ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਦੋ ਹਿੱਟਮੈਨਾਂ ਵਿੱਚੋਂ ਇੱਕ ਨੂੰ ਕੈਨੇਡਾ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਕਤੂਬਰ, 2024 ਨੂੰ ਟਨਰ ਫੌਕਸ ਅਤੇ ਜੋਸ ਲੋਪੇਜ਼ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਸੈਕੰਡ ਡਿਗਰੀ ਮਰਡਰ ਲਈ ਆਪਣਾ ਜ਼ੁਰਮ ਕਬੂਲ ਕੀਤਾ ਹੈ।
ਟਨਰ ਫ਼ੋਕਸ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ। ਫ਼ੌਕਸ ਨੂੰ 20 ਸਾਲਾਂ ਤੱਕ ਕੈਨੇਡਾ ਦੀ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਪੈਰੋਲ ਵੀ ਨਹੀਂ ਮਿਲੇਗੀ। ਲੋਪੇਜ਼ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਰਿਪੁਦਮਨ ਦਾ ਸਾਲ 2022 ਵਿੱਚ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਵੈਸਮਿਨੀਸਟਰ ਦੀ ਅਦਾਲਤ ਵਿੱਚ ਮੌਜੂਦ ਰਿਪੋਰਟਰਾਂ ਮੁਤਾਬਕ ਮਲਿਕ ਦੀ ਨੂੰਹ ਸੰਦੀਪ ਕੌਰ ਧਾਲੀਵਾਲ ਨੇ ਮੁਲਜ਼ਿਮਾਂ ਨੂੰ ਅਪੀਲ ਕੀਤੀ ਸੀ ਕਿ ਉਹ ਰਿਪੁਦਮਨ ਦੇ ਕਤਲ ਲਈ ਪੈਸੇ ਦੇਣ ਵਾਲੇ ਦਾ ਨਾਮ ਜ਼ਾਹਰ ਕਰ ਦੇਣ।
ਰਿਪੁਦਮਨ ਮਲਿਕ ਦਾ 14 ਜੁਲਾਈ, 2022 ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸੜਿਆ ਹੋਇਆ ਵਾਹਨ ਵੀ ਮਿਲਿਆ ਸੀ। ਸੋਮਵਾਰ ਦਰਜ ਹੋਏ ਬਿਆਨਾਂ ਅਨੁਸਾਰ, ਫੌਕਸ ਅਤੇ ਲੋਪੇਜ਼ ਨੂੰ ਮਲਿਕ ਨੂੰ ਮਾਰਨ ਲਈ ਠੇਕਾ ਦਿੱਤਾ ਗਿਆ ਸੀ ਪਰ ਇਸ ਬਾਰੇ ਸਬੂਤ ਨਹੀਂ ਹਨ ਕਿ ਕਿਸ ਨੇ ਉਨ੍ਹਾਂ ਨੂੰ ਇਸ ਕਤਲ ਲਈ ਸੁਪਾਰੀ ਦਿੱਤੀ ਸੀ।
ਵੈਨਕੂਵਰ ਸਨ ਦੀ ਰਿਪੋਰਟ ਅਨੁਸਾਰ, ਪੁਲਿਸ ਨੇ ਇਨ੍ਹਾਂ ਦੋ ਮੁਲਜ਼ਮਾਂ ਨਾਲ ਜੁੜੇ ਨਿਵਾਸ ਸਥਾਨਾਂ ਵਿੱਚ ਹਮਲੇ ਵਿੱਚ ਵਰਤੀਆਂ ਗਈਆਂ ਦੋ ਹੈਂਡਗਨਜ਼ ਅਤੇ ਨਾਲ ਹੀ ਲੋਪੇਜ਼ ਦੇ ਨਿਊ ਵੈਸਟਮਿੰਸਟਰ ਅਪਾਰਟਮੈਂਟ ਵਿੱਚ 16,485 ਕੈਨੇਡੀਅਨ ਡਾਲਰ (ਕਰੀਬ 10 ਲੱਖ ਰੁਪਏ) ਦੀ ਰਕਮ ਬਰਾਮਦ ਕੀਤੀ।
ਮਲਿਕ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਮੁਲਜ਼ਮਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਤਲ ਲਈ ਕਿਸ ਨੇ ਨਿਰਦੇਸ਼ ਦਿੱਤੇ ਸਨ।
ਪਰਿਵਾਰ ਨੇ ਕਿਹਾ, “ਜਦੋਂ ਤੱਕ ਉਨ੍ਹਾਂ ਨੂੰ ਠੇਕਾ ਦੇਣ ਅਤੇ ਇਸ ਕਤਲ ਨੂੰ ਨਿਰਦੇਸ਼ਤ ਕਰਨ ਲਈ ਜ਼ਿੰਮੇਵਾਰ ਧਿਰਾਂ ਨੂੰ ਅਦਾਲਤ ਵੱਲੋਂ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕੰਮ ਅਧੂਰਾ ਹੈ।”
ਲੋਪੇਜ਼ ਦੇ ਵਕੀਲਾਂ ਨੇ ਕਿਹਾ ਕਿ “ਉਸ ਦੇ ਅੱਗੇ ਲੰਬਾ ਰਾਹ” ਸੀ, “ਅਸੀਂ ਉਸ ਦੀ ਜਵਾਨੀ ਅਤੇ ਉਸ ਦੇ ਪਛਤਾਵੇ ਦੇ ਮੱਦੇਨਜ਼ਰ ਉਸ ਦੇ ਮੁੜ ਵਸੇਬੇ ਦੀਆਂ ਸੰਭਾਵਨਾਵਾਂ ਲਈ ਆਸਵੰਦ ਹਾਂ।”