ਐਡਮਿਟਨ : ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਐਡਮੰਟਨ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਸਨੀਕਾਂ ਨੂੰ ਆਪਣਾ ਘਰ ਛੱਡਣਾ ਪਿਆ। ਇਮਾਰਤ ਦੇ ਬਾਹਰ ਫੁੱਟਪਾਥ ਤੇ ਕੱਪੜੇ ਅਤੇ ਜੁੱਤੀਆਂ ਦੀਆਂ ਟੋਕਰੀਆਂ ਇਕੱਠੀਆਂ ਨਜ਼ਰ ਆਈਆਂ। ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਭਾਰੀ ਚਰਚਾ ਪੈਦਾ ਕੀਤੀ।
ਇਹ ਫੈਸਲਾ ਐਡਮੰਟਨ ਸਿਟੀ ਵੱਲੋਂ ਸੋਮਵਾਰ ਨੂੰ “ਗੰਭੀਰ ਸੁਰੱਖਿਆ ਚਿੰਤਾਵਾਂ” ਦੇ ਹਵਾਲੇ ਨਾਲ ਇਕ ਐਮਰਜੈਂਸੀ ਆਦੇਸ਼ ਤਹਿਤ ਲਿਆ ਗਿਆ। ਇਮਾਰਤ ਵਿੱਚ ਰਹਿ ਰਹੇ 60 ਤੋਂ ਵੱਧ ਵਸਨੀਕਾਂ, ਜਿਸ ਵਿੱਚ ਲਗਭਗ 25 ਬੱਚੇ ਵੀ ਸ਼ਾਮਲ ਹਨ, ਨੂੰ ਜਲਦੀ ਨਾਲ ਆਪਣਾ ਸਮਾਨ ਸਮੇਟਣਾ ਪਿਆ। ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ 45 ਮਿੰਟ ਦਾ ਸਮਾਂ ਦਿੱਤਾ ਗਿਆ ਸੀ। ਦੋ ਐਡਮੰਟਨ ਟਰਾਂਜ਼ਿਟ ਬੱਸਾਂ ਵਸਨੀਕਾਂ ਨੂੰ ਹੋਰ ਥਾਵਾਂ ਤਕ ਪਹੁੰਚਾਉਣ ਲਈ ਤਿਆਰ ਸਨ।
ਇਸ ਬਿਲਡਿੰਗ ਵਿੱਚ ਸੁਰੱਖਿਆ ਗਾਰਡ ਦੀ ਡਿਊਟੀ ਕਰ ਰਹੇ ਹਰਸ਼ਦੀਪ ਸਿੰਘ ਦਾ ਕੁਝ ਸਮੇਂ ਪਹਿਲਾਂ ਕਤਲ ਹੋ ਗਿਆ ਸੀ। 22 ਸਾਲਾਂ ਹਰਸ਼ਦੀਪ ਸਿੰਘ ਹਰਿਆਣਾ ਦੇ ਪਿੰਡ ਮਠੇਰੀ ਜੱਟਾਂ ਦਾ ਵਸਨੀਕ ਸੀ। ਉਹ 18 ਮਹੀਨੇ ਪਹਿਲਾਂ ਨੌਰਕੁਐਸਟ ਕਾਲਜ ਵਿੱਚ ਪੜ੍ਹਾਈ ਕਰਨ ਲਈ ਸਟੱਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ।
ਪੁਲਿਸ ਨੇ ਹਰਸ਼ਾਨਦੀਪ ਦੇ ਕਤਲ ਦੀ ਘਟਨਾ ਵਿੱਚ ਦੋ ਲੋਕਾਂ, 30 ਸਾਲਾਂ ਇਵਾਨ ਰੇਨ ਅਤੇ ਜੂਡਿਥ ਸੌਲਟੌਕਸ, ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਉੱਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ।