ਸਰੀ : ਵੈਨਕੂਵਰ ਦੀ ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਰਾਏ ਅਜ਼ੀਜ਼ ਉੱਲ੍ਹਾ ਖਾਨ ਸ਼ਾਮਿਲ ਹੋਏ, ਜੋ ਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਰਾਏ ਅਜ਼ੀਜ਼ ਉੱਲ੍ਹਾ ਖਾਨ ਰਾਏ ਕੱਲ੍ਹਾ ਦੇ ਵੰਸ਼ਜ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਕੇ ਪਵਿੱਤਰ ਗੰਗਾ ਸਾਗਰ ਪ੍ਰਾਪਤ ਕੀਤਾ ਸੀ।
ਸਮਾਗਮ ਦੌਰਾਨ ਰਾਏ ਅਜ਼ੀਜ਼ ਉੱਲ੍ਹਾ ਖਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜਾ ਤੋਂ ਉੱਚ ਦਾ ਪੀਰ ਬਣ ਕੇ ਨਿਕਲੇ ਅਤੇ ਰਾਏਕੋਟ ਤੱਕ ਦੇ ਸਫਰ ਦਾ ਇਤਿਹਾਸ ਸਾਂਝਾ ਕੀਤਾ। ਉਨ੍ਹਾਂ ਨੇ ਰਾਏ ਕੱਲ੍ਹਾ ਦੇ ਪਰਿਵਾਰ ਵੱਲੋਂ ਗੁਰੂ ਸਾਹਿਬ ਦੀ ਸੇਵਾ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖ਼ਬਰ ਗੁਰੂ ਸਾਹਿਬ ਤੱਕ ਪਹੁੰਚਾਉਣ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ। ਰਾਏ ਪਰਿਵਾਰ ਨੂੰ ਗੁਰੂ ਸਾਹਿਬ ਵੱਲੋਂ ਪਵਿੱਤਰ ਗੰਗਾ ਸਾਗਰ, ਪੋਥੀ ਰੱਖਣ ਵਾਲੀ ਰਹਿਲ ਅਤੇ ਕਿਰਪਾਨ ਭੇਂਟ ਕੀਤੇ ਜਾਣ ਦਾ ਇਤਿਹਾਸਕ ਵੇਰਵਾ ਵੀ ਸਾਂਝਾ ਕੀਤਾ ਗਿਆ।
ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਿਸਾ ਲਿਆ। ਸੁਸਾਇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ, ਜਨਰਲ ਸਕੱਤਰ ਸੁਰਜੀਤ ਸਿੰਘ ਮਿਨਹਾਸ, ਅਤੇ ਹੋਰ ਅਹੁਦੇਦਾਰਾਂ ਨੇ ਰਾਏ ਅਜ਼ੀਜ਼ ਉੱਲ੍ਹਾ ਖਾਨ ਦਾ ਸਨਮਾਨ ਕੀਤਾ। ਉਨ੍ਹਾਂ ਨੇ ਰਾਏ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਨਾਲ ਖੜ੍ਹਨ ਅਤੇ ਇਤਿਹਾਸਕ ਵਾਕਿਆਤ ਨੂੰ ਸੰਗਤਾਂ ਅੱਗੇ ਰੱਖਣ ਲਈ ਧੰਨਵਾਦ ਜਤਾਇਆ।
ਸਮਾਗਮ ਦੌਰਾਨ ਦਿਨੇਸ਼ ਮਲਹੋਤਰਾ ਨੇ ਮੰਚ ਸੰਚਾਲਨ ਕਰਦਿਆਂ ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਭਾਈਚਾਰੇ ਦੀ ਬਿਹਤਰੀ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਜੋੜਨ ਅਤੇ ਸਿੱਖ ਇਤਿਹਾਸ ਨੂੰ ਸਾਂਭਣ ਲਈ ਕੀਤੇ ਜਾ ਰਹੇ ਯਤਨਾਂ ‘ਤੇ ਚਾਨਣ ਪਾਇਆ।