Thursday, January 23, 2025
2.9 C
Vancouver

ਕੌਮ ਦੇ ਹੀਰੇ ਮਹਾਨ ਬੁਧੀਜੀਵੀ ‘ਗਿਆਨੀ ਦਿੱਤ ਸਿੰਘ ਜੀ’

 

ਲਿਖਤ : ਮੇਜਰ ਸਿੰਘ ‘ਬੁਢਲਾਡਾ’, 94176 42327
ਸਿੱਖ ਕੌਮ ਦੇ ਹੀਰੇ ਗਿਆਨੀ ਦਿੱਤ ਸਿੰਘ ਜੀ ਨੂੰ ਪ੍ਰੋਫੇਸਰ ਤੇ ਭਾਈ ਦਿੱਤ ਸਿੰਘ ਜੀ ਕਰਕੇ ਵੀ ਜਾਣਿਆ ਜਾਂਦਾ ਹੈ। ਮਹਾਨ ਬੁਧੀਜੀਵੀ ਗਿਆਨੀ ਦਿੱਤ ਸਿੰਘ ਜੀ ਨੂੰ ਵਿਸ਼ਵ ਭਰ ਵਿਚ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਹੋਣ ਦਾ ਮਾਣ ਹੈ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ। ਸ੍ਰ.ਪ੍ਰੀਤਮ ਸਿੰਘ ਐੱਮ.ਏ.ਮੋਹਾਲੀ ਦੀ ਖੋਜ ਮੁਤਾਬਕ ਗਿਆਨੀ ਜੀ ਨੇ 72 ਕਿਤਾਬਾਂ ਲਿਖੀਆਂ ਹਨ ਅਤੇ ਇਹਨਾਂ ਸਾਰੀਆਂ ਕਿਤਾਬਾਂ ਦੇ ਨਾਮ ਵੀ ਦਿੱਤੇ ਹਨ, ਜਿਹਨਾਂ ਵਿੱਚੋਂ – ਮੇਰਾ ਤੇ ਸਵਾਮੀ ਦਇਆ ਨੰਦ ਦਾ ਸੰਵਾਦ, ਗੁੱਗਾ ਗਪੌੜਾ, ਸੁਲਤਾਨ ਪੁਆੜਾ, ਨਕਲੀ ਸਿਖ ਪ੍ਰਬੋਧ, ਸਵਪਨ ਨਾਟਕ, ਦੁਰਗਾ ਪ੍ਰਬੋਧ, ਦਲੇਰ ਸਿੰਘ, ਡਰਪੋਕ ਸਿੰਘ, ਅਬਲਾ ਨਾਰੀ, ਆਦਿ ਕਾਫੀ ਕਿਤਾਬਾਂ ਚਰਚਾ ਵਿੱਚ ਹਨ।
72 ਕਿਤਾਬਾਂ, ਸਿੱਖ ਕੌਮ ਅਤੇ ਪੰਜਾਬੀ ਸਹਿਤ ਦੀ ਝੋਲੀ ਵਿੱਚ ਪਾਉਣੀਆਂ, ਕੋਈ ਛੋਟੀ-ਮੋਟੀ ਗੱਲ ਨਹੀਂ,ਇਹ ਉਸ ਸਮੇਂ ਦਾ ਰਿਕਾਰਡ, ਉਸ ਇਨਸਾਨ ਨੇ ਬਣਾਇਆ ਹੈ, ਜਿਹਨਾਂ ਪ੍ਰਤੀ ਬਹੁਤਿਆਂ ਦਾ ਅੱਜ ਵੀ ਖਿਆਲ ਇਹਨਾਂ ਅਖੌਤੀ ਅਛੂਤ ਜਾਤੀਆਂ ਲਈ ਗਲਤ ਬਣਿਆ ਹੋਇਆ ਹੈ, ਜੋ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ।
ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ ( ਫਤਿਹਗੜ੍ਹ ਸਾਹਿਬ ) ਵਿਖੇ ਅਖੌਤੀ ਨੀਵੀਂ ਸਮਝੀ ਜਾਂਦੀ ਰਵਿਦਾਸੀਆ ਜਾਤੀ ਵਿਚ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਸੰਤ ਦਿਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਗਿਆਨੀ ਦਿੱਤ ਸਿੰਘ ਦਾ ਵਿਆਹ ਜੂਨ 1872 ਵਿਚ ‘ਗੁਲਾਬਦਾਸੀਏ’ ਮੱਤ ਦੇ ਪ੍ਰਚਾਰਕ ਭਾਗ ਸਿੰਘ ਦੀ ਪੁੱਤਰੀ ਜੋ ਕਿ ਬਹੁਤ ਹੀ ਸੂਝਵਾਨ ਸੀ, ਬੀਬੀ ਬਿਸਨ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ ਕੋਈ ਦਸ ਸਾਲ ਪਿੱਛੋਂ ਪੁੱਤਰ ਬਲਦੇਵ ਸਿੰਘ ‘ਤੇ ਪੁੱਤਰੀ ਵਿਦਿਆਵੰਤ ਕੌਰ ਨੇ ਜਨਮ ਲਿਆ। (ਪੁੱਤਰੀ ਵਿਦਿਆਵੰਤ ਕੌਰ ਦੀ 1901 ਵਿੱਚ ਅਕਾਲ ਚਲਾਣਾ ਕਰ ਗਈ ਸੀ ਅਤੇ ਪੁੱਤਰ ਬਲਦੇਵ ਸਿੰਘ ਦੀ ਉਲਾਦ ਵਿੱਚੋਂ ਇਹਨਾਂ ਇਕ ਪੁੱਤਰੀ ਬੀਬੀ ਊਸ਼ਾ ਰਾਣੀ ਲਖਨਪਾਲ ਪਤਨੀ ਪ੍ਰੋ. ਐੱਸ ਕੇ.’ਲਖਨਪਾਲ’ “ਪੋਤਰੀ, ਗਿਆਨੀ ਦਿੱਤ ਸਿੰਘ ਜੀ” ਅੱਜ-ਕੱਲ ਸਸਕਾਤੂਨ (ਕਨੇਡਾ) ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। (ਪ੍ਰਿੰ.ਨਸੀਬ ਸਿੰਘ 1918)
ਗਿਆਨੀ ਦਿੱਤ ਸਿੰਘ ਜੀ 8/9 ਸਾਲਾਂ ਦੀ ਉਮਰ ਆਪਣੇ ਪਿਤਾ ਪਾਸੋਂ ਪੰਜ ਗ੍ਰੰਥੀ ਤੋਂ ਬਾਅਦ ਦਸ ਗ੍ਰੰਥੀ ਦੀ ਸੰਥਿਆ ਵੀ ਲੈ ਚੁੱਕਿਆ ਸੀ ਅਤੇ ਘਰ ਆਏ ਸਾਧੂ-ਸੰਤਾਂ ਨਾਲ ਵਿਚਾਰ-ਚਰਚਾ ਵੀ ਕਰਨ ਲਗ ਪਏ ਸੀ।, ਗਿਆਨੀ ਦਿੱਤ ਸਿੰਘ ਜੀ ਆਪ ਲਿਖਦੇ ਨੇ-” ਜਨਮ ਲਿਆ ਮੈਂ ਸੰਤ ਘਰ ਜੋ ਕਰਦੇ ਉਪਦੇਸ਼।ਜਿਸ ਮੈਂ ਬਾਲਕ ਉਮਰ ਮਹਿੰ ਮੈਂ ਭੀ ਹਰੇ ਕਲੇਸ਼। ਜਿਸ ਕਰਕੇ ਇਹਨਾਂ ਦੇ ਪਿਤਾ ਨੇ ਘਰੋ ਇਹ ਕਹਿਕੇ ਤੋਰ ਦਿਤਾ, ” ਜਾਓ, ਮੇਰੇ ਪਿੱਛੇ ਕਿਉਂ ਫਿਰਦਾ ਹੈ, ਤੂੰ ਵੀ ਬ੍ਰਹਮਤੇ ਮੈਂ ਵੀ ਬ੍ਰਹਮਹਾਂ, ਬ੍ਰਹਮੰਡ ਤੇਰਾ ਹੀ ਹੈ, ਜਾਕੇ ਸੰਭਾਲ।” ਇਸ ਲਈ ਗਿਆਨੀ ਦਿੱਤ ਸਿੰਘ ਜੀ ਤੁਰਦੇ-ਫਿਰਦੇ ਆਪਣੇ ਪਿਤਾ ਦੇ ਗੁਰਭਾਈ ਭਾਗ ਸਿੰਘ ਬਡਾਲਾ ਕੋਲ (ਖਰੜ) ਪਹੁੰਚ ਗਏ। ਇਥੇ ਕੁਝ ਚਿਰ ਠਹਿਰਣ ਤੋਂ ਬਾਅਦ ਭਾਗ ਸਿੰਘ ਜੀ ਨੇ, ਗਿਆਨੀ ਦਿੱਤ ਸਿੰਘ ਜੀ ਨੂੰ ਪਿੰਡ ਤਿਉੜ (ਜਿਲ੍ਹਾ ਅੰਬਾਲਾ) ਦੇ ‘ਗੁਲਾਬਦਾਸੀਏ’ ਮੱਤ ਦੇ ਡੇਰੇ, ਸੰਤ ਕੌਲ ਦਾਸ ਕੋਲ ਪੜਨ-ਲਿਖਣ ਲਈ ਛੱਡ ਦਿੱਤਾ ਗਿਆ।
19 ਕੁ ਸਾਲ ਦੀ ਉਮਰ ਵਿੱਚ ਭਾਈ ਦਿੱਤ ਸਿੰਘ ਜੀ, ਵੱਖ-ਵੱਖ ਨਿਰਮਲੇ ਸਾਧੂ-ਸੰਤਾਂ ਕੋਲੋ ਅਤੇ ਹੋਰਨਾਂ ਪਾਸੋਂ ਗੁਰਮੁਖੀ, ਉਰਦੂ, ਬ੍ਰਿਜ, ਫਾਰਸੀ, ਸੰਸਕ੍ਰਿਤ, ਆਦਿ ਭਾਸ਼ਾਵਾਂ ਦੇ ਗਿਆਨ ਤੋਂ ਇਲਾਵਾ ਪਿੰਗਲ, ਵਿਆਕਰਣ, ਵੇਦਾਂਤ, ਸਮੇਤ ਕਈ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਭਾਈ ਦਿੱਤ ਸਿੰਘ ਜੀ ਹਰ ਤਰਾਂ ਦੀਆਂ ਬਹਿਸਾਂ ਵਿਚ ਖੁੱਲਕੇ ਹਿੱਸਾ ਲੈਣ ਲੱਗ ਪਏ ਸਨ, ਜਿਸ ਕਰਕੇ ਡੇਰੇ ਵਿੱਚ ਆਉਂਦੇ/ਜਾਂਦੇ ਸਾਧਾਂ ਸੰਤਾਂ ਰਾਹੀਂ ਦੂਰ ਦੂਰ ਤੱਕ ਵੱਡੇ ਵਿਦਵਾਨਾਂ ਤੱਕ ਆਪ ਜੀ ਦੇ ਨਾਮ ਦੀ ਚਰਚਾ ਹੋਣ ਲੱਗ ਪਈ, ਕਿਉਂਕਿ ਉਸ ਵਕਤ ‘ਗੁਲਾਬਦਾਸੀਏ’ ਡੇਰੇ, ਵਿਚਾਰ ਚਰਚਾ ਦੇ ਕੇਂਦਰ ਬਣੇ ਹੋਏ ਸਨ। ਗਿਆਨੀ ਦਿੱਤ ਸਿੰਘ ਜੀ ਦੀ ਵਿਦਵਤਾ ਅਤੇ ਖੂਬ ਚਰਚਾ ਨੂੰ ਵੇਖਦੇ ਹੋਏ ‘ਗੁਲਾਬਦਾਸੀਏ’ ਸੰਤਾਂ ਨੇ ਆਪਣੇ ਪ੍ਰਚਾਰ ਲਈ ਗਿਆਨੀ ਦਿੱਤ ਸਿੰਘ ਜੀ ਨੂੰ ‘ਗੁਲਾਬਦਾਸੀਆਂ’ ਦੇ ਪ੍ਰਸਿੱਧ ਡੇਰੇ ”ਚੱਠਿਆਂ ਵਾਲੇ” ਲਾਹੌਰ ਵਿਖੇ ਭੇਜ ਦਿੱਤਾ, ਜਿੱਥੇ ਲੋਕਾਂ ਵਿੱਚ ਆਪਣੇ ਪ੍ਰਭਾਵਸ਼ਾਲੀ ਵਿਚਾਰ (ਲੈਕਚਰ) ਦੇਣੇ ਸ਼ੁਰੂ ਕਰ ਦਿੱਤੇ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇਥੇ ਰਹਿੰਦਿਆਂ ਹੀ ਇਹਨਾਂ ਦਾ ਮੇਲ ”’ਕੰਵਰ ਬਿਕ੍ਰਮ ਸਿੰਘ'(ਕਪੂਰਥਲਾ) ਦੀ ਨਿਗਰਾਨੀ ਵਿੱਚ ਵੱਡੇ ਹੋਏ ਅਤੇ ਪੜੇ ૶ਲਿਖੇ” ਸਿੱਖ ਸਿਧਾਂਤਾਂ ਵਿੱਚ ਰੰਗੇ ਹੋਏ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨਾਲ ਹੋਇਆ, ਜੋ ਬਹੁਤ ਹੀ ਸੂਝਵਾਨ ਵਿਦਵਾਨ ਸਨ। ਜਿਹਨਾਂ ਨੇ ਭਾਈ ਦਿੱਤ ਸਿੰਘ ਜੀ ਦੀ ਲਿਆਕਤ ਨੂੰ ਵੇਖਦੇ ਹੋਏ ਭਾਈ ਦਿੱਤ ਸਿੰਘ ਜੀ ਨੂੰ ‘ਗਿਆਨੀ’ ਦੀ ਪ੍ਰੀਖਿਆ ਪਾਸ ਕਰਨ ਲਈ ਜੋਰ ਦਿੱਤਾ ਅਤੇ ਆਪਣੇ ਕੋਲ ਹੀ ਰਹਿਣ ਦਾ ਪ੍ਰਬੰਧ ਕੀਤਾ। ਪ੍ਰੋਫੈਸਰ ਗੁਰਮੁਖ ਸਿੰਘ ਦੇ ਕੋਲ ਰਹਿੰਦਿਆਂ ਭਾਈ ਦਿੱਤ ਸਿੰਘ ਤੇ ਸਿੱਖੀ ਦੇ ਪ੍ਰਚਾਰ ਦਾ ਗੂੜਾ ਅਸਰ ਹੋ ਗਿਆ ਸੀ ਅਤੇ ਬਾਅਦ ਵਿਚ ਅਮ੍ਰਿਤਧਾਰੀ ਵੀ ਬਣ ਗਏ ਸਨ। ਗਿਆਨੀ ਵਿੱਚੋਂ ਫਸਟ ਆਉਣ ਤੇ, ਕਾਲਜ ਪ੍ਰਿੰਸੀਪਲ ਵਲੋਂ ਉਸ ਟਾਇਮ ਵਿੱਚ ਵਧੀਆ ‘ਘੜੀ’ ਦਾ ਗਿਫਟ ਵੀ ਪ੍ਰਾਪਤ ਕੀਤਾ। ਦਿੱਤ ਸਿੰਘ ਜੀ ਤੋਂ ਪ੍ਰਭਾਵਤ ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਦੇ ਸਟਾਫ ਵਿੱਚ ਭਰਤੀ ਕਰ ਲਿਆ, ਭਾਈ ਦਿੱਤ ਸਿੰਘ ਜੀ ਇਸੇ ਕਾਲਜ ਵਿੱਚ ਪੜਾਉਣ ਲੱਗ ਪਏ, ਪੜਾਉਣ ਦੇ ਵਧੀਆ ਢੰਗ ਨੂੰ ਵੇਖਦੇ ਹੋਏ, ਇਸੇ ਕਾਲਜ ਵਿੱਚ ਧਾਰਮਿਕ ਪ੍ਰੋਫੈਸਰ ਦੀ ਪੱਕੀ ਪਦਵੀ ਦਿੱਤੀ ਗਈ, ਜਿੱਥੇ 1877 ਤੋਂ 1885 ਤੱਕ ਪੜਾਉਂਦੇ ਰਹੇ ਅਤੇ ਗਿਆਨੀ ਦਿੱਤ ਸਿੰਘ ਜੀ ਨੂੰ ਹੁਣ ਤੱਕ ਗੁਰਮੁਖੀ, ਉਰਦੂ, ਹਿੰਦੀ, ਫਾਰਸੀ, ਬ੍ਰਿਜ, ਸੰਸਕ੍ਰਿਤ, ਅੰਗਰੇਜ਼ੀ ਆਦਿ ਭਸਾਵਾਂ ਦਾ ਵੀ ਕਾਫੀ ਗਿਆਨ ਹੋ ਚੁੱਕਾ ਸੀ । ਹੈਰਾਨੀ ਜਨਕ ਗੱਲ ਇਹ ਹੈ ਕਿ, ਇਕ ਅਛੂਤ ਸਮਝੀ ਜਾਣ ਵਾਲੀ ਅਖੌਤੀ ਨੀਵੀਂ ਜਾਤੀ ਵਿੱਚ ਜਨਮ ਲੈਕੇ ਭਾਈ ਦਿੱਤ ਸਿੰਘ ਜੀ ਨੇ ਇਸ ਤਰਾਂ ਦੀ ਯੋਗਤਾ ਗਿਆਨ ਹਾਸਲ ਕਰਕੇ ਵੱਡੇ- ਵੱਡੇ ਪੰਡਤਾਂ ਦੇ ਮੂੰਹ ਵਿਚ ਉਂਗਲਾਂ ਪਵਾ ਦਿੱਤੀਆਂ ਸਨ ਅਤੇ ਇਕ ਵੱਡੀ ਕਰਾਮਾਤ ਕਰ ਦਿੱਤੀ ਸੀ। ਖੋਜ ਬਿਰਤੀ ਅਤੇ ਤੇਜ ਬੁੱਧੀ ਦੇ ਮਾਲਕ ਨੇ ਉਦੋਂ ਤਾਂ ਹੱਦ ਹੀ ਕਰ ਦਿੱਤੀ ਜਦ ਆਰੀਆ ਸਮਾਜੀ ਸਵਾਮੀ ਦਯਾਨੰਦ ਨੂੰ ਆਪ ਜੀ ਨੇ
1. ‘ਜਗਤ ਦਾ ਕਰਤਾ ਕੌਣ ਹੈ?’
2. ‘ਵੇਦਾਂ ਦਾ ਕਰਤਾ ਈਸ਼ਵਰ ਨਹੀਂ’
3. ‘ਮੁਕਤੀ ਦਾ ਸਰੂਪ ਕਿਆ ਹੈ’,
ਵਿਸ਼ੇ ‘ਤੇ ਅਪ੍ਰੈਲ ਤੇ ਜੂਨ 1877 ਵਿਚ ਤਿੰਨ ਵਾਰ ਜਬਰਦਸਤ ਬਹਿਸ ਹੋਈ ਅਤੇ ਤਿੰਨਾਂ ਵਿੱਚੋਂ ਸਵਾਮੀ ਦਯਾਨੰਦ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ ਅਤੇ ਸਵਾਮੀ ਦਯਾਨੰਦ ਦੀ ਵਿਦਵਾਨੀ ਦਾ ਹੰਕਾਰ ਤੋੜ ਦਿੱਤਾ। ਇਹਨਾਂ ਜਿੱਤਾਂ ਨਾਲ ਗਿਆਨੀ ਦਿੱਤ ਸਿੰਘ ਜੀ ਦੀਆਂ ਹਰ ਪਾਸੇ ਧੁੰਮਾਂ ਪੈ ਗਈਆਂ।
ਇਥੇ ਮਾਣ ਨਾਲ ਕਿਹਾ ਜਾ ਸਕਦਾ, ਚੌਧਵੀਂ ਸਦੀ ਅੰਦਰ ਗੁਰੂ ਰਵਿਦਾਸ ਜੀ ਨੇ ਰਾਜੇ ਦੀ ਕਚਿਹਰੀ ਵਿੱਚ ਹੰਕਾਰੀ ਵਿਦਵਾਨ ਪੰਡਤਾਂ ਦਾ ਹੰਕਾਰ ਤੋੜਿਆ ਸੀ, ਹੁਣ ਫਿਰ ਉਸੇ ਦੀ ਫੁੱਲਵਾੜੀ ਦੇ ਬੂਟੇ ਗਿਆਨੀ ਦਿੱਤ ਸਿੰਘ ਜੀ ਨੇ ਇਕ ਆਰੀਆਂ ਸਮਾਜੀ ਵਿਦਵਾਨ ਦਾ ਹੰਕਾਰ ਚਕਨਾਚੂਰ ਕਰ ਦਿੱਤਾ,ਇਹ ਇਕ ਬਹੁਤ ਵੱਡੀ ਗੱਲ ਸੀ।
ਉਧਰ ਇਹਨਾਂ ਦਿਨਾਂ ਵਿੱਚ ਹੀ ‘ਗੁਲਾਬਦਾਸੀਏ’, ਸਵਾਮੀ ਦਇਆ ਨੰਦ ਦਾ ਪ੍ਰਭਾਵ ਕਬੂਲਕੇ ਆਰੀਆ ਸਮਾਜੀ ਬਣ ਗਏ ਸਨ, ਜਿਸ ਕਰਕੇ ਭਾਈ ਦਿੱਤ ਸਿੰਘ ਜੀ ਨੇ ਇਹਨਾਂ ‘ਗੁਲਾਬਦਾਸੀਆਂ’ ਦਾ ਖਹਿੜਾ ਛੱਡ ਦਿੱਤਾ ਸੀ।
ਦੂਜੇ ਪਾਸੇ ਇਸ ਸਮੇਂ ਅੰਦਰ ਸਿੱਖੀ ਦੀ ਬਹੁਤ ਬੁਰੀ ਹਾਲਤ ਹੋ ਰਹੀ ਸੀ, ਦਰਬਾਰ ਸਾਹਿਬ ਵਿਖੇ ਮੂਰਤੀ ਪੂਜਾ ਕੀਤੀ ਜਾ ਰਹੀ ਸੀ ਅਤੇ ਹਿੰਦੂ ਸ਼ਾਸਤਰਾਂ ਵਿਚੋਂ ਕਥਾ ਕੀਤੀ ਤੇ ਸੁਣਾਈ ਜਾ ਰਹੀ ਸੀ, ਸਰੋਵਰ ਦੇ ਦੁਆਲੇ ਕਈ ਤਰਾਂ ਦੀ ਮਨਮੱਤ ਹੋ ਰਹੀ ਸੀ, ਹਰ ਤਰਾਂ ਦਾ ਕਰਮਕਾਂਡ ਇਥੇ ਹੋ ਰਿਹਾ ਸੀ, ਇਥੋ ਤੱਕ ਕਿ ਭੈੜੇ ਆਚਰਣ ਵਾਲੇ ਮਰਦ ਔਰਤਾਂ ਦਾ ਬੋਲਬਾਲਾ ਵੀ ਹੋ ਗਿਆ ਸੀ, ਜਾਤ-ਪਾਤ ਦੇ ਅਧਾਰ ‘ਤੇ ਲੋਕਾਂ ਨਾਲ ਭੈੜਾ ਸਲੂਕ ਕੀਤਾ ਜਾ ਰਿਹਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਾਰੇ ਇਤਿਹਾਸਕ ਗੁਰਦੁਆਰਿਆਂ ‘ਤੇ ਮਹੰਤਾਂ ਦਾ ਕਬਜਾ ਸੀ। ਗੁਰੂਆਂ ਦੇ ਬੰਸ ਵਿਚੋਂ ਹੋਣ ਕਰਕੇ, ਬੇਦੀ, ਸੋਢੀ, ਭੱਲੇ ਆਦਿ, ਲੋਕਾਂ ਵਿਚ ਸ੍ਰੇਸ਼ਟ ਬਣੇ ਹੋਏ ਸਨ, ਤੇ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਂਦੇ ਸਨ। ਉੱਪਰ ਗਾਤਰਾ, ਹੇਠ ਦੀ ਜਨਾਊ ਪਾਕੇ ਰੱਖਣ ਵਾਲੇ ਬਾਬਾ ਖੇਮ ਸਿੰਘ ਬੇਦੀ ਨੂੰ ਅੰਗਰੇਜ਼ਾਂ ਦੀ ਪੂਰੀ ਸ਼ਹਿ ਸੀ। ਅੰਗਰੇਜ਼ ਸਰਕਾਰ ਨੇ ਉਸ ਨੂੰ ਕਾਫੀ ਖਿਤਾਬ ਦਿੱਤੇ ਹੋਏ ਸੀ। ਗੁਰੂ ਨਾਨਕ ਦੀ ਤੇਰਵੀਂ ਬੰਸ ਵਿੱਚੋਂ ਬਾਬਾ ਖੇਮ ਸਿੰਘ ਬੇਦੀ, ਲੱਗਭਗ 2700 ਏਕੜ ਜਮੀਨ ਦਾ ਮਾਲਕ ਹੋਣ ਕਰਕੇ ਆਪਣੇ ਆਪ ਨੂੰ ਗੁਰੂ ਅਖਵਾ ਰਿਹਾ ਸੀ, ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬਹਿੰਦਾ ਸੀ, ਸਾਰੀਆਂ ਰਹੁ-ਰੀਤਾ, ਬ੍ਰਾਹਮਣ ਵਿਧੀ ਅਨੁਸਾਰ ਹੁੰਦੀਆਂ ਸਨ। ਸਾਰੇ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦ ਮੁਤਾਵਕ ਕਰਮਕਾਂਡ ਜੋਰਾਂ ਤੇ ਕੀਤੇ ਜਾ ਰਹੇ ਸਨ।
ਗੁਰੂ ਸਹਿਬਾਨਾਂ ਦੀ ਸੋਚ ਦੇ ਉਲਟ ਹੋ ਰਹੇ ਗਲਤ ਕੰਮਾਂ ਨੂੰ ਰੋਕਣ ਤੇ ਖਤਮ ਕਰਨ ਲਈ ਬਣਾਈ ਗਈ ‘ਸਿੰਘ ਸਭਾ ਅੰਮ੍ਰਿਤਸਰ’ ਵੀ ਦੋ ਫਾੜ ਹੋ ਗਈ ਸੀ, ਜਿਸ ਤੋਂ ਬਾਅਦ, ਪ੍ਰੋ ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਜੀ ਆਦਿ ਦੀ ਅਗਵਾਈ ਵਿੱਚ ਕੰਵਰ ਬਿਕ੍ਰਮ ਸਿੰਘ ਦੇ ਸਹਿਯੋਗ ਨਾਲ ‘ਸਿੰਘ ਸਭਾ ਲਾਹੌਰ’ ਦੀ ਸਥਾਪਨਾ ਕੀਤੀ ਗਈ, ਜਿਸ ਦੀਆਂ ਬਹੁਤ ਸਾਰੀਆਂ ਹੋਰ ਸਖਾਵਾਂ ਹੋਂਦ ਵਿੱਚ ਆਈਆਂ। ਇਸ ਸਭਾ ਦੇ ਜੋਰਦਾਰ ਪ੍ਰਚਾਰ ਲਈ ਜੂਨ 1886 ਵਿਚ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ‘ਖਾਲਸਾ ਅਖ਼ਵਾਰ ਚਾਲੂ ਕੀਤਾ ਗਿਆ, ਜਿਸ ਦਾ ਸੰਪਾਦਕ ਗਿਆਨੀ ਦਿੱਤ ਸਿੰਘ ਜੀ ਬਣਾਇਆ ਗਿਆ । ਇਸ ਅਖ਼ਬਾਰ ਦੇ ਲੇਖਾਂ ਅਤੇ ਹੋਰ ਭਰਭੂਰ ਜਾਣਕਾਰੀ ਨੇ ਜਿੱਥੇ ਸੁੱਤੀ ਪਈ ਅਤੇ ਕੁਰਾਹੇ ਪਈ ਕੌਮ ਨੂੰ ਝੰਜੋੜਕੇ ਰੱਖ ਦਿੱਤਾ, ਉਥੇ ਗੁਰੂ ਘਰਾਂ ਤੇ ਕਾਬਜ ਮਹੰਤਾਂ ਪਖੰਡੀਆਂ ਨੂੰ ਵੀ ਭਾਜੜਾਂ ਪੈ ਗਈਆਂ। ਇਕ ਸਮੇਂ ਤਾਂ ਗਿਆਨੀ ਦਿੱਤ ਸਿੰਘ ਜੀ ਨੇ ਬਾਬਾ ਖੇਮ ਸਿੰਘ ਹੇਠੋਂ ‘ਗਦੈਲਾ’ (ਗੱਦੀ) ਖਿੱਚਕੇ ਬਾਹਰ ਸੁੱਟ ਦਿਤਾ/ਦਿੱਤੀ ਸੀ। ਇਸ ਸਮੇਂ ‘ਸਿੰਘ ਸਭਾ ਅੰਮ੍ਰਿਤਸਰ’ ਵਾਲਿਆਂ ਨੂੰ ‘ਗਦੈਲਾ’ ਪਾਰਟੀ’ ਕਿਹਾ ਜਾਣ ਲੱਗ ਪਿਆ ਸੀ।
ਜਿਸ ਕਰਕੇ ਅਖੌਤੀ ਬਾਬਾ ਖੇਮ ਸਿੰਘ ਬੇਦੀ ਅਤੇ ਇਹਨਾਂ ਦੇ ਸਾਥੀਆਂ ਨੇ ਭਾਈ ਦਿੱਤ ਸਿੰਘ ਜੀ ਨੂੰ ਚੁਮਾਰ ਅਤੇ ਪ੍ਰੋ. ਗੁਰਮੁਖ ਸਿੰਘ ਲਾਂਗਰੀ ਦਾ ਪੁੱਤ ਕਹਿਕੇ ਜਲੀਲ ਵੀ ਕੀਤਾ ਜਾਣ ਲੱਗ ਪਿਆ ਤੇ ਨੀਵੀਂ ਜਾਤ ਦਾ ਮੁੱਦਾ ਉਛਾਲਕੇ, ਜਾਤੀ ਤੋਰ ਤੇ ਅਪਮਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਇਹਨਾਂ ਤੇ ਗੁਰਦੁਆਰਿਆਂ ਅੰਦਰ ਪ੍ਰਚਾਰ ਕਰਨ ਉਤੇ ਪਾਬੰਦੀ ਲਾ ਦਿੱਤੀ।
ਪਰ ‘ਸਿੰਘ ਸਭਾ ਲਾਹੌਰ’ ਦੀ ਚੜ੍ਹਤ ਹੀ ਐਨੀ ਸੀ, ਇਹਨਾਂ ਪਖੰਡੀ ਬਾਬਿਆਂ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਆਖਰ ਖੇਮ ਸਿੰਘ ਬੇਦੀ ਨੇ ਮਾਰਚ 1887 ਨੂੰ, ਪ੍ਰੋ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਕਰਵਾ ਦਿੱਤਾ। ਇਸ ਫੈਸਲੇ ਦਾ ਗਿਆਨੀ ਦਿੱਤ ਸਿੰਘ ਜੀ ਨੇ ਜੋਰਦਾਰ ਵਿਰੋਧ ਕੀਤਾ ਅਤੇ ਇਹਨਾਂ ਪੂਜਾਰੀਆਂ ਦੇ ਗੁੰਡਿਆਂ ਦੀ ਕੋਈ ਪ੍ਰਵਾਹ ਨਾ ਕਰਦਿਆਂ ‘ਸਵਪਨ ਨਾਟਕ’ ਲਿਖਕੇ ਪਿੰਡਾਂ ਵਿੱਚ ਸਟੇਜਾਂ ਲਾਕੇ, ਇਹਨਾਂ ਦੀ ਖੂਬ ਮਿੱਟੀ ਪਲੀਤ ਕੀਤੀ, ਅਤੇ ਹੁਕਮਨਾਮੇ ਅਤੇ ਪਖੰਡੀਆਂ ਦੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ। ਗਿਆਨੀ ਦਿੱਤ ਸਿੰਘ ਦੇ ਇਸ ਪ੍ਰਚਾਰ ਤੋਂ ਬੁਖਲਾਹਟ ਵਿੱਚ ਆਏ ਇਹਨਾਂ ਪੁਜਾਰੀਆਂ ਨੇ ‘ਉਦੇ ਸਿੰਘ ਬੇਦੀ’ ਰਾਹੀਂ ਅਖਵਾਰ ਅਤੇ ਗਿਆਨੀ ਦਿੱਤ ਸਿੰਘ ਤੇ ਅਦਾਲਤ ਵਿਚ ਮੁਕੱਦਮਾ ਦਰਜ਼ ਕਰਵਾ ਦਿੱਤਾ ਗਿਆ। ਲੰਮੇ ਸਮੇਂ ਬਾਅਦ ਗਿਆਨੀ ਦਿੱਤ ਸਿੰਘ ਜੀ ਦੇ ਖਿਲਾਫ ਫੇਸਲਾ ਸੁਣਾਇਆ ਗਿਆ ਅਤੇ ਗਿਆਨੀ ਜੀ ਨੂੰ 51 ਨੂੰ ਰੁਪੈ ਜੁਰਮਾਨਾ ਕੀਤਾ ਗਿਆ, ਜੋ ਕਿ ਉਪਰਲੀ ਅਦਾਲਤ ਵਿਚ ਕੀਤੀ ਗਈ ਅਪੀਲ ਕਰਕੇ ਸਾਰੇ ਦੋਸ਼ਾਂ ਤੋਂ ਬਰੀ ਹੋ ਗਿਆ। ਇਸ ਮੁਕੱਦਮੇ ਵਿੱਚ ਆਰਥਿਕ ਪੱਖੋ ਸਥਿਤੀ ਕਾਫੀ ਡਾਵਾਂ- ਡੋਲ ਹੋ ਗਈ, ਜੋ ਕਾਫੀ ਮਿਹਨਤ ਤੋਂ ਬਾਅਦ ਫਿਰ ਸਥਿਤੀ ਠੀਕ ਹੋਈ।
20 ਫਰਵਰੀ 1890 ਵਿੱਚ ਫਿਰ ਸਭਾ ਦੀ ਮੀਟਿੰਗ ਹੋਈ, ਜਿਸ ਵਿਚ ਸਰਦਾਰਾਂ ਨੂੰ ਵੀ ਸੱਦਾ ਦੇਕੇ ਉਚੇਚੇ ਤੌਰ ਤੇ ਬੁਲਾਇਆ ਗਿਆ। ਇਸ ਇੱਕਤਰਤਾ ਵਿੱਚ ਸ੍ਰ.ਅਤਰ ਸਿੰਘ ਭਦੌੜ ਵਾਲਿਆਂ ਦੀ ਅਗਵਾਈ ਵਿੱਚ ਇਕ ਕਮੇਟੀ ਬਣਾਈ ਗਈ, ਜਿਸ ਵਿੱਚ ‘ਖਾਲਸਾ ਕਾਲਜ ਨੂੰ ਸਿਰੇ ਲਾਉਣ ਦੀ ਡਿਊਟੀ ਲਾਈ ਗਈ। ਇਸ ਕਾਲਜ ਨੂੰ ਸਿਰੇ ਚਾੜਨ ਲਈ, ਕਈ ਮੁਸੀਬਤਾਂ ਪਾਰ ਕਰਦੇ ਹੋਏ ਆਖਿਰ 5 ਮਾਰਚ 1892 ਨੂੰ ਅੰਮ੍ਰਿਤਸਰ ਵਿਖੇ ਪੰਜਾਬ ਦੇ ਗਵਰਨਰ ਸਰ ਜੇਮਜ ਬਰਾਡਵੁੱਡ ਲਾਇਲ ਨੇ ਨੀਂਹ ਪੱਥਰ ਰੱਖਕੇ ਸ਼ੁਰੂਆਤ ਕਰ ਦਿੱਤੀ ਗਈ, ਜੋ ਕਿ ਇਕ ਸਾਲ ਦੇ ਕਰੀਬ ਬਣਕੇ ਤਿਅਰ ਹੋ ਗਿਆ, ਜਿਸ ਨੂੰ 22 ਅਕਤੂਬਰ 1893 ਵਿੱਚ ਹਾਈ ਸਕੂਲ ਦੀ ਸ਼ਕਲ ਕਾਲਜ ਨੂੰ ਸ਼ੁਰੂ ਕੀਤਾ ਗਿਆ। ਗਿਆਨੀ ਦਿੱਤ ਸਿੰਘ ਜੀ ਦੇ ਪ੍ਰਚਾਰ ਤੋਂ ਕਈ ਸਰਦਾਰ ਵੀ ਬਹੁਤ ਪ੍ਰਭਾਵਤ ਸਨ, ਬਹੁਤ ਸਾਰੇ ਗੈਰ ਸਿੱਖ ਵੀ ਸਿੱਖ ਧਰਮ ਵਿੱਚ ਸਾਮਲ ਹੋਣੇ ਸ਼ੁਰੂ ਹੋ ਗਏ ਸਨ। ਜਦ ਇਹ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਸੀ ਤਾਂ, ਇਸੇ ਵਕਤ 1895 ਵਿੱਚ ਖਾਲਸਾ ਦਿਵਾਨ ਦੇ ਮੋਢੀਆਂ ਵਿੱਚੋਂ ਸ੍ਰ.ਅਤਰ ਸਿੰਘ ਜੀ ਭਦੌੜ ਵਾਲੇ ਅਤੇ ਇਹਨਾਂ ਤੋਂ ਬਾਅਦ ਭਾਈ ਦਿੱਤ ਸਿੰਘ ਦੀ ਸੱਜੀ ਬਾਂਹ ਪ੍ਰੋ. ਗੁਰਮੁਖ ਜੀ 1898 ਵਿੱਚ ਇਸ ਦੁਨੀਆਂ ਨੂੰ ਸਦਾ ਲਈ ਛੱਡਕੇ ਇਸ ਦੁਨੀਆਂ ਤੋਂ ਚਲੇ ਗਏ, ਜਿਹਨਾਂ ਦੇ ਜਾਣ ਨਾਲ ਭਾਈ ਦਿੱਤ ਸਿੰਘ ਅਤੇ ਕੌਮ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ। ਜਿਸ ਕਰਕੇ ਇਕ ਵਾਰ ਫੇਰ ਗਿਆਨੀ ਦਿੱਤ ਸਿੰਘ ਨੂੰ ਕਈ ਮੁਸ਼ਕਿਲਾਂ ਨੇ ਘੇਰ ਲਿਆ, ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲਕੇ, ਸਿੱਖ ਕੌਮ ਦੀ ਚੜਦੀ ਕਲਾ ਲਈ ਆਪਣਾ ਸੰਘਰਸ਼ ਤੇ ਅਖਵਾਰ ਨੂੰ ਅਖ਼ਬਾਰ ਜਾਰੀ ਰੱਖਿਆ।
1900 ਵਿੱਚ ਆਪ ਜੀ ਦੀ ਸਿਹਤ ਢਿੱਲੀ ਰਹਿਣ ਲੱਗ ਪਈ, ਫਿਰ ਵੀ ਹਰ ਪ੍ਰੋਗਰਾਮ ਵਿਚ ਵਧ ਚੜਕੇ ਹਿੱਸਾ ਲੈਂਦੇ ਰਹੇ, ਕਦੇ ਠੀਕ ਹੋ ਜਾਂਦੇ ,ਕਿਤੇ ਬਿਮਾਰ ਹੋ ਜਾਂਦੇ ਸਨ। ਜੂਨ 1901 ਵਿੱਚ ਆਪ ਜੀ ਦੀ ਹੋਣਹਾਰ ਬਹੁਤ ਹੀ ਪਿਆਰੀ ਨੌਵੀਂ ਕਲਾਸ ਵਿਚ ਪੜ੍ਹਦੀ ਬੇਟੀ ਵਿੱਦਿਆਵੰਤ ਦੀ ਮੌਤ ਹੋ ਗਈ, ਜਿਸ ਨਾਲ ਗਿਆਨੀ ਜੀ ਨੂੰ ਬਹੁਤ ਗਹਿਰਾ ਸਦਮਾ ਲੱਗਿਆ, ਅੰਤ 6 ਸਤੰਬਰ 1901 ਨੂੰ ਕੋਈ 10/11 ਵਜੇ ਦੇ ਕਰੀਬ 51 ਸਾਲ ਦੀ ਉਮਰ ਵਿੱਚ ਗਿਆਨੀ ਦਿੱਤ ਸਿੰਘ ਜੀ ਸਦਾ ਵਾਸਤੇ ਇਸ ਦੁਨੀਆਂ ਤੋਂ ਉਥੇ ਚਲੇ ਗਏ, ਜਿੱਥੋ ਮੁੜਕੇ ਅੱਜ ਤੱਕ ਕੋਈ ਵਾਪਸ ਨਹੀਂ ਆਇਆ।
ਉਸ ਟਾਇਮ ‘ਖਾਲਸਾ ਸਮਾਚਾਰ” ਦੇ ਸੰਪਾਦਕ ਭਾਈ ਵੀਰ ਸਿੰਘ ਨੇ ਲਿਖਿਆ ਸੀ – “ਕੌਮ ਲੁੱਟੀ ਗਈ, ਜੋ ਐਡੀਟਰੀ ਗਿਆਨੀ ਦਿੱਤ ਸਿੰਘ ਕਰ ਗਏ, ਉਹ ਨਾਲ ਹੀ ਲੈ ਗਏ।”
ਅਫਸੋਸ! ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਆਖਰੀ ਦਮ ਤੱਕ ਲੜਨ ਤੇ ਕੰਮ ਕਰਨ ਵਾਲਾ, ਸਿੱਖ ਕੌਮ ਦੀ 19 ਲੱਖ ਤੋਂ ਵੀ ਘੱਟ ਅਬਾਦੀ ਨੂੰ ਕਰੋੜਾਂ ਵਿੱਚ ਲਿਜਾਣ ਵਾਲਾ ਅਤੇ ਆਰੀਆਂ ਸਮਾਜੀ ਦਿਆ ਨੰਦ ਨੂੰ ਹਰਾਕੇ, ਸਿੱਖ ਕੌਮ ਦਾ ਨਾਮ ਰੋਸ਼ਨ ਵਾਲੇ ਭਲੇ ਵਿਦਵਾਨ ਇਨਸਾਨ ਦਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਗਿਆਨੀ ਦਿੱਤ ਸਿੰਘ ਜੀ ਦੀ ਕਦਰ ਇਸ ਕਰਕੇ ਨਹੀਂ ਪਾਈ ਨਹੀਂ ਲਗਦੀ, ਕਿਉਂਕਿ ਇਹ ਵਿਦਵਾਨ ਇਨਸਾਨ ਦਾ ਜਨਮ ਕਿਸੇ ਅਖੌਤੀ ੳੱਚ ਜਾਤੀ ਵਿੱਚ ਨਹੀਂ ਹੋਇਆ।
ਇਕ ਗਰੀਬ ਪਰਿਵਾਰ ਵਿੱਚ ਜਨਮ ਲੈਕੇ,
‘ਦਿੱਤ ਸਿੰਘ’ ਨੇ ਵੱਡੀਆਂ ਮੱਲਾਂ ਮਾਰੀਆਂ ਜੀ।
ਨੀਅਤ ਸਾਫ਼ ਨਹੀਂ ਹੈ ਕੌਮ ਦੇ ਆਗੂਆਂ ਦੀ,
ਮੇਜਰ ਤਾਂਹੀਓਂ ਸਭੇ ਗਈਆਂ ਵਿਸਾਰੀਆਂ ਜੀ।
ਦੂਜੇ ਪਾਸੇ ਗਿਆਨੀ ਦਿੱਤ ਸਿੰਘ ਜੀ ਤੋਂ ਹਾਰ ਖਾਣ ਵਾਲੇ ‘ਸਵਾਮੀ ਦਿਆ ਨੰਦ’ ਦੇ ਵਾਰਸਾ ਨੇ ‘ਸਵਾਮੀ ਦਿਆ ਨੰਦ’ ਦੇ ਨਾਮ ਤੇ ਪੂਰੇ ਦੇਸ਼ ਵਿੱਚ ਸਕੂਲਾਂ ਕਾਲਜਾਂ, ਹਸਪਤਾਲਾਂ ਦੀ ਹਨੇਰੀ ਲਿਆਕੇ ਨਾਮ ਰੌਸ਼ਨ ਕੀਤਾ ਹੋਇਆ ਹੈ।