ਲਿਖਤ : ਇੰਜ. ਈਸ਼ਰ ਸਿੰਘ,
ਸੰਪਰਕ: 647-640-2014
ਪ੍ਰੋਫੈਸਰ ਮੋਹਨ ਸਿੰਘ ਦੀ ਇਸ ਸਿਰਲੇਖ ਵਾਲੀ ਪ੍ਰਸਿੱਧ ਕਵਿਤਾ, ਰੱਬ ਨੂੰ ਸਮਝਣ ਅਤੇ ਮਿਲਣ ਦੇ ਔਖੇ ਪਰ ਅਸਫਲ ਢੰਗਾਂ ਦਾ ਸੰਖੇਪ ਵਰਣਨ ਕਰਦੀ ਹੈ। ਨੱਬੇ ਸਾਲ ਪਹਿਲਾਂ ਛਪੀ ਇਹ ਰਚਨਾ ਅੱਜ ਵੀ ਪੰਜਾਬੀ ਦੀਆਂ ਹਰਮਨ ਭਾਉਂਦੀਆਂ ਕਵਿਤਾਵਾਂ ‘ਚ ਗਿਣੀ ਜਾਂਦੀ ਹੈ ਅਤੇ ਇਸ ਦੀਆਂ ਪਹਿਲੀਆਂ ਤੁਕਾਂ ਹਨ:
ਰੱਬ ਇੱਕ ਗੁੰਝਲਦਾਰ ਬੁਝਾਰਤ,
ਰੱਬ ਇੱਕ ਗੋਰਖ-ਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ,
ਕਾਫ਼ਰ ਹੋ ਜਾਏ ਬੰਦਾ।
ਆਪਣੀ ਕਵਿਤਾ ਦਾ ਨਾਇਕ ‘ਰੱਬ’ ਨੂੰ ਬਣਾ ਕੇ ਪ੍ਰੋ. ਮੋਹਨ ਸਿੰਘ ਨੇ ਆਪਣੀ ਸੂਝ-ਬੂਝ ਦਾ ਸਬੂਤ ਦਿੱਤਾ ਹੈ ਕਿਉਂਕਿ ਉਸ ਦੇ ਅਣਗਿਣਤ ਨਾਵਾਂ ‘ਚੋਂ ਇਹ ਹੀ ਇੱਕ ਐਸਾ ਨਾਉਂ ਹੈ ਜੋ ਅਜੇ ਤੱਕ ਕਿਸੇ ਧਰਮ ਜਾਂ ਸੰਪ੍ਰਦਾ ਵੱਲੋਂ ‘ਪੇਟੈਂਟ’ ਨਹੀਂ ਕਰਵਾਇਆ ਗਿਆ। ਇਸੇ ਕਰਕੇ ਪ੍ਰੰਪਰਾਗਤ ਧਰਮਾਂ ਦੇ ਕਥਿਤ ਰਾਖੇ ਇਸ ਨਾਉਂ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਅਤੇ ਇਸ ਲਈ ਮਰ-ਮਿਟਣ ਦੇ ਦਾਅਵੇ ਨਹੀਂ ਕਰਦੇ। ਚੰਗੀ ਗੱਲ ਇਹ ਹੈ ਕਿ ਅੱਜ ਵੀ ਇਹ ਨਾਉਂ ਸੰਪ੍ਰਦਾਇਕਤਾ ਤੋਂ ਨਿਰਲੇਪ ਇੱਕ ਗ਼ੈਰ-ਰਸਮੀ ਨਾਉਂ ਹੈ, ਜਿਸ ਨਾਲ ਅਸੀਂ ਕੁਝ ਖੁੱਲ੍ਹ-ਖੇਡ ਲੈ ਸਕਦੇ ਹਾਂ। ਇਸ ਨਾਉਂ ਰਾਹੀਂ ਅਸੀਂ ਉਸ ਨੂੰ ਕਿਸੇ ਖੁਸ਼ਾਮਦੀ ਵਿਸ਼ੇਸ਼ਣ ਵਰਤਣ ਤੋਂ ਬਗੈਰ, ਬੇਝਿਜਕ ਹੋ ਕੇ ਮੁਖਾਤਿਬ ਕਰ ਸਕਦੇ ਹਾਂ। ਇਸ ਨਾਉਂ ਨੂੰ ਕਿਸੇ ਵੀ ਭਾਵ ਨਾਲ ਵਰਤ ਸਕਦੇ ਹਾਂ, ਇੱਥੋਂ ਤੱਕ ਕਿ ਉਸ ਦੀ ਹੋਂਦ ਤੋਂ ਵੀ ਇਨਕਾਰੀ ਹੋ ਸਕਦੇ ਹਾਂ। ਇਸ ਰਾਹੀਂ ਅਸੀਂ ਉਸ ਨੂੰ ਪਿਆਰ ਕਰ ਸਕਦੇ ਹਾਂ, ਉਸ ਨਾਲ ਰੋਸਾ ਕਰ ਸਕਦੇ ਹਾਂ। ਉਸ ਨੂੰ ਚੰਗਾ ਕਹਿ ਸਕਦੇ ਹਾਂ, ਉਸ ਨੂੰ ਨਾ-ਚੰਗਾ ਕਹਿ ਸਕਦੇ ਹਾਂ। ਉਸ ਤੋਂ ਕੁਝ ਮੰਗ ਸਕਦੇ ਹਾਂ ਅਤੇ ਨਾ ਦਿੱਤੇ ਜਾਣ ‘ਤੇ ਉਸ ਨੂੰ ਉਲਾਂਭੇ ਦੇ ਸਕਦੇ ਹਾਂ ਤੇ ਵੱਧ-ਘੱਟ ਵੀ ਬੋਲ ਸਕਦੇ ਹਾਂ। ਉਸ ਨੂੰ ਇਸ ਸੰਸਾਰ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਾ ਕਰ ਸਕਣ ਲਈ ਪੱਖਪਾਤੀ ਤੇ ਬੇਦਰਦ ਕਹਿ ਸਕਦੇ ਹਾਂ। ਇੱਥੋਂ ਤੱਕ ਕਹਿ ਸਕਦੇ ਹਾਂ ਕਿ ਓਹ ਮਨੁੱਖੀ ਹਾਲਾਤ ਅਤੇ ਭਾਵਨਾਵਾਂ ਪ੍ਰਤੀ ਉਦਾਸੀਨ ਅਤੇ ਬੇਕਿਰਕ ਹੈ ਕਿਉਂਕਿ ਉਸ ਦੇ ਸਾਹਮਣੇ ਚੰਗਿਆਂ ਦਾ ਮੰਦਾ ਤੇ ਮੰਦਿਆਂ ਦਾ ਚੰਗਾ ਹੋਈ ਜਾਂਦਾ ਹੈ। ਕਹਿ ਸਕਦੇ ਹਾਂ ਕਿ ਏਨੇ ਚਿਰ ਤੋਂ ਰੱਬ-ਪੁਣਾ ਕਰਦੇ ਹੋਣ ਦੇ ਬਾਵਜੂਦ ਉਸ ਨੇ ਆਪਣੇ ਤਜਰਬੇ ਤੋਂ ਬਹੁਤੇ ਸਬਕ ਨਹੀਂ ਸਿੱਖੇ। ਇਹ ਸਭ ਕਹਿਣ ਲਈ ਸਾਨੂੰ ਕੋਈ ਕੁਝ ਨਹੀਂ ਕਹਿੰਦਾ ਜਦੋਂਕਿ ‘ਪੇਟੈਂਟ’ ਕੀਤੇ ਨਾਵਾਂ ਰਾਹੀਂ ਰੱਬ ਬਾਰੇ ਇੰਨਾ ਸੋਚ ਲੈਣ ਦੀ ਵੀ ਸਜ਼ਾ ਮਿਲ ਸਕਦੀ ਹੈ। ਇਸ ਨਾਉਂ ਰਾਹੀਂ ਰੱਬ ਨਾਲ ਇਸ ਤਰ੍ਹਾਂ ਦੀ ਖੁੱਲ੍ਹ-ਖੇਡ ਸ਼ਿਵ ਕੁਮਾਰ ਬਟਾਲਵੀ ਅਤੇ ਇਨ੍ਹਾਂ ਤੋਂ ਪਹਿਲਾਂ ਸਾਈਂ ਬੁੱਲ੍ਹੇ ਸ਼ਾਹ ਵਰਗਿਆਂ ਨੇ ਵੀ ਲਈ ਹੈ।
ਇਹ ਨਾਉਂ ਦੋਵੇਂ ਪੰਜਾਬਾਂ ਦੀ ਆਮ ਜਨਤਾ ‘ਚ ਹਰਮਨ ਪਿਆਰਾ ਹੈ ਭਾਵੇਂ ਕਿ ‘ਪੰਜਾਬ’ ਸ਼ਬਦ ਦੀ ਤਰ੍ਹਾਂ ਇਹ ਵੀ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ। ਰੱਬ ਅਰਬੀ ਭਾਸ਼ਾ ਦਾ ਸ਼ਬਦ ਹੈ ਜਦੋਂਕਿ ਪੰਜਾਬ ਫ਼ਾਰਸੀ ਦਾ। ਭਾਰਤੀ ਧਾਰਮਿਕ ਗ੍ਰੰਥਾਂ ‘ਚ ਇਹ ਨਾਉਂ ਨਾਂਹ ਦੇ ਬਰਾਬਰ ਵਰਤਿਆ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਕਿ ਰੱਬ ਦੇ ਇਸ ਨਾਉਂ ਦੀ ਮਹੱਤਤਾ ਹੋਰਾਂ ਤੋਂ ਘੱਟ ਹੈ। ਇਹ ਇਸਲਾਮ ਧਰਮ ਦੇ ਉਨ੍ਹਾਂ 99 ਮਿਆਰੀ ਨਾਵਾਂ ‘ਚੋਂ ਇੱਕ ਹੈ ਜਿਨ੍ਹਾਂ ਦਾ ਜ਼ਿਕਰ ਪਵਿੱਤਰ ਕੁਰਾਨ ਸ਼ਰੀਫ ‘ਚ ਆਉਂਦਾ ਹੈ। ਇਸ ਦਾ ਭਾਵ ਮਾਲਿਕ, ਰਾਖਾ ਜਾਂ ਪਾਲਣਹਾਰ ਹੈ ਜਿਸ ਕਰ ਕੇ ਉਸ ਨੂੰ ‘ਰੱਬ-ਉਲ-ਆਲਮੀਨ’ ਯਾਨੀ ਕਿ ਸਾਰੇ ਸੰਸਾਰ ਦਾ ਰੱਬ ਕਿਹਾ ਗਿਆ ਹੈ, ਨਾ ਕਿ ਸਿਰਫ਼ ਇਸਲਾਮ ਦੇ ਉਪਾਸ਼ਕਾਂ ਦਾ। ਰੱਬ ਦੇ ਸਭ ਨਾਉਂ ਉਸ ਦੇ ਗੁਣ-ਵਾਚਕ ਨਾਉਂ ਹਨ, ਉਸ ਦੇ ਸਿਫ਼ਾਤੀ ਜਾਂ ‘ਕੁਆਲੀਟੇਟਿਵ’ ਨਾਉਂ ਹਨ। ਇਹ ਸਭ ਉਸ ਦੇ ਉਪਾਸ਼ਕਾਂ ਨੇ ਆਪੋ-ਆਪਣੇ ਪਿਆਰ ‘ਚ ਆ ਕੇ ਰੱਖੇ ਹੋਏ ਹਨ, ਕਿਉਂਕਿ ਉਸ ਦੇ ਅਸਲ ਨਾਉਂ ਦਾ ਕਿਸੇ ਨੂੰ ਪਤਾ ਨਹੀਂ। ਅਸਲ ਨਾਉਂ ਉਹ ਹੁੰਦਾ ਹੈ ਜੋ ਕਿਸੇ ਦੇ ਮਾਤਾ-ਪਿਤਾ ਨੇ ਰੱਖਿਆ ਹੋਵੇ ਅਤੇ ਸਰਕਾਰੇ-ਦਰਬਾਰੇ ਪ੍ਰਵਾਨ ਹੋਵੇ। ਰੱਬ ਦੇ ਮਾਮਲੇ ‘ਚ ਇਹ ਸੰਭਵ ਨਹੀਂ ਕਿਉਂਕਿ ਉਸ ਦਾ ਕੋਈ ਮਾਤਾ-ਪਿਤਾ ਜਾਂ ਭੈਣ-ਭਰਾ ਨਹੀਂ ਅਤੇ ਓਹ ਆਪਣੇ-ਆਪ ਹੀ ਬਣਿਆ ਦੱਸੀਂਦਾ ਹੈ। ਹਰ ਨਾਉਂ ਨਾਲ ਉਪਾਸ਼ਕਾਂ ਦੀਆਂ ਭਾਵਨਾਵਾਂ, ਸ਼ਰਧਾ ਅਤੇ ਪ੍ਰੇਮ ਜੁੜਿਆ ਹੋਇਆ ਹੈ। ਇਸ ਤਰ੍ਹਾਂ ਦੇ ਨਾਉਂ ਅਸੀਂ ਆਪਣੇ ਮਹਾਂ-ਪੁਰਖਾਂ ਦੇ ਵੀ ਰੱਖੇ ਹੋਏ ਹਨ। ਉਦਾਹਰਣ ਵਜੋਂ, ਅਸੀਂ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਬੰਸਰੀ ਵਾਲਾ, ਸ਼ਿਆਮ-ਸੁੰਦਰ, ਮੁਰਲੀ ਮਨੋਹਰ, ਮੁਰਾਰੀ ਕਹਿੰਦੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਜਰੀ ਦਾ ਚੰਨ, ਬਾਜਾਂ ਵਾਲਾ, ਕਲਗੀਆਂ ਵਾਲਾ, ਅੰਮ੍ਰਿਤ ਦਾ ਦਾਤਾ, ਸਰਬੰਸਦਾਨੀ ਕਹਿੰਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਰੱਬ ਦੇ ਸਾਰੇ ਨਾਉਂ ਸਤਿਕਾਰਯੋਗ ਹਨ ਅਤੇ ਇਨ੍ਹਾਂ ਬਾਰੇ ਬਹਿਸ-ਮੁਬਾਹਿਸਾ ਗ਼ਲਤ ਹੈ ਕਿਉਂਕਿ ਇਹ ਉਸ ਨੂੰ ਗੁੰਝਲਦਾਰ ਬੁਝਾਰਤ ਜਾਂ ਗੋਰਖ-ਧੰਦਾ ਬਣਾਉਣ ਦਾ ਇੱਕ ਕਾਰਨ ਬਣਦਾ ਹੈ।
ਇਸ ਤਰ੍ਹਾਂ, ਸਰਲ ਸੁਭਾਅ ਦੇ ਮਾਲਿਕ ਰੱਬ ਦੇ ਦੋ ਪੱਖ ਹਨ ਜੋ ਸਾਨੂੰ ਆਪਾ-ਵਿਰੋਧੀ ਲੱਗਦੇ ਹਨ। ਇਸ ਦਾ ਇੱਕੋ-ਇੱਕ ਸਪਸ਼ਟੀਕਰਨ ਇਹ ਹੈ ਕਿ ਜੇ ਉਸ ਨੂੰ ਸਹੀ ਢੰਗ ਨਾਲ ਸਮਝਿਆ ਜਾਵੇ ਤਾਂ ਓਹ ਸਰਲ ਹੈ, ਜੇ ਸਹੀ ਢੰਗ ਨਾਲ ਨਾ ਸਮਝਿਆ ਜਾਵੇ ਤਾਂ ਓਹ ਗੁੰਝਲਦਾਰ ਹੈ। ਕੀ ਅਸੀਂ ਗੁੰਝਲਦਾਰ ਬਣੇ ਰੱਬ ਨੂੰ ਸਰਲ ਬਣਾ ਸਕਦੇ ਹਾਂ? ਇਸ ਸਵਾਲ ਦਾ ਜਵਾਬ ਸਮਝਣ ਲਈ ਆਪਾਂ ਸਾਇੰਸ ਅਤੇ ਤਕਨਾਲੋਜੀ ਨੂੰ ਉਦਾਹਰਣ ਅਤੇ ਬਿੰਬ (ਮੈਟਾਫਰ) ਬਣਾਉਂਦੇ ਹਾਂ, ਕਿਉਂਕਿ ਔਖੀਆਂ ਗੱਲਾਂ ਨੂੰ ਸਮਝਣ ਲਈ ਆਪਾਂ ਆਪਣੀਆਂ ਜਾਣੀਆਂ-ਪਛਾਣੀਆਂ ਚੀਜ਼ਾਂ ਦੀਆਂ ਉਦਾਹਰਣਾਂ ਅਤੇ ਉਨ੍ਹਾਂ ਦੇ ਬਿੰਬਾਂ ਦਾ ਸਹਾਰਾ ਆਮ ਲੈਂਦੇ ਹਾਂ। ਪਹਿਲੇ ਸਮਿਆਂ ‘ਚ ਸਾਡਾ ਵਾਹ ਗੁੰਝਲਦਾਰ ਅਤੇ ਗੋਰਖਧੰਦਾ-ਨੁਮਾ ਚੀਜ਼ਾਂ ਨਾਲ ਬਹੁਤ ਘੱਟ ਪੈਂਦਾ ਸੀ। ਪਰ ਅੱਜ ਸਾਇੰਸ ਅਤੇ ਤਕਨਾਲੋਜੀ ਕਰਕੇ ਬਣੇ ਇਸ ਤਰ੍ਹਾਂ ਦੇ ਅਨੇਕਾਂ ਜੰਤਰਾਂ, ਮਸ਼ੀਨਾਂ ਅਤੇ ਸਿਸਟਮਾਂ ਨਾਲ ਸਾਡਾ ਵਾਹ ਹਰ ਵਕਤ ਪੈਂਦਾ ਹੈ। ਇਹ ਰੱਬ ਜਿੰਨੇ ਗੁੰਝਲਦਾਰ ਭਾਵੇਂ ਨਹੀਂ, ਪਰ ਫਿਰ ਵੀ ਇਨ੍ਹਾਂ ‘ਚੋਂ ਕਿਸੇ ਦੀ ਵੀ ਥਿਊਰੀ ਜਾਂ ਬਣਤਰ ਦਾ ਸਾਨੂੰ ਪਤਾ ਨਹੀਂ, ਕਿਸੇ ਦੇ ਕੰਮ ਕਰਨ ਦੇ ਵਿਧੀ-ਵਿਧਾਨ ਦਾ ਕੋਈ ਪਤਾ ਨਹੀਂ। ਇਹ ਸਭ ਸਾਡੇ ਲਈ ‘ਬਲੈਕ ਬੌਕਸ’ ਹਨ, ਫਿਰ ਵੀ ਅਸੀਂ ਇਨ੍ਹਾਂ ਦੀ ਪੂਰੇ ਭਰੋਸੇ ਅਤੇ ਸੁਰੱਖਿਅਤ ਢੰਗ ਨਾਲ ਵਰਤੋਂ ਕਰਦੇ ਹਾਂ ਅਤੇ ਇਨ੍ਹਾਂ ਤੋਂ ਪੂਰਾ ਲਾਭ ਉਠਾ ਰਹੇ ਹਾਂ। ਨਤੀਜੇ ਵਜੋਂ ਅੱਜ ਸਾਰਾ ਸੰਸਾਰ ਅਣਕਿਆਸਿਆ ਵਿਕਾਸ ਕਰ ਚੁੱਕਿਆ ਹੈ ਅਤੇ ਬਹੁਤ ਖ਼ੁਸ਼ਹਾਲ ਹੈ। ਇਨ੍ਹਾਂ ‘ਚੋਂ ਕੁਝ ਯੰਤਰ ਆਪਾਂ ਨਿੱਜੀ ਤੌਰ ‘ਤੇ ਵਰਤਦੇ ਹਾਂ ਅਤੇ ਬਹੁਤੇ ਸਮੂਹਿਕ ਤੌਰ ‘ਤੇ। ਜਿਵੇਂ ਕਿ ਕਾਰ ਅਤੇ ਮੋਬਾਈਲ ਆਦਿ ਨੂੰ ਨਿੱਜੀ ਤੌਰ ‘ਤੇ ਵਰਤਦੇ ਹਾਂ ਅਤੇ ਹਵਾਈ ਜਹਾਜ਼, ਸ਼ਹਿਰਾਂ ਦੇ ਜਲ-ਸਪਲਾਈ, ਸੀਵਰੇਜ, ਬਿਜਲੀ ਦੇ ਪ੍ਰਬੰਧ ਜਾਂ ਡਾਕਟਰੀ ਦੀਆਂ ਮਸ਼ੀਨਾਂ ਆਦਿ ਨੂੰ ਸਮੂਹਿਕ ਤੌਰ ‘ਤੇ ਵਰਤਦੇ ਹਾਂ। ਉਦਾਹਰਣ ਵਜੋਂ, ਅੱਜ ਦੀ ਕਾਰ ‘ਚ ਤਕਰੀਬਨ ਚਾਲ਼ੀ ਹਜ਼ਾਰ ਪੁਰਜ਼ੇ ਹੁੰਦੇ ਹਨ ਅਤੇ ਤਕਰੀਬਨ ਇੱਕ ਦਰਜਨ ਇੰਜੀਨੀਅਰੀ ਬ੍ਰਾਂਚਾਂ ਦੇ ਸੁਮੇਲ ਨਾਲ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਇੰਨੀ ਗੁੰਝਲਦਾਰ ਮਸ਼ੀਨਰੀ ਹੋਣ ਦੇ ਬਾਵਜੂਦ ਸੰਸਾਰ ਭਰ ‘ਚ ਲੋਕ ਆਸਾਨੀ ਨਾਲ ਇਨ੍ਹਾਂ ਨੂੰ ਚਲਾ ਅਤੇ ਇਨ੍ਹਾਂ ਦਾ ਲਾਭ ਉਠਾ ਰਹੇ ਹਨ। ਇਨ੍ਹਾਂ ਦੀ ਵਰਤੋਂ ਲਈ ਸਾਨੂੰ ਸਿਰਫ਼ ਸਟੇਰਿੰਗ, ਬਰੇਕ, ਐਕਸਲਰੇਟਰ, ਗੇਅਰ, ਗੈਸ ਦੀ ਟੈਂਕੀ ਆਦਿ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਜਾਂ ਫਿਰ ਇਨ੍ਹਾਂ ਨੂੰ ਚਲਾਉਣ ਦੇ ਲਾਇਸੈਂਸ ਲੈਣੇ ਅਤੇ ਟ੍ਰੈਫਿਕ ਦੇ ਨੇਮ ਸਿੱਖਣੇ ਪੈਂਦੇ ਹਨ।
ਇਸ ਵਰਗੀ ਉਦਾਹਰਣ ਹੀ ਬਿਜਲੀ ਦੀ ਹੈ। ਅਸੀਂ ਘਰ ‘ਚ ਦਾਖਲ ਹੋ ਕੇ, ਉਂਗਲ਼ ਨਾਲ ਛੋਟੀ ਜਿਹੀ ਸਵਿੱਚ ਦੱਬਦੇ ਹਾਂ ਅਤੇ ਸਾਰਾ ਘਰ ਜਗ-ਮਗਾ ਉੱਠਦਾ ਹੈ ਅਤੇ ਉਸ ਤੋਂ ਬਾਅਦ ਹੋਰ ਜ਼ਰੂਰੀ ਕੰਮ ਵੀ ਸਵਿੱਚਾਂ ਦੱਬ-ਦੱਬ ਕੇ ਹੀ ਕਰੀ ਜਾਂਦੇ ਹਾਂ। ਸਭ ਕੁਝ ਕਿਵੇਂ ਹੋਈ ਜਾਂਦਾ ਹੈ? ਕਦੇ ਸੋਚਿਆ-ਸਮਝਿਆ ਵੀ ਨਹੀਂ ਅਤੇ ਸੋਚਣ-ਸਮਝਣ ਦੀ ਕੋਈ ਲੋੜ ਵੀ ਨਹੀਂ ਪੈਂਦੀ। ਇਨ੍ਹਾਂ ਯੰਤਰਾਂ, ਮਸ਼ੀਨਾਂ ਅਤੇ ਸਿਸਟਮਾਂ ਨੂੰ ਬਣਾਉਣ ਵਾਲਿਆਂ ਨੇ ਇਨ੍ਹਾਂ ‘ਚ ਉਹ ਸਭ ਸਾਜ਼ੋ-ਸਾਮਾਨ ਲਾਇਆ ਹੋਇਆ ਹੈ ਜਿਸ ਕਰਕੇ ਇਨ੍ਹਾਂ ਦੀ ਵਰਤੋਂ ਆਸਾਨ ਵੀ ਹੈ ਅਤੇ ਇਨ੍ਹਾਂ ਤੋਂ ਇੱਛਿਤ ਲਾਭ ਵੀ ਉਠਾਏ ਜਾ ਰਹੇ ਹਨ। ਭਾਵ ਸਾਨੂੰ ਕਿਸੇ ਯੰਤਰ, ਮਸ਼ੀਨ ਜਾਂ ਸਿਸਟਮ ਨੂੰ ਵਰਤਣ ਅਤੇ ਉਸ ਤੋਂ ਫ਼ਾਇਦਾ ਉਠਾਉਣ ਲਈ ਉਸ ਦੀ ਇੰਜੀਨੀਅਰੀ ਅਤੇ ਅੰਦਰੂਨੀ ਗੁੰਝਲਾਂ ਆਦਿ ਸਮਝਣ ਦੀ ਲੋੜ ਨਹੀਂ। ਇਹ ਤਰਕੀਬ ਰੱਬ ‘ਤੇ ਵੀ ਲਾਗੂ ਹੁੰਦੀ ਹੈ ਕਿ ਸਾਨੂੰ ਉਸ ਦੇ ਗੁੱਝੇ ਭੇਤਾਂ ਅਤੇ ਔਖੇ ਫ਼ਲਸਫਿਆਂ ਨੂੰ ਜਾਣਨ-ਸਮਝਣ ਦੀ ਬਹੁਤੀ ਲੋੜ ਨਹੀਂ। ਅਸੀਂ ਉਸ ਦੇ ਸਟੇਰਿੰਗ/ਬਰੇਕ ਨੁਮਾ, ਕੁਝ ਗੁਣਾਂ ਅਤੇ ਲੱਛਣਾਂ ਦੀ ਖੋਜ ਕਰ ਕੇ ਅਤੇ ਸਮਝ ਕੇ ਹੀ ਉਸ ਦਾ ਪੂਰਾ ਲਾਹਾ ਲੈ ਸਕਦੇ ਹਾਂ। ਪ੍ਰੋਫੈਸਰ ਮੋਹਨ ਸਿੰਘ ਵੀ ਇਸ ਖੋਜ ਲਈ ਸਾਨੂੰ ਉਤਸ਼ਾਹਿਤ ਕਰਦੇ ਹਨ ਕਿ ਸਾਨੂੰ ਇਸ ਤਰ੍ਹਾਂ ਦੀਆਂ ਖੋਜਾਂ ਕਰਨ ਤੋਂ ਇਸ ਕਰ ਕੇ ਨਹੀਂ ਡਰਨਾ ਨਹੀਂ ਚਾਹੀਦਾ ਮਤੇ ਅਸੀਂ ਕਾਫ਼ਰ ਨਾ ਗਰਦਾਨੇ ਜਾਈਏ:
ਕਾਫ਼ਰ ਹੋਣੋਂ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀਂ।
ਲਾਈ-ਲੱਗ ਮੋਮਨ ਦੇ ਕੋਲੋਂ ਖੋਜੀ ਕਾਫ਼ਰ ਚੰਗਾ।
ਉਨ੍ਹਾਂ ਨੇ ਖ਼ੁਦ ਇਹ ਖੋਜ ਕੀਤੀ ਲੱਗਦੀ ਹੈ ਜਿਸ ਸਦਕਾ ਉਹ ‘ਸਾਡੇ ਖੂਹ ‘ਤੇ ਵਸਦਾ ਰੱਬ ਨੀ’ ਦਾ ਆਨੰਦ ਮਾਣ ਸਕੇ। ਪਰਮਾਰਥ ਦੇ ਇਤਿਹਾਸ ‘ਚ ਇਸ ਤਰ੍ਹਾਂ ਹੁੰਦਾ ਰਿਹਾ ਹੈ। ਧੰਨੇ ਭਗਤ ਦੇ ਖੂਹ ‘ਤੇ ਰਹਿਣ ਦੀ ਗੱਲ ਛੱਡੀਏ, ਰੱਬ ਤਾਂ ਓਸ ਦੇ ਖੇਤੀ-ਬਾੜੀ ਦੇ ਕੰਮ ਵੀ ਕਰਦਾ ਸੀ। ਜਦ ਸਾਈਂ ਬੁੱਲੇ ਸ਼ਾਹ ਆਪਣੇ ਹੋਣ ਵਾਲੇ ਮੁਰਸ਼ਦ ਅਨਾਇਤ ਸ਼ਾਹ ਕੋਲ ਗਏ ਅਤੇ ਰੱਬ ਨੂੰ ਮਿਲਣ ਦਾ ਢੰਗ ਪੁੱਛਿਆ ਤਾਂ ਜਵਾਬ ਮਿਲਿਆ, ”ਬੁੱਲਿਆ ਰੱਬ ਦਾ ਕੀ ਪਾਉਣਾ, ਐਧਰੋਂ ਪੱਟਣਾ, ਐਧਰ ਲਾਉਣਾ”। ਇਹ ਤੱਥ ਇਸ ਸਚਾਈ ਦਾ ਸਬੂਤ ਹਨ ਕਿ ਜੇ ਰੱਬ ਨੂੰ ਸਮਝਣ ਦੀ ਜੁਗਤ ਸਿੱਖ ਲਈ ਜਾਵੇ ਤਾਂ ਅਸੀਂ ਬਹੁਤ ਸੌਖੇ ਢੰਗ ਨਾਲ ਉਸ ਨੂੰ ਮਿਲ ਸਕਦੇ ਹਾਂ। ਭਾਵੇਂ ਇਹ ਵਿਚਾਰਧਾਰਾ ਮੁੱਢ-ਕਦੀਮੀਂ ਹੈ ਪਰ ਇਸ ਨੂੰ ਜਨ-ਸਾਧਾਰਨ ‘ਚ ਪ੍ਰਚੱਲਤ ਭਗਤੀ ਲਹਿਰ ਦੇ ਮੋਢੀ ਮਹਾਂਪੁਰਖਾਂ ਨੇ ਕੀਤਾ, ਜਿਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਨ ਸਿਰਮੌਰ ਸਨ। ਉਨ੍ਹਾਂ ਨੇ ਆਪਣੀਆਂ ਬਾਣੀਆਂ ਰਾਹੀਂ ਖਲਕਤ ਨੂੰ ਰੱਬ ਨੂੰ ਮਿਲਣ ਦੀ ਲੋੜ, ਉਸ ਨੂੰ ਮਿਲ ਕੇ ਪ੍ਰਾਪਤ ਹੋਣ ਵਾਲੇ ਲਾਭ ਅਤੇ ਮਿਲਣ ਦੀਆਂ ਸਰਲ ਤੇ ਸਫ਼ਲ ਜੁਗਤਾਂ ਬਾਰੇ ਦੱਸਿਆ। ਉਸ ਨੂੰ ਮਾਤਾ-ਪਿਤਾ, ਭਾਈ, ਮਿੱਤਰ, ਰਿਸ਼ਤੇਦਾਰ ਦੀ ਸੰਗਿਆ ਦਿੱਤੀ, ਜੋ ਹਰ ਵਕਤ ਸਾਡੇ ਕੋਲ ਰਹਿੰਦੇ ਹਨ। ਇੱਥੋਂ ਤੱਕ ਸਮਝਾਇਆ ਕਿ ਜੇ ਰੱਬ ਨੂੰ ਮਿਲਣ ਦੀ ਜੁਗਤ ਸਿੱਖ ਲਈ ਜਾਵੇ ਤਾਂ ਅਸੀਂ ਦੁਨਿਆਵੀ ਫਰਜ਼ ਪੂਰੇ ਕਰਦੇ ਹੋਏ, ਹੱਸਦੇ, ਖੇਡਦੇ, ਖਾਂਦੇ ਅਤੇ ਪਹਿਨਦੇ ਉਸ ਨੂੰ ਮਿਲ ਸਕਦੇ ਹਾਂ।
ਇਸ ਤਰ੍ਹਾਂ ਦੇ ਰੱਬ ਨੂੰ ਫਿਰ ਗੁੰਝਲਦਾਰ ਕਿਸ ਨੇ ਅਤੇ ਕਿਉਂ ਬਣਾਇਆ ਹੈ? ਅਸੀਂ ਉਸ ਦੀ ਸਾਦਗੀ ਨੂੰ ਕਿਵੇਂ ਮਾਣ ਸਕਦੇ ਹਾਂ? ਉੱਤਰ ਹੈ ਕਿ ਇਹ ਕੰਮ ਕਥਿਤ ਰਾਖਿਆਂ ਨੇ ਆਪਣੀ ਖ਼ੁਦਗਰਜ਼ੀ ਲਈ ਕੀਤਾ ਹੈ। ਅਸੀਂ ਮੋਢੀ ਮਹਾਂਪੁਰਖਾਂ ਦੀਆਂ ਸਰਲ ਸਿੱਖਿਆਵਾਂ ਨੂੰ ਖ਼ੁਦ ਪੜ੍ਹ-ਸਮਝ ਅਤੇ ਇਨ੍ਹਾਂ ‘ਤੇ ਅਮਲ ਕਰ ਕੇ ਰੱਬ ਦੀ ਸਾਦਗੀ ਦਾ ਆਨੰਦ ਮਾਣ ਸਕਦੇ ਹਾਂ। ਪਰ ਜਦ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਜਾਂ ਬਾਣੀਆਂ ਦੀ ਆਪ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਸਾਨੂੰ ਬਹੁਤ ਔਖੀਆਂ ਲਗਦੀਆਂ ਹਨ ਅਤੇ ਸਾਡੀ ਸਮਝ ‘ਚ ਨਹੀਂ ਆਉਂਦੀਆਂ। ਇਸ ਦਾ ਕਾਰਨ ਇਹ ਹੈ ਕਿ ਮਹਾਂਪੁਰਖਾਂ ਨੇ ਆਪਣੀਆਂ ਸਿੱਖਿਆਵਾਂ ਉੱਚ-ਕੋਟੀ ਦੀ ਵਿਦਵਤਾ-ਭਰਪੂਰ ਔਖੀ ਸ਼ੈਲੀ ‘ਚ ਵੀ ਰਚੀਆਂ ਹਨ ਤਾਂ ਕਿ ਦੁਨਿਆਵੀ ਸਿਆਣੇ ਉਨ੍ਹਾਂ ਨੂੰ ਐਵੇਂ ਨਾ ਸਮਝ ਲੈਣ। ਪਰ-ਉਪਕਾਰ ਵਜੋਂ ਉਨ੍ਹਾਂ ਨੇ ਉਹੀ ਸਿੱਖਿਆਵਾਂ ਨਾਲ-ਨਾਲ ਬਹੁਤ ਸਰਲ ਸ਼ੈਲੀ ‘ਚ ਵੀ ਰਚੀਆਂ ਹਨ ਤਾਂ ਕਿ ਸਾਧਾਰਨ ਜਨਤਾ ਇਨ੍ਹਾਂ ਤੋਂ ਲਾਭ ਉਠਾ ਸਕੇ। ਇਸ ਕਰਕੇ ਹੀ ਉਨ੍ਹਾਂ ਦੀਆਂ ਬਾਣੀਆਂ ‘ਚ ਦੁਹਰਾਓ ਬਹੁਤ ਹਨ। ਪਰ ਕਥਿਤ ਰਾਖੇ ਆਪਣੀ ਵਿਦਵਤਾ ਦੀ ਟੌਹਰ ‘ਚ, ਆਪਣੇ ਪੇਟ ਅਤੇ ਮਾਣ-ਇੱਜ਼ਤ ਲਈ ਸਾਨੂੰ ਗੁੰਝਲਦਾਰ ਫਲਸਫ਼ਿਆਂ ਅਤੇ ਔਖੇ ਸ਼ਬਦਾਂ ਦੇ ਭੰਬਲਭੂਸਿਆਂ ‘ਚ ਪਾ ਦਿੰਦੇ ਹਨ। ਮਜਬੂਰ ਹੋ ਕੇ ਸਾਨੂੰ ਇਹ ਕੰਮ ਉਨ੍ਹਾਂ ਨੂੰ ਹੀ ‘ਆਊਟ-ਸੋਰਸ’ ਕਰਨਾ ਪੈਂਦਾ ਹੈ ਅਤੇ ਦੇਖ ਰਹੇ ਹਾਂ ਕਿ ਰੱਬ ਦਾ ਵਿਸ਼ਾ ਅੱਜ ‘ਟੂਅ ਬਿੱਗ ਟੂ ਫੇਲ’ ਬਿਜ਼ਨਸ ਬਣਿਆ ਹੋਇਆ ਹੈ। ਅਸੀਂ ਰੱਬ ਨੂੰ ਹੋਰ ਗੁੰਝਲਦਾਰ ਸਮਝ ਕੇ ਇੱਕ ਕੁ-ਚੱਕਰ ‘ਚ ਪੈ ਜਾਂਦੇ ਹਾਂ ਹਾਲਾਂਕਿ ਅਸੀਂ ਮਹਾਂ-ਪੁਰਖਾਂ ਦੀਆਂ ਸੌਖੀਆਂ ਅਤੇ ਸਾਡੇ ਸਮਝਣ ਯੋਗ ਸਿੱਖਿਆਵਾਂ ‘ਤੇ ਅਮਲ ਕਰ ਕੇ ਪੂਰੇ ਲਾਭ ਉਠਾ ਸਕਦੇ ਹਾਂ। ਅਮਰੀਕਾ ਦੇ ਪ੍ਰਸਿੱਧ ਹਾਸਰਸ ਫ਼ਿਲਾਸਫਰ ਮਾਰਕ ਟਵੇਨ ਦੀ ਇੱਕ ਬਹੁਤ ਢੁਕਵੀਂ ਟੂਕ ਹੈ ਕਿ ”ਲੋਕ ਬਾਈਬਲ ਦੀਆਂ ਉਨ੍ਹਾਂ ਗੱਲਾਂ ਦਾ ਫ਼ਿਕਰ ਕਰਦੇ ਹਨ ਜੋ ਉਨ੍ਹਾਂ ਨੂੰ ਸਮਝ ਨਹੀਂ ਆਉਂਦੀਆਂ, ਪਰ ਮੈਂ ਉਨ੍ਹਾਂ ਦਾ ਫ਼ਿਕਰ ਕਰਦਾ ਹਾਂ ਜੋ ਮੈਨੂੰ ਸਮਝ ਆ ਚੁੱਕੀਆਂ ਹਨ।” ਇਸ ਟੂਕ ਦੀ ਨਸੀਹਤ ਅਨੁਸਾਰ ਅਸੀਂ ਵੀ ਗੁਰਬਾਣੀ ਨੂੰ ਸਮਝੀਏ ਅਤੇ ਉਨ੍ਹਾਂ ‘ਤੇ ਅਮਲ ਕਰੀਏ। ਇਸ ਤਰ੍ਹਾਂ ਰੱਬ ਸਾਡੇ ਲਈ ਇੱਕ ਸਰਲ ਅਤੇ ਜਾਣੀ-ਪਛਾਣੀ ਹਸਤੀ ਬਣ ਸਕਦਾ ਹੈ ਅਤੇ ਅਸੀਂ ਉਸ ਨੂੰ ਸਮਝ ਕੇ ਉਸ ਦਾ ਪ੍ਰਤੱਖ ਲਾਹਾ ਲੈ ਸਕਦੇ ਹਾਂ।
ਇਹ ਸਮੱਸਿਆ ਪੱਛਮੀ ਦੇਸ਼ਾਂ ਨੂੰ ਵੀ ਹੈ ਅਤੇ ਉਹ ਵੀ ਇਸ ਸਬੰਧ ‘ਚ ਪਿਛਲੇ ਸੱਤ-ਅੱਠ ਦਹਾਕਿਆਂ ਤੋਂ ਗੰਭੀਰ ਖੋਜਾਂ ਕਰਦੇ ਆ ਰਹੇ ਹਨ। ਉਨ੍ਹਾਂ ਦੇ ਮਨੋ-ਵਿਗਿਆਨੀਆਂ, ਇਤਿਹਾਸਕਾਰਾਂ ਅਤੇ ਫ਼ਿਲਾਸਫਰਾਂ ਨੇ ਪੂਰਬੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਸਾਧਨਾ, ਖਿਮਾ, ਪ੍ਰੇਮ, ਸ਼ੁਕਰਗੁਜ਼ਾਰੀ ਅਤੇ ਭਾਣਾ ਮੰਨਣ ਵਰਗੇ ਅਧਿਆਤਮਵਾਦੀ ਵਿਸ਼ਿਆਂ ‘ਤੇ ਖੋਜਾਂ ਕੀਤੀਆਂ। ਉਹ ਇਸ ਨਤੀਜੇ ‘ਤੇ ਪਹੁੰਚੇ ਕਿ ਇਹ ਸਭ ਗੁਣ ਸੁਚੱਜੇ, ਖੁਸ਼ਹਾਲ ਅਤੇ ਸਫ਼ਲ ਜੀਵਨ ਲਈ ਜ਼ਰੂਰੀ ਹਨ। ਇਨ੍ਹਾਂ ਖੋਜਾਂ ਨੇ ‘ਪੁਰਾਤਨ ਸਿਆਣਪਾਂ ਦੇ ਅਜੋਕੀਆਂ ਸਾਇੰਸੀ ਖੋਜਾਂ ਨਾਲ ਸੁਮੇਲ’ ਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਹੈ। ਇਸ ਵਿਚਾਰਧਾਰਾ ਦੇ ਮੁੱਖ ਸੂਤਰਧਾਰ ਮਾਰਟਿਨ ਸੈਲਿਗਮੈਨ ਅਤੇ ਜੌਨਾਥਨ ਹਾਈਟ ਵਰਗੇ ਮਨੋ-ਵਿਗਿਆਨੀ ਹਨ। ਇਸ ਅਨੁਸਾਰ ਅਸੀਂ ਸਭ ਲਈ ਇੱਕ ‘ਕੌਮਨ ਮਿਨੀਮਮ ਪ੍ਰੋਗਰਾਮ’ ਸਿਰਜ ਸਕਦੇ ਹਾਂ, ਜਿਸ ਨੂੰ ਆਧਾਰ ਬਣਾ ਕੇ ਅਸੀਂ ਅੱਗੇ ਆਪਣੇ ਤਰਕ ਅਤੇ ਸਮਰੱਥਾ ਨਾਲ ਵਿਅਕਤੀਗਤ ਢੰਗ ਉਲੀਕ ਸਕਦੇ ਹਾਂ। ਇਸ ਪ੍ਰੋਗਰਾਮ ‘ਚ ਹੇਠਲੇ ਮੂਲ ਰੱਬੀ ਸਿਧਾਂਤ ਰੱਖੇ ਜਾ ਸਕਦੇ ਹਨ:
ਰੱਬ ਦੇ ਰਸਤੇ ਦੇ ਦੋ ਹਿੱਸੇ ਹਨ: ਪਹਿਲਾ ਇਹ ਜੀਵਨ ਅਰਥਾਤ ਜਨਮ ਤੋਂ ਮਰਨ ਤੱਕ ਦਾ ਹਿੱਸਾ ਅਤੇ ਦੂਸਰਾ ਮਰਨ ਤੋਂ ਬਾਅਦ ਦਾ ਹਿੱਸਾ। ਪਹਿਲੇ ਹਿੱਸੇ ‘ਚ ਸਾਰੇ ਇਨਸਾਨ ਵਿਸ਼ਵਾਸ ਕਰਦੇ ਹਨ ਜਦੋਂਕਿ ਦੂਸਰੇ ਹਿੱਸੇ ‘ਚ ਬਹੁਤੇ ਨਹੀਂ ਕਰਦੇ। ਦੂਸਰੇ ਹਿੱਸੇ ‘ਚ ਵਿਸ਼ਵਾਸ ਕਰਨ ਜਾਂ ਨਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਜੀਵਨ ਦੋਵੇਂ ਤਰ੍ਹਾਂ ਦੇ ਵਿਸ਼ਵਾਸਾਂ ਵਾਲੇ ਇਨਸਾਨਾਂ ਨੇ ਜਿਊਣਾ ਹੈ। ਮਹਾਂਪੁਰਖ ਸਮਝਾਉਂਦੇ ਹਨ ਕਿ ਪਹਿਲੇ ਹਿੱਸੇ ਅਰਥਾਤ ਇਸ ਜੀਵਨ ਨੂੰ ਸਵੱਛ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਅਤੇ ਪਾਕ ਪਵਿੱਤਰ ਢੰਗ ਨਾਲ ਜਿਊਣਾ ਸਭ ਲਈ ਜ਼ਰੂਰੀ ਹੈ। ਬਲਕਿ ਦੂਸਰੇ ਹਿੱਸੇ ‘ਚ ਵਿਸ਼ਵਾਸ ਕਰਨ ਵਾਲਿਆਂ ਲਈ ਵੱਧ ਜ਼ਰੂਰੀ ਹੈ ਕਿਉਂਕਿ ਇਸ ਜੀਵਨ ਨੇ ਹੀ ਅਗਲੇ ਜਨਮ ਦਾ ਅਧਾਰ ਬਣਨਾ ਹੈ। ਜੋ ਇਸ ਜਨਮ ‘ਚ ਮੰਦਾ ਹੈ ਉਸ ਨੂੰ ਅਗਲੇ ਜਨਮ ‘ਚ ਕਿਸੇ ਨੇ ਚੰਗਾ ਨਹੀਂ ਬਣਾਉਣਾ। ਨਿਬੇੜੇ ਕਰਮਾਂ ਉੱਤੇ ਹੋਣੇ ਹਨ, ਭਰੋਸਿਆਂ ਜਾਂ ਮਾਨਤਾਵਾਂ ਉੱਤੇ ਨਹੀਂ ਹੋਣੇ। ਪਰ ਅਜੋਕੇ ਪਖੰਡੀ ਬਾਬੇ ਸਾਨੂੰ ਅਗਲੇ ਜਨਮ ਦੇ ਭੁਲੇਖਿਆਂ ‘ਚ ਉਲਝਾ ਕੇ ਰੱਖਦੇ ਹਨ। ਕਿਸਮਤ ਬਦਲਣ ਦੇ ਫੋਕੇ ਲਾਰਿਆਂ ਰਾਹੀਂ ਹੀ ਪਖੰਡੀ ਬਾਬੇ ਸਾਨੂੰ ਰੱਬ ਤੋਂ ਦੂਰ ਕਰਦੇ ਹਨ। ਇਨ੍ਹਾਂ ਤੋਂ ਬਚਣਾ ਸਾਡਾ ਫ਼ਰਜ਼ ਹੈ।
ਮਹਾਂਪੁਰਖਾਂ ਦੀ ਐਲਾਨੀਆ ਨਸੀਹਤ ਹੈ ਕਿ ਅਸੀਂ ਚੰਗੇ ਅਤੇ ਵਧੀਆ ਇਨਸਾਨ ਬਣ ਕੇ ਅਤੇ ਖੁਸ਼ਹਾਲ ਜੀਵਨ ਜਿਊਣਾ ਸਿੱਖ ਕੇ ਰੱਬ ਨੂੰ ਮਿਲ ਸਕਦੇ ਹਾਂ। ਪਰ ਧਰਮਾਂ ਦੇ ਕਥਿਤ ਰਾਖੇ ਸਾਨੂੰ ਉਲਟ ਝਾਂਸਾ ਦਿੰਦੇ ਹਨ ਕਿ ਅਸੀਂ ਰੱਬ ਨੂੰ ਮਿਲ ਕੇ ਚੰਗੇ ਅਤੇ ਵਧੀਆ ਇਨਸਾਨ ਬਣ ਸਕਾਂਗੇ ਅਤੇ ਖੁਸ਼ਹਾਲ ਜੀਵਨ ਪ੍ਰਾਪਤ ਕਰ ਸਕਾਂਗੇ। ਸੋ ਸਾਡਾ ਕੰਮ ਰੱਬ ਨੂੰ ਮਿਲ ਕੇ ਚੰਗੇ ਬਣਨਾ ਨਹੀਂ ਸਗੋਂ ਚੰਗੇ ਬਣ ਕੇ ਰੱਬ ਨੂੰ ਮਿਲਣਾ ਹੈ।
ਮਹਾਂਪੁਰਖਾਂ ਨੇ ਸਮਝਾਇਆ ਹੈ ਕਿ ਰੱਬ ਦਾ ਧਰਮਾਂ ਨਾਲ ਬਹੁਤਾ ਤੁਅੱਲਕ ਨਹੀਂ। ਸਾਢੇ ਕੁ ਪੰਜ ਹਜ਼ਾਰ ਸਾਲ ਪੁਰਾਣਾ ਸਾਡਾ ਲਿਖਤੀ ਇਤਿਹਾਸ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਹਰ ਧਰਮ ਦੀ ਸ਼ੁਰੂਆਤ ਦੀ ਕੋਈ ਨਾ ਕੋਈ ਮਿਤੀ ਹੈ, ਜਦੋਂਕਿ ਰੱਬ ਇਨ੍ਹਾਂ ਸਭ ਤੋਂ ਪਹਿਲਾਂ ਦਾ ਬਣਿਆ ਹੈ। ਵੈਸੇ ਵੀ ਸਾਰੇ ਧਰਮਾਂ ਦਾ ਆਧਾਰ ਅਧਿਆਤਮਵਾਦ ਹੈ ਜੋ ਇੱਕ ਹੈ ਪਰ ਇਨ੍ਹਾਂ ਦੀ ਸ਼ੁਰੂਆਤ ਦੇ ਸਮੇਂ, ਸਥਾਨ, ਇਤਿਹਾਸਕ ਅਤੇ ਸਭਿਆਚਾਰਕ ਪਿੱਠ-ਭੂਮੀ ਅੱਡ-ਅੱਡ ਹੋਣ ਕਰ ਕੇ ਇਨ੍ਹਾਂ ਦੇ ਬਾਹਰੀ ਰਸਮੋ-ਰਿਵਾਜਾਂ ਦਾ ਅੱਡ-ਅੱਡ ਹੋਣਾ ਕੁਦਰਤੀ ਹੈ। ਰਹਿਬਰ ਅਖਵਾਉਣ ਵਾਲਿਆਂ ਨੇ ਸਾਨੂੰ ਰਸਮੋ-ਰਿਵਾਜਾਂ ‘ਚ ਉਲਝਾ ਕੇ ਰੱਬ ਨੂੰ ਬਹੁਤਾ ਗੁੰਝਲਦਾਰ ਬਣਾਇਆ ਹੈ। ਸੋ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨ ਅਤੇ ਆਪੋ-ਆਪਣੇ ਧਰਮ ਦੇ ਮੋਢੀ ਮਹਾਂਪੁਰਖਾਂ ਦੀਆਂ ਸਰਲ ਸਿੱਖਿਆਵਾਂ ਨੂੰ ਖ਼ੁਦ ਸਮਝਣ ਅਤੇ ਮੰਨਣ ਨਾਲ ਹੀ ਅਸੀਂ ਧਰਮਾਂ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ, ਰੱਬ ਦੀ ਸਰਲਤਾ ਦਾ ਅਹਿਸਾਸ ਕਰ ਸਕਦੇ ਹਾਂ।
ਸਾਰ ਤੱਤ ਇਹ ਹੈ ਕਿ ਅਸੀਂ ਪ੍ਰੰਪਰਾਵਾਦੀਆਂ ਵੱਲੋਂ ਕਾਫ਼ਰ ਗਰਦਾਨੇ ਜਾਣ ਦੇ ਡਰ ਤੋਂ ਬੇਖ਼ੌਫ਼ ਹੋ ਕੇ ਆਪਣੇ ਤਰਕ ਅਤੇ ਵਿਵੇਕ ਦੀ ਸਦਵਰਤੋਂ ਕਰੀਏ। ਰੱਬ ਦੇ ਔਖੇ ਭੇਤ ਖੋਲ੍ਹਣ ਦੀਆਂ ਅਸਫ਼ਲ ਕੋਸ਼ਿਸ਼ਾਂ ਦੀ ਬਜਾਏ ਮੋਢੀ ਮਹਾਂਪੁਰਖਾਂ ਦੀਆਂ ਸਦੀਵੀ ਅਤੇ ਸਰਲ ਸਿਆਣਪਾਂ ਦਾ ਅੱਜ ਦੀਆਂ ਵਿਗਿਆਨਕ ਖੋਜਾਂ ਨਾਲ ਸੁਮੇਲ ਕਰਨ ਦਾ ਹੀਆ ਕਰੀਏ, ਇਨ੍ਹਾਂ ‘ਤੇ ਅਮਲ ਕਰੀਏ।