Friday, April 11, 2025
8.2 C
Vancouver

ਜਦੋਂ ਗੁਰਮੁੱਖ ਸ਼ੇਰਗਿੱਲ ਨੇ ਬਜ਼ੁਰਗ ਔਰਤ ਨੂੰ ਮੱਚਦੀ ਅੱਗ ‘ਚੋਂ ਕੱਢਿਆ

ਸੰਨ 1974, ਮਹੀਨਾ ਮਈ, ਇੰਗਲੈਂਡ ਦੇ ਸ਼ਹਿਰ ਵੌਲਸਾਲ ਦੀ ਚਰਚਿਤ ਅੱਗ ਦੀ ਘਟਨਾ, ਜਿਸ ਦਾ ਸੱਚ ਕੁਝ ਹੋਰ ਸੀ ਅਤੇ ਨਿਕਲਿਆ ਕੁਝ ਹੋਰ। ਇਸ ਘਟਨਾ ਦਾ ਸੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਜਮਸ਼ੇਰ ਖਾਸ ਦੇ ਜੰਮਪਲ ਗੁਰਮੁਖ ਸਿੰਘ ਸ਼ੇਰਗਿੱਲ ਨਾਲ ਜੁੜਿਆ ਹੋਇਆ ਹੈ। ਗੁਰਮੁੱਖ ਸਿੰਘ ਜਦੋਂ 19 ਸਾਲ ਦੀ ਚੜ੍ਹਦੀ ਜਵਾਨੀ ਵਿੱਚ ਸੀ, ਦੁਪਿਹਰ ਦੇ 2 ਵਜੇ ਆਪਣੇ ਕੰਮ ਤੋਂ ਬੱਸ ਰਾਹੀਂ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿੱਚ ਇੱਕ ਲੜਕੀ ਬੱਸ ਦੇ ਅੱਗੇ ਹੋ ਕੇ ਉੱਚੀ ਉੱਚੀ ਕੁਰਲਾਅ ਅਤੇ ਰੌਲ਼ਾ ਪਾਉਂਦੀ ਮਦਦ ਲਈ ਪੁਕਾਰ ਰਹੀ ਸੀ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ ਜਿਸ ਘਰ ਅੰਦਰ ਮੇਰੀ ਮਾਂ ਫਸ ਗਈ ਹੈ ਉਸ ਨੂੰ ਬਚਾਉ।
ਮੂਹਰੇ ਖੜ੍ਹੀ ਲੜਕੀ ਨੂੰ ਵੇਖ ਕੇ ਬੱਸ ਰੁਕ ਗਈ ਤਾਂ ਦੇਖਿਆ ਕਿ ਘਰ ਲਟਾ-ਲਟ ਮੱਚ ਰਿਹਾ ਸੀ। ਬੱਸ ਵਿਚਲੀਆਂ ਸਾਰੀਆਂ ਸਵਾਰੀਆਂ ਬੱਸ ਵਿੱਚੋਂ ਉੱਤਰ ਗਈਆਂ, ਕਿਸੇ ਦੀ ਹਿੰਮਤ ਨਾ ਪਈ ਕਿ ਕੋਈ ਮੱਚਦੇ ਭਾਂਬੜਾਂ ਵਿੱਚੋਂ ਅੱਗ ‘ਚ ਘਿਰੀ ਇੱਕ ਬਜ਼ੁਰਗ ਔਰਤ ਨੂੰ ਕਿਸੇ ਤਰੀਕੇ ਬਚਾ ਸਕੇ।
ਨੌਜਵਾਨ ਗੁਰਮੁਖ ਸਿੰਘ ਸ਼ੇਰਗਿੱਲ ਨੇ ਪੰਜਾਬੀਆਂ ਵਾਲੀ ਦਲੇਰੀ ਦਿਖਾਉਂਦਿਆਂ ਹੋਇਆਂ ਆਪਣੀ ਦੁੱਧ ਵਾਲੀ ਕੱਚ ਦੀ ਖਾਲੀ ਬੋਤਲ ਚੁੱਕੀ ਅਤੇ ਜਲਦੀ ਨਾਲ ਘਰ ਦੀ ਪਿਛਲੇ ਪਾਸੇ ਰਸੋਈ ਵਾਲੀ ਖਿੜਕੀ ਤੋੜ ਕੇ ਅੰਦਰ ਛਾਲ ਮਾਰ ਦਿੱਤੀ। ਉਸ ਨੇ ਦੇਖਿਆ ਕਿ ਧੂੰਏ ਨਾਲ ਇੱਕ ਬਜੁਰਗ ਔਰਤ ਦਾ ਬੁਰਾ ਹਾਲ ਹੋਇਆ ਪਿਆ ਹੈ, ਉਹ ਕਦੇ ਉੱਠ ਖੜ੍ਹੇ ਕਦੇ ਡਿੱਗ ਪਵੇ। ਗੁਰਮੁਖ ਸਿੰਘ ਉਸ ਬਜ਼ੁਰਗ ਨੂੰ ਚੁੱਕ ਕੇ ਬਾਹਰ ਲੈ ਆਉਣ ਲਈ ਜੱਦੋ ਜਹਿਦ ਕਰਨ ਲੱਗਾ। ਅੰਦਰ ਜਿਆਦਾ ਧੂੰਏਂ ਕਾਰਨ ਉਸ ਨੂੰ ਮੁਸ਼ਕਲ ਆ ਰਹੀ ਸੀ ਕਿ ਉਹ ਬਜ਼ੁਰਗ ਔਰਤ ਨੂੰ ਕਿਸੇ ਤਰੀਕੇ ਜਲਦੀ ਬਾਹਰ ਕੱਢ ਸਕੇ।
ਇਸ ਤੋਂ ਇਲਾਵਾ ਦੋ ਹੋਰ ਆਦਮੀ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮੋਹਨ ਲਾਲ ਸੀ ਅਤੇ ਦੂਜਾ ਵੀ ਪੰਜਾਬੀ ਸੀ ਜੋ ਕਿ ਦੋਵੇਂ ਪਿਛਲੇ ਦਰਵਾਜੇ ਕੋਲ ਮਦਦ ਲਈ ਆ ਖੜ੍ਹੇ ਹੋਏ।
ਜਿਉਂ ਹੀ ਗੁਰਮੁਖ ਸਿੰਘ ਸ਼ੇਰਗਿੱਲ ਉਸ ਬਜ਼ੁਰਗ ਔਰਤ, ਜਿਸਦਾ ਨਾਮ ‘ਪੀਟ’ ਸੀ, ਬਜ਼ੁਰਗ ਔਰਤ ਨੂੰ ਦਰਵਾਜ਼ੇ ਦੇ ਨੇੜੇ ਲੈ ਆਇਆਂ ਦੋਵਾਂ ਨੂੰ ਉਨ੍ਹਾਂ ਦੋਵਾਂ ਵਿਅਕਤੀਆਂ ਨੇ ਬਾਹਰ ਖਿੱਚ ਲਿਆ। ਉਸ ਸਮੇਂ ਗੁਰਮੁਖ ਸ਼ੇਰਗਿੱਲ ਨੂੰ ਵੀ ਧੂਆਂ ਚੜ੍ਹ ਗਿਆ ਅਤੇ ਉਸ ਦੀ ਨਕਸੀਰ ਫੁੱਟ ਗਈ। ਜੇ ਕਰ ਗੁਰਮੁੱਖ ਸਿੰਘ ਅਤੇ ਉਹ ਬਜ਼ੁਰਗ ਔਰਤ ਕੁਝ ਸੈਕਿੰਟ ਹੋਰ ਅੰਦਰ ਰਹਿ ਜਾਂਦੇ ਤਾਂ ਉਸ ਬਜ਼ੁਰਗ ਔਰਤ ਨੇ ਤਾਂ ਮਰਨਾ ਹੀ ਮਰਨਾ ਸੀ, ਪਰ ਗੁਰਮੁਖ ਸਿੰਘ ਦੀ ਜਾਨ ਵੀ ਜਾ ਸਕਦੀ ਸੀ।
ਅੱਗ ਨਾਲ ਮੱਚ ਰਹੇ ਘਰ ਦੀ ਇੱਕ ਗੁਆਂਢਣ ਸ਼੍ਰੀਮਤੀ ਗਰਟਰੂਡ ਹੈਂਪਟਨ ਨੇ ਕਿਹਾ ਕਿ, “ਧੂੰਆਂ ਅਤੇ ਅੱਗ ਦੀਆਂ ਲਾਟਾਂ ਸੱਚਮੁੱਚ ਹੀ ਏਨੀਆਂ ਭਿਆਨਕ ਸਨ ਕਿ ਅੱਗ ਵਿੱਚੋਂ ਬਚ ਨਿਕਲਣਾ ਮੁਸ਼ਕਲ ਸੀ।”
ਉਸ ਸਮੇ ਹੈਪਟਨ ਨੇ ਪੰਜਾਬੀਆਂ ਦੀ ਦਲੇਰੀ ਦੀ ਦਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਦਲੇਰ ਲੋਕਾਂ ਦਾ ਦੁਨੀਆਂ ‘ਚ ਕੋਈ ਬਦਲ ਨਹੀਂ। ਸਿਰਫ਼ ਪੰਜਾਬੀ ਲੋਕਾਂ ਨੇ ਹੀ ਬਚਾ ਲਈ ਅੱਗ ਦੇ ਮੱਚਦੇ ਭਾਂਬੜਾਂ ਨੂੰ ਟਿੱਚ ਸਮਝਿਆ।
ਜਦੋਂ ਇਹ ਖ਼ਬਰ ਇੰਗਲੈਂਡ ਦੇ ਅਖਬਾਰਾਂ ਵਿੱਚ ਛਪੀ ਤਾਂ ਗੋਰੇ ਲੋਕ ਉਸ ਸਮੇਂ ਤੋਂ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਨ ਲੱਗ ਪਏ ਅਤੇ ਹਰ ਪਲੇਟਫਾਰਮ ‘ਤੇ ਇਸ ਬਹਾਦਰੀ ਦੇ ਗੁਣ ਗਾਣ ਲੱਗੇ।
ਗੁਰਮੁਖ ਸਿੰਘ ਸ਼ੇਰਗਿੱਲ ਨੇ ਸਰੀ ਤੋਂ ਛਪਦੇ ‘ਪੰਜਾਬ ਗਾਰਡੀਅਨ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਖਬਰ ਉਸ ਸਮੇ ਇੰਗਲੈਂਡ ਦੇ ਮੁੱਖ ਅਖ਼ਬਾਰ ‘ਐਕਸਪ੍ਰੈਸ ਸਟਾਰ’ ਅਤੇ ‘ਈਵਨਿੰਗ ਮੇਲ’ ਦੇ ਮੁੱਖ ਪੰਨੇ ‘ਤੇ ਛਪੀ ਸੀ। ਸ਼ੇਰਗਿੱਲ ਦੇ ਦੱਸਣ ਮੁਤਾਬਿਕ ਇਹ ਦੋਵੇਂ ਅਖਬਾਰਾਂ ਉਸ ਨੇ ਕਈ ਸਾਲ ਸਾਂਭ ਕੇ ਰੱਖੀਆਂ ਪਰ 1992 ਵਿੱਚ ਜਦੋਂ ਉਹ ਕੈਨੇਡਾ ਆ ਗਿਆ, ਅਖਬਾਰਾਂ ਤਾਂ ਏਧਰ ਉੱਧਰ ਹੋ ਗਈਆਂ, ਨਾ ਲੱਭੀਆਂ, ਪਰ ਧੰਨਵਾਦ ਹੈ ਕਿ ਅੱਜ ਦੇ ਤਕਨੀਕੀ ਯੁੱਗ ਦਾ ਜਿਸ ਦੇ ਜ਼ਰੀਏ ਇਹ ਖ਼ਬਰ ਲੱਭ ਗਈ ਅਤੇ ਸਤਨਾਮ ਸਿੰਘ ਭੁੱਲਰ ‘ਫਿਲਮ ਮੇਕਰ’ ਦਾ, ਜਿਸ ਨੇ ਇਹ ਕੰਪਿਊਟਰ ਵਿੱਚੋਂ ਕੱਢ ਕੇ ਉਸ ਨੂੰ ਦਿੱਤੀ।
ਬਾਅਦ ਵਿੱਚ ਜਦੋਂ ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਨੇ ਅੱਗ ਲੱਗਣ ਬਾਰੇ ਬਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਘਰ ਨੂੰ ਅੱਗ ‘ਸ੍ਰੀਮਤੀ ਪੀਟ’ ਦੀ ਉਸੇ ਧੀ ‘ਮੈਰੀ ਟੇਲਰ’ ਨੇ ਹੀ ਲਾਈ ਸੀ ਜੋ ਕਿ ਮਦਦ ਲਈ ਪੁਕਾਰ ਰਹੀ ਸੀ। ਮੈਰੀ ਘਰ ਨੂੰ ਜਾਣਬੁੱਝ ਕੇ ਅੱਗ ਲਾਉਣ ਪਿੱਛੋਂ ਆਪ ਤਾਂ ਖੁਦ ਬਾਹਰ ਨਿਕਲ ਗਈ ਪਰ ਬਜ਼ੁਰਗ ਮਾਤਾ ਨੂੰ ਘਰ ਦੇ ਅੰਦਰ ਹੀ ਛੱਡ ਆਈ ਸੀ।
ਜਦੋਂ ਗੁਰਮੁਖ ਸਿੰਘ ਸ਼ੇਰਗਿੱਲ ਨੂੰ ਇਹ ਪੁੱਛਿਆ ਗਿਆ ਕਿ ਉਸ ਵਿੱਚ ਇੰਨਾਂ ਹੌਸਲਾ ਕਿਵੇਂ ਆਇਆ ਤਾਂ ਉਸ ਦੇ ਦੱਸਿਆ ਕਿ ਮੇਰੇ ਪਿਤਾ ਸ. ਪਿਆਰਾ ਸਿੰਘ ਅਤੇ ਮਾਤਾ ਰੇਸ਼ਮ ਕੌਰ ਵੱਲੋਂ ਦਿੱਤੇ ਸੰਸਕਾਰਾਂ ਵਿੱਚੋਂ ਕਿਸੇ ਦੀ ਮਦਦ ਕਰਨਾ ਵੀ ਇੱਕ ਗੁਣ ਹੈ।
ਉਸ ਨੇ ਆਪਣੇ ਪਿੰਡ ਜਮਸ਼ੇਰ ਖਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਉਹ ਬਚਪਨ ਦੀ ਛੋਟੀ ਉਮਰ ਵਿੱਚ ਸੀ ਤਾਂ ਪਿੰਡ ਦੀ ਖੂਹੀ ਵਿੱਚ ਡਿੱਗ ਪਿਆ ਸੀ ਅਤੇ ਮੇਰੇ ਪਿਤਾ ਨੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮੇਰੇ ਮਗਰ ਹੀ ਖੂਹੀ ਵਿੱਚ ਛਾਲ ਮਾਰ ਦਿੱਤੀ ਤੇ ਮੈਨੂੰ ਬਚਾ ਲਿਆ। ਉਸਦੀ ਨੇ ਕਿਹਾ ਕਿ ਉਸ ਬਜ਼ੁਰਗ ਔਰਤ ਦੀ ਜਾਨ ਬਚਾਉਣ ਦਾ ਹੌਸਲਾ ਮੇਰੇ ਪਿਤਾ ਵੱਲੋਂ ਦਿੱਤੇ ਸੰਸਕਾਰਾਂ ਦਾ ਇੱਕ ਹਿੱਸਾ ਹਨ। ਮੇਰੇ ਮਾਤਾ ਜੀ ਰੇਸ਼ਮ ਕੌਰ ਵੀ ਆਮ ਹੀ ਕਹਿੰਦੇ ਰਹਿੰਦੇ ਸਨ ਕਿ ਮਦਦ ਹਮੇਸ਼ਾਂ ਲੋੜਵੰਦਾਂ ਦੀ ਜਰੂਰ ਕਰਨੀ ਚਾਹੀਦੀ ਹੈ, ਕਿਸੇ ਦੀ ਜਾਨ ਬਚਾਉਣੀ ਸਭ ਤੋਂ ਵੱਡਾ ਪੁੰਨ ਹੈ।
ਵੱਲੋਂ :- ਬਰਾੜ- ਭਗਤਾ ਭਾਈ ਕਾ
604-751-1113 (ਕੈਨੇਡਾ)