Friday, April 11, 2025
8.2 C
Vancouver

ਘਾਤਕ ਹੈ ਸਿੱਖਿਆ ਦਾ ਬਾਜ਼ਾਰੀਕਰਨ

 

ਲੇਖਕ : ਪੂਰਨ ਚੰਦ ਸਰੀਨ
ਅੱਜ ਦੁਨੀਆ ‘ਚ ਸਭ ਤੋਂ ਵੱਧ ਪੜ੍ਹਿਆ-ਲਿਖਿਆ, ਭਾਰਤ ਦੇ ਮੁਕਾਬਲੇ ‘ਚ ਛੋਟਾ ਜਿਹਾ ਦੇਸ਼ ਦੱਖਣੀ ਕੋਰੀਆ ਹੈ। ਉਸ ਤੋਂ ਬਾਅਦ ਹੋਰ ਵਿਕਸਤ ਕਹੇ ਜਾਣ ਵਾਲੇ ਦੇਸ਼ ਆਉਂਦੇ ਹਨ ਜਿਵੇਂ ਚੀਨ, ਰੂਸ, ਕੈਨੇਡਾ, ਅਮਰੀਕਾ, ਜਰਮਨੀ, ਇੰਗਲੈਂਡ, ਫ਼ਰਾਂਸ, ਆਇਰਲੈਂਡ, ਨਾਰਵੇ ਅਤੇ ਹੋਰ।
ਭਾਰਤ ਦਾ ਨੰਬਰ ਇਨ੍ਹਾਂ ਤੋਂ ਬਾਅਦ ਕਿਤੇ 90 ਦੇ ਨੇੜੇ-ਤੇੜੇ ਆਉਂਦਾ ਹੈ, ਕੁਝ ਲੋਕ ਕਹਿੰਦੇ ਹਨ ਕਿ 60 ਦੇ ਨੇੜੇ-ਤੇੜੇ ਸਾਡਾ ਨੰਬਰ ਹੈ। ਭਾਵ ਇਹ ਕਿ ਸਾਡੀ ਹਾਲਤ ਚਿੰਤਾਜਨਕ ਹੈ। ਸਾਡੀ ਅੱਧੀ ਆਬਾਦੀ ਲਗਭਗ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੀ-ਲਿਖੀ ਹੈ। ਤ੍ਰਾਸਦੀ ਇਹ ਹੈ ਕਿ ਚੀਨ ਜਿਸ ਤੋਂ ਆਬਾਦੀ ਦੇ ਮਾਮਲੇ ‘ਚ ਅਸੀਂ ਅੱਗੇ ਨਿਕਲ ਚੁੱਕੇ ਹਾਂ, ਉਸ ਦੇ ਅਧਿਆਪਕਾਂ ਦੀ ਗਿਣਤੀ ਸਾਡੇ ਨਾਲੋਂ ਦੁਗਣੀ ਭਾਵ ਲਗਭਗ ਦੋ ਕਰੋੜ ਹੈ। ਮੂਹਰਲੀ ਕਤਾਰ ‘ਚ ਆਉਣ ਵਾਲੇ ਦੇਸ਼ਾਂ ‘ਚ 50 ਤੋਂ 80 ਲੱਖ ਤੱਕ ਅਧਿਆਪਕ ਹਨ। ਅਨੁਮਾਨ ਹੈ ਕਿ ਵਿਸ਼ਵ ‘ਚ ਲਗਭਗ 15 ਕਰੋੜ ਬੱਚੇ ਸਵੇਰੇ ਪੜ੍ਹਨ ਲਈ ਸ਼ਾਨਦਾਰ ਇਮਾਰਤਾਂ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਸੰਸਥਾਵਾਂ ‘ਚ ਜਾਂਦੇ ਹਨ। ਇਨ੍ਹਾਂ ‘ਚ ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵੀ ਹਨ ਅਤੇ ਅਵਿਕਸਤ ਵੀ। ਇਨ੍ਹਾਂ ‘ਚ ਸਿੱਖਿਆ ਦੇ ਵੱਡੇ ਸੁੰਦਰ ਭਵਨ ਵੀ ਮਿਲ ਜਾਣਗੇ ਅਤੇ ਮਕਾਨ, ਦੁਕਾਨ, ਹਵੇਲੀ, ਪੁਰਾਣੇ ਖ਼ਸਤਾ ਹਾਲ ਘਰ ‘ਚ ਬਣੇ ਸਕੂਲ ਵੀ ਜੋ ਸਰਬ-ਸਿੱਖਿਆ ਅਭਿਆਨ ਜਾਂ ਅਜਿਹੀ ਹੀ ਕਿਸੇ ਸਰਕਾਰੀ ਯੋਜਨਾ ਦੇ ਫੰਡ ਜਾਂ ਸਹਾਇਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਗਲੀ-ਮੁਹੱਲਿਆਂ ‘ਚ ਬਣਾ ਲਏ ਜਾਂਦੇ ਹਨ। ਇਨ੍ਹਾਂ ‘ਚ ਪੈਸਾ ਲਗਾਉਣ ਵਾਲਾ ਕਦੇ ਸਾਹਮਣੇ ਨਹੀਂ ਆਉਂਦਾ ਪਰ ਕਿਸੇ ਨਾਮੀ-ਗਿਰਾਮੀ ਅਧਿਆਪਕ ਜਾਂ ਜਿਸ ਨੇ ਪੜ੍ਹਾਉਣ ਦੀ ਸਿਖਲਾਈ ਲਈ ਹੋਵੇ, ਬੀ.ਐੱਡ ਜਾਂ ਐੱਮ.ਐੱਡ ਹੋਵੇ, ਉਸ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਉਸ ਦਾ ਪ੍ਰਮੁੱਖ ਕੰਮ ਇਹ ਹੁੰਦਾ ਹੈ ਕਿ ਪੜ੍ਹਾਈ-ਲਿਖਾਈ ਚਾਹੇ ਨਾ ਹੋਵੇ ਪਰ ਸਰਕਾਰੀ ਸਹੂਲਤਾਂ ਅਤੇ ਗ਼ੈਰ-ਸਰਕਾਰੀ ਐੱਨ.ਜੀ.ਓ. ਅਤੇ ਵੱਖ-ਵੱਖ ਉਦਯੋਗਪਤੀਆਂ ਵਲੋਂ ਸਥਾਪਿਤ ਟੈਕਸ ਬਚਾਉਣ ਦੇ ਉਦੇਸ਼ ਨਾਲ ਖੋਲ੍ਹੀਆਂ ਗਈਆਂ ਚੈਰੀਟੇਬਲ ਸੰਸਥਾਵਾਂ ਕੋਲੋਂ ਧਨ ਦੀ ਵਿਵਸਥਾ ਕੀਤੀ ਜਾਏ। ਉਸ ਨੂੰ ਵੀ ਪੜ੍ਹਨ-ਪੜ੍ਹਾਉਣ ਨਾਲੋਂ ਵੱਧ ਇਨ੍ਹਾਂ ਚੀਜ਼ਾਂ ਨੂੰ ਇਕੱਤਰ ਕਰਨ ‘ਚ ਆਪਣੀ ਭਲਾਈ ਦਿਖਾਈ ਦੇਣ ਲਗਦੀ ਹੈ। ਇਸ ਤਰ੍ਹਾਂ ਸਿੱਖਿਆ ਦੀ ਆੜ ‘ਚ ਇਹ ਧੰਦਾ ਲਗਾਤਾਰ ਵਧਦਾ ਫੁਲਦਾ ਰਹਿੰਦਾ ਹੈ।
ਸਰਕਾਰੀ ਸਕੂਲਾਂ ਅਤੇ ਉੱਚ ਸਿੱਖਿਆ ਸੰਸਥਾਵਾਂ ‘ਚ ਤਾਂ ਫਿਰ ਵੀ ਕਾਇਦੇ-ਕਾਨੂੰਨਾਂ ਦੀ ਪਾਲਣਾ ਹੁੰਦੀ ਹੈ, ਜਿਨ੍ਹਾਂ ‘ਚ ਕੇਂਦਰੀ ਸਕੂਲ ਵੀ ਆਉਂਦੇ ਹਨ। ਇਨ੍ਹਾਂ ‘ਚ ਅਧਿਆਪਕਾਂ ਦੀ ਨਿਯੁਕਤੀ ਸੌਖੀ ਨਹੀਂ ਹੁੰਦੀ। ਆਪਣੀ ਯੋਗਤਾ ਅਤੇ ਵਿਸ਼ਵਾਸ ਯੋਗਤਾ ਸਾਬਤ ਕਰਨੀ ਪੈਂਦੀ ਹੈ। ਇਨ੍ਹਾਂ ‘ਚੋਂ ਪੜ੍ਹ ਕੇ ਨਿਕਲੇ ਵਿਦਿਆਰਥੀ ਜੀਵਨ ਦੀ ਦੌੜ ‘ਚ ਥੋੜ੍ਹਾ ਅੱਗੇ-ਪਿੱਛੇ ਤਾਂ ਰਹਿ ਸਕਦੇ ਹਨ, ਪਰ ਅਸਫਲ ਨਹੀਂ ਹੁੰਦੇ। ਜੋ ਨਿੱਜੀ ਤੌਰ ‘ਤੇ ਚਲਾਏ ਜਾ ਰਹੇ ਸਿੱਖਿਆ ਸੰਸਥਾਨ ਹਨ, ਉਨ੍ਹਾਂ ‘ਚ ਉਂਗਲੀ ‘ਤੇ ਗਿਣੀਆਂ ਜਾ ਸਕਣ ਵਾਲੀਆਂ ਵਿਸ਼ਵ ਪ੍ਰਸਿੱਧ ਇਕਾਈਆਂ ਨੂੰ ਛੱਡ ਕੇ ਬਾਕੀ ਸਭ ਦੀ ਹਾਲਤ ਇਹ ਹੈ ਕਿ ਉਨ੍ਹਾਂ ‘ਚੋਂ ਨਿਕਲੇ ਵਿਦਿਆਰਥੀਆਂ ਨੂੰ, ਉਨ੍ਹਾਂ ਨੂੰ ਮਿਲੀ ਡਿਗਰੀ ਦੀ ਬਦੌਲਤ ਕੋਈ ਵੀ ਨੌਕਰੀ ਦੇਣ ਨੂੰ ਤਿਆਰ ਨਹੀਂ ਹੁੰਦਾ। ਕਾਰਨ ਇਹ ਹੈ ਕਿ ਇਹ ਕਿਤਾਬੀ ਕੀੜੇ ਅਤੇ ਉਹ ਵੀ ਬਾਬਾ ਆਦਮ ਦੇ ਜ਼ਮਾਨੇ ਦੀਆਂ ਲਿਖੀਆਂ ਕਿਤਾਬਾਂ ਨੂੰ ਰੱਟਾ ਲਾ ਕੇ ਪਾਸ ਹੋਏ ਹੁੰਦੇ ਹਨ। ਜੇਕਰ ਇਨ੍ਹਾਂ ‘ਚੋਂ ਕੋਈ ਵਿਦਿਆਰਥੀ ਸਿਰਫ਼ ਆਪਣੇ ਗੁਣਾਂ ਅਤੇ ਯੋਗਤਾ ਦੇ ਆਧਾਰ ‘ਤੇ ਮੈਰਿਟ ਸੂਚੀ ‘ਚ ਆ ਵੀ ਜਾਂਦਾ ਹੈ ਤਾਂ ਇਹ ਸੰਸਥਾਵਾਂ ਉਸ ਦਾ ਪੂਰਾ ਸਿਹਰਾ ਖ਼ੁਦ ਲੈ ਜਾਂਦੀਆਂ ਹਨ ਅਤੇ ਢੰਡੋਰਾ ਪਿੱਟਣ ਲਗਦੀਆਂ ਹਨ ਕਿ ਦੇਖੋ ਸਾਡੀਆਂ ਸੰਸਥਾਵਾਂ ਦੇ ਅਧਿਆਪਕ ਕਿੰਨੇ ਗੁਣੀ ਹਨ ਕਿ ਇਸ ਤਰ੍ਹਾਂ ਦੇ ਹੁਸ਼ਿਆਰ ਵਿਦਿਆਰਥੀ ਉਨ੍ਹਾਂ ਦੀਆਂ ਸੰਸਥਾਵਾਂ ‘ਚੋਂ ਨਿਕਲੇ ਹਨ।
ਸਿੱਖਿਆ ਦਾ ਚੱਕਰਵਿਊ
ਸਿੱਖਿਆ ਦੇ ਵਪਾਰੀਕਰਨ ਦੇ ਨਾਂਅ ‘ਤੇ ਇਸ ਵਪਾਰ ਦੇ ਬਾਜ਼ਾਰ ‘ਚ ਇਨ੍ਹਾਂ ਸੰਸਥਾਵਾਂ ਦੀ ਫ਼ੀਸ ਇੰਨੀ ਵਧ ਜਾਂਦੀ ਹੈ ਕਿ ਆਮ ਆਮਦਨੀ ਵਾਲਾ ਵਿਅਕਤੀ ਆਪਣੇ ਬੱਚਿਆਂ ਨੂੰ ਇਨ੍ਹਾਂ ‘ਚ ਪੜ੍ਹਾਉਣ ਦਾ ਸੁਪਨਾ ਤੱਕ ਨਹੀਂ ਵੇਖ ਸਕਦਾ। ਸਾਡੇ ਦੇਸ਼ ‘ਚ ਪ੍ਰਾਚੀਨ ਕਾਲ ਤੋਂ ਹੀ ਵਿਸ਼ਵ ਪ੍ਰਸਿੱਧ ਅਤੇ ਸਰਬੋਤਮ ਅਧਿਆਪਕਾਂ ਦੀ ਕਦੇ ਕਮੀ ਨਹੀਂ ਰਹੀ ਹੈ। ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਉਨ੍ਹਾਂ ਦੇ ਨਾਂਅ ਦੀ ਵਰਤੋਂ ਸਿੱਖਿਆ ਦੇ ਬਾਜ਼ਾਰ ‘ਚ ਆਪਣੀ ਸਾਖ਼ ਬਣਾਉਣ ਲਈ ਕੀਤੀ ਜਾਂਦੀ ਹੈ। ਗੌਤਮ ਬੁੱਧ, ਕੌਟਲਿਆ ਜਾਂ ਚਾਣਕਿਆ, ਸਵਾਮੀ ਵਿਵੇਕਾਨੰਦ ਅਤੇ ਉਨ੍ਹਾਂ ਦੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ, ਰਵਿੰਦਰਨਾਥ ਟੈਗੋਰ, ਸਾਵਿੱਤਰੀ ਬਾਈ ਫੂਲੇ, ਮਦਨ ਮੋਹਨ ਮਾਲਵੀਆ ਅਤੇ ਆਪਣੇ ਵਿਗਿਆਨਕ ਅਧਿਆਪਕ ਰਾਸ਼ਟਰਪਤੀ ਰਹੇ ਏ.ਪੀ.ਜੇ. ਅਬਦੁਲ ਕਲਾਮ, ਇਨ੍ਹਾਂ ਦੇ ਨਾਂਅ ‘ਤੇ ਧੂਮ ਧੜੱਕੇ ਨਾਲ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਪੂਰੇ ਦੇਸ਼ ‘ਚ ਮਸ਼ਰੂਮ ਵਾਂਗ ਫੈਲੀਆਂ ਦਿਖਾਈ ਦੇ ਸਕਦੀਆਂ ਹਨ। ਇਨ੍ਹਾਂ ਸੰਸਥਾਵਾਂ ‘ਚ ਪਰਿਵਾਰ ਦੇ ਹੀ ਲੋਕ ਕੁਲਪਤੀ, ਉਪ ਕੁਲਪਤੀ, ਡੀਨ, ਪ੍ਰੋਫ਼ੈਸਰ ਜਿਹੇ ਸਨਮਾਨਯੋਗ ਅਹੁਦੇ ਆਪਣੇ ਨਾਂਅ ਕਰ ਲੈਂਦੇ ਹਨ ਅਤੇ ਦੇਸ਼-ਵਿਦੇਸ਼ ‘ਚ ਸਿੱਖਿਆ ਸੈਮੀਨਾਰਾਂ, ਸੰਮੇਲਨਾਂ ‘ਚ ਧਨ ਬਲ ਨਾਲ ਪ੍ਰਧਾਨਗੀ ਕਰਦੇ ਹਨ ਜਾਂ ਕਿਸੇ ਪੁਰਸਕਾਰ ਨਾਲ ਸਨਮਾਨਿਤ ਹੁੰਦੇ ਰਹਿੰਦੇ ਹਨ।
ਜਾਂਚ ਪਰਖ:ਇਕ ਪੈਮਾਨਾ ਹੈ। ਦੁਨੀਆ ‘ਚ ਅਜਿਹੇ ਬਹੁਤ ਸਾਰੇ ਦੇਸ਼ ਹਨ, ਜਿਨ੍ਹਾਂ ‘ਚ ਵਿਗਿਆਨਕ ਪ੍ਰਾਪਤੀਆਂ ਲਈ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ ਸੈਂਕੜਿਆਂ ‘ਚ ਹੈ। ਹਰ ਸਾਲ ਪੁਰਸਕਾਰ ਹਾਸਿਲ ਕਰਨ ਵਾਲੇ ਵਿਅਕਤੀਆਂ ਦਾ ਗ੍ਰਾਫ਼ ਵਧਦਾ ਹੀ ਜਾਂਦਾ ਹੈ। ਅਸੀਂ ਹਾਲੇ ਤੱਕ ਇਕ ਦਹਾਈ ਭਾਵ ਦਸ ਦੀ ਗਿਣਤੀ ਤੱਕ ਹੀ ਪਹੁੰਚ ਸਕੇ ਹਾਂ ਅਤੇ ਉਨ੍ਹਾਂ ਦੇ ਸਿਰ ‘ਤੇ ਆਪਣੀਆਂ ਸਿੱਖਿਆ ਵਿਵਸਥਾ ਅਤੇ ਅਧਿਆਪਕਾਂ ਦੀ ਗੁਣਵੱਤਾ ਦਾ ਗੁਣਗਾਨ ਕਰਦੇ ਰਹਿੰਦੇ ਹਾਂ। ਸਾਡੇ ਇੱਥੇ ਅਧਿਆਪਕਾਂ ਨੂੰ ਮੈਨੇਜਮੈਂਟ ਅਤੇ ਪ੍ਰਸ਼ਾਸਨਿਕ ਕੰਮਾਂ ‘ਚ ਲਗਾ ਦਿੱਤਾ ਜਾਂਦਾ ਹੈ। ਨੌਕਰੀ ਦੀ ਸੁਰੱਖਿਆ ਦਾ ਡਰ ਉਨ੍ਹਾਂ ਤੋਂ ਇਹ ਸਭ ਕਰਵਾ ਵੀ ਲੈਂਦਾ ਹੈ। ਉਨ੍ਹਾਂ ਦੇ ਅੰਦਰ ਦਾ ਜੋਸ਼, ਉਨ੍ਹਾਂ ਦਾ ਧੀਰਜ, ਵਿਦਿਆਰਥੀਆਂ ਨਾਲ ਨੇੜਤਾ ਇਹ ਸਭ ਜਵਾਬ ਦੇਣ ਲਗਦੇ ਹਨ।
ਇਹੀ ਕਾਰਨ ਹੈ ਕਿ ਹੁਣ ਅਧਿਆਪਕਾਂ ‘ਚੋਂ ਰੋਲ ਮਾਡਲ ਨਹੀਂ ਮਿਲਦੇ, ਜਿਨ੍ਹਾਂ ਨੂੰ ਮੇਂਟਰ ਜਾਂ ਮਾਰਗਦਰਸ਼ਕ ਕਿਹਾ ਜਾ ਸਕਦਾ ਹੋਵੇ। ਅਜਿਹੇ ਅਧਿਆਪਕ ਤਾਂ ਹੁਣ ਮਿਲਦੇ ਹੀ ਨਹੀਂ, ਜੋ ਜੀਵਨ ਭਰ ਆਪਣੇ ਪੜ੍ਹਾਏ ਹੋਏ ਵਿਦਿਆਰਥੀਆਂ ਨਾਲ ਸੰਪਰਕ ਬਣਾਈ ਰੱਖਦੇ ਹੋਣ ਜਾਂ ਜਦੋਂ ਉਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਹੋਵੇ, ਤਾਂ ਉਹ ਸੌਖਿਆਂ ਹੀ ਅਧਿਆਪਕ ਕੋਲ ਜਾ ਸਕਦੇ ਹੋਣ। ਵਿਦਿਆਰਥੀ ਆਪਣੇ ਉਸ ਅਧਿਆਪਕ ਨੂੰ ਜੀਵਨ ਦੇ ਕਿਸੇ ਮੋੜ ‘ਤੇ ਨਹੀਂ ਭੁੱਲਦਾ, ਜਿਸ ਨੇ ਪਿਆਰ, ਦੁਲਾਰ ਦੇ ਨਾਲ ਫਟਕਾਰ ਅਤੇ ਬੈਂਤ ਦੀ ਸੋਟੀ ਨਾਲ ਉਸ ਦੀ ਧੁਲਾਈ ਕੀਤੀ ਹੋਵੇ। ਜਦੋਂ ਕਦੇ ਚਾਹੇ ਆਪਣੀ ਪ੍ਰੌੜ੍ਹ ਉਮਰ ਅਤੇ ਜਾਂ ਅਧਿਆਪਕ ਦੀ ਬਿਰਧ ਅਵਸਥਾ ‘ਚ ਜਾਣੇ-ਅਨਜਾਣੇ ‘ਚ ਵੀ ਅਜਿਹੇ ਅਧਿਆਪਕਾਂ ਦੀ ਪੁਰਾਣੇ ਵਿਦਿਆਰਥੀਆਂ ਨਾਲ ਮੁਲਾਕਾਤ ਹੋ ਗਈ ਹੋਵੇ ਤਾਂ ਬਿਨਾਂ ਭਾਵੁਕ ਹੋਏ ਅਤੇ ਹੰਝੂਆਂ ਦੀਆਂ ਕੁਝ ਬੂੰਦਾਂ ਟਪਕਾਏ ਬਿਨਾਂ ਇਹ ਮਿਲਣ ਪੂਰਾ ਹੀ ਨਹੀਂ ਹੁੰਦਾ। ਅਕਸਰ ਅਜਿਹੇ ਅਧਿਆਪਕ ਯਾਦ ਆਉਂਦੇ ਰਹਿੰਦੇ ਹਨ, ਆਪਸੀ ਚਰਚਾ ‘ਚ ਉਨ੍ਹਾਂ ਦਾ ਜ਼ਿਕਰ ਹੁੰਦਾ ਰਹਿੰਦਾ ਹੈ ਅਤੇ ਆਪਣੀ ਸ਼ਖ਼ਸੀਅਤ ਦੇ ਨਿਰਮਾਣ ‘ਚ ਉਨ੍ਹਾਂ ਦੇ ਯੋਗਦਾਨ ਦੀਆਂ ਕਹਾਣੀਆਂ ਸੁਣੀਆਂ ਸੁਣਾਈਆਂ ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਸਖ਼ਤ ਕੰਟਰੋਲ ਅਤੇ ਸਿੱਖਿਆ ਪ੍ਰਤੀ ਪ੍ਰਤੀਬੱਧਤਾ ਹਮੇਸ਼ਾ ਯਾਦਾਂ ‘ਚ ਬਣੀ ਰਹਿੰਦੀ ਹੈ।
ਅੰਤ ਵਿਚ:ਕਹਿੰਦੇ ਹਨ ਕਿ ਸਿੱਖਣਾ ਜਾਂ ਸਿੱਖਿਆ ਗ੍ਰਹਿਣ ਕਰਨ ਦੀ ਪ੍ਰਕਿਰਿਆ ਜੀਵਨ ਭਰ ਚਲਦੀ ਹੈ। ਕੋਈ ਨਾ ਕੋਈ ਸਿੱਖਿਆ ਦੇਣ ਵਾਲਾ ਮਿਲ ਹੀ ਜਾਂਦਾ ਹੈ, ਜਿਸ ਦੀ ਭੂਮਿਕਾ ਅਧਿਆਪਕ ਨਾਲੋਂ ਘੱਟ ਨਹੀਂ ਹੁੰਦੀ। ਅਜਿਹਾ ਵੀ ਹੁੰਦਾ ਹੈ ਕਿ ਆਪਣੇ ਕਿਸੇ ਵਿਅਕਤੀ ਨੂੰ ਸ਼ਰਧਾ ਅਤੇ ਸਨਮਾਨ ਨਾਲ ਆਪਣਾ ਗੁਰੂ ਬਣਾਇਆ ਅਤੇ ਉਸੇ ਨੇ ਉਹ ਸਬਕ ਸਿਖਾਇਆ, ਜੋ ਜੀਵਨ ਭਰ ਨਹੀਂ ਭੁੱਲਦਾ। ਅਧਿਆਪਕ ਦੇ ਰੂਪ ‘ਚ ਬਹੁਤ ਸਾਰੇ ਢੋਂਗੀ ਅਤੇ ਪਖੰਡੀ ਵੀ ਮਿਲਦੇ ਹਨ। ਕਈ ਵਾਰ ਤਾਂ ਸਾਰਾ ਕੁਝ ਲੁਟਾ ਕੇ ਹੋਸ਼ ‘ਚ ਆਉਣ ਵਰਗੀ ਗੱਲ ਹੋ ਜਾਂਦੀ ਹੈ। ਵਿਸ਼ਵ ਅਧਿਆਪਕ ਦਿਵਸ ‘ਤੇ ਇਹੀ ਕਾਮਨਾ ਹੈ ਕਿ ਸਿਖਾਉਣ ਵਾਲੇ ਇਸ ਤਰ੍ਹਾਂ ਦੇ ਮਿਲਣ ਜੋ ਚੰਗੇ-ਬੁਰੇ, ਸਹੀ-ਗ਼ਲਤ ਅਤੇ ਝੂਠ ਤੇ ਸੱਚ ਦੀ ਕਸੌਟੀ ਸਮਝਾ ਸਕਣ।