Saturday, April 12, 2025
11.1 C
Vancouver

ਇੱਕ ਆਈ ਰੱਬੀ ਰੂਹ!!

 

(ਸਾਹਿਬ ਕੌਰ ਵੱਲੋਂ ਦਾਦਾ ਜੀ ਭਾਈ ਹਰਪਾਲ ਸਿੰਘ ਲੱਖਾ
ਨੂੰ ਕਾਵਿ ਸ਼ਰਧਾਂਜਲੀ)
ਇੱਕ ਆਈ ਰੱਬੀ ਰੂਹ, ਸਿੱਖੀ ਦੇ ਬੂਟੇ ਲਾਉਣ।
ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਵਾਲੀ
ਪਿਆਰ ਵੰਡਣ ਵਾਲੀ, ਤਾਕਤ ਦੇਣ ਵਾਲੀ।
ਜਿਸ ਨੇ ਸਾਨੂੰ ਗੁਰੂ ਦੇ ਰਸਤੇ ਪਾਇਆ
ਸਾਡਾ ਹੱਥ ਫੜ ਕੇ ਰੱਬ ਦੇ ਲੜ ਲਾਇਆ।
ਇੱਕ ਆਈ ਰੱਬੀ ਰੂਹ, ਸਿੱਖੀ ਦੇ ਮਾਰਗ ਪਾਉਣ
ਦਸਾਂ ਨੌਹੁਆਂ ਦੀ ਕਿਰਤ ਦਾ ਚਾਅ ਪਾਲਿਆ
ਕੀਰਤਨ ਤੇ ਕਵੀਸ਼ਰੀ ਦਾ ਉਤਸ਼ਾਹ ਪਾਲਿਆ
ਨਾਮ ਜਪਣ ਤੇ ਵੰਡ ਛਕਣ ਦਾ ਰਾਹ ਦਿਖਾਲਿਆ
ਇਕ ਆਈ ਰੱਬੀ ਰੂਹ, ਸਿੱਖੀ ਦੀ ਵੇਲ ਵਧਾਉਣ
ਸੰਥਿਆ ਦੇਕੇ ਸ਼ੁੱਧ ਪਾਠ ਕਰਾਇਆ
ਸ਼ਬਦਾਂ ਦੇ ਅਰਥਾਂ ਦਾ ਪਾਣੀ ਲਾਇਆ
ਗੁਰਬਾਣੀ ਤੇ ਚੱਲਣ ਦਾ ਫਿਰ ਢੰਗ ਸਿਖਾਇਆ।
ਇਕ ਆਈ ਰੱਬੀ ਰੂਹ, ਪਿਤਾ ਜੀ, ਸਿੱਖੀ ਦੇ ਫੁੱਲ ਖਿੜਾਉਣ
ਜਦੋਂ ਬੂਟਿਆਂ ਦੀਆਂ ਜੜਾਂ ਦਾ ਮਜ਼ਬੂਤ ਆਧਾਰ ਦੇਖਿਆ
ਜਗਾਈਆਂ ਜੋਤਾਂ ਅੰਦਰ ਗੁਰਬਾਣੀ ਦਾ ਪਿਆਰ ਦੇਖਿਆ
ਸੇਵਾ ਸਿਮਰਨ ‘ਚ ਲੀਨ ਸੱਚਾ ਆਚਾਰ ਦੇਖਿਆ
ਚੜਦੀ ਕਲਾ ਵਿੱਚ ਜੀਵਨ ਸਫਰ ਦਾ ਸਾਰ ਦੇਖਿਆ
ਤਾਂ ਰੱਬੀ ਰੂਹ ਨੇ ‘ਨਿੱਜ ਘਰ ਦੇ ਉਸ ਪਾਰ’ ਦੇਖਿਆ
ਇਕ ਆਈ ਰੱਬੀ ਰੂਹ, ਪਿਤਾ ਜੀ, ਸਿੱਖੀ ਦੀ ਸ਼ਾਨ ਵਧਾਉਣ
ਜਾਣ ਤੋਂ ਪਹਿਲਾਂ ਫਰਮਾਇਆ! ਜਿੰਮੇਵਾਰੀ ਚੱਕਣੀ
ਸਿੱਖੀ ਦੇ ਬੂਟਿਓ! ਸੰਘਣੀ ਛਾਂ ਰੱਖਣੀ
ਸਿੱਖੀ ਦੇ ਫੁੱਲੋ! ਪ੍ਰੇਮ ਦੀ ਖੁਸ਼ਬੂ ਵੰਡਣੀ
ਸਿੱਖੀ ਦੇ ਪਹਿਰੇਦਾਰੋ! ਚੜਦੀ ਕਲਾ ਕਾਇਮ ਰੱਖਣੀ।
ਇਕ ਆਈ ਰੱਬੀ ਰੂਹ, ਪਿਤਾ ਜੀ, ਸਿੱਖੀ ਦੀ ਸੇਵ ਕਮਾਉਣ
ਰੱਬੀ ਰੂਹ ਤੇ ਰੱਬ ਵਿੱਚ ਭੋਰਾ ਭਰ ਵੀ ਫਰਕ ਨਹੀਂ ਹੈ
ਸੂਰਜ ਤੇ ਸੂਰਜ ਦੀਆਂ ਕਿਰਨਾਂ ਵਿੱਚ ਵੀ ਫਰਕ ਨਹੀਂ ਹੈ
ਸਾਗਰ ਤੇ ਸਾਗਰ ਦੀਆਂ ਲਹਿਰਾਂ ਵਿੱਚ ਵੀ ਫਰਕ ਨਹੀਂ ਹੈ
ਆਏ ਰੱਬੀ ਰੂਹ ਪਿਤਾ ਜੀ,
ਪਰਮ ਪਿਤਾ ਰੱਬ ਦੇ ਲੜ ਲਾਉਣ।
ਸਾਨੂੰ ਪਾ ਕੇ ਸੱਚ ਦੀ ਮਾਰਗ
ਰੱਬੀ ਰੂਹ ਪਿਤਾ ਜੀ ਚੱਲੇ
ਰੱਬ ਜੀ ਵਿਖੇ ਸਮਾਉਣ।