ਧਰਮ, ਨਸਲ ਤੇ ਜਾਤ ਦੀ,
ਜਿਸਦੇ ਅੰਦਰ ਸੂਲ ।
ਭੁੱਲ ਕੇ ਐਸੇ ਸ਼ਖ਼ਸ ਨੂੰ,
ਮੂੰਹ ਨਾ ਲਾਵੋ ਮੂਲ ।
ਦਿੰਦਾ ਇਹੋ ਨਸੀਅਤ ਹੈ,
ਸਾਡਾ ਸਭਿਆਚਾਰ,
ਨੈਤਿਕ ਜੀਵਨ ਜਾਚ ਤੋਂ,
ਬਾਕੀ ਹੋਰ ਫਜੂਲ ।
ਮੂੰਹ ‘ਤੇ ਆਖੀ ਗੱਲ ਦਾ,
ਵੱਖਰਾ ਬਹੁਤ ਸਵਾਦ,
ਕਾਹਦਾ ਆਦਮ ਜਾਤ ਉਹ,
ਜਿਸਦੇ ਨਹੀਂ ਅਸੂਲ ।
ਲੋਕਾਂ ਨੇ ਹੈ ਚੁੱਕ ਲਏ,
ਰੱਬ ਦੇ ਨਾਂ ਹਥਿਆਰ,
ਇੱਕ ਦੇ ਹੱਥ ਤਲਵਾਰ ਹੈ,
ਦੂਜੇ ਦੇ ਤ੍ਰਿਸ਼ੂਲ ।
ਹਰ ਥਾਂ ‘ਤੇ ਧਨਵਾਨ ਦੀ,
ਹੁੰਦੀ ਪੁੱਛ ਪਰਤੀਤ,
ਨੇਕ ਸਲਾਹ ਗਰੀਬ ਦੀ,
ਕਰਦਾ ਕੌਣ ਕਬੂਲ ?
ਕਰਜੇ ਵਾਲੇ ਦੈਂਤ ਨੇ,
ਚੂਸ ਲਈ ਹੈ ਰੱਤ,
ਤਦੇ ਕਿਸਾਨੀ ਤਖ਼ਤ ਦੀ,
ਢਿੱਲੀ ਹੋਈ ਚੂਲ ।
ਇਕ ਦਿਨ ਲਿਖਣੇ ਸਿਖ ਲਊ,
ਵਾਹਵਾ ਸੋਹਣੇ ਸ਼ਿਅਰ,
‘ਬੋਪਾਰਾਏ ‘ ਹੋ ਗਿਆ,
ਦਾਖ਼ਲ ਗ਼ਜ਼ਲ ਸਕੂਲ ।
ਲਿਖਤ : ਭੁਪਿੰਦਰ ਸਿੰਘ ਬੋਪਾਰਾਏ