Sunday, April 20, 2025
12.4 C
Vancouver

ਰੂਬੀ ਢੱਲਾ ਲਿਬਰਲ ਪਾਰਟੀ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ

ਔਟਵਾ : ਕਰੀਬ ਇਕ ਦਹਾਕੇ ਪਹਿਲਾਂ ਸਿਆਸਤ ਤੋਂ ਅਲਵਿਦਾ ਕਹਿ ਚੁੱਕੀ ਸਾਬਕਾ ਲਿਬਰਲ ਐਮਪੀ ਰੂਬੀ ਢੱਲਾ ਨੇ ਫਿਰ ਤੋਂ ਸਿਆਸੀ ਮੈਦਾਨ ਵਿੱਚ ਪਰਤਦਿਆਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਰੂਬੀ ਢੱਲਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੀ ਮੁਹਿੰਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਦੀ ਪੁਸ਼ਟੀ ਕੀਤੀ।
ਇਸ ਸਬੰਧੀ ਬੁੱਧਵਾਰ ਸਵੇਰੇ ਦਿੱਤੀ ਗਈ ਇਕ ਇੰਟਰਵਿਊ ਵਿੱਚ ਢੱਲਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕੈਨੇਡਾ ਵਿੱਚ ਵਿਭਿੰਨਤਾ ਨੂੰ ਅੱਗੇ ਲਿਆਉਣਾ ਹੈ। ਢੱਲਾ ਨੇ ਕਿਹਾ, “ਕੈਨੇਡਾ ਨੂੰ ਅਜਿਹੇ ਲੀਡਰ ਦੀ ਲੋੜ ਹੈ ਜੋ ਹਰ ਵਰਗ ਦੀ ਨੁਮਾਇੰਦਗੀ ਕਰ ਸਕੇ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵੱਕਾਰ ਨੂੰ ਮੁੜ ਤੋਂ ਬਹਾਲ ਕਰ ਸਕੇ।” ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਸਹੀ ਪਟੜੀ ‘ਤੇ ਲਿਆਉਣ ਲਈ ਉਹ ਪੂਰੀ ਤਰ੍ਹਾਂ ਸਮਰੱਥ ਹਨ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫ਼ੇ ਦਾ ਐਲਾਨ ਕੀਤਾ ਹੈ, ਜਿਸ ਕਾਰਨ ਲਿਬਰਲ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਲਈ ਮੁਕਾਬਲਾ ਹੋ ਰਿਹਾ ਹੈ। ਜਿੱਤਣ ਵਾਲਾ ਲੀਡਰ ਪਾਰਟੀ ਦੀ ਅਗਵਾਈ ਕਰਨ ਦੇ ਨਾਲ-ਨਾਲ ਅਗਲੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਵੀ ਸ਼ਾਮਲ ਹੋਵੇਗਾ। ਜ਼ਿਕਰਯੋਗ ਹੈ ਕਿ ਰੂਬੀ ਢੱਲਾ ਨੂੰ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਐਮਪੀ ਹੋਣ ਦਾ ਮਾਣ ਪ੍ਰਾਪਤ ਹੈ। 2004 ਵਿੱਚ ਉਹ ਲਿਬਰਲ ਪਾਰਟੀ ਦੀ ਟਿਕਟ ‘ਤੇ ਬਰੈਂਪਟਨ-ਸਪਰਿੰਗਡੇਲ ਤੋਂ ਐਮਪੀ ਚੁਣੀ ਗਈ ਸਨ। ਢੱਲਾ ਨੇ 2004 ਤੋਂ 2011 ਤੱਕ ਇਸ ਰਾਈਡਿੰਗ ਦੀ ਨੁਮਾਇੰਦਗੀ ਕੀਤੀ। 2011 ਵਿੱਚ ਉਹ ਕੰਜ਼ਰਵੇਟਿਵ ਉਮੀਦਵਾਰ ਪਰਮ ਗਿੱਲ ਤੋਂ ਹਾਰ ਗਈ ਸਨ। 2014 ਵਿੱਚ ਢੱਲਾ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ।