Friday, April 4, 2025
4.9 C
Vancouver

ਚਾਹ ਦੀ ਚੁਸਕੀ ਲੈਂਦਿਆਂ

 

ਲਿਖਤ : ਜਸਵਿੰਦਰ ਸੁਰਗੀਤ, ਸੰਪਰਕ: 94174-48436
ਸ਼ਹਿਰ ਵਿੱਚੋਂ ਲੰਘਦੀ ਜਰਨੈਲੀ ਸੜਕ ਤੋਂ ਤੀਹ ਪੈਂਤੀ ਫੁੱਟ ਉਰ੍ਹਾਂ ਚਾਹ ਦੀ ਰੇੜ੍ਹੀ ਕੋਲ ਬੈਠਾ ਹੋਇਆ ਹਾਂ। ਇਹ ਪਿਛਲੇ ਚਾਰ ਸਾਲਾਂ ਤੋਂ ਸਾਡਾ ਤਿੰਨ ਦੋਸਤਾਂ ਦਾ ਸ਼ਾਮ ਦਾ ਟਿਕਾਣਾ ਹੈ। ਹਫ਼ਤੇ ਵਿੱਚ ਲਗਭਗ ਇੱਕ ਦਫਾ ਇੱਥੇ ਬੈਠਦੇ ਹਾਂ। ਚਾਹ ਦੀਆਂ ਚੁਸਕੀਆਂ ਨਾਲ ਤਰ੍ਹਾਂ-ਤਰ੍ਹਾਂ ਦੀ ਦੁਨੀਆ ਵਿੱਚ ਘੁੰਮਣ ਨਿੱਕਲ ਜਾਂਦੇ ਹਾਂ। ਕਦੇ ਸਾਹਿਤ, ਕਦੇ ਸਿਆਸਤ ਦੀ ਦੁਨੀਆ ਵਿਚ ਤੇ ਕਦੇ ਕਿਸੇ ਹੋਰ ਦੁਨੀਆ ਵਿੱਚ। ਜਦੋਂ ਗੱਲ ਟੁੱਟਣ ਲੱਗਦੀ ਹੈ ਤਾਂ ਸਾਡੇ ਵਿੱਚੋਂ ਇੱਕ ਜਣਾ ਆਖਦਾ ਹੈ, ”ਇੱਕ-ਇੱਕ ਕੱਪ ਹੋਰ ਨਾ’ ਚਾਹ ਪੀ ਲੀਏ?” ਬਾਕੀ ਦੋਨਾਂ ਦੀ ਸਹਿਮਤੀ ਆ ਜਾਂਦੀ ਹੈ, ਚਾਹ ਦਾ ਆਰਡਰ ਹੋ ਜਾਂਦਾ ਤੇ ਗੱਲਬਾਤ ਫਿਰ ਗਤੀ ਫੜ ਲੈਂਦੀ।
૴ਤੇ ਮੈਂ ਇੱਥੇ ਬੈਠਾ ਦੋਸਤਾਂ ਨੂੰ ਉਡੀਕ ਰਿਹਾਂ; ਫਿਰ ਅਚਾਨਕ ਨਿਰਵਿਘਨ ਵਗ ਰਹੀ ਸੜਕ ਦੇਖਣ ਲੱਗ ਜਾਂਦਾ ਹਾਂ; ਨਾਲ ਹੀ ਮੇਰਾ ਮਨ ਵਗਣਾ ਸ਼ੁਰੂ ਹੋ ਜਾਂਦਾ- ‘ਕਿਵੇਂ ਭੱਜਿਆ ਜਾ ਰਿਹੈ ਮਨੁੱਖ, ਜਿਵੇਂ ਚਾਬੀ ਦੇ ਕੇ ਛੱਡਿਆ ਹੋਵੇ૴ ਤੇ ਜਿਸ ਨੂੰ ਰੁਕਣ ਦੀ ਜਾਚ ਭੁੱਲ ਗਈ ਹੋਵੇ૴ ਇਹਦਾ ਚੈਨ, ਸ਼ਾਂਤੀ, ਸਬਰ, ਸੰਤੋਖ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ! ਇਹ ਬੇਚੈਨੀ ਇਹਦਾ ਮੁਕੱਦਰ ਈ ਐ ਜਾਂ ਜਿਵੇਂ ਮਹਾਨ ਦਾਰਸ਼ਨਿਕ ਜੇ. ਕ੍ਰਿਸ਼ਨਾਮੂਰਤੀ ਆਖਦੈ- ‘ਮਨੁੱਖ ਤੋਂ ਕਿਤੇ ਬੁਨਿਆਦੀ ਭੁੱਲ ਹੋਈ ਐ।’
ਪਿੱਛੋਂ ਕਿਸੇ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ।૴ ਪਿੱਛੇ ਮੁੜ ਕੇ ਦੇਖਦਾ ਹਾਂ। ਪੱਚੀ ਸਾਲ ਪੁਰਾਣਾ ਦੋਸਤ ਸੁਰਿੰਦਰਪਾਲ ਹੈ। ਉਹਦਾ ਚਿਹਰਾ ਥੋੜ੍ਹਾ ਉਖੜਿਆ-ਉਖੜਿਆ ਹੈ। ਪੁੱਛਣ ਤੋਂ ਪਹਿਲਾਂ ਹੀ ਬੋਲਦਾ ਹੈ, ”ਲੋਕਾਂ ਦਾ ਵੀ ਜਮਾਂ ਸਰਿਆ ਪਿਐ, ਆਹ ਜਦੋਂ ਮੈਂ ਬੱਤੀਆਂ ਕੋਲ ਆਪਣੀ ਗੱਡੀ ਰੋਕੀ, ਪਿੱਛੋਂ ਕਿਸੇ ਨੇ ਗੱਡੀ ਠੋਕ’ਤੀ, ਤੇ ਜੇ ਮੈਂ ਆਖਿਆ, ਭਲਿਆ ਮਾਣਸਾ, ਦੇਖ ਤਾਂ ਲੈ, ਅੱਗੇ ਤਾਂ ਲਾਲ ਬੱਤੀ ਹੋਈ ਪਈ ਐ, ਉਹਨੇ ਸੌਰੀ ਤਾਂ ਕੀ ਕਹਿਣਾ ਸੀ ਸਗੋਂ ਮੇਰੀ ਗ਼ਲਤੀ ਕੱਢਣ ਬੈਠ ਗਿਆ।૴ ਅਹਿ-ਜਾ ਤਾਂ ਹਾਲ ਐ ਲੋਕਾਂ ਦਾ।” ”ਇਹੋ ਤਾਂ ਮੈਂ ਬੈਠਾ ਸੋਚੀ ਜਾਂਦਾ ਸੀ, ਬਈ ਬੰਦਾ ਏਨੀ ਹਫੜਾ ਦਫੜੀ ‘ਚ ਕਿਉਂ ਪਿਐ? ਕਿਉਂ ਆਵਦੀ ਸੁਰਤ ਭੁਲਾਈ ਬੈਠੈ?”
ਫਿਰ ਉਹ ਅਚਾਨਕ ਪੁੱਛਦਾ ਹੈ, ”ਚਮਕੌਰ ਕਿੱਥੇ ਰਹਿ ਗਿਆ?”
”ਬਸ ਆਉਂਦਾ ਈ ਹੋਣੈ।” ਚਮਕੌਰ ਮੇਰਾ ਵੀਹ ਸਾਲ ਪੁਰਾਣਾ ਦੋਸਤ ਹੈ। ਉਸ ਨਾਲ ਮਿਲਣਾ ਰੋਜ਼ਾਨਾ ਵਾਂਗ ਹੁੰਦਾ। ਵਿਸ਼ਾ ਭਾਵੇਂ ਉਹਦਾ ਰਾਜਨੀਤੀ ਸ਼ਾਸਤਰ ਹੈ ਪਰ ਸਾਹਿਤ ਦਾ ਰਸੀਆ ਹੈ। ਕਦੇ ਕਦਾਈਂ ਅੱਖਰ ਝਰੀਟ ਵੀ ਕਰ ਲੈਂਦਾ।
”ਹੋਰ ਸੁਣਾਓ ਫਿਰ ਕੀ ਹਾਲ ਚਾਲ ਐ?” ਮੈਂ ਸੁਰਿੰਦਰਪਾਲ ਨੂੰ ਕੋਈ ਗੱਲ ਸ਼ੁਰੂ ਕਰਨ ਦਾ ਨਿਓਤਾ ਦਿੰਦਾ ਹਾਂ। ”ਮੇਰਾ ਹਾਲ ਤਾਂ ਠੀਕ ਐ ਪਰ ਆਪਣੇ ਪਿੰਡਾਂ ਦਾ ਮਾੜੈ।” ਆਪਸੀ ਸਹਿਮਤੀ ਬਾਰੇ ਤੁਰਦੀ-ਤੁਰਦੀ ਗੱਲ ਪਿੱਛੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਵੱਲ ਮੋੜ ਕੱਟ ਲੈਂਦੀ ਹੈ। ਉਹ ਚੋਣਾਂ ਦੀਆਂ ਗੱਲਾਂ ਛੇੜ ਲੈਂਦਾ ਹੈ- ”ਭਲਾ ਕਿੱਡੀ ਕੁ ਗੱਲ ਸੀ, ਆਪਸ ‘ਚ ਰਲ ਕੇ ਇੱਕ ਬੰਦਾ ਚੁਣ ਲੈਂਦੇ૴ ਆਖ਼ਿਰ ਤਾਂ ਕੰਮ ਕਰਨਾ ਹੀ ਪੈਣੈ૴ ਪਰ ਕਿੱਥੇ૴ ਡਾਂਗ-ਸੋਟੀ ਹੋਏ ਬਗੈਰ ਟਿਕਦੇ ਨਹੀਂ।”
”ਗੱਲ ਤਾਂ ਠੀਕ ਐ ਸੁਰਿੰਦਰਪਾਲ।” ਇੰਨਾ ਆਖ ਮੈਂ ਆਪਣੀ ਗੱਲ ਜਾਰੀ ਰੱਖਣੀ ਚਾਹੁੰਦਾ ਹਾਂ ਪਰ ਸੁਰਿੰਦਰਪਾਲ ਆਪਣੀ ਲੜੀ ਤੋੜਦਾ ਨਹੀਂ, ”ਆਪਾਂ ‘ਉਤਲਿਆਂ’ ਨੂੰ ਤਾਂ ਦੋਸ਼ ਦੇਈ ਜਾਨੇਂ ਆਂ ਕਿ ਰਾਜਨੀਤੀ ਗੰਧਲੀ ਕੀਤੀ ਪਈ ਐ ਪਰ ਆਵਦੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਨ੍ਹੀਂ ਵੇਂਹਦੇ ਕਦੀ। ਥੱਲੇ ਵੀ ਤਾਂ ਇਹੀ ਕੁਛ ਹੋਈ ਜਾਂਦੈ। ਬਸ ਮਿਕਦਾਰ ਦਾ ਈ ਫ਼ਰਕ ਐ, ਜੀਹਦਾ ਜਿੱਥੇ ਦਾਅ ਲਗਦੈ, ਲਾਈ ਜਾਂਦੈ૴ ਤੇ ਜਿਹੜੇ ਲੀਡਰਾਂ ਨੂੰ ਅਸੀਂ ਮੰਦਾ ਚੰਗਾ ਆਖਦੇ ਆਂ, ਉਹ ਸਾਡੀ ਸੁਸਾਇਟੀ ਦਾ ਈ ਪ੍ਰਤੀਰੂਪ ਐ।૴ ਲੈ ਚਮਕੌਰ ਵੀ ਆ ਗਿਆ।” ਦੂਰੋਂ ਆਉਂਦੇ ਚਮਕੌਰ ਨੂੰ ਦੇਖ ਉਹ ਆਪਣੀ ਗੱਲ ਵਿੱਚੇ ਰੋਕ ਆਖਦਾ ਹੈ।
”ਹੁਣ ਚਾਹ ਕਹਿ ਦਈਏ ਆਪਾਂ।” ਇੰਨਾ ਆਖ ਮੈਂ ਰਤਾ ਉੱਚੀ ਆਵਾਜ਼ ਵਿੱਚ ਚਾਹ ਲਈ ਆਖ ਦਿੰਦਾ ਹਾਂ। ਸਾਡੀਆਂ ਗੱਲਾਂ ਵਿੱਚ ਚਮਕੌਰ ਵੀ ਸ਼ਾਮਲ ਹੋ ਜਾਂਦਾ ਹੈ- ”ਗੱਲ ‘ਕੱਲੀ ਰਾਜਨੀਤੀ ਦੀ ਥੋੜ੍ਹੈ, ਕੋਈ ਵੀ ਖੇਤਰ ਦੇਖ ਲਓ૴ ਸਭ ਕੁਛ ਮੂਧਾ ਵੱਜਿਆ ਪਿਐ, ਮਨੁੱਖ ਗਰਕਣ ਦੇ ਰਾਹ ਪਿਆ ਹੋਇਐ૴ ਤੇ ਜਿੰਨਾ ਚਿਰ ਮਨੁੱਖ ਸਹੀ ਅਰਥਾਂ ‘ਚ ਧਾਰਮਿਕ ਨ੍ਹੀਂ ਹੋ ਜਾਂਦਾ, ਓਨਾ ਚਿਰ ਇਹਦਾ ਕੋਈ ਹੱਲ ਨ੍ਹੀਂ; ਮਤਲਬ, ਧਰਮ ਗੱਲੀਂ ਬਾਤੀਂ ਨ੍ਹੀਂ ਹੁੰਦਾ, ਇਹ ਸਾਡੇ ਵਿਹਾਰ ‘ਚੋਂ ਝਲਕਣਾ ਚਾਹੀਦੈ।”
”ਪਹਿਲੇ ਗੁਰੂ ਵੀ ਤਾਂ ਇਹੀ ਕਹਿੰਦੇ ਐ: ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥” ਮੈਂ ਆਪਣੀ ਗੱਲ ਦਰਜ ਕਰਵਾਉਂਦਾ ਹਾਂ। ”ਬਿਲਕੁਲ ਠੀਕ”, ਇਹ ਆਖ ਚਮਕੌਰ ਆਪਣੀ ਗੱਲ ਫਿਰ ਜਾਰੀ ਰੱਖਦਾ ਹੈ, ”ਮਨੁੱਖ ਨੇ ਜੇ ਆਪਣਾ ਭਵਿੱਖ ਬਚਾਉਣੈ ਤਾਂ ਧਿਆਨ ਤੋਂ ਬਿਨਾਂ ਹੋਰ ਕੋਈ ਦੂਜਾ ਰਾਹ ਨ੍ਹੀਂ।” ਉਹਦੀਆਂ ਗੱਲਾਂ ਵਿੱਚ ਓਸ਼ੋ ਉੱਭਰ ਆਉਂਦਾ ਹੈ, ”ਧਿਆਨ ਤੋਂ ਈ ਪ੍ਰੇਮ ਉਪਜੇਗਾ ਤੇ ਜਿੱਥੇ ਪ੍ਰੇਮ ਐ, ਓਥੇ ਕੋਈ ਕਲੇਸ਼ ਹੋ ਹੀ ਨ੍ਹੀਂ ਸਕਦਾ।”
”ਗੁਰਬਾਣੀ ਵੀ ਤਾਂ ਇਹੀ ਕਹਿੰਦੀ ਐ, ਉਹਦਾ ਸਾਰ ਤੱਤ ਪ੍ਰੇਮ ‘ਤੇ ਈ ਟਿਕਿਆ ਹੋਇਐ।” ਮੈਂ ਦੁਬਾਰਾ ਆਪਣੀ ਗੱਲ ਰੱਖਦਾ ਹਾਂ। ”ਬਿਲਕੁਲ ਬਿਲਕੁਲ।” ਚਮਕੌਰ ਜਿਵੇਂ ਵਜਦ ਵਿਚ ਆ ਗਿਆ ਹੋਵੇ, ”ਧਿਆਨ ਤੇ ਪ੍ਰੇਮ ਇੱਕੋ ਸਿੱਕੇ ਦੇ ਦੋ ਪਹਿਲੂ ਐ, ਪ੍ਰੇਮ ਦਾ ਰਾਹ ਫੜੋ, ਧਿਆਨ ਪ੍ਰਗਟ ਹੋ ਜਾਏਗਾ; ਧਿਆਨ ਦਾ ਰਾਹ ਫੜੋ, ਪ੍ਰੇਮ ਆ ਜਾਏਗਾ; ਜਿੱਥੇ ਪ੍ਰੇਮ ਐ, ਉੱਥੇ ਧਿਆਨ ਐ; ਜਿੱਥੇ ਧਿਆਨ ਐ, ਉੱਥੇ ਪ੍ਰੇਮ ਐ।” ”ਗੱਲ ਤਾਂ ਫਿਰ ਸਾਰੀ ਪ੍ਰੇਮ ਦੀ ਐ।” ਪ੍ਰੇਮ ਸ਼ਬਦ ਸੁਰਿੰਦਰਪਾਲ ਘਰੋੜ ਕੇ ਬੋਲਦਾ ਹੈ ਤੇ ਇਹਦੇ ਨਾਲ ਪ੍ਰੇਮ ਆਪਣੇ ਗੁਲਾਬੀ ਅਰਥਾਂ ਵਿੱਚ ਪ੍ਰਗਟ ਹੋ ਜਾਂਦਾ ਹੈ। ਚੱਲ ਰਿਹਾ ਗੰਭੀਰ ਵਿਸ਼ਾ ਹਲਕੇ ਫੁਲਕੇ ਅੰਦਾਜ਼ ਦੇ ਰਾਹੇ ਤੁਰ ਪੈਂਦਾ ਹੈ। ਅਸੀਂ ਆਪਣੇ ਕੁਦਰਤੀ ਵਹਾਅ ਵਿੱਚ ਵਹਿ ਜਾਂਦੇ ਹਾਂ। ਧਰਤ ਨਾਲ ਜੁੜੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਵਿੱਚ ਮਿੱਟੀ ਦੀ ਖੁਸ਼ਬੂ ਹੈ। ਸਾਦਗੀ ਹੈ। ਸਰਲਤਾ ਹੈ।
ਇਉਂ ਦਿਨ ਭਰ ਦੇ ਥਕੇਵੇਂ, ਦਿਨ ਭਰ ਦੀਆਂ ਕੀਤੀਆਂ ਰਸਮੀ ਗੱਲਾਂ ਦਾ ਅਕੇਵਾਂ ਲੱਥ ਰਿਹਾ ਹੈ। ਅਸੀਂ ਮੁੜ ਤਰੋ-ਤਾਜ਼ਾ ਹੋ ਰਹੇ ਹਾਂ૴ ਤੇ ਫਿਰ ਅਚਾਨਕ ਅਸੀਂ ਤਿੰਨੇ ਹੀ ਸੜਕ ਵੱਲ ਦੇਖਦੇ ਹਾਂ। ਭਾਰੀ ਖੜਾਕ ਨੇ ਧਿਆਨ ਖਿੱਚਿਆ ਹੈ। ਭੱਜ ਕੇ ਉਸ ਪਾਸੇ ਜਾਂਦੇ ਹਾਂ। ਕਾਫੀ ਵੱਡੀ ਕਾਰ ਵਾਲੇ ਨੇ ਰਿਕਸ਼ੇ ਵਿੱਚ ਸਾਈਡ ਤੋਂ ਗੱਡੀ ਮਾਰੀ ਹੈ। ਰਿਕਸ਼ੇ ਦਾ ਤਾਂ ਨੁਕਸਾਨ ਹੋ ਗਿਆ ਪਰ ਰਿਕਸ਼ੇ ਵਾਲੇ ਦਾ ਬਚਾਅ ਹੋ ਗਿਆ। ਕਾਰ ਵਾਲਾ ਗਾਲ੍ਹਾਂ ਕੱਢਦਾ ਬਾਹਰ ਨਿਕਲਿਆ। ਰਿਕਸ਼ੇ ਵਾਲੇ ਨੂੰ ਮਾਰਨ ਨੂੰ ਪਿਆ। ਅਸੀਂ ਵਿੱਚ ਪੈ ਕੇ ਰੋਕਿਆ। ਫਿਰ ਉਹ ਬੁੜ-ਬੁੜ ਕਰਦਾ ਕਾਰ ਵਿੱਚ ਬਹਿ ਗਿਆ। ਅਸੀਂ ਵੀ ਵਾਪਸ ਆ ਕੇ ਬੈਠ ਗਏ। ਹੁਣ ਕਾਰ ਵਾਲੇ ਦੀ ਹੈਂਕੜ ਅਤੇ ਰਿਕਸ਼ੇ ਵਾਲੇ ਦੀ ਲਾਚਾਰਗੀ ‘ਤੇ ਚਰਚਾ ਛਿੜ ਪਈ, ਤੇ ਫਿਰ ਚਮਕੌਰ ਨੇ ਤੋੜਾ ਝਾੜਿਆ, ”ਹੁਣ ਤੁਸੀਂ ਦੇਖੋ, ਬੰਦੇ ਕੋਲ ਵੱਡੀ ਗੱਡੀ ਸੀ, ਕੱਪੜਾ-ਲੱਤਾ ਵੀ ਪ੍ਰਭਾਵ ਵਾਲਾ ਸੀ; ਮਤਲਬ, ਬੰਦੇ ਕੋਲ ਧਨ ਦੀ ਕੋਈ ਕਮੀ ਨ੍ਹੀਂ ਹੋਣੀ ਪਰ૴!” ਚਮਕੌਰ ਦੇ ਅਗਲੇ ਬੋਲ ਮੈਂ ਬੁੱਚ ਲਏ, ”ਪਰ ਧਿਆਨ ਦੀ ਕਮੀ ਐ, ਪ੍ਰੇਮ ਦੀ ਕਮੀ ਐ।”
”ਬਸ, ਆਹੀ ਗੱਲ ਐ ਸਾਰੀ।” ਚਮਕੌਰ ਬੋਲਿਆ। ਫਿਰ ਸੁਰਿੰਦਰਪਾਲ ਵੀ ਪਿੱਛੇ ਨਾ ਰਿਹਾ, ”ਮਤਲਬ, ਜਿੱਥੇ ਧਨ ਤੇ ਧਿਆਨ ਦੋਵੇਂ ‘ਕੱਠੇ ਹੋ ਗਏ, ਓਥੇ ਫਿਰ ਸਾਰੇ ਕਲੇਸ਼ ਮਿਟ ਗਏ।”