ਬਠਿੰਡਾ, (ਵੀਰਪਾਲ ਸਿੰਘ ਭਗਤਾ): ਮੰਗਲਵਾਰ ਦੀ ਸਵੇਰੇ ਵੇਲੇ ਸਥਾਨਿਕ ਸਹਿਰ ਦੀ ਅਨਾਜ ਮੰਡੀ ਵਿਚ ਆਪਣੇ ਪਤੀ ਨਾਲ ਸਵੇਰ ਦੀ ਸੈਰ ਕਰ ਰਹੀ ਵਿਆਹੁਤਾ ਲੜਕੀ ਨੂੰ ਗੋਲੀ ਮਾਰ ਕੇ ਜਖਮੀ ਕਰਨ ਦੇ ਮਾਮਲੇ ਦੀ ਬਠਿੰਡਾ ਪੁਲਿਸ ਵੱਲੋਂ ਬਰੀਕੀ ਨਾਲ ਕੀਤੀ ਗਈ ਜਾਂਚ ਉਪਰੰਤ ਕਹਾਣੀ ਝੂਠੀ ਨਿਕਲੀ। ਇਸ ਘਟਨਾ ਦਾ ਕੁਝ ਹੀ ਘੰਟਿਆਂ ਵਿਚ ਪਰਦਾਫਾਸ ਕਰਕੇ ਦਿਆਲਪੁਰਾ ਭਾਈਕਾ ਦੀ ਪੁਲਿਸ ਨੇ ਜਖਮੀ ਲੜਕੀ ਅਤੇ ਉਸਦੇ ਪਤੀ ਸਮੇਤ ਪੰਜ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਿੰਨ੍ਹਾਂ ਵਿਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਜਖਮੀ ਲੜਕੀ ਨੂੰ ਇਲਾਜ ਅਧੀਨ ਹੋਣ ਕਾਰਨ ਹਾਲੇ ਗ੍ਰਿਫਤਾਰ ਨਹੀ ਕੀਤਾ ਗਿਆ।
ਬਠਿੰਡਾ ਦੇ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਆਸਕੀ, ਹਰਪ੍ਰੀਤ ਕੌਰ ਪਤਨੀ ਅਰਸ਼ਦੀਪ ਸਿੰਘ ਅਤੇ ਸੁਖਚੈਨ ਸਿੰਘ ਘੋਨੂੰ ਵਾਸੀ ਭਗਤਾ ਭਾਈਕਾ ਮੋਟਰ ਸਾਇਕਲ ਤੇ ਸਵਾਰ ਹੋਕੇ ਸੰਦੀਪ ਸਿੰਘ ਸਨੀਂ ਵਾਸੀ ਭਗਤਾ ਭਾਈ ਅਤੇ ਟਹਿਲ ਸਿੰਘ ਵਾਸੀ ਸੁਖਾਨੰਦ ਨੂੰ ਅਸਲਾ ਸਪਲਾਈ ਕਰਨ ਲਈ ਆਏ ਸਨ, ਇਸ ਦੌਰਾਨ ਅਸਲਾ ਲੋਡ ਕਰਨ ਸਮੇਂ ਫਾਇਰ ਹੋ ਗਿਆ ਜੋ ਕਿ ਹਰਪ੍ਰੀਤ ਕੌਰ ਦੇ ਖੱਬੇ ਪੱਟ ਵਿਚ ਲੱਗ ਗਿਆ। ਪ੍ਰੰਤੂ ਉਕਤ ਦੋਸ਼ੀਆਂ ਨੇ ਝੂਠੀ ਕਹਾਣੀ ਬਣਾ ਦਿੱਤੀ ਕਿ ਮੋਟਰ ਸਾਇਕਲ ਸਵਾਰ ਦੋ ਅਣਪਛਾਤੇ ਵਿਅਕਤੀ ਫਾਇਰ ਮਾਰ ਗਏ। ਇਹ ਕਹਾਣੀ ਸਬੰਧੀ ਸ਼ੱਕ ਹੋਣ ਤੇ ਪੁਲਿਸ ਨੇ ਬਰੀਕੀ ਨਾਲ ਜਾਂਚ ਸੁਰੂ ਕੀਤੀ ਤਾ ਪੁੱਛਗਿੱਛ ਦੌਰਾਨ ਦੋਸ਼ੀ ਕਹਾਣੀ ਸਬੰਧੀ ਮੰਨ ਗਏ।
ਥਾਨਾ ਦਿਆਲਪੁਰਾ ਭਾਈਕਾ ਦੀ ਪੁਲਿਸ ਨੇ ਕਥਿਤ ਦੋਸ਼ੀ ਅਰਸ਼ਦੀਪ ਸਿੰਘ ਆਸਕੀ, ਹਰਪ੍ਰੀਤ ਕੌਰ ਪਤਨੀ ਅਰਸ਼ਦੀਪ ਸਿੰਘ, ਸੁਖਚੈਨ ਸਿੰਘ ਘੋਨੂੰ, ਸੰਦੀਪ ਸਿੰਘ ਸਨੀਂ ਵਾਸੀ ਭਗਤਾ ਭਾਈਕਾ ਅਤੇ ਟਹਿਲ ਸਿੰਘ ਵਾਸੀ ਸੁਖਾਨੰਦ ਖਿਲਾਫ ਮੁਕੱਦਮਾ ਕਰਕੇ ਉਨ੍ਹਾਂ ਵਿਚੋ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਹਰਪ੍ਰੀਤ ਕੌਰ ਜਖਮੀ ਹੋਣ ਕਾਰਨ ਉਸਦਾ ਇਲਾਜ ਪੁਲਿਸ ਦੀ ਨਿਗਰਾਨੀ ਹੇਠ ਹੋ ਰਿਹਾ ਹੈ, ਉਨ੍ਹਾਂ ਨੂੰ ਹਾਲੇ ਗ੍ਰਿਫਤਾਰ ਨਹੀ ਕੀਤਾ ਗਿਆ। ਪੁਲਿਸ ਨੇ ਕਥਿਤ ਦੋਸ਼ੀਆ ਪਾਸੋਂ 2 ਪਿਸਟਲ 32 ਬੋਰ, 4 ਜਿੰਦਾ ਕਾਰਤੂਸ, 2 ਮੋਟਰ ਸਾਇਕਲ, 3 ਮੋਬਾਇਲ ਬਰਾਮਦ ਕਰ ਲਏ ਹਨ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾ ਜੋ ਪਤਾ ਕੀਤਾ ਜਾਂ ਸਕੇ ਕਿ ਇਹ ਅਸਲਾ ਕਿੱਥੋ ਆਇਆ ਅਤੇ ਇਸ ਨਾਲ ਕਿਹੜੀ ਕਿਹੜੀ ਵਾਰਦਾਤ ਕਰਨ ਦੀ ਯੋਜਨਾ ਸੀ, ਸਬੰਧੀ ਬਰੀਕੀ ਨਾਲ ਪੜਤਾਲ ਕੀਤੀ ਜਾਵੇਗੀ। ਥਾਨਾ ਭਗਤਾ ਭਾਈਕਾ ਦੇ ਮੁੱਖੀ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੂੰ ਕਥਿਤ ਦੋਸ਼ੀਆਂ ਦੀ ਹੋਰ ਪੁੱਛ ਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਸੈਰ ਕਰਦੀ ਲੜਕੀ ਨੂੰ ਗੋਲੀ ਮਾਰਨ ਦਾ ਮਾਮਲਾ ਨਿਕਲਿਆ ਝੂਠਾ, ਜ਼ਖ਼ਮੀ ਲੜਕੀ ਸਮੇਤ ਪੰਜ ਖਿਲਾਫ ਮੁਕੱਦਮਾ ਦਰਜ, 4 ਗ੍ਰਿਫਤਾਰ
