ਲਿਖਤ : ਬਰਿੰਦਰ ਸਿੰਘ
ਅਮਰੀਕਾ ਵਿੱਚ ਜਦੋਂ ਪਰਵਾਸੀਆਂ ਨੂੰ ਬਾਹਰ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ, ਤਾਂ ਅਸੀਂ ਤੁਹਾਨੂੰ ਇੱਕ ਅਜਿਹੇ ਪਰਵਾਸੀ ਦੇ ਰੂਬਰੂ ਕਰਵਾਉਂਦੇ ਹਾਂ, ਜਿਸ ਨੇ ਕੈਨੇਡਾ ਵਿੱਚ ਜਾ ਕੇ ਆਪਣੇ ਜੱਦੀ ਪਿੰਡ ਦੇ ਨਾਂ ਉੱਤੇ ਪਿੰਡ ਪਾਲਦੀ ਵਸਾਇਆ ਸੀ। ਕੈਨੇਡਾ ਵਿੱਚ ਪਾਲਦੀ ਪਿੰਡ ਵਸਾਉਣ ਵਾਲੇ ਇਹ ਪਰਵਾਸੀ ਸਨ, ਮਈਆ ਸਿੰਘ।
100 ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਕੈਨੇਡਾ ਗਏ ਮਈਆ ਸਿੰਘ ਉੱਥੇ ਮਾਇਓ ਸਿੰਘ ਮਿਨਹਾਸ ਦੇ ਨਾਂ ਨਾਲ ਮਸ਼ਹੂਰ ਹੋਏ। ਮਾਇਓ ਸਿੰਘ ਦਾ ਪਿਛੋਕੜ ਪੰਜਾਬ ਦੇ ਦੁਆਬੇ ਖਿੱਤੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਤੋਂ ਸੀ।
ਪੰਜਾਬ ਦੇ ਸਤਲੁਜ ਤੇ ਬਿਆਸ ਵਿਚਕਾਰਲੇ ਖਿੱਤੇ ਨੂੰ ਦੁਆਬਾ ਕਿਹਾ ਜਾਂਦਾ ਹੈ, ਪੰਜਾਬ ਵਿੱਚ ਸਭ ਤੋਂ ਪਹਿਲਾਂ ਇੱਥੋਂ ਹੀ ਪੰਜਾਬੀਆਂ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ ਸੀ।
ਕੌਣ ਸਨ ਮਾਇਓ ਸਿੰਘ ਮਿਨਹਾਸ
ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਹਿਲਪੁਰ ਤੋਂ ਫਗਵਾੜਾ ਨੂੰ ਜਾਣ ਵਾਲੀ ਸੜਕ ਉੱਤੇ ਮਾਹਿਲਪੁਰ ਤੋਂ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਪਾਲਦੀ ਦਾ ਮੁੱਖ ਦਰਵਾਜ਼ਾ ਦਿਖੇਗਾ।ਜਿਸ ਉੱਪਰ ਮਾਇਓ ਸਿੰਘ ਮਿਨਹਾਸ ਦਾ ਨਾਮ ਉਕਰਿਆ ਦਿਖਾਈ ਦਿੰਦਾ ਹੈ।
ਇਹ ਪਿੰਡ ਜਿਥੇ ਪਰਵਾਸੀਆਂ ਦੇ ਨਾਂ ਨਾਲ ਮਸ਼ਹੂਰ ਹੈ, ਉੱਥੇ ਹੀ ਇਸ ਪਿੰਡ ਦੇ ਕਈ ਨਾਮੀ ਫੁਟਬਾਲ ਖਿਡਾਰੀ ਵੀ ਹੋਏ ਹਨ। ਇਸ ਪਿੰਡ ਨੂੰ ਜੋ ਹੋਰ ਖਾਸ ਬਣਾਉਂਦਾ ਹੈ, ਉਹ ਹਨ ਇਸ ਪਿੰਡ ਦੇ ਜੰਮਪਲ ਤੇ ਕੈਨੇਡਾ ਦੇ ਉਦਯੋਗਪਤੀ ਮਰਹੂਮ ਮਾਇਓ ਸਿੰਘ ਮਿਨਹਾਸ ਦਾ ਜਨਮ ਭੂਮੀ ਹੋਣਾ।
ਕੁਲਦੀਪ ਸਿੰਘ ਮਿਨਹਾਸ ਮਾਇਓ ਸਿੰਘ ਮਿਨਹਾਸ ਦੇ ਭਤੀਜੇ ਹਨ, ਜੋ ਅੱਜ-ਕੱਲ੍ਹ ਕੈਨੇਡਾ ਤੋਂ ਪੰਜਾਬ ਆਪਣੇ ਜੱਦੀ ਪਿੰਡ ਪਾਲਦੀ ਆਏ ਹੋਏ ਹਨ।
ਕੁਲਦੀਪ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਇਓ ਸਿੰਘ ਕੈਨੇਡਾ ਵਿੱਚ ਜਾਣ ਵਾਲੇ ਪੰਜਾਬੀਆਂ ਵਿੱਚੋਂ ਮੋਢੀ ਗਿਣੇ ਜਾਂਦੇ ਹਨ। ਉਹ ਕਰੀਬ 1906 ਵਿੱਚ ਸੈਨ ਫਰਾਂਸਿਸਕੋ ਰਾਹੀਂ ਕੈਨੇਡਾ ਪਹੁੰਚੇ ਸਨ।
ਉਹ ਦੱਸਦੇ ਹਨ,”ਮਾਇਓ ਸਿੰਘ ਮਿਨਹਾਸ ਕੈਨੇਡਾ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਪਿੰਡ ‘ਚ ਹੀ ਖੇਤੀ ਕਰਦੇ ਸਨ। ਉਹ ਇੱਕ ਮਿਹਨਤੀ, ਅਗਾਂਹਵਧੂ ਅਤੇ ਤੇਜ਼ ਦਿਮਾਗ ਵਾਲੇ ਆਦਮੀ ਸਨ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ‘ਤੇ ਸਖ਼ਤ ਮਿਹਨਤ ਕਰਕੇ ਆਪਣੇ ਪੈਰ੍ਹ ਜਮਾਏ।”
ਮਿੱਲ ਦੇ ਕਾਮੇ ਤੋਂ ਉਦਯੋਗਪਤੀ ਬਣਨ ਦਾ ਸਫ਼ਰ
ਕੁਲਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਇੱਕ ਕਾਮੇ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਹ ਦੱਸਦੇ ਹਨ, “ਮਾਇਓ ਸਿੰਘ ਮਿਨਹਾਸ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਲੱਕੜ ਦੀ ਮਿੱਲ ‘ਚ ਮਜ਼ਦੂਰ ਵਜੋਂ ਕੰਮ ਸ਼ੁਰੂ ਕੀਤਾ। ਕੁਝ ਸਾਲਾਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਿਸ ਮਿੱਲ ‘ਚ ਉਹ ਕੰਮ ਕਰਦੇ ਸਨ, ਉਸ ਨੂੰ ਹੀ ਖਰੀਦਣ ਦੀ ਯੋਜਨਾ ਬਣਾਈ।”
ਮਾਇਓ ਸਿੰਘ ਮਿਨਹਾਸ ਦੇ ਵੱਡੇ ਨੂੰਹ ਅਤੇ “ਪਾਲਦੀ ਰੀਮੈਬਰਡ: 50 ਯੀਅਰਜ਼ ਇਨ ਦਿ ਲਾਈਫ ਆਫ ਏ ਵੈਨਕੂਵਰ ਆਈਜ਼ਲੈਂਡ ਲੌਗਿੰਗ ਟਾਊਨ” ਦੇ ਲੇਖਕ ਜੌਨ ਮਾਇਓ ਨੇ ਆਪਣੀ ਇਸ ਕਿਤਾਬ ਵਿੱਚ ਮਾਇਓ ਸਿੰਘ ਮਿਨਹਾਸ ਦੇ ਕੈਨੇਡਾ ਵਿਚਲੇ ਸ਼ੁਰੂਆਤੀ ਦਿਨਾਂ ਦਾ ਜ਼ਿਕਰ ਕੀਤਾ ਹੈ।
ਉਹ ਲਿਖਦੇ ਹਨ, “ਦੇਖਣ ਨੂੰ ਭਾਵੇਂ ਉਹ ਛੋਟੇ ਕੱਦ (5″3) ਦੇ ਸਨ ਪਰ ਉਹ ਆਪਣੇ ਮਜ਼ਬੂਤ ਇਰਾਦਿਆਂ ਨਾਲ ਕੈਨੇਡਾ ਵਿੱਚ ਪੰਜਾਬੀਆਂ ਦੇ ਲੀਡਰ ਬਣ ਕੇ ਉਭਰੇ। ਮਾਇਓ ਸਿੰਘ ਮਿਨਹਾਸ ਨੇ 1912 ਵਿੱਚ 35 ਕਰਮਚਾਰੀਆਂ ਨਾਲ ਇੱਕ ਆਲੂ ਫਾਰਮ ਰਾਹੀਂ ਕਾਰੋਬਾਰ ਦੀ ਸ਼ੁਰੂਆਤ ਕੀਤੀ ਪਰ ਉਸ ਵਿੱਚ ਉਹ ਅਸਫ਼ਲ ਰਹੇ।”
“ਇਸ ਮਗਰੋਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਾਟੇ ਵਿੱਚ ਜਾ ਰਹੀ ਇੱਕ ਲੱਕੜ ਮਿੱਲ ਦਾ ਸੌਦਾ ਮਾਰਿਆ, ਜਿਸ ਤੋਂ ਉਨ੍ਹਾਂ ਦੇ ਕਾਰੋਬਾਰ ਨੂੰ ਬਹੁਤ ਮੁਨਾਫਾ ਹੋਇਆ ਤੇ ਉਹ ਆਪਣਾ ਹੋਰ ਕਾਰੋਬਾਰ ਸਥਾਪਤ ਕਰਦੇ ਚਲੇ ਗਏ।”
ਅਜੀਤ ਲੰਗੇਰੀ ਨੇ ਵੀ ‘ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ’ ਨਾਂ ਦੀ ਕਿਤਾਬ ਵਿੱਚ ਮਾਇਓ ਸਿੰਘ ਮਿਨਹਾਸ ਵੱਲੋਂ ਪਿੰਡ ਵਿੱਚ ਪਾਏ ਯੋਗਦਾਨ ਅਤੇ ਕੈਨੇਡਾ ‘ਚ ਸਥਾਪਤ ਕੀਤੇ ਕਾਰੋਬਾਰ ਬਾਰੇ ਜ਼ਿਕਰ ਕੀਤਾ ਹੈ।
ਉਹ ਲਿਖਦੇ ਹਨ, “ਪਹਿਲੇ ਵਿਸ਼ਵ ਯੁੱਧ ਦੌਰਾਨ 1914 ਵਿੱਚ ਲੱਕੜ ਦੀ ਮੰਗ ਬਹੁਤ ਜ਼ਿਆਦਾ ਸੀ। ਇਸ ਦੌਰਾਨ ਮਾਇਓ ਸਿੰਘ ਮਿਨਹਾਸ ਨੇ ਲੱਕੜ ਦੀ ਮਿੱਲ਼ ਸਣੇ ਕਾਫੀ ਵੱਡਾ ਰਕਬਾ ਜੰਗਲ ਦਾ ਵੀ ਖਰੀਦ ਲਿਆ ਸੀ। ਉਨ੍ਹਾਂ ਨੂੰ ਲੱਕੜ ਦੇ ਕਾਰੋਬਾਰ ਤੋਂ ਇੰਨਾ ਮੁਨਾਫਾ ਹੋਇਆ ਕਿ ਉਨ੍ਹਾਂ ਦੀ ਗਿਣਤੀ ਕੈਨੇਡਾ ਦੇ ਪਹਿਲੇ ਅਮੀਰਾਂ ਵਿੱਚ ਹੋਣ ਲੱਗੀ।”
ਕੈਨੇਡਾ ‘ਚ ਆਪਣੇ ਜੱਦੀ ਪਿੰਡ ਦੇ ਨਾਂ
‘ਤੇ ਵਸਾਇਆ ਪਿੰਡ
ਜੌਨ ਮਾਇਓ ਨੇ ਆਪਣੀ ਕਿਤਾਬ ਵਿੱਚ ਕੈਨੇਡਾ ਵਸੇ ਪੰਜਾਬੀਆਂ ਦੇ ਸੰਘਰਸ਼ ਬਾਰੇ ਵੀ ਲਿਖਿਆ ਹੈ। ਉਹ ਲਿਖਦੇ ਹਨ, “1900ਵੇਂ ਵਿੱਚ ਜਿੰਨੇ ਭਾਰਤੀ ਕੈਨੇਡਾ ਪਹੁੰਚੇ ਤਕਰੀਬਨ ਉਹ ਸਾਰੇ ਸਿੱਖ ਸਨ, ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਰੇਲਵੇ ਨਿਰਮਾਣ, ਲੱਕੜ ਮਿੱਲਾਂ ਅਤੇ ਜੰਗਲਾਤ ‘ਚ ਕੰਮ ਕਰਨ ਪਹੁੰਚੇ ਸਨ। ਇਨ੍ਹਾਂ ਵਿਚੋਂ ਕੁਝ ਹੀ ਬੰਦੇ ਪੜ੍ਹੇ-ਲਿਖੇ ਸਨ ਅਤੇ ਉਨ੍ਹਾਂ ਨੇ ਜਲਦੀ ਹੀ ਲੱਕੜ ਉਦਯੋਗ ਵਿੱਚ ਆਪਣੇ ਆਰਥਿਕ ਮੌਕਿਆਂ ਦੀ ਪਛਾਣ ਕਰ ਲਈ ਸੀ।”
ਕੁਝ ਸਾਲਾਂ ਬਾਅਦ ਮਾਇਓ ਸਿੰਘ ਮਿਨਹਾਸ ਨੇ ਵੈਨਕੂਵਰ ਟਾਪੂ ‘ਤੇ ਡੰਕਨ ਸ਼ਹਿਰ ਨੇੜੇ ਕਰੀਬ 1300 ਏਕੜ ਜ਼ਮੀਨ ਖਰੀਦੀ।
ਕੁਲਦੀਪ ਸਿੰਘ ਦੱਸਦੇ ਹਨ ਕਿ ਇਥੇ ਹੀ ਉਨ੍ਹਾਂ ਨੇ ਆਪਣੇ ਪੰਜਾਬ ਵਾਲੇ ਜੱਦੀ ਪਿੰਡ ਪਾਲਦੀ ਦੇ ਨਾਂ ਉੱਪਰ ਹੀ ਕੈਨੇਡਾ ਵਿਚਲਾ ਪਾਲਦੀ ਪਿੰਡ ਵਸਾਇਆ।
ਇਸ ਪਿੰਡ ਵਿੱਚ ਉਨ੍ਹਾਂ ਨੇ ਪੰਜਾਬੀ ਸੱਭਿਆਚਾਰਕ ਦੀ ਵਿਰਾਸਤ ਨੂੰ ਕਾਇਮ ਕੀਤਾ।
ਜੌਨ ਮਾਇਓ ਨੇ ਆਪਣੀ ਕਿਤਾਬ ਵਿੱਚ ਲਿਖਿਆ, “ਉਨ੍ਹਾਂ ਨੇ ਆਪਣੀ ਪਹਿਲੀ ਮਿੱਲ 1918 ਵਿੱਚ ਡੰਕਨ ਦੇ ਨੇੜੇ ਬਣਾਈ, ਜਿਸ ਦਾ ਨਾਮ ਬਾਅਦ ਵਿੱਚ ਪਾਲਦੀ ਰੱਖਿਆ ਗਿਆ। ਮਿੱਲ ਦੇ ਨੇੜੇ ਹੀ ਉਨ੍ਹਾਂ ਨੇ ਇੱਕ ਭਾਈਚਾਰਾ ਸਥਾਪਿਤ ਕੀਤਾ, ਜਿਥੇ ਜਪਾਨੀ, ਚੀਨੀ, ਗੋਰੇ ਅਤੇ ਭਾਰਤੀ ਮਜ਼ਦੂਰ ਭਾਈਚਾਰਕ ਸਾਂਝ ਵਿੱਚ ਰਹਿੰਦੇ ਸਨ।”
”ਇੱਥੇ ਸਕੂਲ ਤੇ ਗੁਰਦੁਆਰਾ ਵੀ ਬਣਾਇਆ ਗਿਆ। ਇੱਥੇ ਕਿਸੇ ਨਾਲ ਕੋਈ ਨਸਲੀ ਪੱਖਪਾਤ ਨਹੀਂ ਸੀ ਕੀਤਾ ਜਾਂਦਾ।”
ਜਵਾਹਰ ਲਾਲ ਨਹਿਰੂ ਵੱਲੋਂ ਪਾਲਦੀ ਪਿੰਡ ਦੀ ਫੇਰੀ
ਜੌਨ ਮਾਇਓ ਲਿਖਦੇ ਹਨ, “1918 ਵਿੱਚ ਪਾਲਦੀ ਮਿੱਲ ਮਾਇਓ ਸਿੰਘ ਦੇ ਵਪਾਰਕ ਸਾਮਰਾਜ ਦਾ ਕੇਂਦਰ ਬਣ ਗਈ ਸੀ। ਇਸ ਸਮੇਂ ਉਨ੍ਹਾਂ ਦਾ ਕਾਰੋਬਾਰ ਸਿਖ਼ਰ ਉੱਤੇ ਸੀ, ਜਿਸ ਦੀ ਹਰ ਪਾਸੇ ਚਰਚਾ ਸੀ।”
ਕੁਲਦੀਪ ਸਿੰਘ ਦੱਸਦੇ ਹਨ, “ਸਾਡੇ ਬਜ਼ੁਰਗਾਂ ਮੁਤਾਬਕ ਜਦੋਂ ਮਾਇਓ ਸਿੰਘ ਮਿਨਹਾਸ ਹੋਰਾਂ ਨੇ ਆਪਣਾ ਕਾਰੋਬਾਰ ਵਧਾਇਆ ਤਾਂ ਉਸ ਸਮੇਂ ਉਨ੍ਹਾਂ ਦਾ ਨਾਮ ਵੱਡੇ ਕਾਰੋਬਾਰੀਆਂ ਵਿੱਚ ਆਉਣ ਲੱਗਾ। ਪਾਲਦੀ ਭਾਈਚਾਰੇ ਨੇ ਆਪਣੇ ਸਿਖ਼ਰ ਤੋਂ ਸਿਖਰ ਦਾ ਸਮਾਂ ਵੀ ਦੇਖਿਆ।” “ਉਨ੍ਹਾਂ ਦੀ ਚਰਚਾ ਇੰਨੀ ਸੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕੈਨੇਡਾ ਵਿੱਚ ਆਪਣੀ ਫੇਰੀ ਉੱਤੇ ਸਨ ਤੇ ਉਹ ਮਾਇਓ ਸਿੰਘ ਦੀਆਂ ਪ੍ਰਾਪਤੀਆਂ ਸੁਣ ਕੇ ਪਾਲਦੀ ਵੀ ਪਹੁੰਚੇ।”
”ਇੱਥੇ ਉਨ੍ਹਾਂ ਨੇ ਮਾਇਓ ਸਿੰਘ ਦੇ ਘਰ ਰਾਤ ਦਾ ਖਾਣਾ ਖਾਧਾ। ਇਸ ਵੇਲੇ ਦੀ ਇੱਕ ਤਸਵੀਰ ਵੀ ਹੈ, ਜਿਸ ਵਿੱਚ ਜਵਾਹਰ ਲਾਲ ਨਹਿਰੂ ਨਾਲ ਮਾਇਓ ਸਿੰਘ ਦੇ ਪੁੱਤਰ ਹੱਥ ਮਿਲਾਉਂਦੇ ਨਜ਼ਰ ਆਉਂਦੇ ਹਨ।”
ਪੰਜਾਬ ਦਾ ਪਿੰਡ ਪਾਲਦੀ ਤੇ ਮਾਇਓ ਸਿੰਘ
ਦਾ ਯੋਗਦਾਨ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਨਗੀਨਾ ਸਿੰਘ ਅਤੇ ਮਾਇਓ ਸਿੰਘ ਦੇ ਨਾਂ ਪਹਿਲੀ ਕਤਾਰ ਵਿੱਚ ਆਉਂਦੇ ਹਨ।
ਮਾਇਓ ਸਿੰਘ ਮਿਨਹਾਸ ਲੋਕ ਭਲਾਈ ਲਈ ਕਿੰਨੇ ਕਾਰਜਸ਼ੀਲ ਸੀ, ਇਹ ਉਨ੍ਹਾਂ ਵੱਲੋਂ ਇਲਾਕੇ ਵਿੱਚ ਕਰਵਾਏ ਕੰਮਾਂ ਤੋਂ ਪਤਾ ਲੱਗਦਾ ਹੈ। ਉਨ੍ਹਾਂ ਨੇ ਇਲਾਕੇ ਦੀਆਂ ਵਿਦਿਅਕ ਸੰਸਥਾਵਾਂ ਦੇ ਨਾਲ-ਨਾਲ ਸਿਹਤ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।
ਸਰਬਜੀਤ ਸਿੰਘ, ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿੱਚ ਬਤੌਰ ਐਡਮਿਨ ਸੇਵਾਵਾਂ ਨਿਭਾਅ ਰਹੇ ਹਨ। ਉਹ ਇਸ ਸਕੂਲ ਵਿੱਚ ਪਿਛਲੇ ਕਰੀਬ 25 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਹਨ।
ਸਰਬਜੀਤ ਸਿੰਘ ਨੇ ਦੱਸਿਆ ਕਿ ਮਾਇਓ ਸਿੰਘ ਮਿਨਹਾਸ ਜਦੋਂ ਦਹਾਕਿਆਂ ਪਹਿਲਾਂ ਕੈਨੇਡਾ ਤੋਂ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਸੰਤ ਅਤਰ ਸਿੰਘ ਖਾਲਸਾ ਸਕੂਲ ਨੂੰ ਕਰੀਬ 45 ਹਜ਼ਾਰ ਰੁਪਏ ਦਾਨ ਕੀਤੇ ਸਨ।
ਉਨ੍ਹਾਂ ਵੱਲੋਂ ਦਾਨ ਕੀਤੀ ਰਾਸ਼ੀ ਬਾਰੇ ਬੋਰਡ ਸਕੂਲ ਵਿੱਚ ਅਜੇ ਵੀ ਲੱਗਿਆ ਹੋਇਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਮੌਜੂਦਾ ਪ੍ਰਿੰਸੀਪਲ ਪਰਵਿੰਦਰ ਸਿੰਘ ਵੀ ਮਾਇਓ ਸਿੰਘ ਮਿਨਹਾਸ ਵੱਲੋਂ ਕਾਲਜ ਲਈ ਪਾਏ ਯੋਗਦਾਨ ਬਾਰੇ ਦੱਸਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਲਜ ਦਾ ਨੀਂਹ ਪੱਥਰ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਨੇ 1948 ਵਿੱਚ ਰੱਖਿਆ ਸੀ।
ਪਰਵਿੰਦਰ ਸਿੰਘ ਦੱਸਦੇ ਹਨ, “ਕਾਲਜ ਵਿੱਚ ਇੱਕ ਵੱਡਾ ਹਾਲ ਹੈ, ਜਿਸ ਨੂੰ ਉਸ ਵੇਲੇ ਮਾਇਓ ਸਿੰਘ ਮਿਨਹਾਸ ਨੇ ਆਪਣੀ ਪਤਨੀ ਬਿਸ਼ਨ ਕੌਰ ਦੀ ਯਾਦ ਵਿੱਚ ਬਣਵਾਇਆ ਸੀ। ਉਨ੍ਹਾਂ ਨੇ ਕਾਲਜ ਨੂੰ ਕਰੀਬ ਇੱਕ ਲੱਖ ਰੁਪਏ ਤੱਕ ਦੀ ਰਾਸ਼ੀ ਦਾਨ ਕੀਤੀ ਸੀ।” ਪਾਲਦੀ ਪਿੰਡ ਵਿੱਚ ਹੈਲਥ ਸੈਂਟਰ ਵੀ ਮੌਜੂਦ ਹੈ, ਜੋ ਮਾਇਓ ਸਿੰਘ ਮਿਨਹਾਸ ਦੇ ਨਾਮ ਉੱਪਰ ਹੈ।
ਕੈਨੇਡਾ ਦੇ ਪਾਲਦੀ ਨੂੰ ‘ਗੋਸਟ ਟਾਊਨ’
ਕਿਉਂ ਕਿਹਾ ਜਾਂਦਾ
ਕੁਲਦੀਪ ਸਿੰਘ ਮਿਨਹਾਸ ਦੱਸਦੇ ਹਨ ਕਿ ਪੰਜਾਬ ਤੋਂ ਆਉਂਦੇ ਲੋਕਾਂ ਲਈ ਕੈਨੇਡਾ ਵਿਚਲਾ ਪਾਲਦੀ ਇੱਕ ਸੁਰੱਖਿਅਤ ਪਨਾਹ ਬਣ ਗਿਆ ਸੀ। ਉਨ੍ਹਾਂ ਮੁਤਾਬਕ ਮਾਇਓ ਸਿੰਘ ਮਿਨਹਾਸ ਨੇ ਪੰਜਾਬ ਦੇ ਕਈ ਪਰਿਵਾਰਾਂ ਦਾ ਹੱਥ ਫੜਿਆ ਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਸਥਾਪਤ ਕਰਨ ਵਿੱਚ ਮਦਦ ਕੀਤੀ।
ਕੁਲਦੀਪ ਸਿੰਘ ਦੱਸਦੇ ਹਨ, “ਮਾਇਓ ਸਿੰਘ ਮਿਨਹਾਸ ਨੇ ਕੈਨੇਡਾ ਵਿੱਚ ਪਾਲਦੀ ਪਿੰਡ ਵਸਾ ਕੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਇੱਕ ਥਾਂ ‘ਤੇ ਵਸਾਇਆ ਸੀ। ਉਥੇ ਮਾਇਓ ਸਿੰਘ ਨੇ 1919 ਵਿੱਚ ਇੱਕ ਗੁਰਦੁਆਰਾ ਵੀ ਬਣਵਾਇਆ ਸੀ, ਜਿਸ ਦਾ 2019 ਵਿੱਚ 100 ਸਾਲਾ ਮਨਾਇਆ ਗਿਆ।”
ਉਹ ਦੱਸਦੇ ਹਨ ਕਿ ਕੈਨੇਡਾ ਵਿਚਲੇ ਪਾਲਦੀ ਦੀ ਜੋ ਰੌਣਕ ਪਹਿਲਾਂ ਸੀ, ਉਸ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ।
“ਪਹਿਲਾਂ ਪਾਲਦੀ ਵਿੱਚ ਕਰੀਬ 250-300 ਘਰ ਹੁੰਦੇ ਸਨ ਪਰ ਹੁਣ ਉੱਥੇ ਟਾਵਾਂ-ਟਾਵਾਂ ਘਰ ਹੈ। ਇੱਥੇ ਹਰ ਸਾਲ ਜੁਲਾਈ ਦੇ ਮਹੀਨੇ ਜੋੜ ਮੇਲ ਮਨਾਇਆ ਜਾਂਦਾ ਸੀ, ਜਿੱਥੇ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਸਨ। ਇਸੇ ਦੌਰਾਨ ਅਸੀਂ ਸਾਰੇ ਪਰਿਵਾਰਕ ਮੈਂਬਰ ਇਕੱਤਰ ਹੁੰਦੇ ਸੀ।” ਕੁਲਦੀਪ ਸਿੰਘ ਦੱਸਦੇ ਹਨ ਕਿ ਜੋੜ ਮੇਲ ਹੁਣ ਵੀ ਲੱਗਦਾ ਹੈ ਪਰ ਹੁਣ ਉਥੇ ਪਹਿਲਾਂ ਵਰਗੀ ਰੌਣਕ ਨਹੀਂ ਹੁੰਦੀ ਤੇ ਨਾ ਹੀ ਖੇਡ ਮੁਕਾਬਲੇ ਹੁੰਦੇ ਹਨ।
ਕੁਲਦੀਪ ਦੱਸਦੇ ਹਨ, “ਕੈਨੇਡਾ ਵਿੱਚ ਹੁਣ ਪਾਲਦੀ ਨੂੰ ‘ਗੋਸਟ ਟਾਊਨ’ ਵੀ ਕਿਹਾ ਜਾਣ ਲੱਗਾ ਹੈ ਕਿਉਂਕਿ ਉੱਥੇ ਰਹਿਣ ਵਾਲੇ ਲੋਕ ਇਸ ਪਿੰਡ ਨੂੰ ਛੱਡ ਕੇ ਜਾ ਚੁੱਕੇ ਹਨ। ਘਰਾਂ ਦੀ ਖਸਤਾ ਹਾਲਤ ਤੇ ਰੁਜ਼ਗਾਰ ਕਾਰਨ ਲੋਕ ਹੌਲੀ-ਹੌਲੀ ਉਥੋਂ ਜਾਣਾ ਸ਼ੁਰੂ ਕਰ ਗਏ ਸਨ। ਹੁਣ ਮਾਇਓ ਸਿੰਘ ਮਿਨਹਾਸ ਦੇ ਵੱਡੇ ਪੁੱਤਰ ਦੇ ਬੇਟੇ ਉੱਥੇ ਰਹਿ ਰਹੇ ਹਨ, ਉਨ੍ਹਾਂ ਤੋਂ ਇਲਾਵਾ ਹੁਣ ਉੱਥੇ ਕੋਈ ਹੋਰ ਨਹੀਂ ਰਹਿੰਦਾ।” ਬੇਸ਼ੱਕ ਮਾਇਓ ਸਿੰਘ ਮਿਨਹਾਸ ਕਈ ਦਹਾਕੇ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਉਹ ਆਪਣੀਆਂ ਪੈੜਾਂ ਦੇ ਨਿਸ਼ਾਨ ਹਮੇਸ਼ਾਂ ਲਈ ਛੱਡ ਗਏ ਹਨ।