ਕੈਲਗਰੀ : ਐਡਮਿੰਟਨ ਵਿੱਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦੇ ਮੁੱਖ ਸਾਜ਼ਿਸ਼ਕਰਤਾ ਮਨਿੰਦਰ ਧਾਲੀਵਾਲ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਡਮਿੰਟਨ ਪੁਲਿਸ ਹੁਣ ਮਨਿੰਦਰ ਧਾਲੀਵਾਲ ਦੀ ਹਵਾਲਗੀ ਲਈ ਯਤਨ ਕਰ ਰਹੀ ਹੈ।
ਪੁਲਿਸ ਵੱਲੋਂ ਕੀਤੀ ਗਈ ਪੜਤਾਲ ਵਿੱਚ ਮਨਿੰਦਰ ਧਾਲੀਵਾਲ ਦੇ ਖ਼ਿਲਾਫ਼ ਜਬਰੀ ਵਸੂਲੀ, ਅਗਜ਼ਨੀ, ਹਥਿਆਰ ਰੱਖਣ ਅਤੇ ਅਪਰਾਧਕ ਗਿਰੋਹ ਦਾ ਨੇਤ੍ਰਿਤਵ ਕਰਨ ਦੇ ਦੋਸ਼ ਲਗਾਏ ਗਏ ਹਨ। ਧਾਲੀਵਾਲ ਦੇ ਨਾਲ ਹੋਰ ਛੇ ਸ਼ੱਕੀਆਂ, ਜਿਨ੍ਹਾਂ ਵਿੱਚ ਜਸ਼ਨਦੀਪ ਕੌਰ, ਗੁਰਕਰਨ ਸਿੰਘ, ਮਾਨਵ ਹੀਰ, ਪਰਮਿੰਦਰ ਸਿੰਘ, ਦਿਵਨੂਰ ਆਸ਼ਟ ਅਤੇ ਇੱਕ ਨਾਬਾਲਗ ਸ਼ਾਮਲ ਹਨ, ਉੱਤੇ ਵੀ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਅਲਬਰਟਾ ਵਿੱਚ 40 ਘਰਾਂ ਨੂੰ ਅੱਗ ਲਾਉਣ ਦੀਆਂ ਵਾਰਦਾਤਾਂ ਦੇ ਆਧਾਰ ‘ਤੇ ਇਹ ਪੜਤਾਲ ਸ਼ੁਰੂ ਹੋਈ। ਦੋ ਸਾਲ ਪਹਿਲਾਂ ਐਡਮਿੰਟਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਦੋ ਉਸਾਰੀ ਅਧੀਨ ਮਕਾਨਾਂ ਨੂੰ ਅੱਗ ਲਗਾਈ ਗਈ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਸ਼ੱਕੀਆਂ ਦੀਆਂ ਤਸਵੀਰਾਂ ਪ੍ਰਾਪਤ ਹੋਈਆਂ। ਇਸ ਦੇ ਨਾਲ ਹੀ, ਧਾਲੀਵਾਲ ਨੇ ਵਿਦੇਸ਼ੀ ਧਰਤੀ ਤੋਂ ਗੈਰਕਾਨੂੰਨੀ ਸਰਗਰਮੀਆਂ ਚਲਾਉਂਦਿਆਂ ਨੌਜਵਾਨਾਂ ਨੂੰ ਆਪਣੇ ਗਿਰੋਹ ਵਿੱਚ ਸ਼ਾਮਲ ਕੀਤਾ। ਘਰਾਂ ਦੇ ਮਾਲਕਾਂ ਨੂੰ ਜ਼ਬਰਦਸਤੀ ਪੈਸੇ ਦੇਣ ਲਈ ਧਮਕਾਇਆ ਜਾਂਦਾ ਸੀ। ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ, ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਜਾਂਦੀ ਸੀ ਜਾਂ ਗੋਲੀਆਂ ਚਲਾਈਆਂ ਜਾਂਦੀਆਂ ਸਨ।
ਇਕ ਮਾਲਕ, ਜੋ ਕੈਮਰਿਆਂ ਰਾਹੀਂ ਘਰਾਂ ਦੀ ਨਿਗਰਾਨੀ ਕਰ ਰਿਹਾ ਸੀ, ਨੇ ਸ਼ੱਕੀ ਐਸ.ਯੂ.ਵੀ. ਦਾ ਪਿੱਛਾ ਕੀਤਾ। 911 ‘ਤੇ ਕਾਲ ਕੀਤੀ ਗਈ ਅਤੇ ਪੁਲਿਸ ਨੇ ਸ਼ੱਕੀਆਂ ਨੂੰ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਗ੍ਰਿਫ਼ਤਾਰੀ ਨੇ ਗਿਰੋਹ ਦੀਆਂ ਗਤੀਵਿਧੀਆਂ ਨੂੰ ਬੇਨਕਾਬ ਕੀਤਾ।
ਮਾਹਰਾਂ ਦੇ ਮਤਾਬਕ, ਕੈਨੇਡਾ ਅਤੇ ਯੂ.ਏ.ਈ. ਦੇ ਦਰਮਿਆਨ ਹਵਾਲਗੀ ਸੰਧੀ ਨਾ ਹੋਣ ਕਾਰਨ ਧਾਲੀਵਾਲ ਨੂੰ ਕੈਨੇਡਾ ਲਿਆਉਣਾ ਮੁਸ਼ਕਲ ਹੋ ਸਕਦਾ ਹੈ। ਪੁਲਿਸ ਦੇ ਇੰਸਪੈਕਟਰ ਡੁਏਨ ਹੰਟਰ ਨੇ ਕਿਹਾ ਕਿ ਪੜਤਾਲ ਕਾਫੀ ਗੁੰਝਲਦਾਰ ਰਹੀ ਪਰ ਉਹ ਮਨਿੰਦਰ ਧਾਲੀਵਾਲ ਦੀ ਹਵਾਲਗੀ ਲਈ ਸਹੀ ਰਾਹ ‘ਤੇ ਹਨ।
ਇਸ ਮਾਮਲੇ ਵਿੱਚ ਮੰਗਲਵਾਰ ਨੂੰ ਪੰਜ ਸ਼ੱਕੀਆਂ ਦੇ ਵਕੀਲ ਅਦਾਲਤ ਵਿੱਚ ਪੇਸ਼ ਹੋਏ। ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ।
ਐਡਮਿੰਟਨ ਦੇ ਜ਼ਬਰੀ ਵਸੂਲੀ ਦੇ ਮਾਮਲੇ ‘ਚ ਯੂ.ਏ.ਈ. ਤੋਂ ਪੰਜਾਬੀ ਨੌਜਵਾਨ ਕਾਬੂ
