Friday, April 4, 2025
4.9 C
Vancouver

ਬਿਗਾਨੀ ਧਰਤੀ ਆਪਣਾ ਦੇਸ਼

 

ਲਿਖਤ : ਗੁਰਦੀਪ ਢੁੱਡੀ,
ਸੰਪਰਕ: 95010-20731
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ਼ੈਰ-ਕਾਨੂੰਨੀ ਤਰੀਕੇ ਅਮਰੀਕਾ ਗਏ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਫ਼ੌਜੀ ਜਹਾਜ਼ ਭਰ-ਭਰ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਲਾਹਿਆ ਜਾ ਰਿਹਾ ਹੈ। ਇਸ ਗੱਲੋਂ ਲੋਕ ਟਰੰਪ, ਉਸ ਦੇ ‘ਦੋਸਤ’ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ। ਇਸੇ ਤਰ੍ਹਾਂ ਦੀ ਹਨੇਰੀ ਇੰਗਲੈਂਡ ਤੋਂ ਆਉਣ ਦੀ ਕਨਸੋਅ ਵੀ ਹੈ। ਵਿਦੇਸ਼ੀਂ ਜਾ ਕੇ ਵੱਸੇ ਅਤੇ ਵੱਸਣ ਦੇ ਚਾਹਵਾਨਾਂ ਨੂੰ ਇਹ ਬਹੁਤ ਮਾੜਾ ਲੱਗ ਰਿਹਾ ਹੈ। ਇਸ ਗੱਲ ਨੂੰ ਇੱਥੇ ਹੀ ਛੱਡ ਦੇਈਏ ਤਾਂ ਵਿਦੇਸ਼ਾਂ ਵਿਚ ਵੱਸੇ ਲੋਕ ਬੜੇ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਪੰਜਾਬੀਅਤ ਨੂੰ ਉੱਥੇ ਪੂਰੀ ਤਰ੍ਹਾਂ ਸੰਭਾਲਿਆ ਹੋਇਆ। ਪੰਜਾਬੀ ਸੱਭਿਆਚਾਰ (ਗਾਣੇ ਗਾਉਣ ਤੇ ਨੱਚਣ ਟੱਪਣ ਨੂੰ ਸੱਭਿਆਚਾਰ ਆਖਿਆ ਜਾਂਦਾ) ਅਤੇ ਭਾਸ਼ਾ ਨੂੰ ਬਚਾ ਕੇ ਰੱਖਿਆ ਹੋਇਆ। ਉੱਥੇ ਤਾਂ ਪੰਜਾਬੀ ਦੀ ਪੜ੍ਹਾਈ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ। ਪੰਜਾਬੀਅਤ ਦੀ ਚੜ੍ਹਾਈ ਹੈ। ਕੁਝ ਸੜਕਾਂ ਦੇ ਨਾਮ ਪੰਜਾਬੀ ‘ਚ ਲਿਖੇ ਹੋਏ ਹਨ।૴ ਲੱਖ ਅੰਕੜਿਆਂ ਦੇ ਬਾਵਜੂਦ ਮੈਂ ਅਜਿਹੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੋ ਸਕਿਆ।૴
ਮੇਰੀ ਸਰਵਿਸ ਦਾ ਅਜੇ ਦੂਜਾ ਸਾਲ ਹੀ ਚੱਲ ਰਿਹਾ ਸੀ, ਐਡਹਾਕ ਆਧਾਰ ‘ਤੇ ਅਧਿਆਪਕ ਸਾਂ। 1978 ਵਿਚ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ। ਮੇਰੀ ਤਾਇਨਾਤੀ ਮਲੋਟ ਨੇੜਲੇ ਇਕ ਮਿਡਲ ਸਕੂਲ ਵਿਚ ਸੀ। ਇਨ੍ਹਾਂ ਛੁੱਟੀਆਂ ਵਿਚ ਪੱਕੇ ਅਧਿਆਪਕਾਂ ਅਤੇ ਬੱਚਿਆਂ ਨੇ ਸਕੂਲ ਨਹੀਂ ਸੀ ਆਉਣਾ, ਕੇਵਲ ਐਡਹਾਕ ਅਧਿਆਪਕਾਂ ਨੇ ਸਕੂਲ ਵਿਚ ਆ ਕੇ ਸਕੂਲ ਦੇ ਹਾਜ਼ਰੀ ਰਜਿਸਟਰ ‘ਤੇ ਹਾਜ਼ਰੀ ਲਗਾਉਣੀ ਸੀ। ਮੇਰੀ ਰਿਹਾਇਸ਼ ਉਸੇ ਸਕੂਲ ਵਿਚ ਹੋਣ ਕਰ ਕੇ ਮੈਂ ਸਾਰਾ ਦਿਨ ਸਕੂਲ ਵਿਚ ਹੀ ਰਹਿੰਦਾ ਸਾਂ। ਇਕ ਦਿਨ ‘ਡਰਨਾ’ ਜਾਪਦਾ ਬੰਦਾ ਮੇਰੇ ਕੋਲ ਆਉਂਦਾ ਹੈ। ਉਸ ਦਾ ਮੈਲ਼ਾ-ਕੁਚੈਲ਼ਾ ਕੁੜਤਾ ਚਾਦਰਾ, ਸਿਰ ‘ਤੇ ਵੱਟਾਂ ਵਾਲਾ ਪਰਨਾ, ਪੈਰਾਂ ਵਿਚ ਠਿੱਬੀ ਜੁੱਤੀ ਅਤੇ ਮਾੜਚੂ ਸਰੀਰ ਦੇਖ ਕੇ ਗੁਰਬਤ ਦਾ ਸਿਖਰ ਦੇਖਿਆ ਜਾ ਸਕਦਾ ਸੀ। ”ਜੀ ਥੋਨੂੰ ਸਰਦਾਰ ਸਹਿਬ ਨੇ ਬੁਲਾਇਆ।” ਦੂਰੋਂ ਹੀ ਆਪਣੇ ਹੱਥ ਨੂੰ ਸਿਰ ਤੋਂ ਉਤਾਂਹ ਚੁੱਕਦਿਆਂ ਉਸ ਨੇ ਸਲਾਮ ਕਰਨ ਵਾਲਿਆਂ ਵਾਂਗ ਕਰ ਕੇ ਆਖਿਆ। ਮੈਂ ਪੁੱਛਿਆ, ”ਕਿਹੜੇ ਸਰਦਾਰ ਨੇ?” ”ਜੀ, ਭੁੱਲਰ ਸਰਦਾਰ ਨੇ।” ਉਸ ਦੇ ਅਗਲੇ ਦੰਦ ਟੁੱਟੇ ਹੋਣ ਕਰ ਕੇ ਹਵਾ ਉਨ੍ਹਾਂ ਵਿੱਚੋਂ ਦੀ ਆਪੇ ਨਿੱਕਲ ਜਾਂਦੀ ਸੀ ਪ੍ਰੰਤੂ ਮੈਨੂੰ ਫਿਰ ਵੀ ਗੱਲਬਾਤ ਦੀ ਸਮਝ ਆ ਰਹੀ ਸੀ। ਮੈਂ ਫਿਰ ਆਖਿਆ, ”ਭਾਈ ਕਿਹੜੇ ਭੁੱਲਰ ਸਾਹਿਬ ਨੇ? ਮੈਂ ਜਾਣਦਾ ਨਹੀਂ।” ”ਜੀ, ਓਥੇ ਆ ਜੋ, ਮੈਂ ਦੱਸ ਦੇਊਂ।” ਆਖ ਕੇ ਉਹ ਛਿੱਥਾ ਜਿਹਾ ਪੈ ਗਿਆ। ਭੁੱਲਰ ਸਰਦਾਰ ਦਾ ਨਾਮ ਲੈਣ ਦੀ ਉਸ ਵਿਚ ਹਿੰਮਤ ਨਹੀਂ ਸੀ। ”ਚੱਲ ਮੈਂ ਆਉਂਦਾਂ।” ਆਖਦਿਆਂ ਮੈਂ ਸੁਰਖ਼ੁਰੂ ਹੋਣਾ ਹੀ ਬਿਹਤਰ ਸਮਝਿਆ।
ਖ਼ੈਰ, ਮੈਂ ਚਲਾ ਗਿਆ। ਸਰਦਾਰ ਨੇ ਮੈਨੂੰ ਬਾਹਰਲੀ ਬੈਠਕ ਵਿਚ ਬਿਠਾ ਲਿਆ। ਥੋੜ੍ਹੀ ਗੱਲਬਾਤ ਕਰ ਕੇ ਨੌਕਰ ਨੂੰ ਬੁਲਾਇਆ। ”ਛਿੰਦੀ, ਜਾਹ ਮਾਸਟਰ ਜੀ ਵਾਸਤੇ ਦੁੱਧ ਲਿਆ ਤੇ ਨਾਲੇ ਬੱਚਿਆਂ ਨੂੰ ਬੁਲਾ ਕੇ ਲਿਆ।” ਦੁੱਧ ਵਾਲੀ ਟਰੇਅ ਦੇ ਨਾਲ ਹੀ ਬੱਚੇ ਆ ਗਏ। ”ਵਿਸ਼ ਕਰੋ ਟੀਚਰ ਨੂੰ, ਹੀ ਵਿੱਲ ਟੀਚ ਯੂ। ਮਾਸਟਰ ਜੀ ਇਹ ਬੱਚੇ ਹਨ, ਇਨ੍ਹਾਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਸਿਖਾ ਦਿਓ।” ਪਹਿਲਾ ਵਾਕ ਉਸ ਨੇ ਬੱਚਿਆਂ ਨੂੰ ਕਿਹਾ ਅਤੇ ਦੂਜਾ ਮੈਨੂੰ। ਉਹ ਭਾਵੇਂ ਆਪਣੇ ਵੱਲੋਂ ਆਦਰ ਨਾਲ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਬੋਲਣ ਦਾ ਲਹਿਜਾ ਹੁਕਮੀਆ ਸੀ, ਇਸ ਵਿੱਚੋਂ ਸਰਦਾਰੀ ਦੀ ਝਲਕ ਸਪਸ਼ਟ ਦਿਸ ਰਹੀ ਸੀ। ਲੋੜੀਂਦੇ ਕੈਦੇ, ਪੈੱਨਸਿਲਾਂ ਆਦਿ ਦੱਸ ਕੇ ਮੈਂ ਅਗਲੇ ਦਿਨ ਆਉਣ ਦਾ ਆਖ ਕੇ ਵਾਪਸ ਆ ਗਿਆ। ਮੈਂ ਜਾ ਕੇ ਉਸੇ ਬੈਠਕ ਵਿਚ ਬੈਠ ਜਾਂਦਾ, ਤਿੰਨੋਂ ਬੱਚੇ ਆਉਂਦੇ, ਮਸ਼ਕਰੀ ਕਰਨ ਵਾਲਿਆਂ ਵਾਂਗ ਮੈਨੂੰ ਹਾਇ ਹੈਲੋ ਕਰਦੇ। ਮੈਂ ਪੰਜਾਬੀ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਸਿੱਖਣ ਦੀ ਕੋਸ਼ਿਸ਼ ਨਾ ਕਰਦੇ। ”ਵੂਈ ਡੌਂਟ ਵਾਂਟ ਟੂ ਲਰਨ ਦਿਸ ਲੈਂਗੂਏਜ਼, ਵੂਈ ਡਿੱਡ ਨਾਟ ਲਾਈਕ ਇਟ। ਵੂਈ ਵਿੱਲ ਗੋ ਟੂ ਆਵਰ ਕੰਟਰੀ, ਦਿਅਰ ਦੇ ਡੂ ਨਾਟ ਕੰਪੈਲ ਅੱਸ ਟੂ ਲਰਨ ਦਿਸ ਲੈਂਗੁਏਜ਼।” ਤੀਜੇ ਚੌਥੇ ਦਿਨ ਆਖਦਿਆਂ ਉਨ੍ਹਾਂ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ। ਮੈਂ ‘ਸਰਦਾਰ’ ਨੂੰ ਦੱਸ ਕੇ ਅਗਲੇ ਦਿਨ ਤੋਂ ਨਾ ਆਉਣ ਦਾ ਕਹਿ ਕੇ ਆ ਗਿਆ।
ਪੰਜਾਬੀਅਤ ਨੂੰ ਉਨ੍ਹਾਂ ਮੁਲਕਾਂ ਵਿਚ ਕਿੰਨਾ ਕੁ ਸੰਭਾਲਿਆ ਅਤੇ ਵਿਕਸਤ ਕੀਤਾ, ਇਹ ਕਥਾ ਪੜ੍ਹ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹ ਲੋਕ ਉਸ ਮੁਲਕ ਦੇ ਡਾਲਰਾਂ ਦੀ ਕਮਾਈ ਖਾਂਦੇ ਹਨ, ਫਿਰ ਉਹ ਆਲੇ-ਦੁਆਲੇ ਤੋਂ ਅਭਿੱਜ ਕਿਵੇਂ ਰਹਿ ਸਕਦੇ ਹਨ, ਇਸ ਲਈ ‘ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ’ ਤੋਂ ਅਸੀਂ ਭੱਜਣ ਦਾ ਭਰਮ ਨਾ ਪਾਲੀਏ। ਉਹ ਲੋਕ ਮਾਤ-ਭਾਸ਼ਾ ਦੇ ਭਾਵ-ਅਰਥ ਭੁੱਲ ਜਾਂਦੇ ਹਨ। ਜਨਮ ਦੇਣ ਵਾਲੀ ਆਪਣੀ ਮਾਂ ਤੋਂ ਸਿੱਖੀ ਭਾਸ਼ਾ ਹੀ ਮਾਤ-ਭਾਸ਼ਾ ਨਹੀਂ ਹੁੰਦੀ ਅਤੇ ਉਸ ਦੀ ਜਵਾਨੀ ਤੱਕ ਦੀ ਜੀਵਨ ਜਾਚ ਹੀ ਸੱਭਿਆਚਾਰ ਨਹੀਂ ਹੁੰਦਾ। ਾੰਤ-ਭਾਸ਼ਾ ਅਤੇ ਸੱਭਿਆਚਾਰ ਤਾਂ ਸਾਡੇ ਰਹਿਣ ਵਾਲੇ ਥਾਂ, ਵਿਚਰਨ ਦੇ ਢੰਗ ਤਰੀਕੇ ਦੇ ਅਨੁਸਾਰੀ ਹੁੰਦੇ ਹਨ। ਯੂਪੀ, ਬਿਹਾਰ ਆਦਿ ਰਾਜਾਂ ਤੋਂ ‘ਸਾਡੇ ਪੰਜਾਬ’ ਵਿਚ ਆ ਕੇ ਕਿਰਤ ਕਮਾਈ ਕਰ ਕੇ ਪਲਣ ਵਾਲੇ ਲੋਕਾਂ ਦਾ ਪਿਆਰ ਵੀ ਪੰਜਾਬ ਅਤੇ ਪੰਜਾਬੀਅਤ ਨਾਲ ਓਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਇਧਰ ਜੰਮ ਪਲ ਰਹੇ ਬੱਚਿਆਂ ਦਾ ‘ਦੇਸ਼’ ਤਾਂ ਯੂਪੀ ਬਿਹਾਰ ਨਹੀਂ ਸਗੋਂ ਪੰਜਾਬ ਹੈ।