ਸੇਂਟ ਜੌਂਨਜ਼ : ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ 14ਵੇਂ ਪ੍ਰੀਮੀਅਰ ਐਂਡਰੂ ਫੁਰੇ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਉਹ ਪਿਛਲੇ ਸਾਡੇ ਚਾਰ ਸਾਲ ਤੋਂ ਇਸ ਅਹੁਦੇ ‘ਤੇ ਰਹੇ ਹਨ। ਉਨ੍ਹਾਂ ਦੇ ਹਟਣ ਦਾ ਐਲਾਨ ਰਾਜਨੀਤਕ ਮੰਚਾਂ ‘ਤੇ ਹੈਰਾਨੀ ਦਾ ਵਿਸ਼ਾ ਬਣ ਗਿਆ ਹੈ।
ਸੇਂਟ ਜੌਂਨਜ਼ ‘ਚ ਕਨਫ਼ੈਡਰੇਸ਼ਨ ਬਿਲਡਿੰਗ ਵਿੱਚ ਇੱਕ ਕੌਕਸ ਮੀਟਿੰਗ ਤੋਂ ਬਾਅਦ, ਐਂਡਰੂ ਫੁਰੇ ਨੇ ਸ਼ਾਰਟ ਨੋਟਿਸ ‘ਤੇ ਮੀਡੀਆ ਅਤੇ ਆਪਣੇ ਸਮਰਥਕਾਂ ਨੂੰ ਬੁਲਾਇਆ ਅਤੇ ਆਪਣੇ ਅਸਤੀਫ਼ੇ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਸਿਆਸਤ ਛੱਡ ਰਹੇ ਹਨ ਅਤੇ ਆਪਣੇ ਪੇਸ਼ੇ ਵੱਲ ਮੁੜ ਰਹੇ ਹਨ। ਫੁਰੇ ਪੇਸ਼ੇਵਰ ਤੌਰ ‘ਤੇ ਹੱਡੀਆਂ ਦੇ ਸਰਜਨ ਹਨ। ਫੁਰੇ ਨੇ ਕਿਹਾ, “ਮੈਂ ਹਮੇਸ਼ਾ ਲਈ ਸਿਆਸਤਦਾਨ ਨਹੀਂ ਸੀ। ਇਹ ਅਹੁਦਾ ਇੱਕ ਨਿਰੰਤਰ ਕੰਮਕਾਜ ਵਾਲੀ ਜ਼ਿੰਮੇਵਾਰੀ ਹੈ, ਅਤੇ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਪਾਸੇ ਹੋ ਜਾਣਾ ਚਾਹੀਦਾ ਹੈ”। ਉਨ੍ਹਾਂ ਕਿਹਾ ਕਿ ਉਹਨਾਂ ਦੀ ਸ਼ਿਫ਼ਟ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ, ਅਤੇ ਹੁਣ ਉਹ ਵਾਪਸ ਆਪਣੇ ਮੂਲ ਪੇਸ਼ੇ ਵੱਲ ਜਾਣ ਦੀ ਯੋਜਨਾ ਬਣਾਉਣਗੇ।
ਆਪਣੇ ਭਾਸ਼ਣ ਦੌਰਾਨ ਐਂਡਰੂ ਫੁਰੇ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਕਿਹਾ, “ਮਾਣ ਨਾਲ ਭਰੇ ਦਿਲ ਅਤੇ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੇ ਭਰੋਸੇ ਦੇ ਨਾਲ, ਮੈਂ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ ਭਵਿੱਖ ਲਈ ਆਸ ਰੱਖਦਾ ਹਾਂ। ਹੁਣ ਸਮਾਂ ਆ ਗਿਆ ਹੈ ਕਿ ਮੈਂ ਪਾਸੇ ਹੋ ਜਾਵਾਂ”।
ਉਨ੍ਹਾਂ ਨੇ ਅਖੀਰ ਵਿੱਚ ਕਿਹਾ, “ਪਰਮਾਤਮਾ ਇਸ ਸੁੰਦਰ ਸੂਬੇ ਅਤੇ ਇਸ ਦੇ ਵਧੀਆ ਲੋਕਾਂ ਦੀ ਰਾਖੀ ਕਰੇ”।
ਫੁਰੇ ਨੇ ਆਪਣੇ ਅਸਤੀਫ਼ੇ ਦੇ ਕਾਰਨਾਂ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ। ਡਿਪਟੀ ਪ੍ਰੀਮੀਅਰ ਸਾਇਓਬਹੈਨ ਕੋਡੀ ਨੇ ਵੀ ਮੰਨਿਆ ਕਿ ਉਨ੍ਹਾਂ ਨੂੰ ਇਸ ਐਲਾਨ ਦੀ ਜਾਣਕਾਰੀ ਬਹੁਤ ਥੋੜੇ ਸਮੇਂ ਪਹਿਲਾਂ ਹੀ ਮਿਲੀ।
ਐਂਡਰੂ ਫੁਰੇ 2020 ਵਿੱਚ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ ਪ੍ਰੀਮੀਅਰ ਬਣੇ ਸਨ, ਜੋ ਕਿ ਕੋਵਿਡ-19 ਮਹਾਂਮਾਰੀ ਦੇ ਸਭ ਤੋਂ ਨਾਜ਼ੁਕ ਦੌਰ ਵਿੱਚ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦੀ ਆਰਥਿਕ ਅਤੇ ਸਿਹਤ ਸੰਬੰਧੀ ਸਥਿਤੀ ਨੂੰ ਸੰਭਾਲਣ ਲਈ ਕਈ ਫ਼ੈਸਲੇ ਲਏ।
ਸੂਬਾਈ ਲਿਬਰਲ ਪਾਰਟੀ ਹੁਣ ਨਵੇਂ ਲੀਡਰ ਦੀ ਚੋਣ ਕਰੇਗੀ। ਤਕਰੀਬਨ ਇੱਕ ਦਹਾਕੇ ਤੋਂ ਪਾਰਟੀ ਦੀ ਕਮਾਨ ਸੰਭਾਲ ਰਹੇ ਫੁਰੇ ਤਕ ਨਵੇਂ ਪ੍ਰੀਮੀਅਰ ਦੀ ਚੋਣ ਨਹੀਂ ਹੁੰਦੀ, ਤਦ ਤੱਕ ਅਹੁਦੇ ‘ਤੇ ਰਹਿਣਗੇ।
ਪਿਛਲੇ ਹਫ਼ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਡੈਨਿਸ ਕਿੰਗ ਨੇ ਵੀ ਅਚਾਨਕ ਅਸਤੀਫ਼ੇ ਦੀ ਘੋਸ਼ਣਾ ਕੀਤੀ ਸੀ। ਇਹ ਦੋਹਾਂ ਅਸਤੀਫ਼ਿਆਂ ਨੇ ਕੈਨੇਡਾ ਦੀ ਰਾਜਨੀਤਿਕ ਸਥਿਤੀ ‘ਚ ਵੱਡੀ ਹਿਲਚਲ ਪੈਦਾ ਕਰ ਦਿੱਤੀ ਹੈ।