Thursday, April 3, 2025
10 C
Vancouver

ਉਡੀਕ

ਪੁੱਤ ਜਦੋਂ ਪ੍ਰਦੇਸੀਂ ਤੁਰਦੇ ਕਿਉਂ ਮਾਵਾਂ ਨੇ ਡੋਲਦੀਆਂ
ਮੁੱਖ ਤੋਂ ਕੁੱਝ ਨਾ ਬੋਲ ਸਕਦੀਆਂ ਅੱਖੀਓਂ ਅੱਥਰੂ ਡੋਲ੍ਹਦੀਆਂ ।

ਕੁੱਖੋਂ ਜਾਇਆ ਕਦੇ ਨਾ ਕਰਦੀ ਮੈਂ ਅੱਖਾਂਂ ਤੋਂ ਦੂਰ ਪੁੱਤਾ
ਕਰਜ਼ੇ ਦੀੇ ਪੰਡ ਭਾਰੀ ਸਿਰ ਤੇ ਜੇ ਨਾ ਕਰਦੀ ਮਜਬੂਰ ਪੁੱਤਾ ।

ਬਾਪੂ ਤੇਰੇ ਨੇ ਮੰਜਾ ਮੱਲਿਆ ਪਿੰਜਰ ਬਣਕੇ ਰਹਿ ਗਿਆ ਵੇ
ਨਾ-ਮੁਰਾਦ ਬਿਮਾਰੀੇ ਦੇ ਨਾਲ ਗੂੜ੍ਹਾ ਰਿਸ਼ਤਾ ਪੈ ਗਿਆ ਵੇ ।

ਕਿਵੇਂ ਲੁਕਾਵਾਂ ਭੈਣ ਤੇਰੀ ਨੂੰ ਕੋਠੇ ਜਿੱਡੀ ਹੋਈ ਵੇ
ਭੁੱਖੀਆਂ ਅੱਖਾਂ ਚਾਰ-ਚੁਫ਼ੇਰੇ ਕਿਤੇ ਨਾ ਮਿਲਦੀ ਢੋਈ ਵੇ ।

ਨਸ਼ਿਆ ਦੇ ਦਰਿਆ ਦੀ ਪੁੱਤਰਾ ਨਾਲ ਪੰਜਾਬ ਦੇ ਯਾਰੀ ਐ
ਤੈਥੋਂ ਛੋਟਾ ਜਿਉਣ ਜੋਗਿਆ ਉਹਦੇ ਚ’ ਲਾਉਂਦਾ ਤਾਰੀ ਐ ।

ਇਰਾਕ ਵਲੋਂ ਡਿਗਣ ਫ਼ਲੂਹੇ ਨੀਂਦ ਨਾ ਆਉਂਦੀ ਰਾਤਾਂ ਨੂੰ
ਕਦੋਂ ਬਨੇਰੇ ਕਾਂ ਆ ਬੋਲੇ ਕਰਾਂ ਉਡੀਕ ਪ੍ਰਭਾਤਾਂ ਨੂੰ ।

ਮਾੜੇ ਸੁਫ਼ਨੇ ਦਿਨੇ ਵੀ ਆਉਂਦੇ ਅੱਖੋਂ ਅੰਨੀ ਹੋਈ ਫਿਰਾਂ
ਝੋਲੀ ਅੱਡ ਅਰਦਾਸਾਂ ਕਰਦੀ ਨਾਲੇ ਝੱਲੀ ਹੋਈ ਫਿਰਾਂ ।

ਹੱਥ ਦੇਕੇ ਰੱਖੀਂ ਮਾਲਕਾ ਰੋਜ਼ੀ – ਰੋਟੀ ਦੇ ਮਾਰਿਆਂ ਨੂੰ
ਸਹੀ ਸਲ਼ਾਮਤ ਘਰ ਨੂੰ ਘੱਲੀਂ ਮਾਵਾਂ ਦੇ ਦੁਲਾਰਿਆਂ ਨੂੰ ।

ਸੁਣ ਲਈਂ ”ਮੀਤ” ਪੁਕਾਰ ਦਾਤਿਆ ਰੱਖੀਂ ਨਜ਼ਰ ਸਵੱਲੀ ਤੂੰ
ਠੰਡ ਪਵੇ ਕਾਲਜੇ ਮਾਵਾਂ ਦੇ ਕੋਈ ਸੁੱਖ਼ -ਸੁਨੇਹੇ ਘੱਲੀਂ ਤੂੰ ।
ਲਿਖਤ : ਗੁਰਮੀਤ ਕੌਰ ਖੋਸਾ (ਸਰੀ)