ਲਿਖਤ : ਗਿਆਨੀ ਕੇਵਲ ਸਿੰਘ
ਆਮ ਭਾਰਤੀ ਨੂੰ ਸਿਆਸਤਦਾਨ ਸੱਤਾ ਲਈ 1947 ਤੋਂ ਵਰਤਦੇ ਆ ਰਹੇ ਹਨ। ਵੱਡੀਆਂ ਭੀੜਾਂ, ਜਲਸੇ-ਜਲੂਸ ਵਿਚ ਇਨ੍ਹਾਂ ਦੀ ਢੋਆ-ਢੁਆਈ ਆਮ ਹੈ। ਸਿਰਾਂ ਦੀ ਗਿਣਤੀ ਲਈ ਸਭ ਸਿਆਸਤਦਾਨਾਂ ਦਾ ਇਹ ਖਾਜਾ ਹਨ। ਇਕ-ਦੂਜੇ ਦੇ ਵਿਰੋਧ ਲਈ ਵੀ ਇਹ ਮੋਹਰੇ ਬਣਾਏ ਜਾਂਦੇ ਹਨ। ਭਾਰਤ ਦਾ ਕੋਈ ਸੂਬਾ ਜਾਂ ਇਲਾਕਾ ਹੋਵੇ, ਵਰਤੇ ਜਾਣ ਵਾਲੇ ਆਮ ਭਾਰਤੀ ਗ਼ਰੀਬ ਲੋਕ ਹੀ ਹਨ। ਇਨ੍ਹਾਂ ਦੀਆਂ ਜੀਵਨ ਲੋੜਾਂ ਦੀ ਗਿਣਤੀ ਆਏ ਦਿਨ ਵਧਦੀ ਜਾਂਦੀ ਹੈ ਪਰ ਪੂਰਤੀ ਲਈ ਸੱਤਾਧਾਰੀ ਹਮੇਸ਼ਾ ਬੇ-ਧਿਆਨੇ ਕਰਕੇ ਰੱਖਦੇ ਹਨ। ਇਨ੍ਹਾਂ ਲੋਕਾਂ ਵੱਲੋਂ ਸਿਆਸਤਦਾਨਾਂ ਦੀ ਭੁੱਖ ਪੂਰੀ ਕਰਨ ਲਈ ਖਾਧੇ ਧੱਕੇ, ਕੀਤੀ ਜ਼ਿੰਦਾਬਾਦ-ਮੁਰਦਾਬਾਦ ਕਿਸੇ ਖਾਤੇ ਨਹੀਂ ਪੈਂਦੇ। ਲੋੜਾਂ ਲਈ ਇਹ ਜਿੰਨਾ ਮਰਜ਼ੀ ਚੀਕ-ਚਿਹਾੜਾ ਪਾ ਲੈਣ। ਸੱਤਾ ਹਥਿਆਉਣ ਵਾਲਿਆਂ ਦੇ ਕੰਨ ‘ਤੇ ਜੂੰ ਨਹੀਂ ਸਰਕਦੀ। ਆਮ ਲੋਕਾਂ ਦੇ ਧੜੇ ਨੇ, ਕਹਿਣ ਲਈ ਆਗੂ ਵੀ ਨੇ। ਫਿਰ ਕਦਰ-ਕੀਮਤ ਕਿਉਂ ਨਹੀਂ? ਇਹ ਵੱਡਾ ਸਵਾਲ ਹੈ ਜੋ ਨਾ ਕੋਈ ਉਠਾ ਰਿਹਾ ਹੈ, ਨਾ ਹੀ ਕਿਸੇ ਦਿਲੋ-ਦਿਮਾਗ ਵਿਚ ਨੇਕ-ਨੀਅਤੀ ਨਾਲ ਆਪਣੇ-ਆਪ ਉੱਠਿਆ ਹੈ। ਅਖ਼ਬਾਰਾਂ, ਟੀਵੀ ਆਦਿ ਦੇ ਪੱਤਰਕਾਰ ਸਭ ਇਨ੍ਹਾਂ ਦੀ ਭੀੜ ਜਾਂ ਇਕੱਠ ਦੀਆਂ ਤਸਵੀਰਾਂ ਦਿਖਾਉਣਗੇ। ਸਿਆਸਤਦਾਨਾਂ ਦੀ ਹਉਮੈ ਹੋਰ ਪਸਰਦੀ ਹੈ। ਪਰ ਇਨ੍ਹਾਂ ਦੀਆਂ ਜੀਵਨ ਨਾਲ ਜੁੜੀਆਂ ਜੋ ਬੁਨਿਆਦੀ ਮੰਗਾਂ ਹਨ, ਉਨ੍ਹਾਂ ਦੀ ਸਹੀ ਤੇ ਠੋਸ ਆਵਾਜ਼ ਨਹੀਂ ਉੱਠਦੀ। ਭਾਰਤੀ ਆਮ ਲੋਕਾਂ ਦਾ ਦਹਾਕਿਆਂ ਤੋਂ ਭਾਰਤੀ ਸਿਆਸਤਦਾਨ ਸ਼ੋਸ਼ਣ ਕਰ ਰਹੇ ਹਨ। ਸਿਆਸਤਦਾਨ ਵਰਗ ਭਾਰਤੀ ਕਿਰਤੀ ਸਮਾਜ ਦੀ ਗ਼ਰੀਬੀ ਦਾ, ਉਨ੍ਹਾ ਦੇ ਭੋਲੇਪਣ ਦਾ ਤੇ ਘੱਟ ਸਮਝ ਦਾ ਨਾਜਾਇਜ਼ ਫ਼ਾਇਦਾ ਨਿਰੰਤਰ ਲੈਂਦਾ ਆ ਰਿਹਾ ਹੈ ਅਤੇ ਨਿਕਟ ਭਵਿੱਖ ਵਿਚ ਇਸ ਖੇਤਰ ਦੇ ਭਾਈਚਾਰੇ ਨਾਲ ਇਸੇ ਤਰ੍ਹਾਂ ਵਾਪਰਦੇ ਰਹਿਣ ਦੇ ਵੱਡੇ ਆਸਾਰ ਹਨ। ਭਾਰਤ ਅੰਦਰ ਜਾਤ-ਬਰਾਦਰੀ ਆਦਿ ਕਬੀਲਿਆਂ ਦੀ ਹਾਲਤ ਸਦੀਆਂ ਤੋਂ ਬਦ ਤੋਂ ਬਦਤਰ ਤੁਰੀ ਆ ਰਹੀ ਹੈ। ਸੰਨ 1947 ਤੋਂ ਮਗਰੋਂ ਵੀ ਉਸੇ ਗੁਲਾਮੀ ਦੀਆਂ ਨਵੀਆਂ ਜ਼ੰਜੀਰਾਂ ਇਨ੍ਹਾਂ ਲਈ ਮੁਸੀਬਤ ਹਨ। ਇਨ੍ਹਾਂ ਵਿੱਚੋਂ ਵੱਡੀਆਂ ਸਿਆਸੀ ਧਿਰਾਂ ਦੀ ਡੰਗੋਰੀ ਫੜ ਕੇ ਕੁਝ ਆਗੂ ਵੇਖਣ ਲਈ ਤੇ ਕਹਿਣ ਲਈ ਇਨ੍ਹਾਂ ਭਾਈਚਾਰਿਆਂ ਵਿੱਚੋਂ ਸਮੇਂ-ਸਮੇਂ ਉੱਭਰਦੇ ਤੇ ਸੱਤਾ ਦੇ ਭਾਈਵਾਲਾਂ ਦੇ ਹੱਥਾਂ ਦੇ ਖਿਡੌਣੇ ਬਣਦੇ ਆਏ ਹਨ ਤੇ ਇਸ ਤਰ੍ਹਾਂ ਹੁੰਦਾ ਰਹੇਗਾ। ਨਵੀਆਂ ਸਿਆਸੀ ਜਮਾਤਾਂ ਵੀ ਇਨ੍ਹਾਂ ਭਾਈਚਾਰਿਆਂ ਦੀਆਂ ਦੁਖਦੀਆਂ ਰਗਾਂ ‘ਤੇ ਹੱਥ ਰੱਖ ਕੇ ਲੋਕ ਲਹਿਰ ਉਸਾਰ ਕੇ ਸੱਤਾ ‘ਤੇ ਪਹੁੰਚਣ ਲਈ ਇਨ੍ਹਾਂ ਦੀ ਬਾਖ਼ੂਬੀ ਵਰਤੋਂ ਕਰਦੀਆਂ ਹਨ ਤੇ ਮਗਰੋਂ ਇਨ੍ਹਾਂ ਦਾ ਹਮਦਰਦ ਬਣ ਕੇ ਕੋਈ ਨਾਲ ਖੜ੍ਹਾ ਨਹੀਂ ਹੁੰਦਾ। ਇਨ੍ਹਾਂ ਲਈ ਹਾਅ ਦਾ ਨਾਅਰਾ ਕੋਈ ਨਹੀਂ ਮਾਰਦਾ? ਪਿਛਲੇ ਦਿਨੀਂ ਆਂਧਰ ਪ੍ਰਦੇਸ਼ ਦੀ ਧਰਤੀ ‘ਤੇ ਵਿਜੇਵਾੜਾ ਵਿਖੇ ਗੁਰਪੁਰਬ ਸਮਾਗਮ ਵਾਸਤੇ ਜਾਣ ਦਾ ਸਬੱਬ ਬਣਿਆ। ਜਦੋਂ ਜਹਾਜ਼ ਜ਼ਮੀਨ ‘ਤੇ ਉਤਰਨ ਲਈ ਟਿਕਾਣੇ ਵੱਲ ਵਧ ਰਿਹਾ ਸੀ ਤਾਂ ਹੇਠਾਂ ਸਕੂਲਾਂ ਦੀ ਪੀਲੀਆਂ ਬੱਸਾਂ ਹੀ ਬੱਸਾਂ ਦਿਖਾਈ ਦੇ ਰਹੀਆਂ ਸਨ। ਇਕ ਥਾਂ ‘ਤੇ ਲੋਕਾਂ ਦਾ ਜਮਘਟਾ ਵੀ ਦਿਸ ਰਿਹਾ ਸੀ ਤਾਂ ਬਹੁਤੀ ਸਮਝ ਨਹੀਂ ਸੀ ਆਈ। ਜਦੋਂ ਸਰਦਾਰ ਹਰਮਿੰਦਰ ਸਿੰਘ ਜੀ ਨੇ ਹਵਾਈ ਅੱਡੇ ਤੋਂ ਗੱਡੀ ਵਿਚ ਬੈਠਾ ਲਿਆ ਤਾਂ ਕਹਿਣ ਲੱਗੇ ਕਿ ਅੱਜ ਭਾਜਪਾ ਵੱਲੋਂ ਰੈਲੀ ਕੀਤੀ ਗਈ ਹੈ। ਸਾਰਾ ਸ਼ਹਿਰ ਤੰਗੀ ਭੋਗ ਰਿਹਾ ਹੈ। ਸੜਕਾਂ ਜਾਮ ਹਨ। ਰਾਹ ਵਿਚ ਗੁਜ਼ਰਦਿਆਂ ਸਭ ਕੁਝ ਅੱਖੀਂ ਵੇਖਿਆ! ਨਹੀਂ ਰਿਹਾ ਗਿਆ ਤੇ ਇਹ ਦੋ ਅੱਖਰ ਲਿਖਣ ਲਈ ਆਤਮਾ ਨੇ ਲਾ ਦਿੱਤਾ। ਭਾਰਤੀ ਸੂਬਾ ਕੋਈ ਵੀ ਹੋਵੇ, ਸਿਆਸਤਦਾਨਾਂ ਦੀ ਭੀੜ ਦਾ ਆਧਾਰ ਗ਼ਰੀਬ ਹੀ ਹੁੰਦਾ ਹੈ। ਇਹੀ ‘ਜ਼ਿੰਦਾਬਾਦ ਮੁਰਦਾਬਾਦ’ ਦੇ ਨਾਅਰੇ ਲਾਉਂਦਾ ਡਾਂਗਾ ਖਾਂਦਾ, ਪਾਣੀ ਦੀਆਂ ਬਾਛਾੜਾਂ ਖਾਂਦਾ ਹੈ। ਢਿੱਡ ਵੱਡੇ ਸਿਆਸਤਦਾਨਾਂ ਦਾ ਭਰਦਾ ਹੈ। ਨੇਤਾ ਦੋਸਤੀ ਇਨ੍ਹਾਂ ਕਿਰਤੀ ਧਿਰਾਂ ਨੂੰ ਲੁੱਟਣ ਵਾਲੀਆਂ ਜਮਾਤਾਂ ਨਾਲ ਲਾਉਂਦੇ ਤੇ ਨਿਭਾਉਂਦੇ ਹਨ। ਵੇਖਣ ਲਈ ਇਨ੍ਹਾਂ ਵਰਤੇ ਜਾਣ ਵਾਲਿਆਂ ਦੀਆਂ ਕਈਆਂ ਸਹਾਇਕ ਜੱਥੇਬੰਦੀਆਂ, ਯੂਨੀਅਨਾਂ ਹਨ। ਬੜੀ ਵੱਡੀ ਲੋੜ ਹੈ ਭਾਰਤ ਵਿਚ ਇਨ੍ਹਾਂ ਭਾਈਚਾਰਿਆਂ ਨਾਲ ਸੱਚੇ ਦਿਲੋਂ ਹਮਦਰਦੀ ਰੱਖਣ ਵਾਲੀ ਇਮਾਨਦਾਰ ਸਿਆਸੀ ਧਿਰ ਦੀ ਜੋ ਰਾਜਨੀਤੀ ਲਈ ਰਾਜਨੀਤੀ ਨਾ ਕਰੇ ਸਗੋਂ ਸੱਚੇ ਮਨ ਨਾਲ ਐਸੀ ਜੱਥੇਬੰਦ ਲਹਿਰ ਸਾਹਮਣੇ ਆਵੇ ਜੋ ਸਮਾਜ ਦੇ ਲੋੜਵੰਦਾਂ ਲਈ ਰਾਜ ਪ੍ਰਬੰਧ ਇਨ੍ਹਾਂ ਦੀ ਹਕੀਕੀ ਭਾਈਵਾਲੀ ਵਾਲਾ ਦੇਵੇ। ਜੋ ਦੇਸ਼ ਦੇ ਸਮੂਹਿਕ ਨਾਗਰਿਕਾਂ ਦੇ ਹੱਕਾਂ-ਅਧਿਕਾਰਾਂ ਲਈ ਅਜਿਹਾ ਲੋਕਤੰਤਰ ਉਸਾਰੇ ਜਿਸ ਰਾਹੀਂ ਹਰ ਪ੍ਰਕਾਰ ਦੀ ਚੋਰ-ਬਾਜ਼ਾਰੀ ਲੁੱਟ-ਖਸੁੱਟ ਬੰਦ ਕਰ ਕੇ ‘ਲੋਕਾਂ ਦਾ ਰਾਜ, ਲੋਕਾਂ ਲਈ, ਲੋਕਾਂ ਰਾਹੀਂ’ ਵਾਲਾ ਹੋਵੇ। ਬੇਰੁਜ਼ਗਾਰੀ ਦਾ ਪੱਕਾ ਹੱਲ ਕਰੇ। ਸਹੀ ਅਰਥਾਂ ਵਿਚ ਰੁਜ਼ਗਾਰ ਦੇ ਸਾਧਨ ਵਧਾ ਕੇ ਲੋੜਵੰਦਾਂ ਲਈ ਕਿਰਤ ਦੇ ਦਰਵਾਜ਼ੇ ਖੁੱਲ੍ਹ ਜਾਣ। ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਲੋਕ ਹਿਤੈਸ਼ੀ ਪਹੁੰਚ ਨਾਲ ਕੰਮ ਕਰਨ।
ਆਖ਼ਰ ਕਦੋਂ ਤੱਕ ਸਿਆਸਤਦਾਨਾਂ ਦੇ ਮੋਹਰੇ ਬਣਦੇ ਰਹਿਣਗੇ ਲੋਕ?
