ਜੇਮਸ ਜੁਆਇਸ ਦਾ ਕਥਨ ਹੈ ਕਿ ਕਿਸੇ ਵੀ ਨਾਵਲਕਾਰ ਨੂੰ ਆਪਣਾ ਇੱਕ ਨਾਵਲ ਲਿਖਣ ਤੋਂ ਬਾਅਦ ਦੂਜਾ ਨਾਵਲ ਤਾਂ ਹੀ ਲਿਖਣਾ ਚਾਹੀਦਾ ਹੈ ਜੇ ਉਸ ਕੋਲ ਕਹਿਣ ਲਈ ਕੋਈ ਨਵੀਂ ਗੱਲ ਹੋਵੇ ਤੇ ਉਸ ਨੇ ਕੋਈ ਅਜਿਹੀ ਨਵੀਂ ਖਿੜਕੀ ਖੋਲ੍ਹਣੀ ਹੋਵੇ ਜਿਸ ਰਾਹੀਂ ਪਾਠਕ ਜ਼ਿੰਦਗੀ ਦੇ ਕਿਸੇ ਨਵੇਂ ਪੱਖ ਨੂੰ ਵੇਖ ਸਕੇ। ਜੇ ਉਸਦੇ ਕੋਲ ਕੋਈ ਨਵੀਂ ਗੱਲ ਕਰਨ ਲਈ ਨਹੀਂ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਦੁਹਰਾਉਣਾ ਨਹੀਂ ਚਾਹੀਦਾ। ਜਦੋਂ ਮੈਂ ਡਾ. ਮਨਮੋਹਨ ਦੀਆਂ ਸਾਹਿਤਕ ਪ੍ਰਾਪਤੀਆਂ ‘ਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਆਪਣੀ ਹਰ ਰਚਨਾ ਵਿੱਚ ਕੁੱਝ ਨਵਾਂ ਲਿਖਦਾ ਹੈ। ਉਹ ਕਦੇ ਵੀ ਆਪਣੇ ਆਪ ਨੂੰ ਦੁਹਰਾਉਂਦਾ ਨਹੀਂ। ਉਹ ਬਹੁਵਿਧਾਈ ਲੇਖਕ ਹੈ ਤੇ ਅਸੀਮ ਪ੍ਰਤਿਭਾ ਦਾ ਮਾਲਿਕ ਹੈ। ਕੋਈ ਇਕ ਵਿਧਾ ਉਸ ਦੇ ਸਮੁੱਚੇ ਭਾਵ ਜਗਤ ਨੂੰ ਮੂਰਤੀਮਾਨ ਕਰਨ ਦੇ ਸਮਰੱਥ ਨਹੀਂ । ਉਹ ਮੂਲ ਰੂਪ ਵਿੱਚ ਕਵੀ ਹੈ ਤੇ ਕਾਵਿ ਜਗਤ ‘ਚ ਗੁਜ਼ਰਦਿਆਂ ਜਦੋਂ ਉਹ ਮਾਨਵੀ ਅਸਤਿਤਵ ਦੇ ਪ੍ਰਸ਼ਨਾਂ ਨਾਲ ਜੂਝਦਾ ਹੈ ਤਾਂ ਉਸ ਦੇ ਚਿੰਤਨ ਵਿੱਚੋਂ ਗਹਿਰ ਗੰਭੀਰ ਵਾਰਤਕ ਉਗਮਦੀ ਹੈ ਅਤੇ ਜਦੋਂ ਚਿੰਤਨ ਤੇ ਕਵਿਤਾ ਦਾ ਸੁਮੇਲ ਹੁੰਦਾ ਹੈ ਤਾਂ ਉਹ ਨਾਵਲ ਲਿਖਦਾ ਹੈ । ਉਸ ਨੇ ਹੁਣ ਤਕ ਤਿੰਨ ਨਾਵਲ ਲਿਖੇ ਹਨ ਅਤੇ ਤਿੰਨੇ ਹੀ ਵੱਖ-ਵੱਖ ਵਿਸ਼ਿਆਂ ‘ਤੇ ਉਸਰੇ ਹੋਏ ਹਨ । ਉਸਨੂੰ ਉਸਦੇ ਪਲੇਠੇ ਨਾਵਲ ‘ਨਿਰਵਾਣ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਵਕਾਰੀ ਪੁਰਸਕਾਰ ਮਿਲਿਆ ਸੀ । ਇਹ ਨਾਵਲ ਭਾਰਤੀ ਦੀ ਪ੍ਰਾਚੀਨ ਅਧਿਆਤਮਿਕ-ਗਿਆਨਾਤਮਕ ਵਿਰਾਸਤ ਦਾ ਵਿਆਪਕ ਦ੍ਰਿਸ਼ ਪ੍ਰਸਤੁਤ ਕਰਦਾ ਹੈ । ਇਸ ਨਾਵਲ ‘ਚੋਂ ਗੁਜ਼ਰਨਾ ਭਾਰਤੀ ਦਰਸ਼ਨ ਦੀ ਅਸੀਮਤਾ ਅੱਗੇ ਸਿਰ ਨਿਵਾਉਣ ਵਾਂਗ ਹੈ । ਮੇਰੀ ਜਾਚੇ ਇਸ ਨਾਵਲ ਨੇ ਪੰਜਾਬੀ ਦੇ ਨਾਵਲ ਪਰੰਪਰਾ ਦੇ ਸੰਸਾਰ ਵਿੱਚ ਵਿੱਢ ਪਾ ਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ ‘ਚਿੰਤਨਸ਼ੀਲ ਗਲਪ’ ਦਾ!
ਡਾ. ਮਨਮੋਹਨ ਦਾ ਦੂਜਾ ਨਾਵਲ ‘ਸਹਿਜ ਗੁਫਾ ਮਹਿ ਆਸਣੁ’ ਭਾਰਤੀ ਗਿਆਨ-ਧਿਆਨ ਪਰੰਪਰਾ ਦੇ ਮਹਾਨ ਯੋਗੀ ਕਾਵਿ ਸਮਰਾਟ ਭਰਥਹਰੀ ਦੇ ਜੀਵਨ ਦਰਸ਼ਨ ਅਤੇ ਕਾਵਿ ਸਿਰਜਣਾ ‘ਤੇ ਆਧਾਰਿਤ ਹੈ । ਭਰਥਹਰੀ ਸੂਰਬੀਰ, ਵਿਦਵਾਨ, ਕਵੀ, ਵਿਆਕਰਨਕਾਰ, ਯੋਗੀ-ਭੋਗੀ ਅਤੇ ਸੰਨਿਆਸੀ ਸੀ । ਨਾਵਲ ਰਾਹੀਂ ਪਾਠਕ ਭਰਥਰੀ ਦੇ ਰਾਗੀ ਵੈਰਾਗੀ ਜੀਵਨ ਅਨੁਭਵਾਂ ਦੀਆਂ ਉਚਾਈਆਂ ਨਿਵਾਣਾਂ ਰਾਹੀਂ ਲੰਮੀ ਵਾਟ ਤਹਿ ਕਰਦਾ ਹੋਇਆ ਗੋਰਖ ਨਾਥ ਦੇ ਟਿੱਲੇ ਜਾ ਪਹੁੰਚਦਾ ਹੈ ।
ਡਾ. ਮਨਮੋਹਨ ਦਾ ਤਾਜ਼ਾ ਛਪੇ ਨਾਵਲ ਦਾ ਬਿਰਤਾਂਤ ‘ਮਨੁ ਪੰਖੀ ਭਇਓ’ ਮੁੱਖ ਪਾਤਰ ਬੁੱਧ ਸਿੰਘ ਦੇ ਅਨੂਠੇ ਕਿਰਦਾਰ ਦੇ ਇਰਦ ਗਿਰਦ ਬੁਣਿਆ ਗਿਆ ਹੈ । ਇਸ ਨਾਵਲ ਦਾ ਕੈਨਵਸ ਅਤਿ ਵਿਸ਼ਾਲ ਹੈ- ਮੱਧਕਾਲ ਤੋਂ ਲੈ ਕੇ ਸਮਕਾਲ ਦਾ ਪੰਜਾਬ । ਪੰਨੇ ਪੰਨੇ ਤੇ ਫੈਲੇ ਗੁਰਬਾਣੀ, ਧਰੁਪੱਦ ਸ਼ਾਸਤਰੀ ਸੰਗੀਤ, ਪੀਰਾਂ ਫ਼ਕੀਰਾਂ ਅਤੇ ਅਦੀਬ ਸ਼ਾਇਰਾਂ ਦੇ ਬੋਲ ਰੂਹ ਨੂੰ ਰੁਸ਼ਨਾਅ ਦਿੰਦੇ ਹਨ । ਬੋਧੇ (ਬਇਨਗ) ਤੋਂ ਬੁੱਧ ਸਿੰਘ ਹੋਣ (ਬੲਚੋਮਿਨਗ) ਦੀ ਯਾਤਰਾ ਦਰਅਸਲ ਸਧਾਰਨ ਤੋਂ ਅਸਧਾਰਨ ਮਨੁੱਖ ਬਣਨ ਦੀ ਯਾਤਰਾ ਹੈ । ਉਹ ਅੰਦਰੋਂ ਬਾਹਰੋਂ ਬੁੱਧ ਹੈ- ਸਭ ਕਾਸੇ ਤੋਂ ਫ਼ਾਰਗ, ਫੱਕੜ ਤਬੀਅਤ ਵਾਲਾ ਬੰਦਾ- ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ! ਉਹ ਹੀਰ ਵੀ ਗਾਉਂਦਾ ਹੈ ਤੇ ਗੁਰਬਾਣੀ ਕੀਰਤਨ ਵੀ ਕਰਦਾ ਹੈ। ਸੰਗੀਤ ਵਿਦਿਆ ‘ਚ ਨਿਪੁੰਨਤਾ ਹਾਸਿਲ ਕਰਕੇ ਉਹ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਬਣਦਾ ਹੈ। ਜਿਗਿਆਸੂ ਏਨਾ ਵੱਡਾ ਕਿ ਸਭ ਕਾਸੇ ਜਾਨਣ ਦਾ ਪ੍ਰਬਲ ਇੱਛੁਕ ! ਡਾ. ਮਨਮੋਹਨ ਨੇ ਬੁੱਧ ਸਿੰਘ ਦੇ ਰੂਪ ਵਿੱਚ ਅਜਿਹੇ ਕਿਰਦਾਰ ਨੂੰ ਸਿਰਜਿਆ ਹੈ ਜੋ ਕਿ ਜਗਤ ਰੂਹ ਹੈ- ਨਿਰਾ ਬੁੱਧ ਜੋ ਕਦੇ ਕਦੇ ਸੋਚਦਾ ਹੈ ਕਿ ‘ਹਰ ਮਨੁੱਖ ਕੁਝ ਪਲਾਂ ਖਿਣਾਂ ਲਈ ਹੀ ਸਹੀ, ਕਦੀ ਆਪਣਾ ਈਸ਼ਵਰ ਤਾਂ ਹੁੰਦਾ ਹੀ ਹੈ’ ।
ਬੁੱਧ ਸਿੰਘ ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਦੇਖਦਾ ਹੈ । ਉਸ ਨੇ ਸਰਬ ਸਾਂਝੀ ਤਹਿਜ਼ੀਬ ਵਾਲੇ ਪੰਜਾਬ ਨੂੰ ਲਥ ਪੱਥ ਹੋਇਆ ਤੱਕਿਆ । ਸੱਭ ਕਾਸੇ ਦਾ ਉਜਾੜਾ ਹੋ ਗਿਆ! ਦੇਸ਼ ਵੰਡਿਆ ਗਿਆ! ਅਜਿਹੀ ਕਾਲੀ ਬੋਲੀ ਹਨੇਰੀ ਵਗੀ ਕਿ ਸੱਭ ਕੁਝ ਉਥਲ ਪੁਥਲ ਹੋ ਗਿਆ! ਬੁੱਧ ਸਿੰਘ ਦੀ ਪਤਨੀ ਕੰਮੋ ਵਹਿਸ਼ੀ ਦਰਿੰਦਗੀ ਦਾ ਸ਼ਿਕਾਰ ਹੋ ਗਈ! ਉਹ ਆਪਣਿਆਂ ਹੱਥੋਂ ਹੀ ਆਪਣੀ ਸ਼ਿਨਾਖ਼ਤ ਕਾਰਣ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ! ਉਸਦੇ ਦੋਵੇਂ ਜੁੜਵਾਂ ਪੁੱਤਰ ਵੀ ਇਸ ਜ਼ੁਲਮੀ ਹਨੇਰੀ ‘ਚ ਅਜਿਹੇ ਗੁੰਮੇ ਕਿ ਵਰ੍ਹਿਆਂ ਬਾਅਦ ਉਦੋਂ ਮਿਲੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ! ਗੋਪਾਲ ਸਿੰਘ ਉਰਫ਼ ਗੋਪੀ ਅਤੇ ਗ਼ੁਲਾਮ ਅੱਬਾਸ ਉਰਫ਼ ਗੁਰੀ ਸਕੇ ਭਰਾ ਹੁੰਦੇ ਹੋਏ ਵੀ ਦੇ ਵੱਖਰੇ ਵੱਖਰੇ ਮੁਲਕਾਂ ਦੇ ਬਾਸ਼ਿੰਦੇ ਨੇਵੱਖ-ਵੱਖ ਧਰਮਾਂ ਦੇ ਪੈਰੋਕਾਰ!
‘ਮਨੁ ਪੰਖੀ ਭਇਓ’ ਦਿਲਾਂ ਨੂੰ ਟੁੰਬਣ ਵਾਲਾ ਨਾਵਲੀ ਬਿਰਤਾਂਤ ਹੈ। ਪਾਠਕ ਦੀਆਂ ਅੱਖਾਂ ਇਸ ਨੂੰ ਪੜ੍ਹਦਿਆਂ ਬਾਰ ਬਾਰ ਨਮ ਹੁੰਦੀਆਂ ਹਨ। ਪੰਜਾਬੀ ਸਾਹਿਤ ਜਗਤ ਦਾ ਇਹ ਵੱਡਾ ਤ੍ਰਾਸਦੀ ਨਾਵਲ ਬਣ ਉੱਭਰਦਾ ਦਿਖਾਈ ਦਿੰਦਾ ਹੈ।
ਡਾ. ਮਨਮੋਹਨ ਨੇ ਆਪਣਾ ਇਹ ਨਾਵਲ ਚੇਤਿਆਂ ਵਿੱਚ ਵੱਸਦੇ ਪੁਰਖਿਆਂ ਨੂੰ ਸਮਰਪਿਤ ਕੀਤਾ ਹੈ। ਇਹ ਨਾਵਲ ਲਿਖ ਕੇ ਸਚਮੁਚ ਉਹ ‘ਪਿੱਤਰ ਰਿਣ’ ਤੋਂ ਮੁਕਤ ਹੋ ਗਿਆ ਹੈ