ਦੁੱਖ-ਸੁੱਖ ਦੋਵੇਂ ਭਾਈ, ਪਾਉਂਦੇ
ਰਹਿੰਦੇ ਫੇਰੇ ਹੁੰਦੇ ਨੇ
ਪਲ ਦੋ ਪਲ ਦੀਆਂ ਖੁਸ਼ੀਆਂ ਸੱਜਣੋਂ,
ਦਰਦ ਲਮੇਰੇ ਹੁੰਦੇ ਨੇ
ਸੁਖ ਵਿੱਚ ਸੱਜਣੋਂ ਰੱਬ ਨਾ ਭੁੱਲੀਏ
ਹਰ ਪਲ ਮਨੋਂ ਧਿਆਈਦਾ
ਦੁੱਖ ਆਵੇ ਤਾਂ ਮੰਨੀਏਂ ਭਾਣਾ
ਦੁੱਖ ਤੋਂ ਨਹੀਂ ਘਬਰਾਈਦਾ
ਜ਼ਹਿਰੀ ਨਾਗਾਂ ਨੂੰ ਫੜਨੇ ਲਈ,
ਜਿਵੇਂ ਸਪੇਰੇ ਹੁੰਦੇ ਨੇ
ਪਲ ਦੋ ਪਲ ਦੀਆਂ ਖੁਸ਼ੀਆਂ ਸੱਜਣੋਂ,
ਦਰਦ ਲਮੇਰੇ ਹੁੰਦੇ ਨੇ
ਪਹਿਲਾਂ ਵਰਗੇ ਰਹੇ ਨਾ ਦਿਨ, ਜੇ
ਦੁੱਖ ਵਾਲੇ ਵੀ ਰਹਿਣੇ ਨਾ
ਇਹ ਸਭ ਖੇਡ ਤਾਂ ਹੈ ਕੁਦਰਤ ਦੀ
ਇਹ ਬੰਦੇ ਦੇ ਕਹਿਣੇ ਨਾ
ਕਦੇ ਚਾਨਣੀਆਂ ਰਾਤਾਂ ਤੇ ਕਦੇ
ਘੁੱਪ ਹਨ੍ਹੇਰੇ ਹੁੰਦੇ ਨੇ
ਪਲ ਦੋ ਪਲ ਦੀਆਂ ਖੁਸ਼ੀਆਂ ਸੱਜਣੋਂ,
ਦਰਦ ਲਮੇਰੇ ਹੁੰਦੇ ਨੇ…
ਦਰਦਾਂ ਦੀ ਬਸ ਇੱਕੋ ਹੀ ਦਾਰੂ
ਹੱਸ ਕੇ ਦਰਦ ਹੰਢਾਈਦਾ
ਰੋਣ ਨਾਲ ਦੁਖ ਘੱਟ ਨਹੀਂ ਹੁੰਦਾ
ਇਹ ਮਨ ਨੂੰ ਸਮਝਾਈਦਾ
ਇਹ ਕਰਮਾਂ ਦੇ ਲੇਖੇ, ਨਾ ਵੱਸ
ਤੇਰੇ – ਮੇਰੇ ਹੁੰਦੇ ਨੇ
ਪਲ ਦੋ ਪਲ ਦੀਆਂ ਖੁਸ਼ੀਆਂ ਸੱਜਣੋਂ,
ਦਰਦ ਲਮੇਰੇ ਹੁੰਦੇ ਨੇ…
ਨਿੱਕੀਆਂ ਨਿੱਕੀਆਂ ਗੱਲਾਂ ‘ਚੋਂ ਗੱਲ
ਲੱਭੋ ਕੀ ਖੁਸ਼ ਹੋਵਣ ਦੀ
ਪਾਓ ਨਾ “ਖੁਸ਼ੀ” ਆਦਤ ਕਦੇ ਵੀ
ਇਨ ਅੱਖੀਆਂ ਨੂੰ ਰੋਵਣ ਦੀ
ਵੇਖ ਦੁਖੀ, ਖੁਸ਼ ਹੋਵਣ ਵਾਲੇ
ਲੋਕ ਬਥੇਰੇ ਹੁੰਦੇ ਨੇ
ਪਲ ਦੋ ਪਲ ਦੀਆਂ ਖੁਸ਼ੀਆਂ ਸੱਜਣੋਂ,
ਦਰਦ ਲਮੇਰੇ ਹੁੰਦੇ ਨੇ…
ਲਿਖਤ : ਖੁਸ਼ੀ ਮੁਹੰਮਦ “ਚੱਠਾ”