Friday, January 24, 2025
4.2 C
Vancouver

ਲਿਬਰਲ ਐਮਪੀ ਮਾਰਕੋ ਮੈਂਡੀਚੀਨੋ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ

 

ਸਰੀ, (ਏਕਜੋਤ ਸਿੰਘ): ਸਾਬਕਾ ਕੈਬਨਿਟ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਮਾਰਕੋ ਮੈਂਡੀਚੀਨੋ ਨੇ ਐਲਾਨ ਕੀਤਾ ਹੈ ਕਿ ਉਹ ਅਗਲੀ ਫੈਡਰਲ ਚੋਣਾਂ ਲਈ ਮੈਦਾਨ ਵਿਚ ਨਹੀਂ ਹੋਣਗੇ। ਇਹ ਜਾਣਕਾਰੀ ਉਨ੍ਹਾਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਇਕ ਪੱਤਰ ਰਾਹੀਂ ਸਾਂਝੀ ਕੀਤੀ। ਮਾਰਕੋ ਨੇ ਕਿਹਾ ਕਿ ਇਹ “ਮੇਰੇ ਅਤੇ ਮੇਰੇ ਪਰਿਵਾਰ ਲਈ ਪਾਸੇ ਹੋਣ ਦਾ ਸਹੀ ਸਮਾਂ ਹੈ।”
ਮੈਂਡੀਚੀਨੋ ਟੋਰਾਂਟੋ ਦੇ ਐਗਲਿੰਟਨ-ਲੌਰੈਂਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਉਹ ਪਾਰਲੀਮਾਨੀ ਮਿਆਦ ਦੇ ਬਾਕੀ ਹਿੱਸੇ ਲਈ ਆਪਣਾ ਅਹੁਦਾ ਕਾਇਮ ਰੱਖਣਗੇ ਪਰ ਇਸਦੇ ਨਾਲ ਹੀ ਉਨ੍ਹਾਂ ਨੇ ਮੱਧ ਪੂਰਬ ਨਾਲ ਲਿਬਰਲ ਸਰਕਾਰ ਦੀ ਨੀਤੀ ‘ਤੇ ਆਪਣੀ ਨਾਰਾਜ਼ਗੀ ਨੂੰ ਦੋਹਰਾਇਆ।
ਉਨ੍ਹਾਂ ਨੇ ਕਿਹਾ, “ਇਹ ਕੋਈ ਗੁਪਤ ਗੱਲ ਨਹੀਂ ਹੈ ਕਿ ਮੈਂ ਫੈਡਰਲ ਸਰਕਾਰ ਦੀ ਵਿਦੇਸ਼ ਨੀਤੀ, ਖ਼ਾਸ ਕਰਕੇ ਮੱਧ ਪੂਰਬ ਪ੍ਰਤੀ ਦਿਸ਼ਾ ਨੂੰ ਲੈ ਕੇ ਅਸਹਿਮਤ ਹਾਂ। ਇਸ ਵਿੱਚ ਇਜ਼ਰਾਈਲ ਨਾਲ ਵਧ ਰਹੇ ਤਣਾਅ, ਗਾਜ਼ਾ ਵਿੱਚ ਮਨੁੱਖੀ ਸੰਕਟ ਨਾਲ ਨਜਿੱਠਣ ਵਿੱਚ ਕਮਜ਼ੋਰੀ, ਅਤੇ ਮੱਧ ਪੂਰਬ ਵਿੱਚ ਕੈਨੇਡਾ ਦੀ ਅਸਰਹੀਣ ਭੂਮਿਕਾ ਸ਼ਾਮਲ ਹਨ।”
ਮੈਂਡੀਚੀਨੋ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਉਹ ਯਹੂਦੀ ਭਾਈਚਾਰੇ ਖਿਲਾਫ ਵਧ ਰਹੇ ਵਿਰੋਧ ਦਾ ਮੁਕਾਬਲਾ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਪੱਖਧਰ ਹਨ ਕਿ ਕੈਨੇਡਾ ਇਨਸਾਫ ਦੀ ਪੱਖ ਕਰੇ। ਉਹ ਯਹੂਦੀ ਵਿਰੋਧੀ ਭਾਵਨਾਵਾਂ ਦਾ ਖੰਡਨ ਕਰਦੇ ਹੋਏ ਲਗਾਤਾਰ ਬੋਲਦੇ ਰਹੇ ਹਨ।
ਜਨਵਰੀ ਵਿੱਚ, ਮਾਰਕੋ ਮੈਂਡੀਚੀਨੋ ਅਤੇ ਲਿਬਰਲ ਐਮਪੀ ਐਂਥਨੀ ਹਾਉਸਫਾਦਰ ਨੇ ਇਕ ਲੇਖ ਰਾਹੀਂ ਕੈਨੇਡਾ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਨੂੰ ਇਜ਼ਰਾਈਲ ਖਿਲਾਫ ਅੰਤਰਰਾਸ਼ਟਰੀ ਅਦਾਲਤ ਵਿੱਚ ਲਗੇ ਦਾਅਵੇ ਦਾ ਖ਼ਿਲਾਫ਼ ਖੁਲ੍ਹ ਕੇ ਸਟੈਂਡ ਲੈਣਾ ਚਾਹੀਦਾ ਸੀ। ਉਨ੍ਹਾਂ ਨੇ ਲਿਖਿਆ ਸੀ, “ਕੈਨੇਡਾ ਨੂੰ ਜਨਸੰਹਾਰ ਦੇ ਦਾਅਵੇ ਨੂੰ ਸਪੱਸ਼ਟ ਰੂਪ ਵਿੱਚ ਰੱਦ ਕਰਨਾ ਚਾਹੀਦਾ ਹੈ।”
ਮੈਂਡੀਚੀਨੋ ਦਾ ਇਹ ਫੈਸਲਾ ਲਿਬਰਲ ਪਾਰਟੀ ਵਿੱਚ ਹੋ ਰਹੇ ਬਦਲਾਅ ਅਤੇ ਵਿਦੇਸ਼ ਨੀਤੀ ‘ਤੇ ਉਠ ਰਹੇ ਸਵਾਲਾਂ ਦੇ ਮੱਦਨਜ਼ਰ ਵਿਸ਼ੇਸ਼ ਧਿਆਨ ਖਿੱਚ ਰਿਹਾ ਹੈ। This report was written by Ekjot Singh as part of the Local Journalism Initiative.