Thursday, January 23, 2025
2.9 C
Vancouver

ਸੁਪਨਮਈ ਕ੍ਰਿਸ਼ਮੇ

ਸੁਪਨਮਈ ਕ੍ਰਿਸ਼ਮੇ ਦੇਖ ਕੇ ਕਦੇ ਫਿਰ ਕਿਓਂ ਦਿਲ ਲਲਚਾਉਂਦਾ ਨਹੀਂ।
ਜਦ ਸਬਰ ਨੂੰ ਲੱਗ ਜਾਵੇ ਠੋਹਕਰ,ਐਦਾਂ ਦਾ ਵੀ ਕੁੱਝ ਭਾਉਂਦਾ ਨਹੀਂ ।
ਇਹ ਆਸ ਹੈ ਕਿ ਮਨੁੱਖਤਾ ਤਾਈਂ ਕਿ ਜਿੰਦਗੀ ਲਈ ਸ਼ੁਕਰ ਕਰੇ,
ਕੁੱਲ ਈਰਖਾ ਛੱਡ ਕੇ ਤੁਰਨਾ,ਬੱਸ ਏਹਦਾ ਹੀ ਸਦਾ ਜ਼ਿਕਰ ਕਰੇ,
ਤੰਗ ਵਿਚਾਰਾਂ ਨੂੰ ਭਰਕੇ ਰੂਹ ਵਿੱਚ ਉੱਛਲੇ,ਅਸੂਲ ਕੋਈ ਚਾਹੁੰਦਾ ਨਹੀਂ..
ਸਦਾ ਬੀਤਦੀ ਗਰਮੀ ਸਰਦੀ ਸੋਕੇ ਡੋਬੇ,ਬੇਪ੍ਰਵਾਹ ਹੋ ਕੇ ਨਿੱਬੜੇ,
ਮੈਨੂੰ ਆਉਂਦੀ ਨਾ ਕਦੇ ਮਾਯੂਸੀ,ਲੰਘ ਰਹੇ ਸਮੇਂ ਅਥਾਹ ਕਿੱਧਰੇ,
ਮੇਰੇ ਜਜਬਾਤਾਂ ਨੇ ਰੌਂਅ ‘ਚੌਂ ਲੰਘਣਾ,ਕੋਈ ਰੋੜਾ ਰਾਹ ਅਟਕਾਉਂਦਾ ਨਹੀਂ…
ਮੇਰੇ ਸਫ਼ਰ ਦੀ ਰੇਖਾ ਸਿਖਾਉਂਦੀ ਕਿ ਸਦਾ ਸਬਰ ਹੀ ਰੱਖਣਾ ਹੈ,
ਏਥੇ ਸੋਗ ‘ਚ ਡੁੱਬਿਆਂ ਲੋਕਾਂ ਲਈ ਆਉਂਦੀ ਖਬਰ ਵੀ ਰੱਖਣਾ ਹੈ,
ਜਦ ਅਮਲਾਂ ਵਿੱਚ ਮੈ ਘਿਰ ਜਾਨਾ,ਨਕਲੀ ਚੇਹਰਾ ਕਦੇ ਬਣਾਉਂਦਾ ਨਹੀਂ…
ਕਿਰਤ ਕਰਨ ਦੀ ਰਜ਼ਾ ‘ਚ,ਕੁਦਰਤ ਨੇ ਰੰਗ ਵਿਛਾਉਂਣਾ ਹੀ ਹੁੰਦਾ,
ਉਹਦੀ ਕਾਇਆ ‘ਚ ਮਸਤੀ ਭਰ ਕੇ,ਖੇੜਾ ਲਿਆਉਣਾ ਵੀ ਹੁੰਦਾ,
ਮਾਯੂਸੀ ਭਰਿਆ ਵਕਤ ਨਾ ਆਵੇ ਕਿਤੇ,ਕੋਈ ਆ ਦਰਦ ਵੰਡਾਉਦਾ ਨਹੀਂ…
ਕਿਸ ਰਾਹੇ ਤੁਰ ਪੈਂਦੇ ਲਾਈਲੱਗੀਏ,ਸਮੇਂ ਦੀ ਕਨਸੋਅ ਨਹੀਂ ਲੈਂਦੇ,
ਬੇਕਦਰੇ ਸਮੇਂ ਦੀ ਗੁੜ੍ਹਤੀ ਤੋਂ ਕੋਈ ਸਹੀ ਫੈਸਲਾ ਟੋਹ ਨਹੀਂ ਲੈਂਦੇ,
ਜਿੰਦਗੀ ਦੇ ਤਿਆਗ ਕੇ ਕਾਇਦੇ,ਕੋਈ ਭਵਿੱਖ ਬਾਰੇ ਦਰਸਾਉਂਦਾ ਨਹੀਂ…
ਲਿਖਤ : ਸੁਖਦੇਵ ਸਿੱਧੂ