ਉੱਠ ਮਨ ਉੱਠ, ਕੋਈ ਉੱਦਮ ਉਲਾਸ ਕਰ
ਅ-ਅੱਜ-ਕੱਲ੍ਹ ਕਰਦੇ ਦੀ ਅਓਧ ਬਿਹਾਨੀਆਂ
ੲ-ਏਹੋ ਤੇਰੀ ‘ਬਾਰ’ ਨਹੀਂ ਆਉਣੀ ਬਾਰ ਬਾਰ
ਸ-ਸੁਭਾ ਸ਼ਾਮ ਰਿਦਿ ਧਾਰ ਰੱਬ ਕਰੂ ਮਿਹਰਬਾਨੀਆਂ
ਹ-ਹੁੱਜਤਾਂ ਦੇ ਲਾਵੇਂ ਢੇਰ ਮਨ ਵੇ ਹਰਾਮ-ਖੋਰਾ
ਕ-ਕਰਨੀਆਂ ਛੱਡ ਹਰ ਦਮ ਮਨ-ਮਾਨੀਆਂ
ਖ-ਖੇਡਾਂ ਖੇਡਦੇ ਦੀ ਇੱਕ ਦਿਨ ਮੁੱਕ ਜਾਣੀ ਖੇਡ
ਗ-ਗੁਜ਼ਰਿ ਵਜੂਦ ਵਿੱਚੋਂ ਜਿੰਦ ਉੱਡ ਜਾਣੀ ਆਂ
ਘ-ਘੜ ਘੜ ਸਬਕ ਸਿਖਾਂਵਦਾ ਹੈਂ ਦੂਜਿਆਂ ਨੂੰ
ਙ-ਙਿਆਨ ਦੇ ਪੁਜਾਰੀਆ ਓ ਵੱਡਿਆ ਧਿਆਨੀਆਂ
ਚ-ਚੱਲ ਗਏ ਅਨੇਕ ਸੁੱਖ ਭੋਗਦੇ ਪਦਾਰਥਾਂ ਦੇ
ਛ-ਛੱਡ ਗਏ ਕਰੋੜ ਨਾਹੀਂ ਆਨੇ ਨਾਂਹ ਦੋਆਨੀਆਂ
ਜ-ਜਾਣ-ਬੁੱਝ ਜੱਗ ਨੂੰ ਦਿਖਾਂਵਦੈਂ ਲਿਬਾਸ ਬੱਗੇ
ਝ-ਝੂਠ ਮੂਠ ਜਾਣੇ ਰੱਬ ਜਾਣਦੈ ਸ਼ੈਤਾਨੀਆਂ
ਞ-ਞਤਨ ਤਿਆਗ, ਗਾਡੀ-ਰਾਹ ਤੋਂ ਪਾਸੇ ਜਾਵਣੇ ਦਾ
ਟ-ਟੇਢੀ ਤੋਰ ਤੁਰਨੇ ‘ਚ ਹਾਨੀਆਂ ਹੀ ਹਾਨੀਆਂ
ਠ-ਠਿੰਮ ਠਿੰਮ ਚੱਲਣੀ ਸੀ ਚਾਲ ਤੂੰ ਨਿਰਾਲੀ, ਐਵੇਂ
ਡ-ਡਗ ਮਗ ਡੋਲੇਂ ਤਾਹੀਉਂ ਹੋਣ ਪਰੇਸ਼ਾਨੀਆਂ
ਢ-ਢੂੰਢ ਨਾਂ’ ਢੰਢੋਲ, ਰੱਬ ਵੱਸਦਾ ਹੈ ਕੋਲ ਤੇਰੇ
ਣ-ਣਾ ਕਰ ਨੀਵੀਂਆਂ ਤੂੰ ਦੇਹਲੀਆਂ, ਬੇਗਾਨੀਆਂ
ਤ-ਤਿਆਗ ਦੇਹ ਗੁਮਾਨ ਮਨਾ ਇੱਕੋ ਹੀ ਸਮਾਨ ਸਾਰੇ
ਥ-ਥੁੱਕੀ ਜਾਵੇਂ ਮੋਢਿਆਂ ‘ਤੋਂ ਜ਼ਾਤਿ-ਅਭਿਮਾਨੀਆਂ
ਦ-ਦੀਨ ਨੂੰ ਵਿਸਾਰ ਕੇ ਤੂੰ ਜਿੱਤੀ ਖੇਡ ਕਾਹਤੋਂ ਹਾਰੇਂ
ਧ-ਧਰਮ-ਅਤੀਤਾ ਕਾਹਨੂੰ, ਕਰੇਂ ਬੇ-ਈਮਾਨੀਆਂ
ਨ-ਨਿੱਤ ਨਿੱਤ ਨੇਮ ਨਾਲ ਤੂੰ ਨਿਚਿੰਤ ਚੇਤਣਾ ਸੀ
ਪ-ਪੂਜਨੀਕ ਪੂਜਣਾ ਸੀ ਭੋਲਿਆ ਪ੍ਰਾਣੀਆਂ
ਫ-ਫੋਕੜੇ ਕਰਮ ਤਾਂ ਘੁੰਮਾਉਣਗੇ ਚੌਰਾਸੀਆਂ ‘ਚ
ਬ-ਬਿਪਰਨ ਦੀ ਰੀਤਿ ਨਾਲੇ ਮੜ੍ਹੀਆਂ ਮਸਾਣੀਆਂ
ਭ-ਭਵਜਲ ‘ਚੋਂ ਪਾਰ ਕੱਢੇ ਗੁਰੂ ਦਾ ਜਹਾਜ਼, ਹੋਰ
ਮ-ਮੱਧ ਵਿੱਚ ਡੁੱਬ ਜਾਣ ਬੇੜੀਆਂ ਦਰਮਿਆਨੀਆਂ
ਯ-ਯੋਗ ਨਾ ਯੁਕਤਿ ਚਤੁਰਾਈ ਕੋਈ ਕੰਮ ਆਵੇ
ਰ-ਰੱਖ ਸਿਰ ਤਲੀ ‘ਤੇ ਤੂੰ ਕਰ ਕੁਰਬਾਨੀਆਂ
ਲ-ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾਵੇ ਤੇਰਾ
ਵ-ਵਾਹਿ ਗੁਰੂ ਜਪ, ਪੈਣ ਮੱਥੇ ਤੇ ਨਿਸ਼ਾਨੀਆਂ
ੜ-ੜਾੜ ਨੂੰ ਮੁਕਾਵਨਾ ਏ’ਪ੍ਰੇਮ’ਪਦ ਪਾਵਨਾ ਏ
ਦਾਸਰਾ ਪ੍ਰੇਮ ਸਿੰਘ
ਬ੍ਰਿਟਿਸ਼ ਕੋਲੰਬੀਆ