ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ
ਸੰਪਰਕ : 7589155501
ਫਤਿਹ ਸਿਹੁੰ ਨੇ ਆਪਣੇ ਗਲ ਵਿੱਚ ਪਾਈ ਹੋਈ ਫਤੂਹੀ ਨੂੰ ਲਾਹਿਆ । ਮੁੜ੍ਹਕੇ ਨਾਲ ਭਿੱਜੀ ਨੂੰ ਨਿਚੋੜ ਕੇ ਕੰਧ ਉਤੇ ਸੁੱਕਣੇ ਪਾ ਦਿੱਤਾ । ਇੰਨੇ ਨੂੰ ਜੀਤੀ ਨੇ ਗੁੜ ਦੇ ਸਰਬਤ ਦਾ ਭਰਿਆ ਗਿਲਾਸ ਬਾਪੂ ਨੂੰ ਫੜਾ ਦਿੱਤਾ । ਬਾਪੂ ਜੀ ਅੱਜ ਤਾਂ ਗਰਮੀ ਕੁੱਝ ਜਿਆਦਾ ਹੀ ਜਾਪਦੀ ਹੈ । ਮੈਂ ਤੁਹਾਨੂੰ ਪਹਿਲਾਂ ਕਦੇ ਇੰਨੇ ਮੁੜ੍ਹਕੋ ਮੁੜ੍ਹਕੀ ਹੋਏ ਨਹੀਂ ਵੇਖਿਆ । ਪੁੱਤ ਸਿਆਣੇ ਕਹਿੰਦੇ ਨੇ ਕਿ ਜਦੋਂ ਸਿਰ ਉਖਲੀ ਵਿੱਚ ਧਰ ਦੇਈਏ ਫਿਰ ਮੁਗਲਿਆ ਦਾ ਕੀ ਡਰ । ਉਹੀ ਗੱਲ ਸਾਡੀ ਜੱਟਾਂ ਜਿਮੀਦਾਰਾਂ ਦੀ ਹੈ । ਭਾਵੇਂ ਹਾੜ੍ਹ ਹੋਵੇ ਤੇ ਭਾਵੇ ਸਿਆਲ । ਸਾਨੂੰ ਤਾਂ ਖੇਤਾਂ ਵਿੱਚ ਜਾਣਾ ਵੀ ਪੈਂਦਾ ਹੈ ਤੇ ਕੰਮ ਵੀ ਕਰਨਾ ਪੈਂਦਾ ਹੈ । ਬਾਪੂ ਜੀ ਤਾਹੀਉ ਤਾਂ ਕਹਿੰਦੇ ਨੇ ਕਿ” ਜੱਟ ਦੀ ਜੂਨ ਬੁਰੀ ਹਲ ਵਾਹ ਪੱਠਿਆਂ ਨੂੰ ਜਾਣਾ “। ਚਲੋ ਬਾਪੂ ਜੀ ਤੁਸੀਂ ਘਬਰਾਉ ਨਾ ਮੈ ਤੇ ਵੀਰਾ ਪੜ੍ਹ ਕੇ ਕੋਈ ਨੌਕਰੀ ਲਗ ਜਾਵਾਂਗੇ । ਤੁਹਾਡਾ ਹੱਥ ਸੌਖਾ ਹੋ ਜਾਉ । ਚਲੋ ਧੀਏ ਤੁਸੀਂ ਨੌਕਰੀ ਲਗੋ ਤੇ ਭਾਵੇਂ ਨਾ ,ਪਰ ਵਿਚਾਰ ਤਾਂ ਚੰਗੇ ਹਨ । ਬਾਪੂ ਜੀ ਤੁਹਾਡੀ ਜੁ ਧੀ ਹੋਈ । ਧੀਏ ਮੈਨੂੰ ਤੇਰੇ ਉਤੇ ਪੂਰਾ ਮਾਣ ਹੈ । ਪਰ ਪੁੱਤਰ ਜਿਹੜਾ ਅੱਜ ਮੇਰੇ ਮਨ ਨੂੰ ਸੱਟ ਵੱਜੀ ਹੈ । ਉਹ ਅੱਜ ਤੋਂ 77-78 ਸਾਲ ਪਹਿਲਾਂ ਮੇਰੇ ਵੀ ਬਾਪੂ ਦੇ ਵੱਜੀ ਸੀ । ਬਾਪੂ ਵਿਖਾ ਕਿਥੇ ਸੱਟ ਵੱਜੀ ਹੈ । ਮੈ ਹੁਣੇ ਉੱਥੇ ਮਲ੍ਹਮ ਪੱਟੀ ਕਰ ਦਿੰਦੀ ਹਾਂ । ਧੀਏ ਅੱਜ ਤਕ ਤਾਂ ਮੇਰੇ ਬਾਪੂ ਦੇ ਜਖਮਾਂ ਨੂੰ ਅਰਾਮ ਨਹੀਂ ਆਇਆ । ਬੇਸ਼ਕ ਉਹ ਜਹਾਨ ਤੋਂ ਰੁਖਸੁਤ ਹੋ ਗਿਆ ਹੈ । ਫਿਰ ਮੇਰੇ ਕਿਥੋਂ ਤੂੰ ਮਲ੍ਹਮ ਪੱਟੀ ਕਰ ਦੇਵੇਗੀ । ਬਾਪੂ ਜੀ ਜਖਮ ਤਾਂ ਵਿਖਾਉ ਕਿੱਥੇ ਕੀ ਹੋਇਆ ਹੈ । ਪੁੱਤ ਉਹ ਜਖ਼ਮ ਸਰੀਰ ਤੇ ਨਹੀਂ ਮਨ ਦੇ ਅੰਦਰ ਹੋ ਗਿਆ ਹੈ । ਉਹ ਬਾਪੂ ਜੀ ਕਿਵੇਂ ਸਾਡੇ ਹੁੰਦਿਆਂ । ਇੰਨੀਆਂ ਗੱਲਾਂ ਕਰਦਾ ਕਰਦਾ ਗਿਲਾਸ ਸਰਬਤ ਦਾ ਪੀ ਲਿਆ । ਇੱਕ ਲੰਬਾ ਸਾਰਾ ਠੰਡਾ ਹੌਕਾ ਭਰ ਕੇ ਬੋਲਿਆ । ਜੀਤੀ ਸੁਣ ਫਿਰ ਮੇਰਾ ਅੱਜ ਦਾ ਦੁੱਖ। ਮੈ ਅੱਜ ਆਪਣੀ ਪਾਰਲੀ ਤਾਰਾਂ ਤੋਂ ਪਰਲੇ ਪਾਸੇ ਵਾਲੀ ਪੈਲੀ ਤੇ ਸਵੇਰੇ ਨੌਂ ਕੁ ਵਜ਼ੇ ਚਲਾ ਗਿਆ । ਤਾਰਾਂ ਤੋਂ ਪਾਰ ਲੰਘਣ ਲੱਗਿਆ ਫੌਜ਼ ਦੇ ਸਿਪਾਹੀ ਚੰਗੀ ਤਰਾਂ ਤਲਾਸ਼ੀ ਲੈਂਦੇ ਹਨ । ਇੱਕ ਘੁੱਟ ਪਾਣੀ ਦੀ ਪਾਰਲੇ ਪਾਸੇ ਨਹੀਂ ਲੈ ਕੇ ਜਾਣ ਦਿੰਦੇ । ਅੱਜ ਸਾਰਾ ਦਿਨ ਬਿਜਲੀ ਵੀ ਨਹੀਂ ਆਈ ਜਿਹੜਾ ਕਿ ਮੋਟਰ ਹੀ ਚਲਾ ਲੈਂਦਾ । ਮੈ ਝੋਨੇ ਵਾਸਤੇ ਵੱਟਾਂ ਬੰਨੇ ਬਣਾਉਣੇ ਸੀ । ਉਤੋਂ ਅੱਜ ਧੁੱਪ ਵੀ ਕੜ੍ਹਕਣੀ ਸੀ । ਸਿਖਰ ਦੁਪਹਿਰੇ ਮੈਨੂੰ ਪਾਣੀ ਦੀ ਬਹੁਤ ਤ੍ਰੇਹ ਲੱਗੀ । ਮੈ ਸੋਚਿਆ ਕਿ ਜੇ ਵਾਪਿਸ ਚਲਾ ਗਿਆ ਤੇ ਕੰਮ ਵਿਚੇ ਰਹਿ ਜਾਵੇਂਗਾ । ਇੱਕ ਫੌਜ਼ ਨੇ ਨੇੜੇ ਤੇੜੇ ਕੋਈ ਰੁੱਖ ਨਹੀਂ ਛੱਡਿਆ । ਜਿਸ ਦੀ ਛਾਂ ਦਾ ਕੋਈ ਮੈ ਸਹਾਰਾ ਲੈ ਲੈਂਦਾ । ਹੁਣ ਪਾਣੀ ਖੁਣੋਂ ਮੇਰੀ ਜਾਨ ਨਿੱਕਲ ਰਹੀ ਸੀ । ਬਸ ਮੇਰੇ ਨਜ਼ਦੀਕ ਪਾਕਿਸਤਾਨ ਵਾਲੇ ਜ਼ਿਮੀਦਾਰ ਵੀ ਆਪਣੀਆਂ ਪੈਲੀਆਂ ਵਿੱਚ ਕੰਮ ਕਰ ਰਹੇ ਸਨ । ਉਹਨਾਂ ਵੱਲ ਸੰਘਣੇ ਸੰਘਣੇ ਟਾਹਲੀਆਂ ਦੇ ਛਾਂ ਦਾਰ ਦਰੱਖਤ ਹਨ । ਉਹ ਕੰਮ ਕਰਦੇ ਕਰਦੇ ਘੜੇ ਦਾ ਠੰਡਾ ਪਾਣੀ ਪੀ ਰਹੇ ਸਨ । ਸਾਡੀ ਆਪਸ ਵਿੱਚ ਦੂਰੀ ਕੋਈ ਵੀਹ ਕੁ ਗਜ਼ ਦੀ ਸੀ । ਉਹ ਗੱਲਾਂ ਮੇਰੀਆਂ ਹੀ ਕਰ ਰਹੇ ਸਨ ਕਿ ਆਹ ਪੰਜਾਬੀ ਜੱਟ ਬੜਾ ਚਿਹੜ੍ਹਾ ਹੈ । ਨਾ ਇਸ ਨੂੰ ਧੁੱਪ ਲਗਦੀ ਹੈ ਤੇ ਨਾ ਹੀ ਤ੍ਰੇਹ । ਪਰ ਮੈ ਉਹਨਾਂ ਨੂੰ ਬੋਲ ਕੇ ਵੀ ਨਹੀਂ ਦਸ ਸਕਦਾ ਸੀ । ਕਿ ਮੇਰੀ ਜਾਨ ਤਾਂ ਪਿਆਸ ਨਾਲ ਨਿਕਲ ਰਹੀ ਹੈ । ਜਦੋਂ ਸਾਡੇ ਪਾਸੇ ਕੋਈ ਛਾਂਦਾਰ ਰੁੱਖ ਹੈ ਹੀ ਨਹੀਂ ਫਿਰ ਬੈਠਾਂ ਕਿੱਥੇ । ਮੇਰਾ ਦਿਲ ਕਰੇ ਕਿ ਇਹਨਾਂ ਕੋਲੋਂ ਗਲਾਸ ਪਾਣੀ ਪੀ ਲਵਾਂ । ਪਰ ਫਿਰ ਕਦੇ ਮੈ ਸਾਡੇ ਵਿਚਕਾਰ ਖਿੱਚੀ ਹੋਈ ਲਕੀਰ ਵੱਲ ਵੇਖਾਂ । ਕਦੇ ਸੁੱਕਦੇ ਹੋਏ ਬੁੱਲਾਂ ਉਤੇ ਜੀਭ ਫੇਰਾਂ । ਕਦੇ ਉਹਨਾਂ ਫੌਜ਼ੀਆਂ ਵੱਲ ਵੇਖਦਾ ਜਿਹੜੇ ਸਾਡੇ ਉਤੇ ਨਿਗਰਾਨੀ ਕਰ ਰਹੇ ਸਨ । ਦਿਲ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ । ਮੈ ਸੋਚ ਰਿਹਾ ਸੀ ਸਾਡੀ ਬੋਲੀ ਵੀ ਇੱਕੋ ਹੈ ਫਸਲਾਂ ਤੇ ਨਸਲਾਂ ਵੀ ਇੱਕੋ ਜਿਹੀਆਂ ਹਨ । । ਅਸੀਂ ਆਪਸ ਵਿੱਚ ਕਦੇ ਲੜੇ ਝਗੜੇ ਵੀ ਨਹੀਂ । ਫਿਰ ਸਾਡੇ ਵਿੱਚ ਇੰਨਾ ਵਿੱਤਕਰਾ ਕਿਉਂ । ਪਰ ਇਹ ਗੱਲ ਮੈ ਕਿਸੇ ਨੂੰ ਬੋਲ ਕੇ ਨਹੀਂ ਦਸ ਸਕਦਾ ਸੀ । ਕਿਉਂ ਕਿ ਬਾਰਡਰ ਉੱਤੇ ਰਹਿੰਦੇ ਹਾਂ ਸੌ ਗੱਲ ਹੋ ਜਾਂਦੀ ਹੈ । ਫਿਰ ਜੁ ਫਸੇ ਰਹਾਂਗੇ । ਇੰਨੇ ਨੂੰ ਮੇਰੀ ਕਹੀ ਦਾ ਦਸਤਾ ਟੁੱਟ ਗਿਆ ,ਫਿਰ ਮੈ ਕੀ ਕਰਨਾ ਸੀ । ਉੱਧਰ ਵਾਲੇ ਮੇਰੇ ਵੱਲ ਵੇਖਦੇ ਰਹੇ ਤੇ ਮੈ ਉਹਨਾਂ ਵੱਲ । ਹੌਲੀ ਹੌਲੀ ਕਰਕੇ ਮੈ ਆਪਣੀਆਂ ਲਗੀਆਂ ਹੋਈਆਂ ਤਾਰਾਂ ਦੇ ਗੇਟ ਕੋਲ ਆ ਗਿਆ । ਫਿਰ ਸਿਪਾਹੀਆਂ ਨੇ ਮੇਰੀ ਤਲਾਸ਼ੀ ਲਈ ਤੇ ਗੇਟ ਦੇ ਅੰਦਰ ਕੀਤਾ । ਮੈ ਫਿਰ ਉਹਨਾਂ ਸਿਪਾਹੀਆਂ ਨੂੰ ਪੁੱਛਿਆ ਵੀ ਨਹੀਂ । ਉਹਨਾਂ ਦੇ ਰੱਖੇ ਘੜੇ ਵਿੱਚੋ ਡੀਕ ਲਾ ਕੇ ਪਾਣੀ ਪੀ ਲਿਆ । ਇਹਨਾਂ ਦਾ ਵੀ ਘੜਾ ਉਹਨਾਂ ਦੇ ਘੜੇ ਵਰਗਾ ਸੀ । ਪਰ ਫਰਕ ਇਹੋ ਸੀ ਕਿ ਉਹ ਪਾਕਿਸਤਾਨੀਆਂ ਦਾ ਘੜਾ ਸੀ । ਇਹ ਸਾਡਾ ਭਾਰਤੀਆਂ ਦਾ ਘੜਾ ਸੀ । ਪਰ ਤ੍ਰੇਹ ਨੂੰ ਨਹੀਂ ਪਤਾ ਕਿ ਦੇਸ਼ ਦੀ ਵੰਡ ਹੋਈ ਹੈ । ਹੁਣ ਅਸੀਂ ਇੱਕ ਦੂਜੇ ਦੇ ਕਾਗਜ਼ਾਂ ਵਿੱਚ ਦੁਸ਼ਮਣ ਬਣ ਚੁੱਕੇ ਹਾਂ । ਇਹੋ ਗੱਲ ਸਾਡਾ ਬਾਪੂ ਕਹਿੰਦਾ ਹੁੰਦਾ ਸੀ ਕਿ ਅਸੀਂ ਸੰਤਾਲੀ ਤੋਂ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀ । ਕਦੇ ਕਿਸੇ ਨੇ ਕੋਈ ਵਿੱਤਕਰਾ ਨਹੀਂ ਕੀਤਾ ਸੀ । ਬਸ ਰਾਤੋਂ ਰਾਤ ਵੰਡ ਦਾ ਬਿਗੁਲ ਵੱਜ ਗਿਆ । ਦਿਨ ਚੜ੍ਹਦੇ ਨੂੰ ਲੋਕ ਲਹੂ ਲੁਹਾਣ ਹੋਣ ਲੱਗ ਪਏ । ਅਸੀਂ ਜਾਨ ਬਚਾ ਕੇ ਮਸਾਂ ਇੱਧਰ ਆਏ ਤੇ ਇੱਧਰ ਵਾਲੇ ਉੱਧਰ ਬਚ ਬਚਾ ਕੇ ਚਲੇ ਗਏ । ਕਈ ਮਾਰੇ ਗਏ ਕਈ ਵੱਢੇ ਟੁੱਕੇ ਗਏ । ਲੱਖਾਂ ਬੇਕਸੂਰ ਲੋਕਾਂ ਦੀ ਜਾਨ ਸਾਡੇ ਪੰਜਾਬ ਵਿੱਚ ਵੰਡ ਦੀ ਖਿੱਚੀ ਲਕੀਰ ਨੇ ਲੈ ਲਈ । ਉਹ ਲਕੀਰ ਅੱਜ ਵੀ ਮੈ ਸ਼ਾਮ ਸਵੇਰੇ ਆਪਣੇ ਖੇਤਾਂ ਵਿੱਚ ਵੇਖ ਰਿਹਾ ਹਾਂ । ਬਾਪੂ ਜੀ ਸਬਰ ਕਰੋ ਕੋਈ ਦਿਨ ਆਵੇਗਾ ਜਦੋ ਸਾਡੇ ਦੇਸ਼ਾ ਦੇ ਆਪਸ ਵਿੱਚ ਪਈਆਂ ਤਰੇੜਾਂ ਜ਼ਰੂਰ ਮਿਟ ਜਾਣਗੀਆਂ । ਜਿਤੀਏ ਮੂੰਹ ਨਿੱਕਾ ਤੇ ਗੱਲ ਵੱਡੀ ਕਹਿ ਰਹੀ ਏ ।