ਸਰੀ, (ਏਕਜੋਤ ਸਿੰਘ): ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀਆਂ ਆ ਰਹੀਆਂ ਲਗਾਤਾਰ ਖਬਰਾਂ ਤੋਂ ਪੰਜਾਬੀ ਭਾਈਚਾਰਾ ਬੇਹੱਦ ਚਿੰਤਤ ਹੈ। ਪਿਛਲੇ 1 ਹਫ਼ਤੇ ਦੌਰਾਨ ਕਈ ਪੰਜਾਬੀ ਨੌਜਵਾਨਾਂ ਦੀ ਬੇਵਕਤੀ ਮੌਤ ਨਾਲ ਇਥੇ ਵਸਦੇ ਪੰਜਾਬੀ ਭਾਈਚਾਰੇ ਵਲੋਂ ਨੌਜਵਾਨਾਂ ਦੀ ਸੁਰੱਖਿਆ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਜ਼ਿਕਰੋਯਗ ਹੈ ਕਿ ਬੀਤੇ ਦਿਨੀਂ ਸਰੀ ਵਿੱਚ ਇਕ ਪੰਜਾਬੀ ਨੌਜਵਾਨ ਗੁਰਵਿੰਦਰ ਉਪਲ (29 ਸਾਲ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਵਾਰਦਾਤ ਨਾਲ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਸਦਮੇ ਅਤੇ ਦਰਦ ਦੀ ਲਹਿਰ ਦੌੜ ਗਈ ।
ਡੈਲਟਾ ਸ਼ਹਿਰ ਦੀ ਪੁਲਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ 112 ਬੀ ਸਟ੍ਰੀਟ ਦੇ 8100 ਬਲਾਕ ਵਿੱਚ ਗੋਲੀਬਾਰੀ ਹੋਈ। ਪੁਲਸ ਅਫ਼ਸਰਾਂ ਨੇ ਮੌਕੇ ‘ਤੇ ਪਹੁੰਚ ਕੇ ਗੁਰਵਿੰਦਰ ਉਪਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ। ਮੰਗਲਵਾਰ ਨੂੰ ਇਲਾਜ ਦੌਰਾਨ ਉਪਲ ਨੇ ਦਮ ਤੋੜ ਦਿੱਤਾ।
ਗੋਲੀਬਾਰੀ ਤੋਂ ਕੁਝ ਸਮੇਂ ਬਾਅਦ, ਬਲੇਕ ਡਰਾਈਵ ਦੇ 7300 ਬਲਾਕ ਵਿੱਚ ਚਿੱਟੇ ਰੰਗ ਦਾ ਸੜਦਾ ਹੋਇਆ ਟਰੱਕ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਇਸ ਟਰੱਕ ਦਾ ਸਬੰਧ ਵਾਰਦਾਤ ਨਾਲ ਹੈ।
ਡੈਲਟਾ ਪੁਲਸ ਨੇ ਦੱਸਿਆ ਕਿ ਇਸ ਕਤਲ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ। ਇਸੇ ਤਰ੍ਹਾਂ ਵਿਨੀਪੈਗ ਸ਼ਹਿਰ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਰਣ ਸਿੰਘ ਦਾ ਰਹਿਣ ਵਾਲੇ 24 ਸਾਲਾ ਨੌਜਵਾਨ ਸਤਪਾਲ ਸਿੰਘ ਭੇਤਭਰੀ ਹਾਲਤ ਵਿੱਚ ਮ੍ਰਿਤ ਪਾਇਆ ਗਿਆ। ਸਤਪਾਲ ਦੀ ਲਾਸ਼ ਇੱਕ ਕਾਰ ਵਿੱਚ ਮਿਲੀ। ਇਸ ਮਾਮਲੇ ਨੇ ਉਸ ਦੇ ਪਰਿਵਾਰ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਸਤਪਾਲ ਸਿੰਘ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਉਸ ਦੀ ਮਾਂ ਨੇ ਘਰ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਉਸ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਉਹ ਪੜ੍ਹਾਈ ਪੂਰੀ ਕਰਕੇ ਆਪਣੇ ਭਵਿੱਖ ਨੂੰ ਸੰਵਾਰ ਸਕੇ। ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸਤਪਾਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਤਪਾਲ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪਰਿਵਾਰ ਨੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਂ ਨੇ ਆਪਣੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੁੱਤਰ ਦਾ ਸਸਕਾਰ ਆਪਣੀ ਮਿੱਟੀ ‘ਚ ਕਰਨਾ ਚਾਹੁੰਦੀ ਹੈ।
ਇੱਕ ਹੋਰ ਮਾਮਲੇ ‘ਚ ਬਠਿੰਡਾ ਦੇ ਪਿੰਡ ਸੰਦੋਹਾ ਦੀ 23 ਸਾਲਾ ਸੰਦੀਪ ਕੌਰ ਦੇ 15 ਜਨਵਰੀ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਦੇ ਮਾਮਲੇ ਨੇ ਹਰ ਪਾਸੇ ਚਰਚਾ ਜਗਾ ਦਿੱਤੀ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਹਨਾਂ ਦੀ ਧੀ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਕੈਨੇਡਾ ਪੁਲਿਸ ਦੁਆਰਾ ਦਿੱਤੇ ਗਏ ਜਵਾਬਾਂ ਤੇ ਸਵਾਲ ਖੜ੍ਹੇ ਕਰਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਸੰਦੀਪ ਕੌਰ ਨੂੰ ਉਸ ਦੇ ਨਾਨਕਿਆਂ ਨੇ ਆਪਣੀ ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਪੜ੍ਹਾਈ ਦੇ ਨਾਲ ਘਰ ਦੀ ਗਰੀਬੀ ਦੂਰ ਕਰ ਸਕੇ। ਪੜ੍ਹਾਈ ਪੂਰੀ ਕਰ ਚੁੱਕੀ ਸੰਦੀਪ ਹੁਣ ਰੁਜ਼ਗਾਰ ਦੀ ਭਾਲ ਕਰ ਰਹੀ ਸੀ। ਪਰ 15 ਜਨਵਰੀ ਤੋਂ ਸੰਦੀਪ ਨਾਲ ਸੰਪਰਕ ਬੰਦ ਹੋ ਗਿਆ। ਕੈਨੇਡਾ ਪੁਲਿਸ ਦੇ ਮੁਤਾਬਕ ਸੰਦੀਪ ਆਪਣੇ ਦੋਸਤ ਦੇ ਨਾਲ ਬੀਚ ‘ਤੇ ਫੋਟੋਆਂ ਖਿਚ ਰਹੀ ਸੀ, ਜਦੋਂ ਸਮੁੰਦਰ ਦੀਆਂ ਤੇਜ਼ ਲਹਿਰਾਂ ਨੇ ਉਸਨੂੰ ਖਿੱਚ ਲਿਆ। ਪਰਿਵਾਰ ਇਸ ਮਾਮਲੇ ਨੂੰ ਸਿਰਫ਼ ਇਕ ਦੁਰਘਟਨਾ ਮੰਨਣ ਨੂੰ ਤਿਆਰ ਨਹੀਂ। ਸੰਦੀਪ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਘਟਨਾ ਪਿੱਛੇ ਹੋਰ ਕਈ ਸੱਚਾਈਆਂ ਛੁਪੀਆਂ ਹੋ ਸਕਦੀਆਂ ਹਨ। ਉਨ੍ਹਾਂ ਦੇ ਕਹਿਣ ਅਨੁਸਾਰ ਸੰਦੀਪ ਨੇ ਕੁਝ ਸਮੇਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਸਨ ਅਤੇ ਉਹ ਘਰ ਨਾਲ ਬਹੁਤ ਘੱਟ ਗੱਲ ਕਰਦੀ ਸੀ। ਉਸ ਦੀ ਆਖਰੀ ਗੱਲਬਾਤ ਵੀ ਕਾਫੀ ਭਾਵੁਕ ਅਤੇ ਨਰਵਸ ਲੱਗ ਰਹੀ ਸੀ।
ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ‘ ਚ ਟੋਰਾਂਟੋ ਸ਼ਹਿਰ ਵਿਚ 41 ਸਾਲ ਦੇ ਭਾਰਤੀ ਨਾਗਰਿਕ ਨਰੇਸ਼ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਟੋਰਾਂਟੋ ਪੁਲਸ ਨੇ ਨਰੇਸ਼ ਦੀ ਭਾਲ ਦੇ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਪੁਲਸ ਮੁਤਾਬਕ ਨਰੇਸ਼ ਨੂੰ ਆਖਰੀ ਵਾਰ 19 ਜਨਵਰੀ ਨੂੰ ਸ਼ਾਮ ਪੰਜ ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਵੈਸਟਮੋਰ ਡਰਾਈਵ ਇਲਾਕੇ ਵਿਚ ਦੇਖਿਆ ਗਿਆ ਸੀ।