Wednesday, January 22, 2025
1.9 C
Vancouver

ਸਮਾਜ ਵਿਚ ਮੀਡੀਆ ਦੀ ਭੂਮਿਕਾ ਅਹਿਮ-ਅਵਨੀਤ ਕੌਰ ਸਿੱਧੂ

 

ਪੱਤਰਕਾਰਾਂ ‘ਤੇ ਹਮਲਿਆਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ-ਜੰਮੂ, ਪ੍ਰੈਸ ਕਲੱਬ ਭਗਤਾ ਭਾਈ ਦਾ ਨੌਵਾਂ ਕੈਲੰਡਰ ਰਿਲੀਜ਼
ਭਗਤਾ ਭਾਈਕਾ (ਵੀਰਪਾਲ ਭਗਤਾ): ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈਕਾ (ਬਠਿੰਡਾ) ਵੱਲੋਂ ਕਲੱਬ ਪ੍ਰਧਾਨ ਸੁਖਪਾਲ ਸਿੰਘ ਸੋਨੀ ਦੀ ਅਗਵਾਈ ਹੇਠ ਭਾਰਤ ਰਤਨ ਡਾ. ਏ.ਪੀ.ਜੇ ਅਬਦੁਲ ਕਲਾਮ (ਪ੍ਰਸਿੱਧ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ), ਸੁਨੀਤਾ ਵਿਲੀਅਮਜ਼ (ਭਾਰਤੀ ਮੂਲ ਦੀ ਮਹਿਲਾ ਪੁਲਾੜ ਯਾਤਰੀ) ਤੇ ਕਲਪਨਾ ਚਾਵਲਾ (ਭਾਰਤੀ ਮੂਲ ਦੀ ਮਹਿਲਾ ਪੁਲਾੜ ਯਾਤਰੀ) ਨੂੰ ਸਮਰਪਿਤ ਨੌਵਾਂ ਕੈਲੰਡਰ ਰਿਲੀਜ਼ ਸਮਾਗਮ ਪੁਰੀ ਰੈਸਟੋਰੈਂਟ ਭਗਤਾ ਭਾਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਓਲੰਪੀਅਨ ਅਤੇ ਅਰਜੁਨ ਐਵਾਰਡੀ ਅਵਨੀਤ ਕੌਰ ਸਿੱਧੂ ਏ.ਆਈ.ਜੀ, ਸੀ.ਆਈ.ਡੀ (ਜੋਨ ਬਠਿੰਡਾ) ਅਤੇ ਬਲਵਿੰਦਰ ਸਿੰਘ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਸਨ। ਜਦਕਿ ਬਲਵੀਰ ਸਿੰਘ ਜੰਡੂ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਤੇ ਸੰਤੋਖ ਸਿੰਘ ਗਿੱਲ ਇੰਚਾਰਜ ਮਾਲਵਾ ਜੋਨ ਸਮਾਗਮ ਦੇ ਵਿਸ਼ੇਸ ਮਹਿਮਾਨ ਸਨ।
ਇਸ ਮੌਕੇ ਪੱਤਰਕਾਰ ਤੋਤਾ ਸਿੰਘ ਦੀਨਾ ਨੇ ਅਵਨੀਤ ਕੌਰ ਸਿੱਧੂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਵੀ ਕਿਸੇ ਖੇਤਰ ਵਿਚ ਲੜਕਿਆਂ ਨਾਲੋਂ ਪਿੱਛੇ ਨਹੀਂ। ਪ੍ਰੈੱਸ ਕਲੱਬ ਭਗਤਾ ਭਾਈ ਦੇ ਚੇਅਰਮੈਨ ਪਰਵੀਨ ਕੁਮਾਰ ਗਰਗ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।
ਮੁੱਖ ਮਹਿਮਾਨ ਓਲੰਪੀਅਨ ਤੇ ਅਰਜੁਨ ਐਵਾਰਡੀ ਅਵਨੀਤ ਕੌਰ ਸਿੱਧੂ ਨੇ ਪ੍ਰੈਸ ਕਲੱਬ ਭਗਤਾ ਦੇ ਉੱਦਮਾਂ ਦੀ ਸਲਾਘਾ ਕਰਦੇ ਕਿਹਾ ਕਿ ਸਾਡੇ ਸਮਾਜ ਵਿਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਦੂਜੇ ਪ੍ਰਤੀ ਡਿੱਗ ਰਹੇ ਵਿਚਾਰਾਂ ‘ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਸਾਨੂੰ ਇਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਨਵੇਂ ਸਾਲ ਦੇ ਕੈਲੰਡਰ ਵਾਂਗ ਜਿੰਦਗੀ ਵਿਚ ਅੱਗੇ ਲਈ ਟੀਚੇ ਤੈਅ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਜਿੰਦਗੀ ਵਿਚ ਸਹਿਣਸ਼ੀਲਤਾ ਬੇਹੱਦ ਜਰੂਰੀ ਹੈ ਅਤੇ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਖਿਲਾਫ ਹਰ ਇਕ ਇਨਸਾਨ ਨੂੰ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਗੁਰੂ ਸਹਿਬਾਨਾਂ ਦੇ ਜੀਵਨ ਤੇ ਸਾਡੇ ਵਡਮੁੱਲੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦੇਣੀ ਚਾਹੀਦੀ ਹੈ।
ਮੁੱਖ ਮਹਿਮਾਨ ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ, ਸੂਬਾ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਮਾਲਵਾ ਜੋਨ ਦੇ ਇੰਚਾਰਜ ਸੰਤੋਖ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਦਰਪੇਸ਼ ਮੁਸਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਉਨ੍ਹਾਂ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਪੱਤਰਕਾਰੀ ਦੇ ਫ਼ਰਜ਼ਾਂ ਦੇ ਨਾਲ ਨਾਲ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜ਼ੋਰਦਾਰ ਸਲਾਘਾ ਕੀਤੀ। ਇਸ ਦੌਰਾਨ ਜੰਮੂ ਨੇ ਕਿਸਾਨੀ ਦੇ ਹਿੱਤਾਂ ਲਈ ਕਿਸਾਨ ਜੱਥੇਬੰਦੀਆਂ ਨੂੰ ਇਕ ਮੰਚ ਤੇ ਇਕੱਠੇ ਹੋਕੇ ਤਿੱਖੇ ਸੰਘਰਸ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਪ੍ਰੈੱਸ ਕਲੱਬ ਵੱਲੋਂ ਰਿਲੀਜ਼ ਕੀਤੇ ਗਏ ਕੈਲੰਡਰ ਵਿਚ ਸਰਕਾਰੀ ਛੁੱਟੀਆਂ, ਮਹੱਤਵਪੂਰਨ ਦਿਵਸ ਤੇ ਦਿਹਾੜਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਕ ਵਿਸ਼ੇਸ਼ ਚਿਤਰ ਰਾਹੀਂ ਲੋਕਾਂ ਨੂੰ ਕਿਸਾਨ, ਪੰਛੀ, ਬੇਟੀ, ਪਾਣੀ ਅਤੇ ਦਰੱਖਤ ਬਚਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰੈੱਸ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਸਮਾਜ ਭਲਾਈ ਦੇ ਕੀਤੇ ਕਾਰਜਾਂ ਨੂੰ ਵੀ ਤਸਵੀਰਾਂ ਰਾਹੀਂ ਜਾਣੂ ਕਰਵਾਇਆ ਗਿਆ ਹੈ।
ਇਸ ਮੌਕੇ ਪ੍ਰੈਸ ਕਲੱਬ ਵੱਲੋਂ ਅਵਨੀਤ ਕੌਰ ਸਿੱਧੂ ਏ.ਆਈ.ਜੀ, ਸੀ.ਆਈ.ਡੀ ਜੋਨ ਬਠਿੰਡਾ ਨੂੰ ਧੀਆਂ ਦਾ ਮਾਣ ਐਵਾਰਡ ਨਾਲ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਜੰਮੂ, ਬਲਵੀਰ ਸਿੰਘ ਜੰਡੂ, ਜੈ ਸਿੰਘ ਛਿੱਬਰ ਤੇ ਸੰਤੋਖ ਸਿੰਘ ਗਿੱਲ ਦਾ ਵੀ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਕਨਵੀਨਰ ਪਰਵਿੰਦਰ ਸਿੰਘ ਜੌੜਾ ਨੇ ਮੁੱਖ ਮਹਿਮਾਨ ਸਮੇਤ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਲਛਮਣ ਸਿੰਘ ਮਲੂਕਾ ਨੇ ਬਾਖੂਬੀ ਨਿਭਾਈ।