Sunday, April 20, 2025
9 C
Vancouver

ਲਾਲ ਬੱਤੀ ‘ਤੇ ਖੜ੍ਹੇ ਊਬਰ ਈਟਸ ਦੇ ਕਰਮਚਾਰੀ ਨੂੰ ਫੋਨ ‘ਤੇ ਆਰਡਰ ਲੈਣ ‘ਤੇ ਲੱਗਾ ਜੁਰਮਾਨਾ

ਸਰੀ, (ਏਕਜੋਤ ਸਿੰਘ): ਵੈਨਕੂਵਰ ਵਿੱਚ ਇੱਕ ਊਬਰ ਟੈਕਸੀ ਦੇ ਡਿਲਵਰੀ ਕਰਮਚਾਰੀ ਨੂੰ ਆਪਣੇ ਕੰਮ ਦੌਰਾਨ ਫੋਨ ‘ਤੇ ਆਰਡਰ ਪ੍ਰਵਾਨ ਕਰਨ ਦੇ ਦੋਸ਼ ਹੇਠ 368 ਡਾਲਰ ਦਾ ਚਲਾਨ ਕਟਿਆ ਗਿਆ, ਜਿਸ ਨੇ ਮਸਲੇ ਨੂੰ ਕਾਨੂੰਨੀ ਚਰਚਾ ਵਿੱਚ ਅਧੀਨ ਕਰ ਦਿੱਤਾ ਗਿਆ ਹੈ। ਇਹ ਮਾਮਲਾ ਬੀ.ਸੀ. ਦੀ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ, ਜਿਥੇ ਵਾਸੂ ਵਿਰਦਾ ਦੇ ਹੱਕ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਾ ਦਿੱਤਾ ਗਿਆ। 31 ਜੁਲਾਈ 2024 ਨੂੰ ਵਾਸੂ ਵੈਨਕੂਵਰ ਵਿੱਚ ਇੱਕ ਲਾਲ ਬੱਤੀ ‘ਤੇ ਖੜ੍ਹਾ ਸੀ। ਇਸ ਦੌਰਾਨ ਉਸ ਦੇ ਮੋਬਾਈਲ ‘ਤੇ ਫੂਡ ਡਿਲੀਵਰੀ ਦਾ ਆਰਡਰ ਆਇਆ। ਉਸ ਨੇ ਆਰਡਰ ਪ੍ਰਵਾਨ ਕੀਤਾ, ਪਰ ਇੱਕ ਪੁਲਿਸ ਅਧਿਕਾਰੀ ਨੇ ਉਸ ਨੂੰ ਐਸਾ ਕਰਦਿਆਂ ਦੇਖ ਲਿਆ। ਮੋਟਰ ਵ੍ਹੀਕਲ ਐਕਟ ਅਨੁਸਾਰ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਸ ਨੂੰ ਟਿਕਟ ਜਾਰੀ ਕੀਤੀ ਗਈ।
ਚਲਾਨ ਦੇ ਜੁਰਮਾਨੇ ਦੇ ਖਿਲਾਫ ਵਾਸੂ ਵਿਰਦਾ ਨੇ ਅਦਾਲਤ ਵਿੱਚ ਅਪੀਲ ਕੀਤੀ। ਸਤੰਬਰ 2024 ਵਿੱਚ, ਪ੍ਰੋਵਿਨਸ਼ੀਅਲ ਕੋਰਟ ਨੇ ਉਸ ਦੇ ਹੱਕ ਵਿਚ ਫੈਸਲਾ ਸੁਣਾਇਆ। ਅਦਾਲਤ ਨੇ ਮੰਨਿਆ ਕਿ ਕੰਮ ਦੇ ਦੌਰਾਨ ਅਜਿਹੇ ਮੋਬਾਈਲ ਵਰਤੋਂ ਨੂੰ ਕੰਮ ਦੇ ਹਿੱਸੇ ਵਜੋਂ ਸਮਝਿਆ ਜਾ ਸਕਦਾ ਹੈ।
ਕ੍ਰਾਊਨ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਬੀ.ਸੀ. ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਸੁਪਰੀਮ ਕੋਰਟ ਨੇ ਵਿਰੋਧੀ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੌਜੂਦਾ ਨਿਯਮਾਂ ਅਨੁਸਾਰ ਡਰਾਈਵਿੰਗ ਦੌਰਾਨ ਫੋਨ ਦੀ ਸਕ੍ਰੀਨ ਸਿਰਫ ਇਕ ਵਾਰ ਛੋਹਣ ਦੀ ਇਜਾਜ਼ਤ ਹੈ। ਇਹ ਅਧਿਕਾਰ ਸਿਰਫ ਕਾਲ ਪ੍ਰਵਾਨ ਕਰਨ ਜਾਂ ਕਾਲ ਬੰਦ ਕਰਨ ਲਈ ਹੀ ਸੀਮਿਤ ਹੈ। ਵਾਸੂ ਵਿਰਦਾ ਵੱਲੋਂ ਫੂਡ ਆਰਡਰ ਪ੍ਰਵਾਨ ਕਰਨਾ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ। ਵਾਸੂ ਵਿਰਦਾ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਉਸ ਦਾ ਕੰਮ ਇਸ ਪ੍ਰਕਿਰਿਆ ‘ਤੇ ਨਿਰਭਰ ਕਰਦਾ ਹੈ। ਉਸ ਨੇ ਕਿਹਾ ਕਿ ਐਮਾਜ਼ੌਨ ਕੌਰੀਅਰ ਅਤੇ ਹੋਰ ਡਰਾਈਵਰ ਵੀ ਅਜਿਹਾ ਕਰਦੇ ਹਨ। ਉਸ ਦੇ ਮਤਾਬਕ, ਇਸ ਮਾਮਲੇ ਨੇ ਕਾਨੂੰਨ ਵਿੱਚ ਤਬਦੀਲੀਆਂ ਦੀ ਲੋੜ ਨੂੰ ਸਾਫ਼ ਕੀਤਾ ਹੈ, ਤਾਂ ਜੋ ਟੈਕਸੀ ਡਰਾਈਵਰਾਂ ਅਤੇ ਡਿਲੀਵਰੀ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਕੰਮ ਦੀ ਸਹੂਲਤ ਲਈ ਨਵੇਂ ਨਿਯਮ ਬਣਾਏ ਜਾ ਸਕਣ। This report was written by Ekjot Singh as part of the Local Journalism Initiative.