Friday, April 4, 2025
4.9 C
Vancouver

ਕਿਰਤ ਦੀਆਂ ਤੰਦਾਂ

 

ਲਿਖਤ : ਰਾਮ ਸਵਰਨ ਲੱਖੇਵਾਲੀ, ਸੰਪਰਕ: 95010-06626
ਪਹੁ ਫੁਟਾਲਾ ਲੋਕ ਮਨਾਂ ‘ਤੇ ਦਸਤਕ ਦਿੰਦਾ ਨਜ਼ਰ ਆਉਂਦਾ। ਦਰਾਂ ‘ਤੇ ਪਹੁੰਚਦੀ ਲੋਅ ਮਨ ਮਸਤਕ ਵਿੱਚ ਵਸੇ ਸੁਫਨਿਆਂ ਨੂੰ ਹਲੂਣਾ ਦਿੰਦੀ। ਚਾਨਣ ਜ਼ਿੰਦਗੀ ਦੀ ਇਬਾਰਤ ਲਿਖਦਾ। ਪਿੰਡਾਂ ਦੇ ਜੀਵਨ ਦੀ ਕਿਰਨ ਫੁੱਟਦੀ। ਖੇਤਾਂ ਵੱਲ ਜਾਂਦੇ ਰਾਹਾਂ ‘ਤੇ ਆਉਣ ਜਾਣ ਹੋਣ ਲਗਦਾ। ਮਹਾਂਨਗਰਾਂ ਨੂੰ ਜਾਂਦੀਆਂ ਸੜਕਾਂ ‘ਤੇ ਬੱਸਾਂ, ਕਾਰਾਂ ਰਸਤਾ ਨਾਪਣ ਲਗਦੀਆਂ। ਕੰਮਾਂ ਨੂੰ ਜਾਣ ਵਾਲੇ ਮੁਲਾਜ਼ਮ ਆਪੋ-ਆਪਣਾ ਰਾਹ ਫੜਦੇ। ਜ਼ਿੰਦਗੀ ਦੀ ਪਹਿਲਕਦਮੀ ਆਪਣੀ ਮੰਜ਼ਿਲ ਵੱਲ ਤੁਰਦੀ। ਇਹੋ ਰੁਝੇਵਾਂ ਮਨੁੱਖ ਦੀ ਜ਼ਿੰਦਗੀ ਦਾ ਸਿਰਨਾਵਾਂ ਬਣਦਾ।
ਕੇਵਲ ਆਪਣੇ ਲਈ ਜਿਊਣ ਵਾਲਿਆਂ ਦੇ ਰਾਹ ਜਿਊਣ ਦੀ ਘੁੰਮਣਘੇਰੀ ਵਿੱਚ ਫਸੇ ਨਜ਼ਰ ਆਉਂਦੇ। ਆਪਣੇ ਕੰਮਾਂ-ਕਾਰਾਂ ਵਿੱਚ ਉਲਝੀ ਜ਼ਿੰਦਗੀ ਨਿੱਜ ਅਤੇ ਗਰਜਾਂ ਦੇ ਕਲਾਵੇ ਵਿੱਚ ਰਹਿੰਦੀ। ਇਕੱਲੇ-ਇਕਹਿਰੇ ਤੁਰਦਿਆਂ ਭਟਕਣ ਦੀ ਸੰਭਾਵਨਾ ਬਣੀ ਰਹਿੰਦੀ ਜਦਕਿ ਜ਼ਿੰਦਗੀ ਦਾ ਮਕਸਦ ਮਿਥ ਕੇ ਤੁਰਨ ਵਾਲੇ ਬੁਲੰਦੀ ਦਾ ਸਾਥ ਮਾਣਦੇ। ਗਿਆਨ ਤੇ ਚੇਤਨਾ ਉਨ੍ਹਾਂ ਦੇ ਅੰਗ ਸੰਗ ਰਹਿੰਦੇ। ਉਤਸ਼ਾਹ ਨਾਲ ਉਠਦੇ। ਔਖੇ ਰਸਤੇ ਚੁਣਦੇ। ਸੁਫਨਿਆਂ ਨੂੰ ਅੰਬਰੀਂ ਪਰਵਾਜ਼ ਭਰਨ ਦੇ ਰਾਹ ਤੋਰਦੇ। ਬੁਲੰਦ ਇਰਾਦੇ ਉਨ੍ਹਾਂ ਦੇ ਕਦਮਾਂ ਦੀ ਰਵਾਨੀ ਬਣਦੇ। ਉਹ ਰੌਸ਼ਨ ਰਾਹਾਂ ਦੇ ਸਿਦਕਵਾਨ ਰਾਹੀ ਹੁੰਦੇ। ਜਿਊਂਦੇ ਜੀਅ ਚੇਤਨਾ ਦੀ ਲੋਅ ਵੰਡਦੇ। ਹੱਕਾਂ ਹਿਤਾਂ ਦੀ ਰਾਖੀ ਲਈ ਅੱਗੇ ਹੋ ਤੁਰਦੇ। ਵਕਤ ਦੇ ਪੰਨਿਆਂ ‘ਤੇ ਆਪਣੀ ਕਰਨੀ ਨਾਲ ਨਾਇਕ ਵਜੋਂ ਜਾਣੇ ਜਾਂਦੇ।
ਲੋਕਾਂ ਲਈ ਜਿਊਣ ਵਾਲੇ ਨਾਇਕਾਂ ਦੀ ਜੀਵਨ ਵਿਦਾਇਗੀ ਦੀ ਝਲਕ ਦੇਖਦਾ ਹਾਂ। ਹੁਸੈਨੀਵਾਲਾ ਵੱਲ ਜਾਂਦੀਆਂ ਫੁੱਲਾਂ ਨਾਲ ਸਜੀਆਂ ਦੋ ਗੱਡੀਆਂ। ਉਨ੍ਹਾਂ ਮਗਰ ਤੁਰਦਾ ਜਾਂਦਾ ਸੈਂਕੜੇ ਵਾਹਨਾਂ ਦਾ ਵੱਡਾ ਕਾਫ਼ਲਾ। ਬਸੰਤੀ ਪੱਗਾਂ ਅਤੇ ਚੁੰਨੀਆਂ ਨਾਲ ਭਰੇ ਵਾਹਨਾਂ ਵਿੱਚੋਂ ਗੂੰਜਦੇ ਨਾਅਰਿਆਂ ਦੀ ਆਵਾਜ਼। ਰਸਤੇ ਵਿੱਚ ਆਉਂਦੇ ਪਿੰਡਾਂ ਦੇ ਲੋਕ ਸੁਣਦੇ, ਦੇਖਦੇ ਨਮਨ ਕਰਦੇ। ਦਿਲ ਦੀ ਧੜਕਣ ‘ਚੋਂ ਆਵਾਜ਼ ਆਉਂਦੀ। ਇਹ ਮੌਤ ਨੂੰ ਜਿੱਤਣ ਵਾਲੇ ਜੁਝਾਰੂਆਂ ਦਾ ਸ਼ਾਨਾਂਮੱਤਾ ਸਫ਼ਰ ਹੈ। ਜੀਵਨ ਖ਼ਤਮ ਹੋਇਆ ਪਰ ਸਫ਼ਰ ਜਾਰੀ ਹੈ। ਜੀਵਨ ਪੰਧ ਮੁੱਕਣ ‘ਤੇ ਵੀ ਜਿਊਂਦੇ ਰਹਿਣ ਵਾਲੇ ਚੰਨ ਤਾਰਿਆਂ ਵਾਂਗ ਰਾਹ ਰੁਸ਼ਨਾਉਂਦੇ ਨੇ।
ਫੁੱਲਾਂ ਨਾਲ ਸਜੀ ਫਬੀ ਪਹਿਲੀ ਗੱਡੀ ਦੇ ਨਾਇਕ ਦੀ ਜੀਵਨ ਪੁਸਤਕ ਦਾ ਪੰਨਾ ਪਲਟਦਾ ਹੈ। ਪਿੰਡ ਕੋਠਾ ਗੁਰੂ ਦੇ ਕਿਰਤ ਕਰਨ ਵਾਲੇ ਪਰਿਵਾਰ ਦਾ ਹੋਣਹਾਰ ਨੌਜਵਾਨ ਬਸੰਤ। ਭਰ ਜਵਾਨੀ ਵਿੱਚ ਬਸੰਤੀ ਚੋਲੇ ਵਾਲੇ ਸ਼ਹੀਦ-ਏ-ਆਜ਼ਮ ਦੀ ਨੌਜਵਾਨ ਭਾਰਤ ਸਭਾ ਦੇ ਅੰਗ ਸੰਗ ਤੁਰਨ ਲੱਗਾ। ਬਰਾਬਰੀ ਦੇ ਸਮਾਜ ਦਾ ਸੁਫਨਾ ਸੰਜੋਇਆ ਜਿਸ ਦੀ ਪੂਰਤੀ ਲਈ ਨੌਜਵਾਨਾਂ ਨਾਲ ਸੰਵਾਦ ਚਲਦਾ। ਗਿਆਨ, ਚੇਤਨਾ ਦੀ ਚਾਹਤ ਨੇ ਪੁਸਤਕਾਂ ਨਾਲ ਜੋੜਿਆ। ਜੀਵਨ ਰਾਹ ‘ਤੇ ਸਾਬਤ ਕਦਮੀ ਤੁਰਦਿਆਂ ਕਿਸਾਨ ਲਹਿਰ ਦਾ ਲੜ ਫੜਿਆ। ਅੰਨ ਦਾਤਿਆਂ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਮੂਹਰੇ ਹੋ ਤੁਰਿਆ। ਸੰਘਰਸ਼ਾਂ ‘ਚ ਔਕੜਾਂ ਝੱਲੀਆਂ, ਪਿੱਛੇ ਮੁੜ ਕੇ ਨਹੀਂ ਦੇਖਿਆ।
ਘਰ-ਘਰ ਸੰਘਰਸ਼ਾਂ ਦੀ ਲੋਅ ਜਗਣ ਲੱਗੀ। ਲੋਕ ਹੱਕਾਂ ਦੀ ਲਹਿਰ ਦੇ ਅੰਗ ਸੰਗ ਤੁਰਨ ਲੱਗੇ। ਘਰਾਂ ਵਿੱਚ ਕਿਰਤ ਕਰਦੀਆਂ ਔਰਤਾਂ ਵੀ ਸੰਘਰਸ਼ਾਂ ਵਿੱਚ ਨਾਲ ਹੋ ਤੁਰੀਆਂ। ਉਨ੍ਹਾਂ ਦਾ ਦੁੱਖ ਸੁਖ ਸਾਂਝਾ ਬਣਿਆ। ਉਹ ਸੱਥਾਂ, ਇਕੱਠਾਂ ਵਿੱਚ ਭਗਤ ਸਿੰਘ ਦੇ ਸੁਫਨਿਆਂ ਦੇ ਸਮਾਜ ਦੀਆਂ ਗੱਲਾਂ ਕਰਦੇ। ਵਿਤਕਰੇ ਅਤੇ ਝਗੜੇ ਮੁਕਾ ਕੇ ਬਰਾਬਰੀ ਵਾਲਾ ਬੇਗਮਪੁਰਾ ਸੁਣਨ ਵਾਲਿਆਂ ਦੀਆਂ ਅੱਖਾਂ ਦੀ ਲਿਸ਼ਕੋਰ ਬਣਦਾ।
ਦੂਰ ਅੰਦੇਸ਼ੀ, ਸਿਦਕ ਤੇ ਘੋਲਾਂ ਨੇ ਮਨ ਮਸਤਕ ਰੁਸ਼ਨਾਇਆ। ਸੰਘਰਸ਼ਾਂ ਤੋਂ ਜਿਊਣ ਮਕਸਦ ਦਾ ਸਬਕ ਲਿਆ। ਸੂਝ, ਤਿਆਗ, ਚੇਤਨਾ ਤੇ ਅਨੁਸ਼ਾਸਨ ਵਿੱਚ ਬੱਝੀ ਸਾਦ ਮੁਰਾਦੀ ਜ਼ਿੰਦਗੀ। ਜਿਊਂਦੇ ਜੀਅ ਲੋਕ ਹਿਤਾਂ ਨੂੰ ਮੂਹਰੇ ਰੱਖਿਆ। ਦਿੱਲੀ ਮੋਰਚੇ ਵਿੱਚ ਸਾਲ ਭਰ ਲਹਿਰ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਖਿੜੇ ਮੱਥੇ ਨਿਭਾਇਆ। ਟੋਹਾਣਾ ਕਿਸਾਨ ਪੰਚਾਇਤ ਵਿੱਚ ਜਾਂਦਿਆਂ ਬੱਸ ਹਾਦਸੇ ਵਿੱਚ ਅੰਬਰੋਂ ਟੁੱਟੇ ਤਾਰੇ ਵਾਂਗ ਸਦਾ ਲਈ ਵਿਛੜ ਗਿਆ।
ਮਗਰ ਆਉਂਦੀ ਦੂਸਰੀ ਗੱਡੀ ਦਾ ਸੂਹਾ ਫੁੱਲ ਬਣਿਆ ਇਸੇ ਪਿੰਡ ਦੇ ਨੌਜਵਾਨ ਕਰਮਾ। ਉਸ ਦੀ ਛੋਟੀ ਜ਼ਿੰਦਗੀ ਦੇ ਮੁੱਲਵਾਨ ਕੰਮਾਂ ਦੀ ਇਬਾਰਤ ਪੜ੍ਹਨ ਨੂੰ ਮਿਲੀ। ਬੇਜ਼ਮੀਨੇ ਕਿਰਤੀਆਂ ਦੇ ਘਰ ਦਾ ਚਿਰਾਗ਼। ਹੱਥਾਂ ਦੇ ਸੁਹਜ ਦਾ ਧਨੀ। ਮਸ਼ੀਨ ਮੂਹਰੇ ਬੈਠ ਕੱਪੜਿਆਂ ਨੂੰ ਪਹਿਰਾਵੇ ਦਾ ਰੂਪ ਦਿੰਦਾ। ਨਾਲੋ-ਨਾਲ ਕਿਰਤੀਆਂ ਦੀ ਸਾਂਝ ਦੀਆਂ ਤੰਦਾਂ ਵੀ ਪਰੋਂਦਾ। ਆਖਦਾ- ‘ਇਹ ਸਾਂਝ ਬਣਾਉਣੀ ਵਕਤ ਦੀ ਲੋੜ ਹੈ।
ਇਸ ਤੋਂ ਬਿਨਾਂ ਗੁਜ਼ਾਰਾ ਨਹੀਂ।’ ਕਿਸਾਨਾਂ ਮਜ਼ਦੂਰਾਂ ਦੀ ਜੋਟੀ ਦਾ ਪਾਠ ਉਹਨੇ ਨੌਜੁਆਨ ਭਾਰਤ ਸਭਾ ਤੋਂ ਪੜ੍ਹਿਆ। ਉਹ ਮਜ਼ਦੂਰਾਂ, ਕਿਸਾਨਾਂ ਦੇ ਹਰ ਘੋਲ ਵਿੱਚ ਭਰਵਾਂ ਹਿੱਸਾ ਪਾਉਂਦਾ। ਉਸ ਦੀ ਦੁਕਾਨ ‘ਤੇ ਨੌਜਵਾਨਾਂ ਦੀ ਆਮਦ ਰਹਿੰਦੀ ਜਿਨ੍ਹਾਂ ਦੇ ਕੱਪੜੇ ਸਿਊਣ ਦੇ ਨਾਲ-ਨਾਲ ਉਨ੍ਹਾਂ ਨੂੰ ਪੁਸਤਕਾਂ ਦਾ ਸੰਗ ਸਾਥ ਮਾਨਣ ਦੀ ਪ੍ਰੇਰਨਾ ਵੀ ਦਿੰਦਾ।
ਆਪਣੀ ਦੁਕਾਨ ਵਿੱਚ ਬਣਾਈ ਛੋਟੀ ਲਾਇਬਰੇਰੀ ਵਿੱਚੋਂ ‘ਸਤਲੁਜ ਵਹਿੰਦਾ ਰਿਹਾ’ ਨੌਜਵਾਨਾਂ ਦੇ ਹੱਥ ਫੜਾਉਂਦਾ; ਸਮਝਾਉਂਦਾ- ‘ਭਗਤ ਸਰਾਭੇ ਹੁਰਾਂ ਸਾਡੇ ਲਈ ਜਾਨਾਂ ਵਾਰ ਕੇ ਦੱਸਿਆ ਕਿ ਜਿਊਣ ਦਾ ਸੱਚਾ ਸੁੱਚਾ ਮਕਸਦ ਚੰਗੀ ਜ਼ਿੰਦਗੀ ਲਈ ਸੰਘਰਸ਼ ਕਰਨਾ ਹੁੰਦਾ। ਇਹੋ ਜੀਵਨ ਦਾ ਰੌਸ਼ਨ ਰਾਹ ਹੁੰਦਾ।’ ਗੋਰਕੀ ਦੀ ਸੰਸਾਰ ਪ੍ਰਸਿੱਧ ਲਿਖਤ ਮਾਂ ਦੱਸਦੀ ਐ૴ ‘ਲੋਕ ਹਿਤਾਂ ਲਈ ਮਾਵਾਂ ਆਪਣੇ ਜਾਨੋਂ ਪਿਆਰੇ ਪੁੱਤ ਕੁਰਬਾਨ ਕਰਨ ਤੋਂ ਸੀਅ ਨਹੀਂ ਕਰਦੀਆਂ।’ ਅਣਖ ਤੇ ਸਿਦਕ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਦੁੱਲਾ ਭੱਟੀ ਇਸ ਧਰਤੀ ਦੀ ਵਿਰਾਸਤ ਹੈ ਜਿਸ ਦੇ ਬੋਲ ਪਾਸ਼, ਸੁਰਜੀਤ ਪਾਤਰ, ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਜਿਹੇ ਕਵੀਆਂ ਦੀਆਂ ਕਵਿਤਾਵਾਂ ਵਿੱਚ ਚਾਨਣ ਬਣ ਬਿਖਰੇ ਨੇ।
ਸਤਲੁਜ ਵੱਲੋਂ ਆਉਂਦੀ ਫਿਜ਼ਾ ਦੇ ਬੋਲ ਸੁਣਦਾ ਹਾਂ। ਜ਼ਿੰਦਗੀ ਨੂੰ ਉੱਚੇ ਆਦਰਸ਼ ਦੇ ਲੇਖੇ ਲਾਉਣਾ ਉੱਤਮ ਕਾਜ ਹੈ। ਲੋਕਾਈ ਨੂੰ ਚੇਤਨਾ ਦੀ ਜਾਗ ਲਾਉਂਦੇ, ਸੰਘਰਸ਼ਾਂ ਦੇ ਰਾਹ ਪਾਉਂਦੇ ਇਹ ਲਾਲ ਗੋਦ ‘ਚ ਜਗਦੇ ਨਾਇਕ ਪੁੱਤਰਾਂ ਦੇ ਚਿਰਾਗ਼ ਹਨ ਜਿਨ੍ਹਾਂ ਦੀ ਲੋਅ ਸੁਨਿਹਰੀ ਭਵਿੱਖ ਦੀ ਜ਼ਾਮਨ ਹੈ।