ਲਿਖਤ : ਡਾ.ਹਰਜੋਤ ਕੌਰ ਖੈਹਿਰਾ ਸਰੀ
ਸੰਪਰਕ : 604-724-5741
ਆਧੁਨਿਕ ਪੰਜਾਬੀ ਵਾਰਤਕ ਦੀ ਅਜੋਕੇ ਸਮੇਂ ਵਿਚ ਵਿਚਾਰ ਚਰਚਾ ਕੀਤੀ ਜਾਵੇ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਦੇ ਵਿਸ਼ਿਆ ਵਿਚ ਖਾਸ ਵਿੰਭਿੰਨਤਾ ਨਜ਼ਰ ਆ ਰਹੀ ਹੈ। ਸਮਾਂ ਜੇਕਰ ਮਨੁੱਖ ਤੇ ਸਮਾਜ ਵਿਚ ਬਦਲਾਵ ਦੀ ਪੇਸ਼ਕਾਰੀ ਕਰ ਰਿਹਾ ਉਥੇ ਸਾਹਿਤਕਾਰ ਵੀ ਉਸ ਬਦਲਾਵ ਨੂੰ ਹਰ ਤਰੀਕੇ ਨਾਲ ਰਚਨਾਵੀ ਜ਼ਰੂਰਤਾਂ ਅਨੁਸਾਰ ਰਚਨਾਵਾਂ ਵਿਚ ਢਾਲ ਕੇ ਪਾਠਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਇਕ ਵਧੀਆ ਲੇਖਕ ਦੀ ਪਹਿਚਾਣ ਉਸਦੀ ਰਚਨਾ ਦੀ ਵੰਨ ਸਵੰਨਤਾ ਕਾਰਣ ਹੀ ਨਹੀਂ ਹੁੰਦੀ ਬਲਕਿ ਇਸ ਗੱਲ ਨਾਲ ਵੀ ਹੁੰਦੀ ਹੈ ਕਿ ਉਹ ਸਮੇ ਦਾ ਹਾਣ ਦਾ ਹੈ ਕਿ ਨਹੀਂ।
ਰੂਹ ਦਾ ਸਾਲ਼ਣੁ ਪਰਵਾਸੀ ਕੈਨੇਡੀਅਨ ਪੰਜਾਬੀ ਲੇਖਕ ਮੋਹਨ ਗਿੱਲ (ਡੇਹਲੋਂ) ਦੀ ਵਾਰਤਕ ਵੰਨਗੀ ਦੀ ਪੁਸਤਕ ਹੈ। ਬੇਸ਼ਕ ਉਸਨੇ ਸਾਹਿਤ ਦੇ ਕਈ ਰੂਪ ਕਵਿਤਾ,ਕਾਵਿ ਨਾਟ,ਦੀ ਰਚਨਾ ਕੀਤੀ ਹੈ ਪਰ ਵਾਰਤਕ ਉਸ ਦਾ ਲਿਖਿਆ ਗਿਆ ਸ਼ੁਰੂਆਤੀ ਸਾਹਿਤਕ ਰੂਪ ਹੈ, ਜਿਸਦੀ ਪੇਸ਼ਕਾਰੀ ਫਿਰ ਉਹ 2024 ਵਿਚ ਰੂਹ ਦਾ ਸਾਲ਼ਣੁ ਸਿਰਲੇਖ ਅਧੀਨ ਕਰ ਰਿਹਾ ਹੈ। ਵਾਰਤਕ ਮੱਧਕਾਲ ਦਾ ਸਭ ਤੋਂ ਮਹੱਤਵਪੂਰਨ ਸਾਹਿਤ ਰੂਪ ਹੈ ਜੋ ਆਧੁਨਿਕ ਕਾਲ ਖੰਡ ਵਿਚ ਆ ਕਿ ਆਪਣੇ ਰੂਪ ਬਦਲ ਲੈਂਦਾ ਹੈ ਅਤੇ ਉਹਨਾਂ ਸਾਹਿਤਕ ਰੂਪਾਂ ਦੀ ਨਿਰੰਤਰਤਾ ਤੇ ਰਵਾਨਗੀ ਉਸ ਵਿਚ ਪੇਸ਼ ਵਿਸ਼ਿਆ ਤੇ ਲੇਖਕਾਂ ਦੀ ਸਾਹਿਤਕ ਸਮਝ ਤੋਂ ਹੁੰਦੀ ਹੈ।
ਮੋਹਨ ਗਿੱਲ ਦੁਆਰਾ ਸਿਰਜਿਤ ਇਹ ਪੁਸਤਕ ਆਧੁਨਿਕ ਮਨੁੱਖ ਦ ਜੀਵਨ ਝਾਤ ਨੂੰ ਨਹੀਂ ਬਲਕਿ ਮਨੁੱਖ ਦੇ ਵਿਆਪਕ ਸਰੂਪ ਦਾ ਚਰਿੱਤਰ ਚਿਤਰਨ ਕਰਦੀ ਹੈ। ਰੂਹ ਦਾ ਸਾਲ਼ਣੁ ਸਿਰਲੇਖ ਅਧੀਨ ਇਹ ਵਾਰਤਕ ਜੀਵਨ ਦੀਆਂ ਕਈ ਪਰਤਾਂ ਨੂੰ ਝੁੱਕਦੀ,ਪਰਤਦੀ,ਤਲਾਸ਼ਦੀ ਤੇ ਅਧਿਐਨ ਕਰਦੀ ਜੀਵਨ ਦੀਆਂ ਸੱਚਾਈਆਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੀ ਹੈ।
ਵਾਰਤਕ ਆਪਣੇ ਆਪ ਵਿਚ ਇਕ ਵਿਸ਼ਾਲ ਸਾਹਿਤਕ ਸਰੂਪ ਹੈ, ਜੋ ਕਵਿਤਾ ਦੀਆਂ ਬੰਦਿਸ਼ਾਂ ਤੋਂ ਮੁਕਤ ਜਰੂਰ ਹੁੰਦਾ ਪਰ ਇਹ ਆਪਣੇ ਸਿੱਧਾਂਤਕ ਸਰੂਪ ਵਿਚ ਜਰੂਰ ਬੱਝਿਆਂ ਹੁੰਦਾ ਹੈ। ਇਸ ਲਈ ਇਕ ਵਧੀਆਂ ਵਾਰਤਕ ਰਚਨਾ ਦੇ ਸਿੱਧਾਂਤਕ ਪੱਖ ਵਿਚ ਇਸਦੇ ਮੁੱਖ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ: ਬੁੱਧੀ ,ਭਾਵ(ਦਲੀਲ/ਤਰਕ),ਤੇ ਸ਼ੈਲੀ। ਇਹਨਾਂ ਤੱਤਾਂ ਦੇ ਰਾਹੀਂ ਹੀ ਇਕ ਵਾਰਤਕ ਰਚਨਾ ਵਿਚ ਸਾਦਗੀ,ਸਰਲਤਾ,ਸਪੱਸ਼ਟਤਾ,ਰਵਾਨਗੀ,ਨਿਆਇਸ਼ੀਲਤਾ ਤੇ ਸੰਗੀਤਾਤਮਕਤਾ ਦੀ ਪੇਸ਼ਕਾਰੀ ਕੀਤੀ ਜਾ ਸਕਦੀ ਹੈ।
ਵਾਰਤਕਕਾਰ ਮੋਹਨ ਗਿੱਲ ਆਪਣੀ ਇਸ 16 ਪੁਸਤਕ ‘ਰੂਹ ਦਾ ਸਾਲ਼ਣੁ’ ਵਿਚ ਛੋਟੀਆਂ ਛੋਟੀਆਂ ਗੱਲਾਂ ਦੇ ਰਾਹੀਂ ਮਨੁੱਖ ਤੇ ਉਸਦੇ ਵਜੂਦ ਦੀ ਝਾਕੀ ਪੇਸ਼ ਕਰਦੇ ਨਜ਼ਰ ਆਉਂਦੇ ਹਨ।ਇਸ ਪੁਸਤਕ ਵਿਚ ਕੁਲ 747 ਖੁੱਲੇ ਵਿਚਾਰ(ਲੋਕ ਸਿਆਣਪਾ)ਦਰਜ ਹਨ।ਮਨੁੱਖ,ਜ਼ਿੰਦਗੀ,ਵਿਵਹਾਰ ਤੇ ਕੁਦਰਤ ਦੁਆਲੇ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਮਨੁੱਖੀ ਪਰਛਾਵੇਂ ਦੀ ਤਰਾਂ ਹਰ ਸਮੇਂ ਉਸਦੇ ਨਾਲ ਵਿਚਰਨ ਵਾਲੇ ਭਾਵਾਂ ਨੂੰ ਬਿਆਨ ਕਰਦੀਆਂ ਹਨ। ਕਿਤੇ ਕਿਤੇ ਨਰਮੀ,ਪਿਆਰ,ਘੂਰ ਦੇ ਨਾਲ ਨਾਲ ਤਲਖ਼ ਹਕੀਕਤਾਂ ਤੋਂ ਜਾਣੂ ਕਰਾਉਣ ਦਾ ਯਤਨ ਕਰਦੇ ਹੋਏ ਮੋਹਨ ਗਿੱਲ ਮਨੁੱਖੀ ਧਰਤੀ ਦੇ ਉਸ ਵਾਤਾਵਰਣ ਨੂੰ ਪਕੜਦਾ ਜਿੱਥੇ ਉਹ ਖੁਦ ਵਿਚਰ ਕੇ ਉਹਨਾਂ ਤੋਂ ਜਾਣੂ ਹੋ ਸਕਿਆ ਹੈ।ਜ਼ਿੰਦਗੀ ਦੇ ਅਨੁਭਵਾਂ ਨੂੰ ਕਲਮੀ ਧਾਰ ਨਾਲ ਲਿਖ ਕੇ ਉਹ ਲੇਖਕ ਨੇ ਮਨ ਦੀ ਖੁਰਾਕ ਵਧੀਆਂ ਵਿਚਾਰ,ਭਾਵ,ਗਿਆਨ ਦੱਸਿਆ ਹੈ ਜੋ ਰੂਹ /ਮਨ ਨੂੰ ਰੁਸ਼ਨਾਉਦਾ ਹੈ। ਜ਼ਿੰਦਗੀ ਜਿਉਣ ਦਾ ਸਲੀਕਾ ਦੱਸਦਾ,ਰੂਹ ,ਮਨ ਖੁਸ਼ ਕਰਨ ਦਾ ਰਾਹ ਦਿਖਾਉਦਾ,ਸਕਰਾਮਤਕ ਵਿਚਾਰਾ ਰਾਹੀ ਸਹੀ ਦਿਸ਼ਾ ,ਮਾਰਗ ਤੇ ਤੋਰਦਾ ,ਮਨ ਦੀ ਮੈਲ ਨੂੰ ਦੂਰ ਕਰਨ ਲਈ ਪਿਆਰ ਦਾ ਰਸਤਾ ਦੱਸਦਾ ਅਤੇ ਇਸ ਸਭ ਦਾ ਅਸਲੀ ਤੇ ਪਹਿਲਾ ਮਾਰਗ ਗਿਆਨ ਨੂੰ ਪਹਿਲ ਦਿੰਦਾ।
ਲੇਖਕ ਨੇ ਇਸ ਪੁਸਤਕ ਦੇ ਸਿਰਲੇਖ ਦਾ ਚੁਨਾਅ ਕਰਕੇ ਇਸ ਪੁਸਤਕ ਦਾ ਨਿਚੋੜ ਇਹਨਾਂ ਤਿੰਨ ਸ਼ਬਦਾ ਰਾਹੀਂ ਕਰਕੇ ਭਾਵ ਅਰਥ ਬਿਆਨ ਕੀਤਾ ਹੈ। ਰੂਹ ਦਾ ਸਾਲ਼ਣੁ ਮਨੁੱਖ ਮਨ ਦੀ ਖ਼ੁਰਾਕ, ਗਿਆਨ ਹੈ। ਮਨੁੱਖ ਦੀ ਸਰੀਰਕ,ਮਾਨਸਿਕ,ਸਮਾਜਿਕ,ਰਾਜਨੀਤਿਕ,ਆਰਥਿਕ ਅਤੇ ਸੱਭਿਆਚਾਰਕ ਭਾਵ ਹਰ ਸਰੋਕਾਰ ਨਾਲ ਵਾਬਸਤਗੀ ਜ਼ਾਹਿਰ ਕਰਦਾ ਹੋਇਆ ਆਪਣੇ ਭਾਵਾਂ ਦੀ ਲੜੀ ਨੂੰ ਕਿਤੇ ਵੀ ਟੁੱਟਣ ਨਹੀਂ ਦਿੰਦਾ ਹੈ। ਇਥੇ ਹੀ ਡਾ.ਜੀਤ ਸਿੰਘ ਸੀਤਲ ਦੀ ਧਾਰਣਾ ਦਾ ਜ਼ਿਕਰ ਕੀਤਾ ਜਾਵੇਂ ਤਾਂ ”ਉਹ ਵਿਅਕਤੀਗਤ ਲੇਖ,ਜਿੰਨ੍ਹਾਂ ਵਿਚ ਮਨੁੱਖੀ ਕਦਰਾਂ ਕੀਮਤਾਂ ਦਾ ਮੁਲਾਂਕਣ ਹੋਵੇ,ਮਨੁੱਖੀ ਹਿਰਦੇ ਦੇ ਹਾਵਾਂ-ਭਾਵਾਂ ਦਾ ਸੁਚੱਜਾ ਪ੍ਰਗਟਆ ਹੋਵੇ,ਛਣਕਦੇ ਹਾਸੇ ਹੋਣ ,ਰੋਂਦੇ ਦਿਲਾਂ ਦੀ ਵਿਥਿਆ ਹੋਵੇ, ਨਿਆਇਸ਼ੀਲ ਵਿਚਾਰ ਤੇ ਸੁਭਾਵਕ ਜ਼ਜਬੇ ਹੋਣ,ਵਿਸ਼ੇਸ ਦ੍ਰਿਸ਼ਟੀਕੋਣ ਦਰਸਾਏ ਗਏ ਹੋਣ ਜਾਂ ਅਹਿਜੇ ਵਿਚਾਰ ਹੋਣ ਜਿਹੜੇ ਸੂਚਕ ਬੌਧਿਕ ਤੇ ਭਾਵੁਕ ਵਿਅਕਤੀ ਨੂੰ ਸਾਕਾਰ ਕਰਦੇ ਹੋਣ ਤੇ ਜਿੰਨ੍ਹਾਂ ਦੀ ਕਲਪਨਾ ਲਈ ਵਿਸ਼ੇਸ਼ ਲ਼ਿਖਣ ਢੰਗ ਦੀ ਲੋੜ ਪਵੇ ਉਹ ਵਾਰਤਕ ਦਾ ਰੂਪ ਧਾਰ ਸਕਦੇ ਹਨ।” ਭਾਵ ਇਹ ਸਭ ਖੂਬੀਆਂ ਇਸ ਪੁਸਤਕ ਵਿਚ ਸ਼ਾਮਲ ਹਨ ਇਸ ਲਈ ਇਸਨੂੰ ਨਿਰੋਲ ਤੇ ਵਧੀਆਂ ਵਾਰਤਕ ਰਚਨਾ ਕਹਿ ਸਕਦੇ ਹਾਂ।
ਵਾਰਤਕ ਦੇ ਪਹਿਲੇ ਤੱਤ ਦੀ ਗੱਲ ਕੀਤੀ ਜਾਵੇਂ ਤਾਂ ਲੇਖਕ ਨੇ ਬੌਧਿਕਤਾ ਤੇ ਭਾਵੁਕਤਾ ਦਾ ਸੁਮੇਲ ਬਾਖੂਬੀ ਪੇਸ਼ ਕੀਤਾ ਹੈ। ਦਲੀਲ ਤੇ ਤਰਕ ਦੀ ਸਹਾਇਤਾ ਨਾਲ ਬੌਧਿਕਤਾ ਨੂੰ ਆਪਣੀ ਰਚਨਾ ਵਿਚ ਪੇਸ਼ ਕੀਤਾ ਹੈ। ਲੇਖਕ ਦੁਆਰਾ ਪੇਸ਼ 747 ਖੁੱਲੇ ਵਿਚਾਰ(ਲੋਕ ਸਿਆਣਪਾ) ਵਿਚ ਪੇਸ਼ ਵਿਸ਼ੇ ,ਭਾਵ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇ ਮਾਰਗ ਪ੍ਰਦਾਨ ਕਰਦਾ ਹੈ। ਕੁਦਰਤ ਦੀ ਖੂਬਸੂਰਤੀ ਨੂੰ ਫੁੱਲ, ਦਰਿਆ, ਰੁੱਖ ਨਾਲ ਜੀਵਨ ਦੀ ਖੂਬਸੂਰਤੀ ਨਾਲ ਤੁਲਨਾ ਕੇ ਕਿਤਾਬਾ, ਡਿਗਰੀਆਂ, ਵਿਦਿਆ, ਪੁਸਤਕਾਂ ਭਾਸ਼ਣ , ਰਿਸ਼ਤੇ: ਜੀਵਨ, ਪਰਿਵਾਰ, ਦੋਸਤ, ਆਪਣਿਆਂ, ਔਰਤ, ਵਿਵਹਾਰ:ਵਿਸ਼ਵਾਸ, ਦੁਸਮਣੀ, ਮਨ, ਗੁੱਸਾ, ਵਰਤਮਾਨ, ਭਵਿੱਖ, ਸੁੱਚਾ, ਹਨੇਰਾ, ਗਵਾਹੀਆਂ, ਅਮੀਰ, ਅੰਧ ਵਿਸ਼ਵਾਸ, ਬਦਲਾ, ਸੁਫਨੇ, ਦਾਨ, ਫਿਕਰ, ਚੁੱਪ,ਕਿਰਦਾਰ: ਬੁੱਧ. ਐਲਬਰਟ, ਸਾਧਨ, ਰੇਡੀਓ, ਗੂਗਲ, ਸ਼ੋਸ਼ਲ ਮੀਡੀਆ, ਆਦਿ ਮੁੱਖ ਵਿਸ਼ਿਆਂ ਨੂੰ ਬਹੁਤ ਹੀ ਭਾਵਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜੀਵਨ ਦੀਆਂ ਸੱਚਾਈਆਂ ਨੂੰ ਤਰਕਮਈ ਢੰਗ ਨਾਲ ਪੇਸ਼ ਕਰਨ ਵਿਚ ਕਾਮਯਾਬ ਹੋਇਆ ਹੈ। ਮਨੁੱਖ ਦੀ ਬਿਹਤਰੀ ਤੇ ਰਿਸ਼ਤਿਆਂ ਦੀ ਸਾਂਝ ਨੂੰ ਬਰਕਰਾਰ ਰੱਖਣ ਲਈ ਬੁੱਧੀ ਦੀ ਸਹਾਇਤਾ ਨਾਲ ਵਿਚਾਰ ਪ੍ਰਨਾਏ ਹੋਏ ਨਜ਼ਰ ਆਉਂਦੇ ਹਨ। ਉਦਾਹਰਨ ਦੇ ਤੌਰ ਤੇ:
‘ਹਰ’ : ਹਰ ਇਕ ਵਿਅਕਤੀ ਦੇ ਅੰਦਰ ਸਦਾ ਇਕ ਖੂੰਖਾਰ ਦੁਸ਼ਮਣ ਅਤੇ ਇੱਕ ਵਫ਼ਾਦਾਰ ਦੋਸਤ ਹਾਜ਼ਰ ਹੁੰਦਾ ਹੈ। ਇਸ ਸਾਡੇ ਆਪਣੇ ਆਪ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਨੂੰ ਜਗਾਉਂਦੇ ਹਾਂ ਤੇ ਕਿਸ ਨੂੰ ਸੁਲਾਉਂਦੇ ਹਾਂ। ਪੰਨਾ 121
ਆਪਣੇ: ਆਪਣੇ ਮਨ ਦੇ ਕੰਪਿਊਟਰ ਵਿਚ ਅੱਗੇ ਵਧਣ ਤੋਂ ਰੋਕਣ ਵਾਲੇ ਸਾਰੇ ਐਪਾਂ ਨੂੰ ਡਲੀਟ ਕਰ ਦਿਓ। ਪੰਨਾ 124
”ਹਰ’: ਹਰ ਪੈਦਾ ਹੋਇਆ ਬੱਚਾ ਕੋਰਾ ਕਾਗਜ਼ ਹੁੰਦਾ ਹੈ,ਇਹ ਤਾਂ ਅਸੀ ਲੋਕ ਹਾਂ ਜੋ ਉਸ ਨੂੰ ਆਪਣੀ ਬੋਲੀ ਬੋਲਣਾ ਸਿਖਾਉਂਦੇ ਹਾਂ।” ਪੰਨਾ 172
ਮੋਹਨ ਗਿੱਲ ਨੇ ਜ਼ਿੰਦਗੀ ਦੇ ਸਹੀ ਮਾਰਗ ,ਜੀਵਨ ਦਾ ਅਸਲ ਮਹੱਤਵ ਨੂੰ ਬਹੁਤ ਖੂਬਸੂਰਤ ਉਦਾਹਰਣਾ ਨਾਲ ਪੇਸ਼ ਕਰਦਾ ਪਰ ਬਹੁਤ ਵਾਰ ਸਵਾਲ ਉਠਾਉਦਾ ਹੈ:
ਖ਼ ਅਗਰ ਮਰਦ ਔਰਤ ਲਈ ਤੇ ਔਰਤ ਮਰਦ ਲਈ ਵਿਰੋਧੀ ਲਿੰਗ ਹੈ ਤਾਂ ਸਮਲਿੰਗੀ ਕਿਹੜਾ ਲਿੰਗ ਹੈ। ਪੰਨਾ 130
ਖ਼ ਜੋ ਲੋਕ ਪਰਿਵਾਰ, ਦੋਸਤੀ ਅਤੇ ਕੁਦਰਤ ਨਾਲ ਜੁੜੇ ਰਹਿੰਦੇ ਹਨ,ਉਹ ਜੀਵਨ ਨਾਲ ਜੁੜੇ ਰਹਿੰਦੇ ਹਨ। ਪੰਨਾ 131
ਖ਼ ਗ਼ਲਤਫ਼ਹਿਮੀਆਂ ਦੀ ਸਿਉਂਕ ਲਟੈਣਾਂ ਵਰਗੇ ਮਜਬੂਤ ਰਿਸ਼ਤਿਆਂ ਨੂੰ ਮਿੱਟੀ ਬਣਾ ਦਿੰਦੀ ਹੈ। ਪੰਨਾ 181
ਖ਼ ਜੇਕਰ ਅਸੀ ਜਾਣਦੇ ਹਾਂ ਸਾਡੇ ਪਿੱਤਰ ਸਵਰਗਾਂ ਵਿਚ ਚਲੇ ਗਏ ਹਨ ਤਾਂ ਫਿਰ ਉਹ ਤਾਂ ਸਵਰਗ ਵਿਚ ਰੰਗੀਂ ਵਸਦੇ ਹੋਣਗੇ॥ਰੱਜ ਕੇ ਖਾਂਦੇ,ਆਰਾਮ ਨਾਲ ਸੌਦੇ ਹੋਣਗੇ।ਫਿਰ ਉਨ੍ਹਾਂ ਨੂੰ ਸ਼ਰਾਧ ਵਾਲੇ ਦਿਨ ਭੋਜਨ ਛਕਾਉਣ ਦੀ ਕੀ ਲੋੜ ਹੈ। ਪੰਨਾ 216
ਲੇਖਕ ਨੇ ਵਿਸ਼ੇ ਵਿਚ, ਬੌਧਿਕਤਾ ਤੇ ਭਾਵੁਕਤਾ ਵਾਰਤਕ ਰਚਨਾ ਦਾ ਬੁਨਿਆਦੀ ਤੱਤ ਦੇ ਤੌਰ ਤੇ ਪੇਸ਼ ਕੀਤਾ ਹੈ॥ ਇਕ ਮਿਆਰੀ ਰਚਨਾ ਦਾ ਉਦਭਵ ਬੇਸ਼ਕ ਲੇਖਕ ਦੇ ਅਨੁਭਵ, ਸੂਝ,ਖਿਆਲ ਜਾਂ ਉਸਦੇ ਸਮਾਜ ,ਮਨੁੱਖ ਆਦਿ ਨਾਲ ਜੁੜੇ ਵੱਖ ਵੱਖ ਭਾਵਾਂ ਦਾ ਸਾਹਿਤ ਦੇ ਕਿਸੇ ਰੂਪ ਨੂੰ ਧਾਰਨ ਕਰਕੇ ਹੁੰਦਾ ਹੈ।ਪਰ ਉਸ ਰਚਨਾ /ਕਿਰਤ ਦਾ ਚੁਣਿਆ ਗਿਆ ਥੀਮ/ਵਿਸ਼ਾ ਕਿਸ ਪੱਧਰ ਉੱਪਰ ਸਮਾਜ ਦੇ ਹਰ ਵਰਗ ਦੀ ਰਹਿਨੁਮਾਈ ਕਰ ਰਿਹਾ ਉਸਦਾ ਉਸ ਤੋਂ ਵੀ ਜਿਆਦਾ ਮਹੱਤਵਪੂਰਨ ਹੋਣਾ ਜ਼ਰੂਰੀ ਹੈ। ਵਧੀਆਂ ਵਿਸ਼ਾ ਸਮਾਜ ਵਿਚੋਂ ਗ੍ਰਹਿਣ ਕਰਕੇ ਭਾਵਾਂ ਦੀ ਤਰਜ਼ਮਾਨੀ ਰਾਹੀ ਜਦੋਂ ਉਹ ਪਾਠਕਾਂ ਤੱਕ ਪਹੁੰਚਦਾ ਤਾਂ ਪਾਠਕ ਨੂੰ ਉਸ ਕਿਰਤ ਵਿਚੋਂ ਤਾਰਕਿਕ ਗਿਆਨ ਦੇ ਨਾਲ ਸੁਹਜ ਦੀ ਅਨੁਭੂਤੀ ਹੋਣੀ ਚਾਹੀਦੀ ਹੈ। ਲੇਖਕ ਕਲਾ ਸਮਾਜ ਲਈ ਜਾਂ ਕਲਾ ਕਲਾ ਲਈ ਕਿਸੇ ਵੀ ਵਿਚਾਰਧਾਰਾ ਨਾਲ ਜੁੜਿਆ ਕਿਉ ਨਾ ਹੋਵੇ ਪਰ ਉਸਦੀ ਰਚਨਾ ਦਾ ਸਾਹਿਤਿ ਸਿੱਧਾਂਤਾਂ ਉਪਰ ਮਿਆਰੀ ਤੇ ਪਾਠਕ ਤੇ ਲੇਖਕ ਵਿਚ ਇੱਕ ਕੜੀ ਦਾ ਕੰਮ ਕਰਨ ਵਾਲੀ ਹੋਣੀ ਲਾਜ਼ਮੀ ਹੈ।ਮੋਹਨ ਗਿੱਲ ਇਸ ਕੜੀ ਦਾ ਕੰਮ ਇਸ ਪੁਸਤਕ ਵਿਚ ਦਿੱਤੇ ਖੁੱਲੇ ਵਿਚਾਰ(ਲੋਕ ਸਿਆਣਪਾ) ਰਾਹੀ ਬਾਖੂਬੀ ਕਰਦਾ ਹੈ। ਬੇਸ਼ਕ ਇਹ ਖੁੱਲੇ ਵਿਚਾਰ(ਲੋਕ ਸਿਆਣਪਾ) ਸਦੀਆ ਤੋਂ ਸਾਡੇ ਸਮਾਜ ਦਾ ਅਟੁੱਟ ਹਿੱਸਾ ਰਹੀਆਂ ਹਨ।ਸਮੇਂ ਦੇ ਬਦਲਾਵ ਨਾਲ ਇਸਦੀ ਭਾਸ਼ਾ,ਸ਼ਬਦਾਵਲੀ ਤੇ ਵਾਕ ਬਣਤਰ ਵਿਚ ਕਾਫੀ ਤਬਦੀਲੀ ਆ ਚੁੱਕੀ ਹੈ ਪਰ ਉਹਨਾਂ ਦਾ ਅਹਿਮ ਹਿੱਸਾ ਦੇਸ਼,ਵਿਦੇਸ਼ ,ਵਿਸ਼ਵ ਪੱਧਰ ਉਪਰ ਵਿਚਰ ਰਹੇ ਹਰ ਮਨੁੱਖ ਨੂੰ ਸਕਾਰਤਮਕ ਸੋਚ ਨੂੰ ਉਜਾਗਰ ਕਰਨ ਤੇ ਵਧੀਆਂ ਦਿਸ਼ਾ ਦੇਣ ਦਾ ਕਾਰਜ ਕਰਦੀਆਂ ਰਹਿੰਦੀਆਂ ਹਨ।ਮੋਹਨ ਗਿੱਲ ਦੁਆਰਾ ਰਚਿਤ ਇਹ ਸਿਆਣਪਾ ਬੇਸ਼ਕ ਵੱਖ ਵੱਖ ਤਰੀਕੇ ਨਾਲ ਕੁਝ ਸੁਣੀਆਂ ਜਾਂ ਪੜ੍ਹੀਆਂ ਗਈਆਂ ਹਨ ਪਰ ਇਸ ਪੁਸਤਕ ਵਿਚ ਉਸ ਦੁਆਰਾ ਦਿੱਤੇ ਗਏ ਵਿਚਾਰ ਉਸਦੀ ਆਪਣੀ ਬੌਧਿਕਤਾ ਤੇ ਭਾਵਾਂ ਨਾਲ ਬਿਆਨ ਹੋਏ ਹਨ। ਆਧੁਨਿਕ ਵਾਰਤਕ ਵਿਚ ਗਿਆਨ, ਵਿਗਿਆਨ, ਕੰਪਿਊਟਰ ਤੇ ਮਨੋਵਿਗਿਆਨ ਜਿਹੇ ਵਿਸ਼ੇ ਵੀ ਵਾਰਤਕ ਦਾ ਹਿੱਸਾ ਬਣ ਗਏ ਤੇ ਬਣ ਰਹੇ ਹਨ ।
ਸਾਹਿਤ ਦੇ ਹਰ ਰੂਪ ਨੂੰ ਲਿਖਣ ਦਾ ਹਰ ਇਕ ਲੇਖਕ ਦਾ ਆਪਣਾ ਇਕ ਨਿੱਜੀ ਢੰਗ ਹੁੰਦਾ ਹੈ।ਇਸਨੂੰ ਸਾਹਿਤਕ ਭਾਸ਼ਾ ਵਿਚ ਸ਼ੈਲੀ ਕਹਿੰਦੇ ਜਿਸਤੋਂ ਲੇਖਕ ਦੀ ਲਿਖਤ ਢੰਗ ਪਤਾ ਚੱਲਦਾ।ਭਾਵ ਇਸ ਸਟਾਇਲ ਨਾਲ ਉਸਦੀ ਲਿਖਤ ਦੀ ਆਸਾਨੀ ਨਾਲ ਪਹਿਚਾਣ ਹੋ ਜਾਂਦੀ ਹੈ। ਇਸ ਵਾਰਤਕ ਰਚਨਾ ਵਿਚ ਮੋਹਨ ਗਿੱਲ ਨੇ ਵਾਰਤਕ ਦੇ ਪ੍ਰਮੁੱਖ ਗੁਣਾ ਨੂੰ ਆਧਾਰ ਬਣਾ ਕਿ ਸੰਖੇਪਤਾ,ਸਪੱਸ਼ਟਤਾ,ਵੰਨ-ਸੁਵੰਨਤਾ,ਸਾਦਗੀ ਆਦਿ ਪੇਸ਼ ਕਰਕੇ ਵਿਚਾਰਾ ਨੂੰ ਉਤਮਤਾ ਪ੍ਰਦਾਨ ਕੀਤੀ ਹੈ। ਉਸਦੀ ਸ਼ਬਦ ਯੋਜਨਾ,ਵਾਕ ਬਣਤਰ ਤੇ ਵੱਖ ਵੱਖ ਭਾਸ਼ਾਈ ਸ਼ਬਦਾਵਲੀ ਉਸਦੀ ਸ਼ੈਲੀ ਨੂੰ ਪ੍ਰੌੜ ਬਣਾਉਂਦੀ ਹੈ। ਮੁਹਾਵਰੇਦਾਰ ਸ਼ੈਲੀ ਦੇ ਨਾਲ ਨਾਲ ਅਖਾਉਤਾਂ ਆਦਿ ਨੂੰ ਆਪਣੀ ਗੱਲ ਦੀ ਪ੍ਰੌੜਤਾ ਲਈ ਵਰਤੋਂ ਬਹੁਤ ਵਧੀਆਂ ਪ੍ਰਭਾਵ ਦਿੰਦੀ ਹੈ।
ਪਿੱਠ ਪਿੱਛੇ ਵਾਰ ਕਰਨਾ,ਬਿਨ ਬੁਲਾਏ ਮਹਿਮਾਨ,ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ,ਧਰਤੀ ਤੇ ਭਾਰ,ਪਹਿਲਾ ਤੋਲੋ ਫੇਰ ਬੋਲੋ,ਢਿੰਡੋਰਾ ਪਿੱਟਣਾ,ਖੁਸ਼ੀਆਂ ਤੇ ਪਾਣੀ ਫੇਰਨਾ,ਗੱਲਾਂ ਦਾ ਕੜਾਹ,ਜੁਮਲਿਆਂ ਦਾ ਹਾਰ ਪਹਿਨਾਉਣਾ,ਅੰਗੂਰ ਖੱਟੇ,ਇਕ ਮਿਆਨ ਵਿਚ ਦੋ ਤਲਵਾਰਾ ,ਚਾਦਰ ਦੇਖ ਕੇ ਪੈਰ ਪਸਾਰਨਾ, ਉਂਗਲੀ ਟੇਢੀ ਕਰਕੇ ਘਿਉ ਕੱਢਣਾ, ਲਹੂ ਦੇ ਰਿਸ਼ਤੇ ਆਦਿ।
ਉਸਤੋਂ ਬਾਅਦ ਭਾਸ਼ਾ ਦਾ ਪ੍ਰਭਾਵਸ਼ਾਲੀ ਪ੍ਰਯੋਗ ਜਿਸ ਵਿਚ ਇਲਾਕਾਈ ਬੋਲੀ ਦੇ ਨਾਲ ਨਾਲ ਅਜੋਕੇ ਤਕਨੀਕੀ ਭਾਸ਼ਾ ਨੂੰ ਸ਼ਾਮਲ ਕੀਤਾ ਉਹ ਵੀ ਆਪਣਾ ਵੱਖਰਾ ਪ੍ਰਭਾਵ ਸਿਰਜਦੀ ਹੈ। ਲੇਖਕ ਨੇ ਆਮ ਬੋਲ ਚਾਲ ਵਾਲੀ ਭਾਸ਼ਾ ਦੀ ਵਰਤੋਂ ਕਰਕੇ ਆਸਾਨੀ ਪੈਦਾ ਕਰਨ ਦਾ ਕੋਸ਼ਿਸ ਕੀਤੀ ਗਈ ਹੈ। ਉਰਦੂ,ਫਾਰਸੀ,ਅੰਗਰੇਜ਼,ਹਿੰਦੀ ਆਦਿ ਭਾਸ਼ਾਵਾਂ ਦੇ ਸ਼ਬਦਾ ਦੀ ਵਰਤੋਂ ਆਪਣੇ ਵਿਚਾਰਾ ਨੂੰ ਹੋਰ ਸਪੱਸ਼ਟ ਕਰਨ ਲਈ ਕੀਤੀ ਗਈ ਹੈ। ਯੋਗ ਸਾਧਨਾ, ਆਤਮ ਮੰਥਨ, ਨਸਲ, ਜੈਂਡਰ, ਜੱਜਮੈਂਟ, ਜੀ.ਪੀ.ਐੱਸ, ਫ਼ਤਵਾ, ਨਸ਼ਰ, ਫ਼ਿਤਰਤ, ਬਰਾਂਡ,ਲਕਸ਼ ਆਦਿ।
ਇਸਤੋਂ ਬਾਅਦ ਸਿਰਲੇਖ ਦੀ ਗੱਲ ਕੀਤੀ ਜਾਵੇਂ ਤੇ ਹਰ ਖੁੱਲੇ ਵਿਚਾਰ ਨੂੰ ਇਕ ਸਿਰਲੇਖ ਵਿਚ ਬੰਨਿਆ ਗਿਆ ਹੈ। ਸਿਰਲੇਖ ਆਮ ਬੋਲ ਚਾਲ ਵਿਚੋਂ ਲਏ ਗਏ ਹਨ ਜੋ ਆਮ ਸਧਾਰਨ ਸਿਰਲੇਖ ਹਨ। ਸਾਧਾਰਨਤਾ ਉਪਰ ਵਧੇਰੇ ਕੇਂਦਰਿਤ ਕੀਤਾ ਗਿਆ ਹੈ।ਪਰ ਸਿਰਲੇਖ ਦਾ ਦੁਹਰਾਓ ਬਹੁਤ ਜਿਆਦਾ ਹੈ। ਹੱਸ,ਹੱਸਣਾ,ਜੀਵਨ,ਗੁੱਸਾ,ਅੱਜ,ਪਿਆਰ ਆਦਿ ਸਿਰਲੇਖ ਦੀ ਵਰਤੋਂ ਬਹੁਤ ਵਾਰ ਕੀਤੀ ਗਈ ਹੈ।
ਮੋਹਨ ਗਿੱਲ ਆਪਣੀ ਇਸ ਲਿਖਤ ਵਿਚ ਰਾਜਨੀਤਿਕ ਵਿਅੰਗ ਦੇ ਨਾਲ ਨਾਲ ਸੱਤਾ ਪ੍ਰਾਪਤੀ ਦੀ ਦੌੜ ਵਿਚ ਲੱਗੇ ਮਨੁੱਖ ਦੀ ਸੌੜੀ ਸੋਚ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ।ਇਸਦੇ ਨਾਲ ਪਰਿਵਾਰਾਂ ਵਿਚ ਵੱਧ ਰਹੀਆਂ ਦੂਰੀਆਂ ਤੇ ਉਹਨਾਂ ਦੇ ਕਾਰਨਾਂ ਨੂੰ ਜਿਸ ਤਰ੍ਹਾਂ ਬਿਆਨ ਕਰਦਾ ਉਹ ਉਸਦੀ ਰਚਨਾ ਦੀ ਖੂਬਸੂਰਤੀ ਨੂੰ ਹੋਰ ਉਘਾੜਦੀ ਹੈ। ਜਿਵੇਂ:
ਅੱਜਕੱਲ੍ਹ: ਅੱਜਕੱਲ੍ਹ ਕਈ ਵਾਰ ਨੈੱਟਵਰਕ ਦੇ ਸ਼ਾਤ ਹੋਣ ਤੇ’ ਸਾਰੇ ਟੱਬਰ ਨੂੰ ਸ਼ਾਤੀ ਮਿਲਦੀ ਹੈ ਤੇ ਟੱਬਰ ਇੱਕ ਦੂਜੇ ਨੂੰ ਮਿਲਦਾ ਹੈ। ਪੰਨਾ 227
ਅਜੋਕੇ ਰਾਜਨੀਤਿਕ ਵਿਵਸਥਾ ਦੇ ਨਾਲ ਨਾਲ ਮਤਦਾਨਾਂ ਦੀ ਸੋਚ ਤੇ ਪਰਖ ਦੀ ਕਸਵੱਟੀ ਦਾ ਆਧਾਰ ਬਿਆਨ ਕਰਨ ਦਾ ਢੰਗ ਵੀ ਤਾਰੀਫ ਦੇ ਕਾਬਲ ਹੈ:
ਘੋੜਿਆਂ ਦੀ ਥਾਂ ਤੇ ਗਧਿਆਂ ਨੂੰ ਵੋਟ ਪਾਓਗੇ ਤਾਂ ਇਨਾਮ ਵਿਚ ਦੁਲੱਤੇ ਹੀ ਮਿਲਣਗੇ। ਪੰਨਾ 122
ਉਦੇਸ਼/ਮਕਸਦ/ਮਹੱਤਵ/ ਵਾਰਤਕ ਰਚਨਾ ਦੇ ਭਾਵੇਂ ਅਸੀ ਅਖੀਰ ਉਪਰ ਚਰਚਾ ਕਰਦੇ ਹਾਂ ਪਰ ਇਸਦਾ ਆਰੰਭ ਲੇਖਕ ਦੇ ਮਨ ਵਿਚ ਸਭ ਤੋਂ ਪਹਿਲਾ ਉਪਜਦਾ ਹੈ ਕਿ ਉਹ ਜਿਸ ਵੀ ਰਚਨਾ ਦੀ ਘਾੜਤ ਘੜ ਰਿਹਾ ਉਸਦਾ ਪ੍ਰਯੋਜਨ ਕੀ ਹੈ? ਕਿਸ ਮਕਸਦ ਦੀ ਪੂਰਤੀ ਲਈ ਉਹ ਸਾਧਨ ਬਣ ਰਹੀ ਹੈ। ਕੀ ਉਹ ਸਮਾਜ ਦੇ ਹਰ ਵਰਗ ਲਈ ਹੈ ਜਾਂ ਕਿਸੇ ਇਕ ਵਰਗ ਦੀ ਪ੍ਰੌੜਤਾ ਕਰਦੀ ਹੈ। ਇਹ ਸਾਰੇ ਸਵਾਲ ਉਸਦੇ ਮਨ ਵਿਚ ਪਹਿਲਾ ਆਉਂਦੇ ਹਨ ਫਿਰ ਸਾਹਿਤਕ ਕਿਰਤ ਦਾ ਰੂਪ ਧਾਰ ਕਿ ਪਾਠਕਾਂ ਸਾਹਮਣੇ ਸਨਮੁਖ ਹੁੰਦੇ।ਮੋਹਨ ਗਿੱਲ ਇਸ ਪੁਸਤਕ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੀਵਨ ਸੇਧ ਤੇ ਸਹੀ ਮਾਰਗ ਚੁਣਨ ਤੇ ਫੋਕਸ ਕਰਦਾ ਨਜ਼ਰ ਆਇਆ ਹੈ। ਸਮਾਜਿਕ ਕੁਰੀਤੀਆਂ ਦਾ ਕੋਹੜ ਮਨਾਂ ਵਿਚ ਵਸਾਉਣ ਵਾਲੇ ਲੋਕਾਂ ਨੂੰ ਪਛਾਨਣ ਤੇ ਉਹਨਾਂ ਤੋਂ ਦੂਰੀ ਬਣਾਉਣ ਦੀ ਗੱਲ ਬਹੁਤ ਵਧੀਆਂ ਢੰਗ ਨਾਲ ਬਿਆਨ ਕਰਦਾ ਹੈ:
ਜੀਵਨ ਵਿਚ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਸਮੇਂ -ਸਮੇਂ ਸਿਰ ਕੁਝ ਲੋਕਾਂ ਨੂੰ ਜੀਵਨ ਵਿਚੋਂ ਮਨਫ਼ੀ ਕਰਨਾ ਪਵੇਗਾ। ਪੰਨਾ 71
ਬੀਤੇ ਨਾਲ ਜੋੜਨਾ ਭਾਵ ਜੋ ਸਿਆਣਪਾ ਵੱਡੇ ਵਡੇਰਿਆ ਵੱਲੋਂ ਹਰ ਪੀੜ੍ਹੀ ਰਾਹੀ ਇਕ ਦੂਸਰੇ ਨੂੰ ਪਹੁੰਚਾਈਆਂ ਜਾਂ ਸਪੁਰਦ ਕੀਤੀਆਂ ਗਈਆਂ ਹਨ।ਉਹਨਾਂ ਦਾ ਮਕਸਦ ਆਪਣੇ ਜੀਵਨ ਵਿਚ ਕੀਤੀਆਂ ਸਮਝਦਾਰੀ,ਗਲਤੀਆਂ ਤੋਂ ਹਾਸਿਲ ਕੀਤੀ ਸਿੱਖਿਆ ਦਾ ਸੂਤਰਕ ਰੂਪ ਵਿਚ ਆਪਣੀ ਅਗਲੀ ਪੀੜ੍ਹੀ ਨੂੰ ਦੇ ਕਿ ਸੇਧ ਦੇਣਾ ਹੈ। ਮੋਹਨ ਗਿੱਲ ਵੀ ਇਹਨਾਂ ਵਿਚਾਰਾ ਰਾਹੀ ਆਪਣੇ ਅਨੁਭਵਾਂ ਤੋਂ ਹਾਸਿਲ ਕੀਤੀ ਸਿੱਖਿਆ ਨੂੰ ਖੂਬਸੂਰਤ ਵਾਕਾਂ ਤੇ ਸ਼ਬਦਾਂ ਵਿਚ ਪਰੋ ਕੇ ਵਿਚਾਰਾ ਦੀ ਮਾਲਾ ਸਿਰਜਦਾ ਹੈ। ਇਹ ਸਭ ਵਿਸ਼ੇ ਤੇ ਉਹਨਾਂ ਦੀ ਪੇਸ਼ਕਾਰੀ ਇਸ ਵਾਰਤਕ ਰਚਨਾ ਰੂਹ ਦਾ ਸਾਲਣੁ ਦਾ ਉਦੇਸ਼ ਮਨੁੱਖੀ ਜੀਵਨ ਨੂੰ ਮਿਆਰੀ ਬਣਾਉਣਾ ਹੈ ਤੇ ਉਸਦਾ ਕਲਿਆਣਮਈ ਕਰਨਾ ਹੈ। ਜਿਵੇਂ ਉਹ ਸਮਾਜਿਕ ਜੀਵਨ ਤੇ ਅਜੋਕੇ ਮਨੁੱਖ ਦੀਆਂ ਸਮੱਸਿਆਵਾਂ ਉਸਦੀਆਂ ਪ੍ਰਾਪਤੀਆਂ ਤੇ ਕਮਜ਼ੋਰੀਆਂ ਤੋਂ ਸੁਚੇਤ ਕਰਦਾ ਹੈ। ਸੰਖੇਪ ਰੂਪ ਵਿਚ ਸਾਰੀ ਪੁਸਤਕ ਦਾ ਨਿਚੋੜ ਇਕ ਵਿਚਾਰ ਵਿਚ ਦੇਣਾ ਹੋਵੇਂ ਤਾਂ:
ਬਹਿਸ ਨਹੀਂ, ਗੋਸ਼ਟੀ ਕਰੋ।ਬਹਿਸ ਮਸਲੇ ਗੁੰਝਲਦਾਰ ਕਰਦੀ ਹੈ, ਮਸਲੇ ਵਧਾਉਂਦੀ ਹੈ।ਗੋਸ਼ਟੀ ਮਸਲੇ ਦੀਆਂ ਗੁੰਝਲਾਂ ਖੋਲ੍ਹਦੀ ਹੈ ਤੇ ਹੱਲ ਪ੍ਰਦਾਨ ਕਰਦੀ ਹੈ। ਪੰਨਾ 82
ਲੇਖਕ ਮੋਹਨ ਗਿੱਲ ਦਾ ਵਿਸ਼ਾਲ ਅਨੁਭਵ, ਸੁਹਿਰਦ ਸੋਚ, ਨਿਰੰਤਰ ਚੇਤਨਾ, ਮਨੋਵਿਗਿਆਨ ਦੀ ਸਮਝ ਤੇ ਬਦਲ ਰਹੀਆਂ ਸਮਾਜਿਕ, ਧਾਰਮਿਕ, ਸਭਿਆਚਾਰ ਤੇ ਰਾਜਨੀਤਕ ਸਥਿਤੀਆਂ ਦਾ ਡੂੰਘੇਰਾ, ਤਰਕਮਈ ਤੇ ਦਲੀਲਮਈ ਦ੍ਰਿਸ਼ਟੀਕੋਣ, ਉਸਦੀ ਵਾਰਤਕ ਰਚਨਾ ਨੂੰ ਹੋਰ ਮਿਆਰੀ ਬਣਾਉਦਾ ਹੈ। ਇਸ ਪੁਤਸਤਕ ਵਿਚ ਖੁੱਲ੍ਹੇ ਵਿਚਾਰਾ ਦੇ ਨਾਲ ਨਾਲ ਉਹਨਾਂ ਵਿਚਾਰਾ ਦੀ ਤਰਜ਼ਮਾਨੀ ਲਾਈ ਸਿਰਜਿਆ ਗਿਆ ਕੈਨਵਸ ਵੀ ਇਸਨੂੰ ਹੋਰ ਗਹਿਰੇ ਅਰਥ ਪ੍ਰਦਾਨ ਕਰਦਾ ਹੈ।