ਲਿਖਤ : ਬੀਨਾ ਬਾਵਾ
ਜਗਦੀਪ ਦੇ ਮਾਤਾ ਪਿਤਾ ਦੋਵਾਂ ਦੀ ਬਚਪਨ ਵਿੱਚ ਹੀ ਮੌਤ ਹੋ ਜਾਣ ਕਰਕੇ ਉਸ ਨੂੰ ਉਹਦੇ ਤਾਏ ਤਾਈ ਨੇ ਹੀ ਪਾਲਅਿਾ ਸੀ। ਉਨ੍ਹਾਂ ਦੀ ਆਪਣੀ ਇੱਕ ਹੀ ਧੀ ਸੀ ਜੱਸੀ ਤੇ ਜਗਦੀਪ ਨੂੰ ਉਹ ਆਪਣਾ ਪੁੱਤ ਹੀ ਮੰਨਦੇ ਸਨ। ਜਗਦੀਪ ਦੀ ਕਿਸਮਤ ਇਸ ਪੱਖੋਂ ਚੰਗੀ ਸੀ ਕਿ ਉਸ ਯਤੀਮ ਨੂੰ ਤਾਈ-ਤਾਏ ਨੇ ਕਦੇ ਮਾਂ-ਬਾਪ ਦੀ ਕਮੀ ਮਹਿਸੂਸ ਹੀ ਨਾ ਹੋਣ ਦਿੱਤੀ। ਤਾਈ ਜਗਦੀਪ ਨਾਲ ਤਾਏ ਦੀਆਂ ਪਹਿਲੀ ਉਮਰੇ ਕੀਤੀਆਂ ਵਧੀਕੀਆਂ ਬਾਰੇ ਵੀ ਢਿੱਡ ਫ਼ਰੋਲ ਲੈਂਦੀ ਸੀ। ਉਸ ਨੂੰ ਤਾਏ ‘ਤੇ ਵੱਡਾ ਗਿਲਾ ਸੀ ਕਿ ਵਿਆਹ ਵੇਲੇ ਤਾਏ ਨੇ ਅੜ ਕੇ ਦਾਜ ਵਿੱਚ ਉਨ੍ਹਾਂ ਸਮਿਆਂ ਵਿੱਚ ਸਾਈਕਲ ਲੈਣ ਦੀ ਜੱਿਦ ਪੁਗਾਈ ਸੀ ਜਦੋਂ ਸਾਈਕਲ ਵੀ ਅੱਜ ਦੇ ਸਮੇਂ ਦੀ ਵੱਡੀ ਗੱਡੀ ਵਾਂਗ ਖਰੀਦਣਾ ਔਖਾ ਸੀ. ਤਾਏ ਨੂੰ ਆਪਣੀ ਜਾਇਦਾਦ, ਆਪਣੀ ਅਮੀਰੀ ਦਾ ਬਹੁਤ ਘੁਮੰਡ ਸੀ। ਉਸ ਨੇ ਜੱਸੀ ਨੂੰ ਵਿਆਹੁਣ ਸਮੇਂ ਕਾਰ ਦੇ ਨਾਲ ਨਾਲ ਆਹਲਾ ਦਰਜੇ ਦਾ ਘਰੇਲੂ ਸਾਮਾਨ ਦਾਜ ਵਿੱਚ ਦਿੱਤਾ। ਜੱਸੀ ਦੇ ਸਹੁਰਿਆਂ ਨੂੰ ਐਸਾ ਲਾਲਚ ਵਧਿਆ ਕਿ ਛੇ ਸਾਲਾਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਟੁੱਟੇ ਛਿੱਤਰ ਵਾਂਗੂੰ ਵਧਦੀਆਂ ਜਾ ਰਹੀਆਂ ਸਨ, ਥੋੜ੍ਹੀ ਬਹੁਤ ਢਿੱਲ-ਮੱਠ ਹੋਣ ‘ਤੇ ਹੀ ਜੱਸੀ ਨੂੰ ਮਿਹਣੇ ਸੁਣਨੇ ਪੈਂਦੇ ਸਨ, ਜਿਸ ਕਰਕੇ ਉਹ ਵੀ ਤਾਈ ਜਾਂ ਜਗਦੀਪ ਨਾਲ ਹੀ ਦੁੱਖ ਸੁੱਖ ਸਾਂਝੇ ਕਰਦੀ। ਜਗਦੀਪ ਦੇ ਮਨ ਵਿੱਚ ਦਹੇਜ ਪ੍ਰਥਾ ਪ੍ਰਤੀ ਬੜੀ ਘ੍ਰਿਣਾ ਪੈਦਾ ਹੋ ਚੁੱਕੀ ਸੀ। ਉਸ ਨੇ ਸਹੁੰ ਖਾਧੀ ਕਿ ਉਹ ਆਪਣੇ ਸਹੁਰਿਆਂ ਤੋਂ ਦਾਜ ਲਏ ਬਿਨਾਂ ਆਪਣੀ ਜੀਵਨ ਸੰਗਣੀ ਨੂੰ ਵਿਆਹ ਕੇ ਲਿਆਵੇਗਾ। ਜਦੋਂ ਤਾਏ ਨੇ ਜਗਦੀਪ ਦਾ ਰਿਸ਼ਤਾ ਕਮਲਜੀਤ ਨਾਲ ਪੱਕਾ ਕੀਤਾ ਤਾਂ ਦਾਜ ਦਹੇਜ ਦੀ ਚਰਚਾ ਛਿੜੀ। ਤਾਏ ਦੇ ਬੋਲਣ ਤੋਂ ਵੀ ਪਹਿਲਾਂ ਜਗਦੀਪ ਬੋਲਿਆ, ”ਜਿਹੜਾ ਬਾਪ ਆਪਣੀ ਸੰਸਕਾਰੀ ਧੀ ਪਾਲ ਪੋਸ ਕੇ, ਪੜ੍ਹਾ ਲਿਖਾ ਕੇ ਮੇਰੀ ਜੀਵਨ ਸਾਥਣ ਬਣਾਉਣ ਲੱਗਿਆ ਹੈ, ਉਸ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਆਪਣੀ ਲਾਡੋ ਨੂੰ ਸਿਰਫ਼ ਚੰਗੇ ਸੰਸਕਾਰਾਂ ਦਾ ਦਹੇਜ ਦੇ ਕੇ ਵਿਦਾ ਕਰੇ ਤਾਂ ਜੋ ਉਹ ਸਾਡੇ ਘਰੇ ਆ ਕੇ ਇਸ ਘਰ ਨੂੰ ਆਪਣਾ ਘਰ ਸਮਝੇ ਤੇ ਮੇਰੇ ਤਾਇਆ ਤਾਈ ਨੂੰ ਆਪਣੇ ਮਾਂ ਬਾਪ ਦਾ ਦਰਜਾ ਦੇਵੇ। ਨਾ ਫਰਨੀਚਰ, ਨਾ ਗੱਡੀਆਂ, ਨਾ ਗਹਿਣਾ ਗੱਟਾ ਤੇ ਨਾ ਹੀ ਕੋਈ ਨਕਦੀ ਹੀ ਚਾਹੀਦੀ ਹੈ। ਜੇ ਚੰਗੇ ਸੰਸਕਾਰਾਂ ਦੇ ਦਾਜ ਦਹੇਜ ਨਾਲ ਸਜ ਕੇ ਕਮਲਜੀਤ ਕੌਰ ਆਉਣ ਨੂੰ ਤਿਆਰ ਹੈ ਤਾਂ ਇਹ ਮੈਨੂੰ ਰਿਸ਼ਤਾ ਮਨਜ਼ੂਰ ਹੈ।”