁਤ ਪੁਰਾਣਾ ਗਾਣਾ ਵਾਰ-ਵਾਰ ਜ਼ਿਹਨ ਵਿਚ ਗੇੜੇ ਕੱਢ ਰਿਹਾ ਹੈ: ਜ਼ਿੰਦਗੀ ਕਾ ਸਾਜ਼ ਭੀ ਕਿਆ ਸਾਜ਼ ਹੈ, ਬਜ ਰਹਾ ਹੈ ਔਰ ਬੇਆਵਾਜ਼ ਹੈ। ਹਕੂਮਤਾਂ ਹੰਕਾਰੀਆਂ ਪਈਆਂ ਨੇ। ਸਿਆਸਤਾਂ ਸੱਤਾ ਦੇ ਨਸ਼ੇ ਵਿਚ ਪਾਰਟੀਆਂ ਤੇ ਧੜਿਆਂ ਦਾ ਜੁਗਾੜ ਕਰਨ ਵਿਚ ਗਲਤਾਨ ਨੇ।
ਦੂਜੇ ਪਾਸੇ ਮੁਲਕ ਦੇ ਆਮ ਲੋਕ ਅਪਰਾਧ, ਠੱਗੀ, ਲੁੱਟਾਂ ਖੋਹਾਂ ਅਤੇ ਹਿੰਸਕ ਝੜਪਾਂ ਜਿਹੀਆਂ ਉਲਝਣਾਂ ਵਿਚ ਫਸੇ ਹੋਏ ਜਿਵੇਂ ਕਿਵੇਂ ਰੋਜ਼ਮੱਰਾ ਜਿਊਣ ਦੇ ਉਪਰਾਲੇ ਕਰਦੇ ਨਜ਼ਰ ਆਉਂਦੇ ਹਨ। ਧਰਮ ਅਤੇ ਪੂਜਾ ਪਾਠ ਨੂੰ ਰੋਜ਼ਮੱਰਾ ਜ਼ਿੰਦਗੀ ਦਾ ਖ਼ਾਸ ਹਿੱਸਾ ਬਣਾ ਦਿੱਤਾ ਗਿਆ ਹੈ। ਹੁਣ ਸਮਝ ਆ ਰਹੀ ਹੈ ਕਿ ਕਾਰਲ ਮਾਰਕਸ ਨੇ ਕਿਉਂ ਅਤੇ ਕਿਸ ਕਾਰਨ ਕਿਹਾ ਸੀ ਕਿ ਧਰਮ ਸਾਧਾਰਨ ਬੰਦਿਆਂ ਲਈ ਅਫ਼ੀਮ ਹੁੰਦਾ ਹੈ। ਇਸ ਅਫ਼ੀਮ ਦੇ ਅਸਰ ਹੇਠ ਬੰਦਾ ਜ਼ਿੰਦਗੀ ਦੀਆਂ ਵਧੀਕੀਆਂ ਗੌਲਦਾ ਨਹੀਂ, ਉਨ੍ਹਾਂ ਨੂੰ ਅਸਲੋਂ ਹੀ ਭੁਲਾ ਕੇ ਧਾਰਮਿਕ ਕਰਮ-ਕਾਂਡਾਂ, ਰਸਮਾਂ ਤੇ ਯਾਤਰਾਵਾਂ ਦੇ ਗੇੜ ਵਿਚ ਪੈ ਕੇ ਅਤੇ ਬੇਖ਼ਬਰ ਹੋ ਕੇ ਜੀ ਲੈਂਦਾ ਹੈ।
ਤੁਸੀਂ ਕਿਸੇ ਵੀ ਕੰਮ ਲਈ ਘਰੋਂ ਬਾਹਰ ਨਿਕਲੋ ਤਾਂ ਰਾਹ-ਰਸਤੇ ਅਤੇ ਸੜਕਾਂ-ਚੁਰਾਹੇ ਤੁਹਾਨੂੰ ਰਾਹ ਦਿੰਦੇ ਨਹੀਂ ਸਗੋਂ ਰੋਕਦੇ ਹਨ। ਸਾਰੀਆਂ ਥਾਵਾਂ ‘ਤੇ ਜਲਸਿਆਂ ਜਲੂਸਾਂ ਨੇ ਰਾਹ ਮੱਲੇ ਹਨ। ਤੁਸੀਂ ਚੌਕ ਚੁਰਾਹੇ ਵੱਲ ਜਾ ਰਹੇ ਹੋ ਤਾਂ ਤੁਹਾਨੂੰ ਸਾਹਮਣਿਉਂ ਆ ਰਿਹਾ ਮੋਟਰ ਜਾਂ ਦੁਪਹੀਏ ਦਾ ਸਵਾਰ ਇਹ ਦੱਸਦਾ ਹੋਇਆ ਲੰਘ ਜਾਂਦਾ ਹੈ ਕਿ ਮੁੜ ਜਾਓ ਪਿੱਛੇ, ਅੱਗੇ ਜਾਮ ਲੱਗਿਆ। ਤੁਹਾਨੂੰ ਜਿਸ ਪਾਸੇ ਵੱਲ ਕੰਮ ਵਾਲੀ ਥਾਂ ਪਹੁੰਚਣਾ ਸੀ, ਉਹ ਸੜਕ ਹੀ ਖਾਲੀ ਨਹੀਂ ਮਿਲਦੀ।
ਜਦੋਂ ਕੋਈ ਤਿਓਹਾਰ ਨੇੜੇ ਹੋਵੇ, ਸੜਕਾਂ ‘ਤੇ ਉਸ ਤਿਓਹਾਰ ਸਬੰਧੀ ਧਾਰਮਿਕ ਅਨੁਸ਼ਠਾਨਾਂ ਦੀ ਗਤੀਵਿਧੀ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਗੱਲ ਸਿਰਫ਼ ਇਹ ਨਹੀਂ ਕਿ ਆਬਾਦੀ ਵਧ ਅਤੇ ਥਾਂ ਘਟ ਰਹੀ ਹੈ। ਆਬਾਦੀ ਵਧਣ ਦੇ ਨਾਲ ਹੀ ਬੰਦਿਆਂ ਦੇ ਧਾਰਮਿਕ ਅਕੀਦੇ ਵਧ ਰਹੇ ਹਨ। ਕਦੇ-ਕਦੇ ਇੰਝ ਜਾਪਦਾ ਕਿ ਜਿੰਨੇ ਬੰਦੇ ਓਨੇ ਹੀ ਧਰਮ ਹੋ ਜਾਣਗੇ। ਹਰ ਚੀਜ਼ ਦੀ ਬਹੁਤਾਤ ਵੀ ਅਸੰਗਤੀ ਅਤੇ ਦੁਰਬੋਧਤਾ ਬਣ ਜਾਂਦੀ ਹੈ। ਹੁਣ ਸੜਕਾਂ ਅਤੇ ਰਾਹ ਇਸ ਦੁਰਬੋਧਤਾ ਦੇ ਵੱਸ ਹਨ। ਇਸ ਵਿਰੋਧਾਭਾਸ ਨੂੰ ਜ਼ਰਾ ਸੋਚ ਵਿਚਾਰ ਕੇ ਦੇਖੋ ਕਿ ਰਾਹ ਜੋ ਤੁਹਾਨੂੰ ਮੰਜ਼ਿਲ ‘ਤੇ ਪੁਚਾਉਣ ਲਈ ਬਣਿਆ ਸੀ, ਆਪ ਹੀ ਕਿਸੇ ਅਦਿੱਖ ਭਿਆਨਕਤਾ ਦੇ ਵੱਸ ਪੈ ਕੇ ਤੁਹਾਡੇ ਲਈ ਨਕਾਰਾ ਹੋ ਗਿਆ ਹੈ।
ਇਨ੍ਹਾਂ ਰਾਹਾਂ ਦੇ ਮਾਲਕ ਹੁਣ ਧਾਰਮਿਕ ਇਕੱਠ ਹੀ ਨਹੀਂ, ਆਵਾਰਾ ਪਸ਼ੂ ਅਤੇ ਕੁੱਤੇ ਵੀ ਹਨ। ਬੰਦਿਆਂ ਦੀ ਆਬਾਦੀ ਦੇ ਨਾਲ ਹੀ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਬੰਦੇ ਅਚਾਨਕ ਇਨ੍ਹਾਂ ਦੇ ਸ਼ਿਕਾਰ ਬਣ ਜਾਂਦੇ ਹਨ ਪਰ ਕਰ ਕੁਝ ਨਹੀਂ ਸਕਦੇ। ਕਾਨੂੰਨ ਬਣੇ ਹਨ, ਬਣ ਰਹੇ ਹਨ ਜੋ ਅਜਿਹੇ ਹਨ ਕਿ ਪਹਿਲਾਂ ਕੁੱਤਾ ਤੁਹਾਨੂੰ ਵੱਢੇਗਾ, ਫਿਰ ਉਸ ਵੱਢ ਦਾ ਹਿਸਾਬ ਲਾਇਆ ਜਾਵੇਗਾ; ਕਿੰਨੀ ਕੁ ਹੈ; ਕਿੰਨੇ ਦੰਦ ਵੱਜੇ ਹਨ; ਕੀ ਦਹਿਸ਼ਤ ਕਾਰਨ ਤੁਹਾਡਾ ਕੋਈ ਨੁਕਸਾਨ ਹੋਇਆ ਹੈ ਆਦਿ। ਫਿਰ ਕਾਗਜ਼-ਪੱਤਰ ਤਿਆਰ ਕਰਵਾ ਕੇ ਤੁਹਾਨੂੰ ਸਰਕਾਰ ਜਾਂ ਨਗਰ ਨਿਗਮ ਕੋਲੋਂ ਮਿੱਥਿਆ ਹੋਇਆ ਮੁਆਵਜ਼ਾ ਮਿਲ ਜਾਵੇਗਾ। ਚੰਡੀਗੜ੍ਹ ਵਿਚ ਅਜਿਹਾ ਕਾਨੂੰਨ ਲਾਗੂ ਹੋ ਚੁੱਕਾ ਹੈ। ਦੇਖਾਦੇਖੀ ਹੋਰ ਸ਼ਹਿਰਾਂ ਵਿਚ ਵੀ ਅਜਿਹੇ ਕਾਨੂੰਨ ਜਾਂ ਉਪ-ਨਿਯਮ (ਬਾਇਲਾਜ਼) ਬਣਾ ਦਿਤੇ ਜਾਣਗੇ। ਮੋਟੇ ਤੌਰ ‘ਤੇ ਮਤਲਬ ਇਹ ਕਿ ਬੰਦੇ ਦੀ ਸੁਰੱਖਿਆ ਅਤੇ ਸੁਖ ਦਾ ਦਰਜਾ ਹੁਣ ਕੁੱਤਿਆਂ ਵਰਗੇ ਆਵਾਰਾ ਅਨਸਰਾਂ ਦੀ ਦੇਖਭਾਲ ਤੇ ਸੁਰੱਖਿਆ ਤੋਂ ਥੱਲੇ ਹੈ। ਪਹਿਲਾਂ ਆਵਾਰਾ ਜੀਵ, ਫਿਰ ਬੰਦਾ। ਸੋਚੋ, ਕਿੰਨਾ ਕੁ ਤਰਕ ਹੈ ਇਸ ਨੀਤੀ ‘ਚ।
ਨਵੀਂ ਜੀਵਨ ਜਾਚ ਦੀਆਂ ਵਧੀਕੀਆਂ ਅਤੇ ਅਸੰਗਤੀਆਂ ਆਧਾਰ ਕਾਰਡ ਨਾਲ ਪੁਆਈਆਂ ਨਕੇਲਾਂ ਵਿਚੋਂ ਜ਼ਾਹਿਰ ਹਨ। ਲਗਦਾ, ਉਹ ਦਿਨ ਦੂਰ ਨਹੀਂ ਜਦੋਂ ਸਾਹ ਲੈਣਾ ਵੀ ਆਧਾਰ ਕਾਰਡ ਨਾਲ ਜੋੜ ਦਿੱਤਾ ਜਾਵੇਗਾ। ਹੁਣ ਇਕ ਹੋਰ ਘਰ-ਘਰ ਦਾ ਤੇ ਹਰ ਮੋਬਾਈਲ ਧਾਰਕ ਦਾ ਦੁਸ਼ਮਣ ਜੰਮ ਪਿਆ ਹੈ; ਉਹ ਹੈ ਸਾਈਬਰ ਅਪਰਾਧੀ। ਇਹ ਧੋਖਾਧੜੀ ਅਜਿਹੀ ਦੁਸ਼ਮਣ ਹੈ ਜਿਸ ਦੀ ਬਿੜਕ ਹਰ ਮੋਬਾਈਲ-ਕਾਲ ਨਾਲ ਬੱਝੀ ਹੈ- ਸਾਵਧਾਨ!૴ ਪਹਿਲਾਂ ਹਿੰਦੀ ਵਿਚ, ਫਿਰ ਪ੍ਰਾਂਤਕ ਭਾਸ਼ਾ ਵਿਚ ਇੰਝ ਸਾਵਧਾਨ ਕੀਤਾ ਜਾ ਰਿਹਾ ਹੈ ਜਿਵੇਂ 1965 ਤੇ 1971 ਵਿਚ ਹਵਾਈ ਹਮਲੇ ਦੇ ਸਾਇਰਨ ਵੱਜਦੇ ਸਨ ਤੇ ਬੰਦੇ ਬੰਕਰਾਂ ਵਿਚ ਦੁਬਕ ਜਾਂਦੇ ਸਨ। ਜੇ ਇਹ ਸਾਈਬਰ ਅਪਰਾਧੀ ਇੰਨੇ ਬਲਵਾਨ ਹਨ ਤਾਂ ਇਨ੍ਹਾਂ ਨਾਲ ਸਿੱਝਣ ਦਾ ਕੋਈ ਢੰਗ ਗ੍ਰਹਿ ਮੰਤਰਾਲਾ ਹੀ ਦੱਸ ਦੇਵੇ; ਨਹੀਂ ਤਾਂ ਲਗਦੈ, ਜਿਵੇਂ ਤਕਨਾਲੋਜੀ ਦੀ ਚੜ੍ਹਤ ਅਤੇ ਵਰਤੋਂ ਦਾ ਖ਼ਮਿਆਜ਼ਾ ਖ਼ਾਹਮਖ਼ਾਹ ਭੁਗਤਣਾ ਪੈ ਰਿਹਾ ਹੋਵੇ। ਅਜਿਹੀਆਂ ਕਸੂਤੀਆਂ ਸਥਿਤੀਆਂ ਵਿਚ ਬੰਦਾ ਸੰਗੀਤ ਦੀ ਦੁਨੀਆ ਦੀਆਂ ਬਰਕਤਾਂ ਮਾਣਨਾ ਚਾਹੁੰਦਾ ਹੈ: ਜਬ ਦਿਲ ਕੋ ਸਤਾਵੇ ਗ਼ਮ ਤੂ ਛੇੜ ਸਖੀ ਸਰਗਮ/ਬੜਾ ਜ਼ੋਰ ਹੈ ਸਾਤ ਸੁਰੋਂ ਮੇਂ/ਬਹਤੇ ਆਂਸੂ ਜਾਤੇ ਹੈਂ ਥਮ/ਤੂ ਛੇੜ ਸਖੀ ਸਰਗਮ। ਕੀ ਪਤਾ ਸਰਗਮ ਦੇ ਸੁਰ ਸੁਣਨ ਤੋਂ ਪਹਿਲਾਂ ਹੀ ਕਾਲ ਆ ਜਾਵੇ ਤੇ ਮੋਬਾਈਲ ਕਹੇ ਸਾਵਧਾਨ!૴